ਸਿੱਖ ਬੰਦੀਆਂ ਦੀ ਰਿਹਾਈ ਲਈ ਪੰਥਕ ਧਿਰਾਂ ਸਾਂਝੀ ਰਣਨੀਤੀ ਉਲੀਕਣ: ਭਾਈ ਹਵਾਰਾ

      ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ 56 ਦਿਨਾਂ 'ਤੋਂ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਦੇ ਮਾਮਲੇ ਬਾਰੇ ਦਿੱਲੀ ਦੀ ਤਿਹਾੜ ਜ਼ੇਲ੍ਹ ਵਿੱਚ ਨਜਰਬੰਦ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਾਰੀ ਇੱਕ ਪੱਤਰ ਵਿੱਚ ਉਹਨਾਂ ਸਮੂਹ ਪੰਥਕ ਧਿਰਾਂ ਨੁੰ ਅਪੀਲ ਕੀਤੀ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੀ ਰਣਨੀਤੀ ਉਲੀਕਣ।
ਭਾਈ ਹਵਾਰਾ ਨੇ ਕਿਹਾ ਕਿ ਐਨੇ ਦਿਨ ਬੀਤਣ ਦੇ ਬਾਵਜੂਦ ਵੀ ਨਾਂ ਤਾਂ ਸਰਕਾਰ ਨੇ ਅਤੇ ਨਾਂ ਹੀ ਹਿੰਦੀ ਮੀਡੀਏ ਨੇ ਇਹ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ। ਭਾਈ ਹਵਾਰਾ ਨੇ ਕਿਹਾ ਕਿ ਇੱਕ ਪਾਸੇ ਤਾਂ ਇਹ ਪ੍ਰਚਾਰ ਕੀਤਾ ਜਾਦਾਂ ਹੈ ਕਿ ਭਾਰਤ ਇੱਕ ਸਾਂਤਮਈ ਦੇਸ ਹੈ ਅਤੇ ਅਪਣੇ ਹੱਕਾਂ ਲਈ ਹਥਿਆਰ ਚੁੱਕਣ ਵਾਲਿਆਂ ਨੂੰ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ ਕਿ ਉਹ ਸਾਂਤਮਈ ਤਰੀਕੇ ਨਾਲ ਸੰਘਰਸ਼ ਕਰਨ ਪਰ ਦੂਜੇ ਪਾਸੇ ਸਾਂਤਮਈ ਸੰਘਰਸ ਕਰ ਰਹੇ ਭਾਈ ਖਾਲਸਾ ਨੂੰ ਪੂਰੀ ਤਰਾਂ ਨਾਲ ਅਣਗੌਲਿਆ ਕੀਤਾ ਜਾ ਰਿਹਾ ਹੈ। ਭਾਈ ਹਵਾਰਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਰਕਾਰ ਅਤੇ ਬਹੁਗਿਣਤੀ ਮੀਡੀਏ ਦੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਾਮਲੇ ਵਿਚਲੇ ਰਵੱਈਏ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਗਾਂਧੀ ਦੇ ਦੇਸ਼ ਵਿੱਚ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਧਮਾਕਾ ਜਰੂਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਭਾਈ ਗੁਰਬਖਖਸ਼ ਸਿੰਘ ਕੋਈ ਧਮਾਕਾ ਕਰ ਦਿੰਦਾਂ ਤਾਂ ਭਾਰਤੀ ਮੀਡੀਏ ਨੇ ਸਾਲਾਂ ਬੱਧੀ ਪਿੱਟੀ ਜਾਣਾਂ ਸੀ ਜੋ ਹੁਣ ਸ਼ਾਜਿਸ ਅਧੀਨ ਚੁੱਪ ਹੈ।
ਭਾਈ ਹਵਾਰਾ ਨੇ ਸਿੱਖ ਕੌਂਮ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਸਾਹਿਬ ਦੀ ਹਿਮਾਇਤ ਵਿੱਚ ਪਿੰਡ-ਪਿੰਡ, ਸ਼ਹਿਰ ਸ਼ਹਿਰ ਵਿੱਚ ਲੋਕ ਲਹਿਰ ਲਾਮਬੰਦ ਕੀਤੀ ਜਾਵੇ ਤਾਂ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕੇ।