ਭਾਰਤੀ ਦੂਤਘਰ ਪੈਰਿਸ ਨੂੰ ਦਿੱਤਾ ਮੰਗ ਪੱਤਰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਈ ਗੁਰਬਖਸ਼ ਸਿੰਘ ਵੱਲੋਂ ਗੁਰਦਵਾਰਾ ਲਖਨੌਰ ਸਾਹਿਬ ਵਿਖੇ ਪਿਛਲੇ 46 ਦਿਨਾਂ 'ਤੋਂ ਰੱਖੀ ਭੁੱਖ ਹੜਤਾਲ ਨੂੰ ਹਿਮਾਇਤ ਕਰਦਿਆਂ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਵੀ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਬੁੱਧਵਾਰ 24 ਦਸੰਬਰ 'ਤੋਂ ਭੁੱਖ ਹੜਤਾਲ ਆਰੰਭੀ ਹੋਈ ਹੈ।
ਪੈਰਿਸ ਦੇ ਗੁਰਦਵਾਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਲਾ ਕੋਰਵੇ ਵਿਖੇ ਭੁੱਖ ਹੜਤਾਲ 'ਤੇ ਬੈਠੇ ਭਾਈ ਪੈਡਰੋ ਨੇ ਬੇਸੱਕ ਇਹ ਹੜਤਾਲ ਪੰਜ ਦਿਨ ਲਈ ਰੱਖੀ ਸੀ ਪਰ ਫਿਰ ਉਹਨਾਂ ਵਧਾ ਕੇ 31 ਦਸੰਬਰ ਤੱਕ ਕਰ ਦਿੱਤੀ ਹੈ। ਕੱਲ ਪੈਰਿਸ ਵਿੱਚ ਸਥਿਤ ਭਾਰਤੀ ਦੂਤਘਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮੰਗ ਪੱਤਰ ਵੀ ਦਿੱਤਾ। ਮੰਗ ਪੱਤਰ ਦੇਣ ਵਾਲੇ ਵਫਦ ਵਿੱਚ ਭਾਈ ਪੈਡਰੋ 'ਤੋਂ ਇਲਾਵਾ ਸ: ਸਮਸ਼ੇਰ ਸਿੰਘ ਅਮ੍ਰਿਤਸਰ, ਵਿਨੋਦ ਬਠਿੰਡਾ, ਬਲਕਾਰ ਸਿੰਘ ਪਿਹੋਵਾ, ਬਲਦੇਵ ਸਿੰਘ ਅਤੇ ਇਕਵਾਲ ਸਿੰਘ ਭੱਟੀ ਸਾਮਲ ਸਨ। ਮੰਗ ਪੱਤਰ ਫਸਟ ਸੈਕਟਰੀ ਆਈ ਐਸ ਚੌਹਾਨ ਵੱਲੋਂ ਪ੍ਰਾਪਤ ਕੀਤਾ ਗਿਆ ਅਤੇ ਉਹਨਾਂ ਵਫਦ ਦੀ ਇਸ ਮੰਗ ਨੂੰ ਭਾਰਤ ਸਰਕਾਰ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ। ਪ੍ਰੈਸ ਨਾਲ ਗੱਲਬਾਤ ਕਰਦਿਆਂ ਭੁੱਖ ਹੜਤਾਲ 'ਤੇ ਬੈਠੇ ਭਾਈ ਪੈਡਰੋ ਨੇ ਕਿਹਾ ਕਿ ਸੱਤ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਹ ਚੜਦੀ ਕਲ੍ਹਾ ਵਿੱਚ ਹਨ ਅਤੇ ਸਿੱਖ ਕੌਂਮ ਨਾਲ ਹੋ ਰਹੀਆਂ ਵਧੀਕੀਆਂ ਖਿਲਾਫ ਸਾਂਤਮਈ ਸੰਘਰਸ਼ ਜਾਰੀ ਰੱਖਣਗੇ।
