ਇਟਲੀ ਦੇ ਸ਼ਹਿਰ ਬੋਰਗੋ ਸੇਸੀਆ ਦੇ ਮੇਅਰ ਵੱਲੋਂ ਭਾਰਤੀਆਂ ਨੂੰ ਕੌਂਸਲ ਸੁਵਿਧਾਵਾਂ ਤੋਂ ਵਾਂਝੇ ਕਰਨ ਦੀ ਧਮਕੀ
ਇਟਲੀ, ਬੈਲਜ਼ੀਅਮ (ਜੋਧਪੁਰੀ / ਚਾਹਲ)- ਪਿਛਲੇ ਢਾਈ ਸਾਲਾਂ ਤੋ ਦੋ ਇਟਾਲੀਅਨ ਫੌਜੀ ਜੋ ਭਾਰਤੀ ਮਛੇਰਿਆਂ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰੀ ਉਪਰੰਤ ਭਾਰਤ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ ਲਈ ਇਟਾਲੀਅਨ ਲੋਕ ਸ਼ਖਤ ਰੁੱਖ ਅਪਣਾ ਰਹੇ ਹਨ । ਜਿਸ ਕਰਕੇ ਸਮੇਂ ਸਮੇਂ ਇਟਾਲੀਅਨ ਲੋਕ ਭਾਰਤ ਵਿਰੋਧੀ ਪ੍ਰਦਰਸ਼ਨ, ਮੰਗ ਪੱਤਰ ਅਤੇ ਕਈ ਤਰੀਕਿਆਂ ਨਾਲ ਆਪਣਾ ਵਿਰੋਧ ਪ੍ਰਗਟਾਅ ਚੁੱਕੇ ਹਨ । ਦੋ ਇਟਾਲੀਅਨ ਫੌਜੀਆਂ ਦੀ ਗ੍ਰਿਫਤਾਰੀ ਕਾਰਨ ਭਾਰਤ ਅਤੇ ਇਟਲੀ ਦੇ ਸੰਬੰਧਾਂ ਵਿੱਚ ਵੀ ਕਈ ਵਾਰ ਕੜਵਾਹਟ ਆ ਚੁੱਕੀ ਹੈ । ਪਰ ਭਾਰਤ ਸਰਕਾਰ ਨੇ ਸਾਰਾ ਮਾਮਲਾ ਅਦਾਲਤ ਉੱਪਰ ਛੱਡਿਆ ਹੋਇਆ । ਇਟਲੀ ਦੀ ਸਰਕਾਰ ਵੀ ਕਈ ਵਾਰ ਭਾਰਤ ਸਰਕਾਰ ਨੂੰ ਇਸ ਮਸਲੇ ਨੂੰ ਸੁਲਝਾਉਣ ਲਈ ਜੋæਰ ਪਾ ਚੁੱਕੀ ਹੈ ਪਰ ਮਾਮਲਾ ਜਿਉਂ ਦਾ ਤਿਉਂ ਹੈ । ਹੁਣ ਇਟਲੀ ਦੇ ਜ਼ਿਲਾ ਵੈਰਚੈਲੀ ਦੇ ਸ਼ਹਿਰ ਬੋਰਗੋ ਸੇਸੀਆ ਦੇ ਮੇਅਰ ਜਾਨ ਲੂਕਾ ਬੌਨਆਨੋ ਨੇ ਅਪਣੇ ਵਿਵਾਦਸਤ ਬਿਆਨ ਵਿੱਚ ਦੋ ਇਟਾਲੀਅਨ ਫੌਜੀਆਂ ਦੀ ਭਾਰਤ ਤੋਂ ਰਿਹਾਈ ਨਾ ਹੋਣ ਦੀ ਸੂਰਤ ਵਿੱਚ ਉਸਦੀ ਕੌਂਸਲ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਕੌਂਸਲ ਸੁਵਿਧਾਵਾਂ ਤੋਂ ਵਾਂਝਿਆਂ ਰੱਖਣ ਦੀ ਧਮਕੀ ਦੇ ਮਾਰੀ ਹੈ । ਮੇਅਰ ਨੇ ਇੱਕ ਪੁਰਾਣੀ ਇਟਾਲੀਅਨ ਕਹਾਵਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ "ਅੱਖ ਵਿਖਾਉਣ ਵਾਲੇ ਨੂੰ ਅੱਖ ਅਤੇ ਦੰਦ ਵਿਖਾਉਣ ਵਾਲੇ ਨੂੰ ਦੰਦ" ਦਿਖਾਏ ਜਾਣੇ ਚਾਹੀਦੇ ਹਨ। ਉਸ ਅਨੁਸਾਰ ਇਟਲੀ ਵਿੱਚ ਰਹਿ ਰਹੇ ਭਾਰਤੀਆਂ ਨੂੰ ਹਰ ਸਹੂਲਤ ਤੋਂ ਵਾਂਝਾ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਫੌਜੀਆਂ ਦੀ ਦੇਸ਼ ਵਾਪਸੀ ਹੋ ਸਕੇ । ਮੇਅਰ ਜਾਨ ਲੂਕਾ ਬੌਨਆਨੋ ਇਟਲੀ ਦੀ ਰਾਸ਼ਟਰੀ ਪਾਰਟੀ ਲੇਗਾ ਨਾਰਦ ਨਾਲ ਸੰਬੰਧਤ ਹੈ ਅਤੇ ਇਹ ਪਾਰਟੀ ਸਮੇਂ ਸਮੇਂ 'ਤੇ ਵਿਦੇਸ਼ੀਆਂ ਦਾ ਵਿਰੋਧ ਕਰਦੀ ਰਹਿੰਦੀ ਹੈ ।
