ਬੁੱਧੀਜੀਵੀਆਂ ਦੀ ਟਿੱਡੀ ਦਲ ਵਾਂਗ ਡਾਰ ਦੇਖਣੀ ਹੋਵੇ ਤਾਂ ਫੇਸਬੁੱਕ 'ਤੇ ਦਰਸ਼ਨ ਕੀਤੇ
ਜਾ ਸਕਦੇ ਹਨ। ਕਿਸੇ ਵੀ ਮਰਜੀ ਬੁੱਧੀਜੀਵੀ ਨੂੰ ਛੇੜ ਕੇ ਦੇਖੋ, ਉਹੀ ਕੌੜ ਵਹਿੜਕੇ ਵਾਂਗ ਛੜ
ਮਾਰੇਗਾ। ਹਰ ਕੋਈ ਥੋਕ ਦੇ ਭਾਅ ਉਪਦੇਸ਼ ਵਰਤਾਉਣ 'ਚ ਰੁੱਝਾ ਹੋਇਆ ਹੈ। ਕੋਈ ਦੂਜਿਆਂ ਨੂੰ ਮੱਤਾਂ ਦੇ
ਦੇ ਕੇ ਆਪਣੇ ਵਿੰਗੇ ਉੱਲੂ ਨੂੰ ਸਿੱਧਾ ਕਰਨ ਦੀ ਤਾਕ 'ਚ ਹੈ ਤੇ ਕੋਈ ਪਲੀਤਾ ਲਾ ਕੇ ਡੱਬੂ ਵਾਂਗ
ਉੱਚੇ ਬੈਠ ਕੇ ਨਜ਼ਾਰੇ ਲੈਣ 'ਚ ਮਸਤ ਹੈ। ਨੌਜਵਾਨੀ ਹਮੇਸ਼ਾ ਗਰਮ ਖਿਆਲਾਂ ਤੋਂ ਵਧੇਰੇ ਜਲਦੀ
ਪ੍ਰਭਾਵਿਤ ਹੁੰਦੀ ਹੈ। ਫੇਸਬੁੱਕ 'ਤੇ ਜਲਦੀ ਤੋਂ ਜਲਦੀ ਜਿਆਦਾ "ਲਾਈਕ" ਲੈਣ ਦੇ ਜੁਗਾੜੀ ਲੋਕ ਹਰ
ਵੇਲੇ ਤੱਤੇ ਤੱਤੇ ਵਿਚਾਰ ਇਸ ਕਰਕੇ ਵੀ ਦੇਣ 'ਚ ਮਸਤ ਰਹਿੰਦੇ ਹਨ ਤਾਂ ਕਿ ਵੱਧ ਤੋਂ ਵੱਧ ਨਵੇਂ ਖੂਨ
ਨੂੰ ਨਾਲ ਜੋੜਿਆ ਜਾ ਸਕੇ ਤੇ ਬਾਦ 'ਚ ਉਹਨਾਂ ਨੂੰ ਵਰਤਿਆ ਜਾ ਸਕੇ। ਬਹੁਤ ਅਜਿਹੇ ਮਿਲ ਜਾਣਗੇ
ਜਿਹੜੇ ਦੂਜਿਆਂ ਨੂੰ "ਆਪ ਕੁਚੱਜੀ, ਲੋਕਾਂ ਮੱਤੀਂ" ਦੇ ਕਥਨ 'ਤੇ ਪੂਰੇ ਉੱਤਰਦੇ ਮੱਤਾਂ ਦੇ ਗੱਫ਼ੇ
ਪ੍ਰਦਾਨ ਕਰਦੇ ਰਹਿੰਦੇ ਹਨ। ਆਓ ਇੱਕ ਪਿਓ ਪੁੱਤ ਦੀ ਜੋੜੀ ਦੇ ਦਰਸ਼ਨ ਕਰਾਈਏ। ਇਹਨਾਂ ਦੀ ਖਾਸੀਅਤ ਇਹ
ਹੈ ਕਿ ਪਿਓ ਤਾਂ ਖੁਦ ਬੈਂਗਣ ਖਾਣ ਦਾ ਸ਼ੁਕੀਨ ਹੈ ਪਰ ਪੁੱਤ ਆਪਣੇ ਪਿਤਾ ਜੀ ਤੋਂ ਸ਼ੁਰੂਆਤ ਕਰਨ ਦੀ
ਬਜਾਏ ਲੋਕਾਂ ਨੂੰ ਬੈਂਗਣ ਨਾ ਖਾਣ ਦੀਆਂ ਸਲਾਹਾਂ ਮੱਤਾਂ ਦੇਣ 'ਚ ਵਿਅਸਤ ਹੈ। ਦੋਹਾਂ ਦੀ ਮਣਸ਼ਾ ਕੀ
