"ਇਨਕਲਾਬ ਸਮੇਂ ਦੀ ਲੋੜ" ਲਹਿਰ ਦਾ ਸਾਥ ਦੇਣ ਸਮੂਹ ਪੰਜਾਬੀ: ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ 6ਵੇਂ ਦਰਿਆ ਨੂੰ ਠੱਲ ਪਾਉਣ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਤਰਨਤਾਰਨ 'ਤੋ ਸੁਰੂ ਹੋ ਰਹੀ "ਇਨਕਲਾਬ ਸਮੇਂ ਦੀ ਲੋੜ" ਲਹਿਰ ਨੂੰ ਸਮੂਹ ਪੰਜਾਬੀਆਂ ਵੱਲੋਂ ਭਰਵਾਂ ਸਹਿਯੋਗ ਦੇਣਾ ਚਾਹੀਦਾਂ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਵਾਸੀ ਸਿੱਖ ਆਗੂ ਅਤੇ ਉੱਘੇ ਖੇਡ ਪ੍ਰਮੋਟਰ ਭਾਈ ਕਰਮਜੀਤ ਸਿੰਘ ਪੈਡਰੋ ਨੇ ਕਰਦਿਆ ਕਿਹਾ ਕਿ ਇਹ ਲਹਿਰ ਮੌਜੂਦਾ ਸਮੇਂ ਦੀ ਜਰੂਰਤ ਹੈ । ਕਿਸੇ ਸਮੇਂ ਚੋਟੀ ਦੇ ਕਬੱਡੀ ਦੇ ਰਹੇ ਭਾਈ ਕਰਮਜੀਤ ਸਿੰਘ ਨੇ ਨਸ਼ਿਆਂ ਕਾਰਨ ਆਏ ਨਿਘਾਰ 'ਤੇ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੁਰਾਤਨ ਸਮਿਆਂ ਵਿੱਚ ਪੰਜਾਬੀ ਅਪਣੀ ਸਰੀਰਕ ਤਾਕਤ ਅਤੇ ਚੰਗੀਆਂ ਖੁਰਾਕਾਂ ਕਰਕੇ ਜਾਣੇ ਜਾਂਦੇ ਸਨ ਪਰ ਅੱਜ ਦੇ ਨੌਜਵਾਨ ਬੁੱਢੇ ਮਾਪਿਆਂ ਦੀ ਡਗੋਰੀ ਬਣਨ ਦੀ ਬਜਾਏ ਨਸ਼ੇ ਲਈ 200 ਰੁਪਏ ਖਾਤਰ ਉਹਨਾਂ ਦਾ ਕਤਲ ਕਰਨੋ ਵੀ ਨਹੀ ਝਿਜਕਦੇ ।
ਪੈਰਿਸ ਵਾਸੀ ਭਾਈ ਪੈਡਰੋ ਨੇ ਸਮੂਹ ਪੰਜਾਬ ਵਾਸੀਆਂ ਖਾਸ ਕਰ ਨੌਜਵਾਨ ਪੀੜੀ ਨੂੰ ਇਸ ਉੱਘੇ ਲੇਖਕਾਂ ਵੱਲੋਂ ਵਿੱਢੀ ਜਾ ਰਹੀ ਮੁਹਿੰਮ ਵਿੱਚ ਸਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਨਸ਼ਿਆਂ ਦਾ ਤਿਆਗ ਕਰ ਕੇ ਪੁਰਾਤਨ ਪੰਜਾਬੀਆਂ ਵਾਲੀ ਜਿੰਦਗੀ ਮੁੜ ਸੁਰੂ ਕਰਨ ਦੀ ਫੌਰੀ ਲੋੜ ਹੈ । ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਲਹਿਰ ਬਾਰੇ ਪੁੱਛਣ 'ਤੇ ਉਹਨਾਂ ਕਿਹਾ ਕਿ ਉਹ ਤਾਂ ਅਖ਼ਬਾਰਾਂ ਤੱਕ ਹੀ ਸੀਮਤ ਸੀ ਅਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਬਚਾਉਣ ਲਈ ਵਿਚਾਰੇ ਅਮਲੀਆਂ ਦੀ ਬਲੀ ਦਿੰਦੇਂ ਰਹੇ ।