ਸਿੱਖ ਚੈਨਲ ਦੀ ਪੰਜਵੀਂ ਵਰ੍ਹੇਗੰਢ ਮੌਕੇ ਅੱਜ ਦਸਤਾਰ ਜਾਗਰੂਕਤਾ ਦਿਵਸ ਮਨਾਇਆ ਜਾਵੇਗਾ

ਸਿੱਖ ਚੈਨਲ ਦੀ ਪੰਜਵੀਂ ਵਰ੍ਹੇਗੰਢ ਮੌਕੇ ਅੱਜ ਦਸਤਾਰ ਜਾਗਰੂਕਤਾ ਦਿਵਸ ਮਨਾਇਆ ਜਾਵੇਗਾ
ਸਿੱਖੀ ਸੇਵਾ ਸੋਸਾਇਟੀ ਵੱਲੋਂ ਕਰਵਾਏ ਜਾਣਗੇ ਦਸਤਾਰ ਮੁਕਾਬਲੇ
ਇਟਲੀ (ਬਲਵਿੰਦਰ ਸਿੰਘ ਚਾਹਲ / ਪ੍ਰਗਟ ਸਿੰਘ ਜੋਧਪੁਰੀ)- ਸਿੱਖ ਚੈਨਲ ਯੂ ਕੇ ਵੱਲੋਂ ਪੰਜਵੀਂ ਵਰ੍ਹੇਗੰਢ 'ਤੇ  ਦੁਨੀਆਂ ਦੇ ਪੰਜ ਵੱਖ ਵੱਖ ਦੇਸ਼ਾਂ ਵਿੱਚ ਦਸਤਾਰ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ।  ਇਟਲੀ, ਇੰਗਲੈਂਗ, ਕੇਨੈਡਾ, ਨਾਰਵੇ ਅਤੇ ਪੰਜਾਬ ਵਿੱਚ ਇਸ ਵਿਸ਼ੇਸ਼ ਦਿਨ ਨੂੰ ਮਨਾਇਆ ਜਾ ਰਿਹਾ ਹੈ। ਸਿੱਖ ਚੈਨਲ ਦੇ ਬੁਲਾਰੇ ਅਨੁਸਾਰ ਇਹ ਦਸਤਾਰ ਜਾਗਰੂਕ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਜਿਸ ਦਾ ਮੁੱਖ ਮਕਸਦ ਨੌਜਵਾਨਾਂ ਵਿੱਚ ਦਸਤਾਰ ਦਾ ਰੁਝਾਨ ਪੈਦਾ ਕਰਨਾ ਹੈ। ਇਸਦੇ ਇਲਾਵਾ ਵਿਦੇਸ਼ੀ ਮੁਲਕਾਂ ਦੇ ਸਥਾਨਕ ਲੋਕਾਂ ਨੂੰ ਵੀ ਦਸਤਾਰ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਵਿਦੇਸ਼ੀ ਲੋਕ ਦਸਤਾਰ ਬਾਰੇ ਜਾਣ ਸਕਣ ਅਤੇ ਦਸਤਾਰ ਦੀ ਮਹੱਹਤਾ ਨੂੰ ਸਮਝ ਸਕਣ। ਵਿਦੇਸ਼ਾਂ ਵਿੱਚ ਬਹੁਤ ਸਾਰੇ ਅਜਿਹੇ ਮੌਕੇ ਆਉਂਦੇ ਹਨ ਜਦੋਂ ਦਸਤਾਰਧਾਰੀ ਸਿੱਖਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਇਲਾਵਾ ਬਹੁਤ ਸਾਰੇ ਲੋਕ ਕਈ ਵਾਰ ਸਿੱਖਾਂ ਮੁਸਲਮਾਨ ਸਮਝ ਲੈਂਦੇ ਹਨ। ਜਿਸ ਕਰਕੇ ਦਸਤਾਰ ਪ੍ਰਤੀ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ  ਇਟਲੀ ਦੇ ਦਸਤਾਰ ਜਾਗਰੂਕ ਦਿਵਸ ਮੌਕੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਸਿੱਖੀ ਸੇਵਾ ਸੋਸਾਇਟੀ ਵੱਲੋਂ ਬੀਤੇ ਸਮੇਂ ਵਿੱਚ ਇਟਲੀ ਅਤੇ ਸਵਿਟਜ਼ਰਲੈਂਡ ਵਿੱਚ ਦਸਤਾਰ ਮੁਕਾਬਲੇ ਅਤੇ ਕੀਰਤਨ ਮੁਕਾਬਲੇ ਕਰਵਾਏ ਜਾ ਚੁੱਕੇ ਹਨ। ਜਿਨਾਂ ਵਿੱਚ ਸੰਗਤਾਂ ਨੇ ਵੱਧ ਚੜ ਕੇ ਹਿੱਸਾ ਲਿਆ। ਨੌਜਵਾਨ ਸਿੱਖੀ ਸੇਵਾ ਸੋਸਾਇਟੀ ਵੱਲੋਂ  ਕਰਵਾਏ ਜਾਂਦੇ ਸਮਾਗਮਾਂ ਵਿੱਚ ਭਾਰੀ ਉਤਸ਼ਾਹ ਨਾਲ ਭਾਗ ਲੈਂਦੇ ਹਨ। ਇਸ ਮੌਕੇ ਸਿੱਖੀ ਸੇਵਾ ਸੋਸਾਇਟੀ ਵੱਲੋਂ ਸਿੱਖ ਧਰਮ ਸੰਬੰਧੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਜਿਸ ਵਿੱਚ ਗੁਰੂ ਸਾਹਿਬਾਨ ਜੀ, ਸਿੱਖ ਸੂਰਬੀਰ ਯੋਧੇ, ਸਿੱਖ ਸ਼ਹੀਦਾਂ, ਸੰਸਾਰ ਜੰਗਾਂ  ਵਿੱਚ ਸਿੱਖਾਂ ਦੀ ਭੂਮਿਕਾ ਨੂੰ ਦਰਸਾਉਂਦੇ ਚਿੱਤਰ ਹੋਣਗੇ। ਇਸ ਪਰਦਰਸ਼ਨੀ ਦਾ ਉਦਘਾਟਨ ਸਥਾਨਕ ਕੌਂਸਲ ਦੇ ਮੇਅਰ ਵੱਲੋਂ ਕੀਤਾ ਜਾਵੇਗਾ ।