ਹੈ, ਇਹ ਤਾਂ ਫਿਲਹਾਲ ਉਹੀ ਜਾਣਦੇ ਹਨ ਪਰ ਜੋ ਚਰਚਾ ਲੋਕਾਂ ਵਿੱਚ ਹੈ, ਉਸ ਵਿੱਚੋਂ ਦੋਨੋਂ ਤਰਫੋਂ
ਹੀ ਜੁਗਾੜ ਦੀ ਬੋਅ ਆਉਂਦੀ ਹੈ। ਕਿਉਂ ਜਾਨਣੈ ਕਿ ਕੌਣ ਹਨ??? ਆਜੋ ਫਿਰ ਕਰੋ ਬਿਰਤੀਆਂ ਇਕਾਗਰ ਤੇ
ਪਹੁੰਚੋ ਪ੍ਰਸਿੱਧ ਗਾਇਕ ਮਰਹੂਮ ਦੀਦਾਰ ਸੰਧੂ ਦੇ ਪਿੰਡ।
ਇਸ ਪਿੰਡ ਦੇ ਨਾਂ ਵਰਗਾ ਤਖੱਲਸ ਆਪਣੇ
ਨਾਂ ਨਾਲ ਲਾਉਣ ਵਾਲੇ ਪਿਓ ਪੁੱਤ ਅਨੋਖੀ ਤਰ੍ਹਾਂ ਨਾਲ ਸਿਆਸਤ 'ਚ ਸਰਗਰਮ ਹਨ। ਪਿਤਾ ਜੀ ਬਾਦਲ
ਪਰਿਵਾਰ ਦਾ ਧਿਆਨ ਧਰ ਕੇ ਜਲ ਪਾਣੀ ਛਕਦੇ ਹਨ ਪਰ ਕਾਕਾ ਜੀ ਨੂੰ ਵਹਿਮ ਹੈ ਕਿ ਕੇਜਰੀਵਾਲ ਉਹਨਾਂ ਦੀ
ਫੇਸਬੁੱਕ ਸਟੇਟਸ ਅਪਡੇਟ ਦੇਖ ਕੇ ਸੌਂਦਾ ਹੈ। ਪਿਤਾ ਜੀ ਨੂੰ ਲੋਕਾਂ ਦੇ ਆਨੰਦ ਕਾਰਜਾਂ, ਭੋਗਾਂ,
ਚੋਣ ਡਿਊਟੀਆਂ ਜਾਂ ਜਿੱਥੇ ਕਿਤੇ ਵੀ ਮੌਕਾ ਮਿਲ ਜਾਵੇ, ਫੋਟੋ ਖਿਚਵਾ ਕੇ ਅਕਾਲੀ ਦਲ ਨਾਲ ਜੋੜ ਕੇ
ਖ਼ਬਰਾਂ ਲਗਵਾਉਣ ਦਾ ਚਸਕਾ ਹੈ ਤੇ ਕਾਕਾ ਜੀ ਨੂੰ ਫੇਸਬੁੱਕ ਫੇਜ ਦੇ ਲਾਈਕ ਹਰ ਹੀਲੇ ਵਧਾਉਣ ਦਾ ਠਰਕ
ਹੈ। ਪਿਤਾ ਜੀ ਵੱਲੋਂ ਸ਼ੁਰੂ ਕੀਤਾ ਪ੍ਰਾਪਰਟੀ ਡੀਲਰ (ਕਲੋਨਾਈਜਰ) ਦਾ ਧੰਦਾ ਲਗਭਗ ਹਰ ਰੋਜ ਲਗਦੀਆਂ
ਖ਼ਬਰਾਂ ਦੇ ਸਿਰ 'ਤੇ ਸਿੱਧੇ ਜਾਂ ਅਸਿੱਧੇ ਸਿਆਸੀ ਪ੍ਰਭਾਵ ਨਾਲ ਚੱਲ ਰਿਹੈ। ਦੋ ਤਿੰਨ ਕੁ ਸਾਲ ਤੋਂ
ਫੇਸਬੁੱਕ ਸਿਆਸਤ ਵਿੱਚ ਸਰਗਰਮ ਕਾਕਾ ਜੀ ਨੀਵੇਂ ਪਾਸੇ ਵੱਲ ਝੁਕਦੇ ਪੱਲੜੇ 'ਚ ਸਵਾਰ ਹੋ ਜਾਂਦੇ ਹਨ।
ਬੇਸ਼ੱਕ ਮਸਲਾ ਸਿਆਸੀ ਹੋਵੇ, ਧਾਰਮਿਕ ਜਾਂ ਸੱਭਿਆਚਾਰਕ। ਪਿਤਾ ਜੀ ਅਕਾਲੀ ਦਲ ਦੇ ਦੋ ਤਿੰਨ ਅਹੁਦਿਆਂ
