ਜਥੇਦਾਰ ਨੰਦਗੜ ਸਿੱਖਾਂ ਲਈ ਆਸ ਦੀ ਕਿਰਨ: ਬੈਲਜ਼ੀਅਮ ਸਿੱਖ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਵੱਲੋਂ ਸਿੱਖਾਂ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਡਟਣ ਅਤੇ ਖਾਲਿਸਤਾਨ ਦੀ ਮੰਗ ਦੀ ਹਿਮਾਇਤ ਕਰਨ ਕਾਰਨ ਉਹਨਾਂ ਨੂੰ ਸਿੱਖ ਕੌਂਮ ਵੱਲੋਂ ਬਹੁਤ ਮਾਂਨ-ਸਨਮਾਨ ਮਿਲ ਰਿਹਾ ਹੈ। ਬੈਲਜ਼ੀਅਮ ਦੀਆਂ ਸਿੱਖ ਜਥੇਬੰਦੀਆਂ ਬੱਬਰ ਖਾਲਸਾ ਅਤੇ ਦਲ ਖਾਲਸਾ ਵੱਲੋਂ ਜਾਰੀ ਬਿਆਨ ਵਿੱਚ ਜਥੇਦਾਰ ਨੰਦਗੜ ਦਾ ਪੂਰਨ ਸਮਰੱਥਨ ਕਰਦਿਆਂ ਕਿਹਾ ਗਿਆ ਹੈ ਕਿ ਜਥੇਦਾਰ ਨੰਦਗੜ ਕੌਂਮ ਲਈ ਆਸ ਦੀ ਨਵੀਂ ਕਿਰਨ ਬਣ ਕੇ ਬਹੁੜੇ ਹਨ ਕਿਉਕਿ ਨਹੀ ਤਾਂ ਅਜੋਕੇ ਜਥੇਦਾਰਾਂ ਨੇ ਕੋਈ ਸਿਧਾਂਤਕ ਫੈਸਲਾ ਲੈਣ ਦੀ ਹਿੰਮਤ ਹੀ ਨਹੀ ਕੀਤੀ।
ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਜਸਵੀਰ ਸਿੰਘ ਧੰਦੋਈ ਅਤੇ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਜਥੇਦਾਰ ਨੰਦਗੜ ਵੱਲੋਂ ਕੌਂਮ ਦੀ ਚੜਦੀ ਕਲਾ ਲਈ ਲਏ ਗਏ ਫੈਸਲੇ ਲਈ ਉਹ ਵਧਾਈ ਦੇ ਪਾਤਰ ਹਨ। ਉਪਰੋਕਤ ਆਗੂਆਂ ਨੇ ਜਾਰੀ ਬਿਆਨ ਵਿੱਚ ਬਾਦਲ ਸਰਕਾਰ ਨੂੰ ਤਾੜਨਾਂ ਕੀਤੀ ਉਹ ਸਿੱਖ ਮਾਰੂ ਨੀਤੀਆਂ ਤੇ ਚਲਦਿਆਂ ਜਥੇਦਾਰ ਨੰਦਗੜ ਨਾਲ ਜਿਆਦਤੀ ਕਰਨ 'ਤੋਂ ਗੁਰੇਜ ਕਰੇ ਨਹੀ ਤਾਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਦਾ ਜਿੰਮੇਬਾਰ ਬਾਦਲ ਪਰਿਵਾਰ ਖੁਦ ਹੋਵੇਗਾ।
ਇਹਨਾਂ ਆਗੂਆਂ ਨੇ ਪੰਜਾਬ ਦੇ ਪਿੰਡਾਂ ਵਿਚਲੇ ਅਕਾਲੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਦਲ ਦੀ ਗੁਲਾਮੀ ਤਿਆਗਦੇ ਹੋਏ ਪੁਰਾਤਨ ਅਕਾਲੀਆਂ ਦੇ ਪਦ-ਚਿੰਨਾਂ 'ਤੇ ਚਲਦਿਆਂ ਜਥੇਦਾਰ ਨੰਦਗੜ ਅਤੇ ਭਾਈ ਗੁਰਬਖ਼ਸ ਸਿੰਘ ਖਾਲਸਾ ਵੱਲੋਂ ਆਰੰਭੇ ਸੰਘਰਸ਼ ਦੀ ਹਿਮਾਇਤ ਕਰਨ ਤਾਂ ਜੋ ਚਿਰਾਂ 'ਤੋਂ ਜ਼ੇਲ੍ਹਾਂ ਵਿੱਚ ਸੜਦੀ ਸਿੱਖ ਜਵਾਨੀ ਵੀ ਬਾਹਰ ਦੀ ਫਿਜ਼ਾ ਵਿੱਚ ਸਾਹ ਲੈ ਸਕੇ।