"ਉਹ ਸ਼ਾਮ".....ਗੁਰਤੇਜ ਸਿੱਧੂ ਚੱਕ ਬਖਤੂ

ਡਾਕਟਰ ਨਵਦੀਪ ਦਾ ਮੈਡੀਕਲ ਕਾਲਜ ਵਿੱਚ ਐਸੋਸ਼ੀਏਟ ਪ੍ਰੋਫੈਸਰ ਬਣਨਾ, ਪਿੰਡ ਵਿੱਚ ਚਰਚਾ ਦਾ ਵਿਸ਼ਾ ਸੀ। ਉਸਦੀ ਮਿਹਨਤ ਲਗਨ ਅਤੇ ਗਰੀਬੀ ਦੇ ਹਾਲਾਤਾਂ ਨੂੰ ਲੋਕ ਕਿਸੇ ਯੋਧੇ ਦੀ ਗਾਥਾ ਵਾਂਗ ਗਾ ਰਹੇ ਸਨ। ਇਸ ਖੁਸ਼ੀ ਕਾਰਨ ਉਸਦੇ ਘਰ ਸ਼ਾਮ ਨੂੰ ਰੱਖੀ ਪਾਰਟੀ ਵਿੱਚ ਪੂਰਾ ਪਿੰਡ ਸ਼ਾਮਿਲ ਸੀ, ਜੋ ਉਸਦੇ ਮਾਪਿਆ ਨੂੰ ਅਜਿਹੀ ਨਾਂਅ ਉੱਚਾ ਕਰਨ ਵਾਲੀ ਔਲਾਦ ਲਈ ਵਧਾਈਆਂ ਦੇ ਰਹੇ ਸਨ। ਇਸਨੂੰ ਪਿੰਡ ਲਈ, ਬਲਕਿ ਇਲਾਕੇ ਲਈ ਮਾਣ ਵਾਲੀ ਗੱਲ ਕਹਿ ਰਹੇ ਸਨ। ਤਾਇਆ ਗੁਰਬੰਤ ਆਪਣੇ ਅੱਠ ਕੁ ਸਾਲ ਦੇ ਪੋਤੇ ਦੀ ਬਾਂਹ ਫੜੀ ਦਰਵਾਜੇ ਵੜਦਿਆਂ ਹੀ ਜੋਸ਼ ਨਾਲ ਬੋਲਿਆ ਵਾਹ ਪੁੱਤਰਾ ਕਮਾਲ ਕਰਤੀ ਤੂੰਂ ਤਾਂ ਆਹ ਦੇਖ ਲੈ ਤੇਰੀ ਬਰਾਦਰੀ ਦੇ ਮੁੰਡੇ ਤਾਂ ਸਾਡੀਆ ਦਿਹਾੜੀਆ ਜੋਗੇ ਰਹਿ ਗਏ। ਆਪਣੇ ਪੋਤੇ ਨੂੰ ਉਸ ਨਾਲ ਮਿਲਾਉਂਦਿਆ ਉਸਨੇ ਬੜੇ ਫਖਰ ਨਾਲ ਕਿਹਾ " ਪੁੱਤ ਇਹ ਤੇਰੇ ਡੈਡੀ ਦਾ ਗੂੜਾ ਦੋਸਤ ਹੈ।" ਪਾਰਟੀ ਦੀ ਸਮਾਪਤੀ ਤੋਂ ਬਾਅਦ ਵੀ ਤਾਏਂ ਦੇ ਇਹ ਬੋਲ ਉਸਦੇ ਕੰਨਾਂ ਚ' ਗੂੰਜ ਰਹੇ ਸਨ ਜੋ ਉਸਨੂੰ ਬਚਪਨ ਦੇ ਉਹਨਾਂ ਦਿਨਾਂ ਵਿੱਚ ਲੈ ਗਏ ਜਦ ਉਹ ਤਾਏ ਦੇ ਘਰ ਸ਼ਾਮ ਨੂੰ ਖੇਡਣ ਗਿਆ ਸੀ। ਤਾਏ ਦੇ ਲੜਕੇ ਨੇ ਉਸਨੂੰ ਆਪਣੇ ਬਾਪ (ਤਾਇਆ ਗੁਰਬੰਤ) ਦੇ ਸਾਹਮਣੇ ਲਿਜਾ ਕੇ ਕਿਹਾ "ਪਾਪਾ ਜੀ! ਇਹ ਮੇਰਾ ਦੋਸਤ ਹੈ ਤੇ ਮੇਰੇ ਨਾਲ ਪੜ੍ਹਦਾ ਹੈ। ਤਾਇਆ ਉਸ ਸਮੇਂ ਆਪਣੇ ਲੜਕੇ ਨੂੰ ਕਮਰੇ ਚ' ਲੈ ਗਿਆ ਸੀ ਤੇ ਉਸਨੇ ਆਪਣੇ ਲੜਕੇ ਨੂੰ ਝਿੜਕਦਿਆਂ ਕਿਹਾ ਸੀ, " ਬੇਵਕੂਫਾ ਦੋਸਤੀ ਆਪਣੇ ਬਰਾਬਰ ਦਿਆ ਨਾਲ ਆਪਣੀ ਬਿਰਾਦਰੀ ਦੇ ਬੱਚਿਆ ਨਾਲ ਪਾਈਦੀ ਹੈ।"ਇਹਨਾਂ ਨਾਲ ਕਾਹਦੀ ਦੋਸਤੀ ਕੋਈ ਪੁੱਠਾ ਕੰਮ ਹੀ ਸਿੱਖੇਗਾ। ਉਸ ਸ਼ਾਮ ਤੋਂ ਬਾਅਦ ਨਵਦੀਪ ਨੇ ਖੇਡਣਾ ਤੇ ਕਿਸੇ ਦੇ ਘਰ ਜਾਣਾ ਵੀ ਛੱਡ ਦਿੱਤਾ ਸੀ। ਆਪਣੇ ਕਮਰੇ ਚ' ਬੈਠਾ ਡਾਕਟਰ ਨਵਦੀਪ ਅੱਜ ਉਹ ਸ਼ਾਮ ਤੇ ਇਸ ਸ਼ਾਮ ਦੀ ਤੁਲਨਾ ਕਰਕੇ ਦੁਖੀ ਜਰੂਰ ਸੀ, ਪਰ ਫਿਰ ਵੀ ਮੁਸਕੁਰਾ ਰਿਹਾ ਸੀ।" ਸਮਾਪਤਗੁਰਤੇਜ ਸਿੱਧੂ ਚੱਕ ਬਖਤੂ (ਬਠਿੰਡਾ) ੯੪੬੪੧-੭੨੭੮੩