ਨੂੰ ਨਾਮ ਨਾਲ æਿਲਖ ਕੇ ਸਕੂਨ ਹਾਸਲ ਕਰਦੇ ਹਨ ਪਰ ਕਾਕਾ ਜੀ ਉਸੇ ਅਕਾਲੀ ਦਲ ਸਿਰੋਂ ਪਲ ਕੇ ਆਪਣੇ
ਆਪ ਨੂੰ ਪਿਤਾ ਤੋਂ ਬਾਗੀ ਹੋਇਆ ਦੱਸਦੇ ਹਨ। ਇਹ ਖੁਲਾਸਾ ਵੀ ਕਾਕਾ ਜੀ ਨੇ ਕੁਝ ਕੁ ਦਿਨ ਪਹਿਲਾਂ
ਉਦੋਂ ਕੀਤਾ ਜਦੋਂ ਕਿਸੇ ਫੇਸਬੁੱਕੀਏ ਮਿੱਤਰ ਨੇ ਕਾਕਾ ਜੀ ਦੇ ਵਿਆਹ ਵੇਲੇ ਵੱਡੇ ਬਾਦਲ ਸਾਹਿਬ ਤੋਂ
ਜੋੜੀ ਦੇ ਅਸ਼ੀਰਵਾਦ ਲੈਂਦਿਆਂ ਦੀ ਫੋਟੋ ਫੇਸਬੁੱਕ 'ਤੇ ਪਾ ਦਿੱਤੀ। ਫਿਰ ਸ਼ੁਰੂ ਹੋਇਆ ਸ਼ਪਸ਼ਟੀਕਰਨਾਂ
ਦਾ ਦੌਰ। ਫੋਟੋ ਦੇ ਨਸ਼ਰ ਹੋਣ ਤੱਕ ਕਾਕਾ ਜੀ ਨੇ ਕਦੇ ਵੀ ਅਕਾਲੀ ਪਿਛੋਕੜ ਦਾ ਜਿਕਰ ਤੱਕ ਨਾ ਕੀਤਾ
ਪਰ ਫੋਟੋ ਨਸ਼ਰ ਹੋਣ ਤੋਂ ਦੂਜੇ ਦਿਨ ਬਾਦ ਹੀ ਅਲ-ਜਜੀਰਾ ਦੀ ਵੀਡੀਓ ਵਾਂਗ ਫੇਸਬੁੱਕੀ ਮਿੱਤਰਾਂ ਨੂੰ
ਭੁਚਲੇਵਾਂ ਦਿੱਤਾ ਕਿ ਉਹਨਾਂ ਦੇ ਪਿਤਾ ਜੀ ਨੂੰ ਟਿਕਟ ਔਫਰ ਹੋਈ ਸੀ। ਅਕਾਲੀ ਪਰਿਵਾਰ ਹੋਣ ਦੇ
ਬਾਵਜੂਦ ਉਹ ਘਰੋਂ ਬਾਗੀ ਸੋਚ ਲੈ ਕੇ ਬਾਹਰ ਆਏ ਹਨ। ਜਨਤਕ ਹੋਈ ਫੋਟੋ ਬਾਰੇ ਵੀ ਟਿਕਾ ਕੇ ਝੂਠ ਇਹ
ਬੋਲਿਆ ਕਿ ਕਿਸੇ ਨੇ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਦਖਲ ਦਿੱਤਾ ਹੈ ਤੇ ਫੋਟੋ ਚੋਰੀ ਕਰਕੇ ਫੇਸਬੁੱਕ
'ਤੇ ਪਾਈ ਹੈ। ਇਸ ਸਪੱਸ਼ਟੀਕਰਨ ਨਾਲ ਸਿਰਫ ਸਹੇ ਦੀਆਂ ਤਿੰਨ ਲੱਤਾਂ ਕਹਿਣ ਵਾਲੇ ਅੱਲ੍ਹੜਾਂ ਨੂੰ
ਜਰੂਰ ਭਰਮਾਇਆ ਜਾ ਸਕਦਾ ਹੈ ਪਰ ਕਾਕਾ ਜੀ ਭੁੱਲ ਗਏ ਕਿ ਉਕਤ ਫੋਟੋ ਸਮੇਤ ਹੋਰ ਵੀ ਬਹੁਤ ਸਾਰੀਆਂ
ਨਿੱਜੀ ਫੋਟੋਆਂ ਬਾਪੂ ਜੀ ਦੇ ਫੇਸਬੁੱਕ ਖਾਤੇ 'ਚ ਦੇਖੀਆਂ ਜਾ ਸਕਦੀਆਂ ਹਨ।
ਦੂਜਿਆਂ ਨੂੰ ਬੈਂਗਣ
