ਜਥੇਦਾਰ ਨੰਦਗੜ ਨੂੰ ਧੱਕੇ ਨਾਲ ਸੇਵਾ ਮੁਕਤ ਕਰਨਾਂ ਬਾਦਲ ਦੇ ਕੱਫਣ 'ਚ ਕਿੱਲ ਸਾਬਤ ਹੋਵੇਗਾ: ਸਿੱਖ ਜਥੇਬੰਦੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨਾਂ 'ਤੋਂ ਗਰਮਾਏ ਵਿਵਾਦ ਕਿ ਆਉਣ ਵਾਲੇ ਦਿਨਾਂ ਵਿੱਚ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਨੂੰ ਜਬਰੀ ਸੇਵਾ ਮੁਕਤ ਕੀਤਾ ਜਾ ਸਕਦਾ ਹੈ ਦਾ ਵਿਰੋਧ ਕਰਦਿਆਂ ਜਰਮਨੀ ਦੀ ਸਿੱਖ ਜਥੇਬੰਦੀਆਂ ਜਥੇਦਾਰ ਨੰਦਗੜ ਦੀ ਹਿਮਾਇਤ 'ਤੇ ਆਈਆਂ ਹਨ।
ਜਰਮਨੀ ਦੀਆਂ ਸੰਘਰਸ਼ਸੀਲ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਤੇ ਸਿੱਖ ਮੁੱਦਿਆਂ 'ਤੇ ਡਟ ਕੇ ਪਹਿਰਾ ਦੇਣ ਦੀ ਸਜ਼ਾ ਹਰਗਿਜ਼ ਬਰਦਾਸਤ ਨਹੀ ਕੀਤੀ ਜਾਵੇਗੀ। ਬੱਬਰ ਖਾਲਸਾ ਆਗੂ ਨੇ ਕਿਹਾ ਕਿ ਆਰ ਐਸ ਐਸ ਦੀ ਘੁਰਕੀ 'ਤੋਂ ਡਰਦਾ ਬਾਦਲ ਪਰਿਵਾਰ ਜੇਕਰ ਜਥੇਦਾਰ ਨੰਦਗੜ ਨਾਲ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵਾਲਾ ਵਿਵਹਾਰ ਕਰਦਾ ਹੈ ਤਾਂ ਇਹ ਬਾਦਲ ਦੇ ਕੱਫਣ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ। ਜਰਮਨ ਆਗੂਆਂ ਨੇ ਬਾਕੀ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਜਥੇਦਾਰ ਨੰਦਗੜ ਦੇ ਹਮਰਾਹੀ ਬਣਨ ਤਾਂ ਜੋ ਪੰਥ ਨੂੰ ਅੰਦਰੋਂ ਅਤੇ ਬਾਹਰੋ ਆ ਰਹੀਆਂ ਚੁਣੋਤੀਆਂ ਨੂੰ ਠੱਲ ਪੈ ਸਕੇ।
ਇਹਨਾਂ ਦਾ ਕਹਿਣਾ ਹੈ ਕਿ ਪੰਥਕ ਏਕੇ ਨਾਲ ਬਾਦਲ ਨੂੰ ਵੀ ਕੌਂਮ ਦੀ ਇਕਮੁੱਠਤਾਂ ਅਤੇ ਤਾਕਤ ਦਾ ਅਹਿਸਾਸ ਹੋ ਜਾਵੇ ਜੋ ਭਾਜਪਾ ਅਤੇ ਆਰ ਐਸ ਐਸ ਵੱਲੋਂ ਬਖ਼ਸੀ ਕੁਰਸੀ ਦੇ ਨਸ਼ੇ ਵਿੱਚ ਕੌਂਮ ਦੇ ਖਾਤਮੇ 'ਤੇ ਉਤਾਰੂ ਹੈ। ਸਾਇਦ ਬਾਦਲ ਪਰਿਵਾਰ ਭੁੱਲ ਗਿਆ ਕਿ "ਖਾਲਸਾ ਪ੍ਰਗਟਿਉ ਪਮ੍ਰਾਤਮਾ ਕੀ ਮੌਜ" ਜਿਸ ਨੂੰ ਮਿਟਾਉਣ ਵਾਲੇ ਖੁਦ ਮਿਟ ਗਏ ਨੇ। ਲਖਪਤ ਰਾਏ ਅਤੇ ਜਸਪਤ ਰਾਏ ਦਾ ਰੋਲ ਨਿਭਾ ਰਹੇ ਬਾਦਲ ਨੂੰ ਉਹਨਾਂ ਦੇ ਹਸ਼ਰ ਦਾ ਅਧਿਐਨ ਕਰ ਲੈਣਾ ਚਾਹੀਦਾਂ ਹੈ। ਬੱਬਰ ਖਾਲਸਾ, ਸਿੱਖ ਫੈਡਰੇਸ਼ਨ, ਦਲ ਖਾਲਸਾ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂਆਂ ਨੇ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਹ ਜਥੇਦਾਰ ਨੰਦਗੜ ਸਾਹਿਬ ਵੱਲੋਂ ਲਏ ਸੁਚੱਜੇ ਸਟੈਂਡ ਦੀ ਹਿਮਾਇਤ ਕਰਦੇ ਹੋਏ ਉਹਨਾਂ ਦਾ ਡਟ ਕੇ ਸਮਰਥਨ ਕਰਨ।