ਆਰ ਐਸ ਐਸ 'ਤੋਂ ਡਰਦੇ ਜਥੇਦਾਰ ਨਹੀ ਕਰ ਰਹੇ ਕਾਰਵਾਈ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਜਪਾ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਵੇਂ ਪਾਤਸ਼ਾਹ ਜੀ ਦੀ ਗੁਰਬਾਣੀ ਦੀਆਂ ਤੁਕਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਬਾਰੇ ਯੂਰਪ ਦੇ ਸਿੱਖਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ।
ਅੱਜ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਗੁਰਬਾਣੀ ਨਾਲ ਛੇੜਛਾੜ ਮਾਮਲੇ ਵਿੱਚ ਨਵਜੋਤ ਸਿੱਧੂ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ ਪਰ ਆਰ ਐਸ ਐਸ ਦੇ ਇਸਾਰਿਆਂ ਤੇ ਫੈਸਲੇ ਲੈ ਰਹੇ ਤਖਤ ਸਾਹਿਬ ਦੇ ਜਥੇਦਾਰ ਕੇਂਦਰ ਦੀ ਮੋਦੀ ਸਰਕਾਰ ਦੀ ਘੁਰਕੀ 'ਤੋਂ ਘਬਰਾਉਦੇ ਹੋਏ ਸਿੱਧੂ ਖਿਲਾਫ ਕੋਈ ਕਾਰਵਾਈ ਨਹੀ ਕਰ ਰਹੇ ਜਦਕਿ ਕਿਸੇ ਪਰਿਵਾਰਿਕ ਮਾਮਲੇ ਵਿੱਚ ਜਥੇਦਾਰ ਦਾ ਪੀ ਏ ਪੀੜਤ ਅਬਲਾ ਦੇ ਘਰ ਤੱਕ ਪਹੁੰਚਦਾ ਰਿਹਾ ਹੈ। ਫਰਾਂਸ ਦੀ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਮੁੱਖੀ ਭਾਈ ਰਘਵੀਰ ਸਿੰਘ ਕੁਹਾੜ ਅਤੇ ਬੈਲਜ਼ੀਅਮ ਯੁਨਿਟ ਵੱਲੋਂ ਜਾਰੀ ਬਿਆਨ ਵਿੱਚ ਭਾਈ ਭੂਰਾ ਨੇ ਕਿਹਾ ਕਿ ਇਸ 'ਤੋਂ ਪਹਿਲਾਂ ਵੀ ਸਿੱਧੂ ਅਜਿਹੀਆਂ ਹਰਕਤਾਂ ਕਾਰਨ ਸੁਰਖੀਆਂ ਵਿੱਚ ਆਉਦਾ ਰਿਹਾ ਹੈ ਪਰ ਗੁਰਬਾਣੀ ਨਾਲ ਛੇੜਛਾੜ ਬਰਦਾਸਤਯੋਗ ਨਹੀ ਹੈ। ਸਿੱਖ ਕੌਂਸਲ ਦੇ ਨੁਮਾਂਇਦਿਆਂ ਨੇ ਪੰਜਾਬ ਅਤੇ ਪੂਰੇ ਭਾਰਤ ਵਿੱਚਲੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੰਮੂ ਦੇ ਸਿੱਖਾਂ ਵਾਂਗ ਸਿੱਧੂ ਦਾ ਜਨਤਕ ਵਿਰੋਧ ਕਰਨ। ਉਪਰੋਕਤ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਗੁਰੂ ਨਗਰੀ 'ਤੋਂ ਲੋਕ ਸਭਾ ਮੈਂਬਰ ਰਹੇ ਸਿੱਧੂ ਨੇ ਇਤਿਹਾਸਿਕ ਸ਼ਹਿਰ ਲਈ ਕੁੱਝ ਨਹੀ ਕੀਤਾ ਬਜਾਏ ਇੱਕ ਕਮੇਡੀ ਸੋ. ਵਿਚ ਤਾੜੀਆਂ ਵਜਾਉਣ ਦੇ।
