"ਸਿੱਖ ਹਿੰਦੂ ਨਹੀ" ਪਟੀਸ਼ਨ 'ਤੇ ਸੈਕੜੇ ਜਰਮਨ ਸਿੱਖਾਂ ਨੇ ਕੀਤੇ ਦਸਤਖ਼ਤ

ਈਪਰ, ਬੈਲਜ਼ੀਅਮ -( ਪ੍ਰਗਟ ਸਿੰਘ ਜੋਧਪੁਰੀ ) ਅਮਰੀਕਾ ਦੀ ਸਿੱਖ਼ਜ ਫਾਰ ਜਸਟਿਸ ਨਾਂ ਦੀ ਮਨੁੱਖੀ ਅਧਿਕਾਰ ਜਥੇਬੰਦੀ ਵੱਲੋਂ ਅਮਰੀਕਨ ਰਾਸਟਰਪਤੀ ਬਰਾਕ ਉਬਾਮਾਂ ਦੀ ਭਾਰਤ ਯਾਤਰਾ ਦੇ ਮੱਦੇਨਜ਼ਰ ਵਿੱਢੀ ਦਸਤਖਤੀ ਮੁਹਿੰਮ "ਸਿੱਖ ਹਿੰਦੂ ਨਹੀ" ਨੂੰ ਵਿਦੇਸ਼ਾਂ ਭਰਵਾਂ ਹੁਗਾਰਾਂ ਮਿਲ ਰਿਹਾ ਹੈ।
ਜਰਮਨ ਦੇ ਸ਼ਹਿਰ ਕੋਲਨ ਦੇ ਦੋਵਾਂ ਗੁਰਦਵਾਰਾ ਸਾਹਿਬਾਨ ਵਿਖੇ ਕੱਲ ਹਫਤਾਵਰੀ ਦੀਵਾਨਾਂ ਸਮੇਂ ਇਸ ਪਟੀਸ਼ਨ 'ਤੇ ਸੈਂਕੜੇ ਸਿੱਖਾਂ ਨੇ ਦਸਤਖ਼ਤ ਕੀਤੇ। ਗੁਰਦਵਾਰਾ ਸਿੰਘ ਸਭਾ ਵਿਖੇ ਜਥੇਦਾਰ ਰੇਸ਼ਮ ਸਿੰਘ ਵੱਲੋਂ ਸੰਗਤਾਂ ਨੂੰ ਕੀਤੀ ਅਪੀਲ 'ਤੇ ਭੋਗ ਉਪਰੰਤ ਸੈਕੜੇ ਦਸਤਖ਼ਤ ਕੀਤੇ ਗਏ। ਸਮਾਪਤੀ 'ਤੇ ਜਥੇਦਾਰ ਹੋਰਾਂ ਨੇ ਸੰਗਤਾਂ ਵੱਲੋਂ ਹੱਕ ਸੱਚ ਦੀ ਅਵਾਜ਼ ਬੁਲੰਦ ਕਰਨ ਲਈ ਧੰਨਵਾਦ ਕੀਤਾ ਗਿਆ।
ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲਨ ਵਿਖੇ ਭਾਈ ਜਤਿੰਦਰਬੀਰ ਸਿੰਘ ਪਧਿਆਣਾ ਅਤੇ ਭਾਈ ਪ੍ਰਤਾਪ ਸਿੰਘ ਵੱਲੋਂ ਪਟੀਸ਼ਨ 'ਤੇ ਦਸਤਖਤ ਕਰਵਾਏ ਗਏ।
31 ਦਸੰਬਰ ਤੱਕ ਕੀਤੇ ਜਾਣ ਵਾਲੇ ਇੱਕ ਲੱਖ ਦਸਤਖਤਾਂ ਵਾਲੀ ਇਸ ਪਟੀਸ਼ਨ ਨਾਲ ਅਮਰੀਕਨ ਰਾਸਟਰਪਤੀ ਬਰਾਕ ਉਬਾਮਾ ਉੱਪਰ ਇਹ ਦਬਾਅ ਬਣਾਇਆ ਜਾਵੇਗਾ ਕਿ ਉਹ ਅਪਣੀ 26 ਜਨਵਰੀ ਦੀ ਭਾਰਤ ਫੇਰੀ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਸਵਾਲ ਕਰ ਸਕਣ ਕਿ ਭਾਰਤ ਦੇ ਸਵਿਧਾਨ ਵਿੱਚ ਵੱਖਰੀ ਕੌਂਮ ਸਿੱਖਾਂ ਨੂੰ ਹਿੰਦੂ ਕਿਉਂ ਦਰਸਾਇਆ ਜਾ ਰਿਹਾ ਹੈ ਅਤੇ ਸਿੱਖਾਂ ਨੂੰ ਇੱਕ ਵੱਖਰੀ ਕੌਂਮ ਮੰਨਣ ਵਿੱਚ ਹਰਜ ਕੀ ਹੈ ?
ਕੱਲ ਕੋਲਨ ਵਿਖੇ ਪਟੀਸ਼ਨ 'ਤੇ ਦਸਤਖਤ ਕਰਵਾਉਣ ਵਿੱਚ ਸਹਿਯੋਗ ਦੇਣ ਵਾਲਿਆਂ ਵਿੱਚ ਭਾਈ ਰਾਜਿੰਦਰ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਅਮ੍ਰਿਤਪਾਲ ਸਿੰਘ ਚੀਮਾਂ ਅਤੇ ਅਮੋਲਕ ਸਿੰਘ ਆਦਿ ਸਾਮਲ ਸਨ। ਉਪਰੋਕਤ ਆਗੂਆਂ ਨੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ 31 ਦਸੰਬਰ ਤੱਕ ਇਸ ਪਟੀਸ਼ਨ 'ਤੇ ਵੱਧ 'ਤੋਂ ਵੱਧ ਦਸਤਖ਼ਤ ਕਰਨ।