ਭੁੱਖਿਆਂ ਨੂੰ ਲੰਗਰ ਛਕਾਉਣਾ ਜਦ ਗੁਨਾਹ ਬਣ ਗਿਆ ਬਰੱਸਲਜ਼ ਗੁਰੂਘਰ ਇੱਕ ਮਹੀਨੇ ਲਈ ਬੰਦ
ਈਪਰ, ਬੈਲਜ਼ੀਅਮ 21 ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਚਲੇ ਸ਼ਹਿਰ ਵਿਲਵੋਰਦੇ ਵਿਖੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਕੱਲ ਸਥਾਨਕ ਕੌਂਸਲ ਵੱਲੋਂ ਇੱਕ ਮਹੀਨੇ ਲਈ ਆਂਮ ਸੰਗਤਾਂ ਵਾਸਤੇ ਬੰਦ ਕਰ ਦਿੱਤਾ ਹੈ। ਇੱਕ ਮਹੀਨੇ ਤੱਕ ਸਿਰਫ ਇੱਕ ਗ੍ਰੰਥੀ ਸਿੰਘ ਅਤੇ ਇੱਕ ਲਾਂਗਰੀ ਹੀ ਰਹਿ ਸਕਦੇ ਹਨ। ਮੇਅਰ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਜੇਕਰ ਪਾਬੰਧੀ ਦੀ ਪਾਲਣਾ ਨਾਂ ਕੀਤੀ ਗਈ ਤਾਂ ਗੁਰਦਵਾਰਾ ਸਾਹਿਬ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦੀ ਵੀ ਗੱਲ ਕਹੀ ਗਈ ਹੈ। ਜੇਕਰ ਮਹੀਨੇ ਤੱਕ ਸੰਗਤਾਂ ਅੰਦਰ ਨਾਂ ਜਾਣ ਤਾਂ ਉਸਤੋਂ ਬਾਅਦ ਸਵੇਰੇ 7 ਵਜੇ ‘ਤੋਂ ਰਾਤ 9 ਵਜੇ ਤੱਕ ਦਰਸ਼ਨਾਂ ਲਈ ਖੋਲਣ ਵਾਸਤੇ ਇਜਾਜਤ ਦਿੱਤੀ ਜਾਵੇਗੀ । ਮੇਅਰ ਦੇ ਇਸ ਹਿਟਲਰਸ਼ਾਹੀ ਫੁਰਮਾਨ ਵਿਰੁੱਧ ਕਾਨੂੰਨੀ ਚਾਰਜੋਈ ਕਰਨ ਲਈ ਪ੍ਰਬੰਧਕ ਮਾਹਿਰਾਂ ਦੀ ਰਾਇ ਲੈ ਰਹੇ ਹਨ। ਮਾਮਲਾ ਇਥੇ ਗੈਰਕਾਨੂੰਨੀ ਰਹਿ ਰਹੇ ਨੌਜਵਾਨਾਂ ਵੱਲੋਂ ਗੁਰੂਘਰ ਆ ਕੇ ਲੰਗਰ ਛਕਣ ਕਾਰਨ ਵਧਦਾ ਹੋਇਆ ਗੁਰੂਘਰ ਦੇ ਬੰਦ ਹੋਣ ਤੱਕ ਪਹੁੰਚ ਗਿਆ। ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਨੇ ਇਸ ਬਾਰੇ ਸਫਾਈ ਦਿੰਦੇ ਹੋਏ ਕਿਹਾ ਕਿ ਪੰਗਤ ਵਿੱਚ ਬੈਠੇ ਹਨ ਆਦਮੀ ਦਾ ਸਨਾਖ਼ਤੀ ਕਾਰਡ ਅਸੀਂ ਚੈਕ ਨਹੀ ਕਰ ਸਕਦੇ ਅਤੇ ਪੇਟ ਦੀ ਅੱਗ ਬੁਝਾਉਣ ਆਏ ਕਿਸੇ ਨਿਆਸਰੇ ਨੂੰ ਬਾਂਹੋ ਫੜ ਬਾਹਰ ਵੀ ਨਹੀ ਕੱਢ ਸਕਦੇ। ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਗੈਰਕਾਨੂੰਨੀ ‘ਤੌਰ ‘ਤੇ ਰਹਿ ਰਹੇ ਬੰਦੇਂ ਗੁਰੂਘਰ ਸੌਣ ‘ਤੋ ਮਨਾਂ ਕੀਤਾ ਹੋਇਆ ਹੈ ਜਦਕਿ ਸਰਦੀਆਂ ਦੇ ਦਿਨਾਂ ਵਿੱਚ ਸਰਕਾਰ ਖੁਦ ਆਰਜੀ ਕੈਂਪ ਸਥਾਪਿਤ ਕਰ ਕੇ ਬੇਘਰੇ ਗੋਰਿਆਂ ਨੂੰ ਸਿਰ ਛੁਪਾਉਣ ਲਈ ਛੱਤ ਅਤੇ ਬਰੈਡ-ਸੂਪ ਵੰਡਦੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਡੀ ਸੇਵਾ ਗੁਨਾਹ ਹੋ ਗਈ ਪਰ ਸਟੇਸਨਾਂ ‘ਤੇ ਮਨਸਿਟਰਾਂ ਵੱਲੋਂ ਕੀਤੀ ਜਾਂਦੀ ਭਲਾਈ ਚੈਰਿਟੀ। ਯੂਰਪ ਦੇ ਵਿਚਕਾਰ ਪੈਦਾਂ ਬੈਲਜ਼ੀਅਮ ਇੰਗਲੈਂਡ ਭੇਜਣ ਵਾਲੇ ਤਸਕਰਾਂ ਦਾ ਅੱਡਾ ਬਣ ਚੁੱਕਾ ਹੈ ਅਤੇ ਭਾਰਤੀ-ਪਾਕਿਸਤਾਨੀ ਇਜੰਟਾਂ ਵੱਲੋਂ ਗੈਰਕਾਨੂੰਨੀ ਤੌਰ ‘ਤੇ ਭੇਜੇ ਜਾਣ ਵਾਲੇ ਬੰਦਿਆਂ ਨੂੰ ਇਹ ਸਮਝਾਇਆ ਜਾਦਾਂ ਹੈ ਕਿ ਫੜੇ ਜਾਣ ਦੀ ਸੂਰਤ ਵਿੱਚ ਇਹੀ ਕਹਿਣਾ ਹੈ ਕਿ ਮੈਂ ਤਾਂ ਗੁਰਦਵਾਰੇ ਵਿੱਚ ਰਿਹਾ ਸੀ ਅਤੇ ਉਥੇ ਹੀ ਆਏ ਇਜੰਟ ਨਾਲ ਗੱਲਬਾਤ ਕਰ ਕੇ ਅੱਗੇ ਲਈ ਚੱਲ ਪਿਆ । ਪੁਲਿਸ ਨੂੰ ਮਿਲੇ ਸੈਂਕੜੇ ਅਹਿਜੇ ਬਿਆਨਾਂ ਕਾਰਨ ਗੁਰੂਘਰਾਂ ਦੀ ਸਾਖ਼ ਨੂੰ ਵੱਡਾ ਧੱਬਾ ਲੱਗਾ ਹੈ। ਵਿਲਵੋਰਦੇ ਗੁਰਦਵਾਰਾ ਸਾਹਿਬ ਦੇ ਨਜਦੀਕ ਹੀ ਸੁੱਨੀ ਪਈ ਕਿਸੇ ਫੈਕਟਰੀ ਵਿੱਚ ਰਹਿੰਦੇਂ ਗੈਰਕਾਨੂੰਨੀ ਪੰਜਾਬੀ ਨੌਜਵਾਨਾਂ ਵੱਲੋਂ ਵਾਰ-ਵਾਰ ਲੰਗਰ ਛਕਣ ਲਈ ਆਉਣ ਕਾਰਨ ਇਹ ਗੁਰੂਘਰ ਪੁਲਿਸ ਅਤੇ ਮੇਅਰ ਦੀ ਅੱਖਾਂ ਵਿੱਚ ਰੜਕਣ ਲੱਗ ਪਿਆ। ਮੇਅਰ ਦੇ ਇਸ ਫੈਸਲੇ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।