ਪ੍ਰਵਾਸੀ ਸਿੱਖਾਂ ਬਾਰੇ ਪੰਜਾਬ ਪੁਲਿਸ ਦਾ ਨਵਾਂ ਸਗੂਫਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮੋਦੀ ਸਰਕਾਰ ਵੱਲੋਂ ਚੋਣਾਂ 'ਤੋਂ ਪਹਿਲਾਂ ਦਿੱਤਾ ਗਿਆ ਨਾਹਰਾ "ਅੱਛੇ ਦਿਨ ਆਨੇ ਵਾਲੇ ਹੈਂ" 'ਤੇ ਅਮਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੁਲਿਸ ਮੁੱਖੀ ਸੁਮੇਧ ਸੈਣੀ ਵੱਲੋਂ ਪੰਜਾਬ ਦੇ ਭਗੌੜੇ ਸਿੱਖਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸੁਰੂ ਕੀਤੀ ਜਾ ਚੁੱਕੀ ਹੈ। ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਗੋਲਡੀ ਹੋਰਾਂ ਦੀ ਹਵਾਲਗੀ 'ਤੋਂ ਉਤਸਾਹਿਤ ਪੰਜਾਬ ਪੁਲਿਸ ਨੇ ਹੁਣ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਵਿਦੇਸ਼ੀ ਰਹਿੰਦੇ ਸਿੱਖਾਂ (ਜੋ ਬਾਹਰ ਰਹਿ ਕੇ ਲੋਕਤੰਤਰੀ ਢੰਗ ਨਾਲ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਲੜ ਰਹੇ ਹਨ) ਦੇ ਪਰ ਕੁਤਰਨ ਲਈ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ। ਪਟਿਆਲਾ ਪੁਲਿਸ ਵੱਲੋਂ ਜਾਰੀ 11 ਭਗੌੜਿਆਂ ਦੀ ਸੂਚੀ ਵਿੱਚ ਬੈਲਜ਼ੀਅਮ ਰਹਿੰਦੇ ਭਾਈ ਗੁਰਦਿਆਲ ਸਿੰਘ ਢਕਾਣਸੂ ਅਤੇ ਭਾਈ ਹਰਵਿੰਦਰ ਸਿੰਘ ਭਤੇੜੀ Ḕਤੋਂ ਇਲਾਵਾ ਇਟਲੀ, ਦੁਬਈ ਅਤੇ ਅਮਰੀਕਾ ਰਹਿੰਦੇ 9 ਹੋਰ ਸਿੱਖ ਵੀ ਹਨ।
ਹਿੰਦੀ ਦੇ ਇੱਕ ਪ੍ਰਮੱਖ ਅਖ਼ਬਾਰ ਵਿੱਚ ਛਪੀ ਖ਼ਬਰ ਵਿੱਚ ਦਿੱਤੇ 11 ਨਾਵਾਂ ਵਾਲੇ ਪ੍ਰਵਾਸੀ ਸਿੱਖਾਂ ਨੂੰ ਭਾਰਤ ਲਿਆਉਣ ਲਈ ਪਿਛਲੇ 25-30 ਸਾਲਾਂ 'ਤੋਂ ਬੰਦ ਪਈਆਂ ਫਾਈਲਾਂ Ḕਤੋ ਮਿੱਟੀ ਝਾੜ ਕੇ ਹੁਣ ਪੰਜਾਬ ਪੁਲਿਸ ਦੇ ਐਨ ਆਰ ਆਈ ਵਿੰਗ ਨੇ ਕਾਰਵਾਈ ਸੁਰੂ ਕਰ ਦਿੱਤੀ ਹੈ। ਅਖ਼ਬਾਰ ਮੁਤਾਬਕ ਜਿਲ੍ਹਾ ਪੁਲਿਸ ਨੇ ਇਹ ਲਿਸਟ ਆਈ ਜੀ ਗੁਰਪ੍ਰੀਤ ਦਿਉ ਨੂੰ ਸੌਂਪ ਦਿੱਤੀ ਹੈ ਤਾਂ ਜੋ ਸਬੰਧਤ ਮੁਲਕਾਂ ਦੇ ਦੂਤਘਰਾਂ ਅਤੇ ਪੁਲਸ ਨਾਲ ਸੰਪਰਕ ਕੀਤਾ ਜਾ ਸਕੇ।
ਬੈਲਜ਼ੀਅਮ ਵਸਦੇ ਪਹਿਲੇ ਦੋ ਨਾਵਾਂ ਵਾਲੇ ਰਾਜਪੁਰਾ ਨਾਲ ਸਬੰਧਤ ਦੋਨੋਂ ਆਗੂਆਂ ਬਾਰੇ ਪਤਾ ਕਰਨ ਤੇ ਜਾਣਕਾਰੀ ਮਿਲੀ ਕਿ ਉਹ ਪਿਛਲੇ ਢਾਈ ਦਹਾਕਿਆਂ 'ਤੋਂ ਯੂਰਪ ਰਹਿ ਕੇ ਕਿ ਸਾਂਤਮਈ ਢੰਗ ਨਾਲ ਆਪੋ ਅਪਣਾ ਕਾਰੋਬਾਰ ਕਰ ਰਹੇ ਹਨ। ਹੈਰਾਨਗੀ ਦੀ ਗੱਲ ਹੈ ਕਿ ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਪੰਜਾਬ ਪੁਲਿਸ ਪੱਬਾਂ ਭਾਰ ਹੋਈ ਹੈ ਉਹਨਾਂ ਦੇ ਪ੍ਰਦੇਸੀ ਰਹਿੰਦੇ 25 ਸਾਲ ਦੇ ਸਮੇਂ ਵਿੱਚ ਵੀ ਕੇਸ ਦਰਜ ਨਹੀ ਹੋਇਆ।
ਉਪਰੋਕਤ ਲਿਸਟ ਵਿਚਲੇ ਪਹਿਲੇ ਦੋ ਆਗੂਆਂ ਨਾਲ ਜਦ ਇਸ ਪੱਤਰਕਾਰ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਪੰਜਾਬ ਸਰਕਾਰ ਦੀ ਇਸ ਨਵੀ ਕਾਰਵਾਈ ਨੂੰ ਸਿਰਫ ਸਗੂਫਾ ਕਰਾਰ ਦਿੰਦਿਆਂ ਕਿਹਾ ਕਿ ਯੂਰਪ ਦੀਆਂ ਸਰਕਾਰਾਂ ਥਾਈਲੈਂਡ ਵਾਂਗ ਭਾਰਤ ਦੇ ਦਬਾਅ ਹੇਠ ਨਹੀ ਆਉਣ ਵਾਲੀਆਂ ਅਤੇ ਉਹ ਜਮਹੂਰੀਅਤ ਢੰਗ ਨਾਲ ਸੰਘਰਸ਼ ਵਿੱਚ ਅਪਣਾ ਬਣਦਾ ਹਿੱਸਾ ਪਾਉਦੇਂ ਰਹਿਣਗੇ।
