ਸਿੱਖ ਚੈਨਲ ਯੂ ਕੇ ਵੱਲੋਂ ਕਰਵਾਏ ਜਾ ਰਹੇ ਦਸਤਾਰ ਜਾਗਰੂਕਤਾ ਦਿਵਸ 'ਤੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਲਾਈ ਜਾਵੇਗੀ ਪ੍ਰਦਰਸ਼ਨੀ

ਇਟਲੀ- ( ਬਲਵਿੰਦਰ ਸਿੰਘ ਚਾਹਲ, ਪ੍ਰਗਟ ਸਿੰਘ ਜੋਧਪੁਰੀ ) ਸਿੱਖ ਚੈਨਲ ਯੂ ਕੇ ਵੱਲੋਂ 7 ਸਤੰਬਰ ਨੂੰ ਪੰਜ ਵੱਖ-ਵੱਖ ਦੇਸ਼ਾਂ ਵਿੱਚ ਦਸਤਾਰ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ। ਜਿਨਾਂ ਵਿੱਚੋਂ  ਇੱਕ ਇਟਲੀ ਦੇ ਜ਼ਿਲਾ ਕਿਰਮੋਨਾ ਦੇ ਸ਼ਹਿਰ ਕਾਸਲ ਮਾਜੋਰੇ ਵਿੱਚ ਮਨਾਇਆ ਜਾਵੇਗਾ। ਜਿੱਥੇ ਸਿੱਖ ਚੈਨਲ ਵੱਲੋਂ ਇਸਦਾ ਭਰਪੂਰ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਸੰਗਤਾਂ ਵੀ ਇਸ ਦਿਵਸ ਪ੍ਰਤੀ ਬਹੁਤ ਉਤਸ਼ਾਹਿਤ ਹਨ । ਇਟਲੀ ਦੇ ਵੱਖ ਇਲਾਕਿਆਂ ਤੋਂ ਸੰਗਤਾਂ ਦੇ ਪੁੱਜਣ ਦੀ ਆਸ ਹੈ। ਇਸ ਸਮੇਂ ਸਿੱਖੀ ਸੇਵਾ ਸੋਸਾਇਟੀ ਵੱਲੋਂ ਸਿੱਖ ਧਰਮ ਨਾਲ ਸੰਬੰਧਤ ਪ੍ਰਦਰਸ਼ਨੀ ਲਗਾਈ ਜਾਵੇਗੀ । ਜਿਸ ਵਿੱਚ ਗੁਰੂ ਸਾਹਿਬਾਨ ਜੀ, ਸਿੱਖ ਯੋਧੇ ਸੂਰਬੀਰਾਂ ਅਤੇ ਸਿੱਖ ਧਰਮ ਨਾਲ ਸੰਬੰਧਤ ਬਹੁਤ ਸਾਰੀਆਂ ਤਸਵੀਰਾਂ ਲਗਾਈਆਂ ਜਾਣਗੀਆਂ । ਜ਼ਿਕਰਯੋਗ ਹੈ ਕਿ ਸਿੱਖੀ ਸੇਵਾ ਸੋਸਾਇਟੀ ਵੱਲੋਂ ਇਟਾਲੀਅਨ ਭਾਸ਼ਾ ਵਿੱਚ ਸਿੱਖ ਧਰਮ ਨਾਲ ਸੰਬੰਧਤ ਮੁਫਤ ਸਾਹਿਤ ਵੰਡਿਆ ਜਾਂਦਾ ਹੈ । ਇਸ ਦੇ ਨਾਲ ਇਸ ਸਾਲ ਇਟਲੀ, ਸਵਿਟਜ਼ਰਲੈਂਡ ਵਿੱਚ ਦਸਤਾਰ ਮੁਕਾਬਲੇ, ਕੀਰਤਨ ਮੁਕਾਬਲੇ ਕਰਵਾਏ ਗਏ ਹਨ ਜੋ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੇ। ਦਸਤਾਰ ਜਾਗਰੂਕਤਾ ਦਿਵਸ ਮੌਕੇ ਬਹੁਤ ਸਾਰੇ ਇਟਾਲੀਅਨ ਅਧਿਕਾਰੀ ਪੁੱਜਣਗੇ ਅਤੇ ਸਥਾਨਕ ਲੋਕਾਂ ਦੇ ਵੀ ਸ਼ਾਮਲ ਹੋਣ ਦੀ ਵੱਡੀ ਸੰਭਾਵਨਾ ਹੈ।