ਖਾਣੋਂ ਰੋਕਣ ਦੀ ਇੱਕ ਉਦਾਹਰਣ ਹੋਰ ਦੇਖ ਲਓ। ਇਹ ਉਹ ਕਾਕਾ ਜੀ ਹਨ ਜਿਹਨਾਂ ਨੇ ਆਪਣੇ ਫੇਸਬੁੱਕੀ
ਯੋਥੇ ਸਾਥੀ ਨਾਲ ਮਿਲਕੇ ਪ੍ਰਕਾਸ ਸਿੰਘ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀਆਂ ਫੋਟੋਆਂ 'ਤੇ
ਜੁੱਤੀਆਂ ਮਾਰਨ ਬਾਰੇ ਫੇਸਬੁੱਕੀ ਮਿੱਤਰਾਂ ਨੂੰ ਉਕਸਾਇਆ ਸੀ। ਅੱਜ ਜਦੋਂ ਦਾਦਾ ਜੀ ਦੀ ਅੰਤਿਮ
ਅਰਦਾਸ ਵਾਲੇ ਕਾਰਡ ਛਪੇ ਹਨ ਤਾਂ ਬਾਪੂ ਦੇ ਬਾਗੀ ਪੁੱਤਰ ਦਾ ਨਾਂ ਵੀ ਬਾਪੂ ਦੇ ਅਕਾਲੀ ਦਲ ਦੇ
ਅਹੁਦਿਆਂ ਹੇਠ ਛਪਿਆ ਹੋਇਆ ਸੀ। ਅਕਾਲੀ ਦਲ ਦੀਆਂ ਨੀਤੀਆਂ ਨਾਲ ਇਹਨਾਂ ਸਤਰਾਂ ਦਾ ਲੇਖਕ ਵੀ ਸਹਿਮਤ
ਨਹੀਂ। ਜੇਕਰ ਇੱਕ ਪਰਿਵਾਰਕ ਫੋਟੋ ਨਸ਼ਰ ਕਰਨਾ ਨਿੱਜੀ ਜ਼ਿੰਦਗੀ 'ਚ ਦਖਲ ਹੈ ਤਾਂ ਪ੍ਰਕਾਸ਼ ਸਿੰਘ
ਬਾਦਲ, ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਉਹਨਾਂ ਦੇ ਨਾਬਾਲਿਗ ਪੁੱਤ ਧੀ ਬਾਰੇ ਗੰਦ ਮੂੰਹਾਂ
ਰਾਹੀਂ ਬਾਹਰ ਕੱਢਣਾ ਉਹਨਾਂ ਦੀ ਪਰਿਵਾਰਕ ਜ਼ਿੰਦਗੀ 'ਚ ਨਿੱਜੀ ਦਖਲ ਨਹੀਂ?? ਜੇ ਕਾਕਾ ਜੀ ਤੇ ਉਹਨਾਂ
ਦਾ ਜੁਗਾੜੀ ਸਾਥੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਐਨੇ ਅੱਕੇ ਹੋਏ ਹਨ ਤਾਂ ਬਾਦਲ ਪਰਿਵਾਰ ਦੀਆਂ
ਫੋਟੋਆਂ ਦੇ ਨਾਲ ਨਾਲ ਆਪਣੇ ਬਾਪੂ ਜੀ ਦੀ ਫੋਟੋ ਕਿਉਂ ਨਾ ਲਾਈ??? ਕਿਉਂਕਿ ਉਹ ਵੀ ਤਾਂ ਬਾਦਲ ਦਲ
ਦੀਆਂ ਨੀਤੀਆਂ ਦਾ ਦਾਤਣ ਕੁਰਲਾ ਕਰਨ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਨਿਰੰਤਰ ਪਰਚਾਰ ਕਰਦੇ ਰਹਿੰਦੇ
ਹਨ?? ਪਰ ਕਾਕਾ ਜੀ ਕੇਜਰੀਵਾਲ ਕੇਜਰੀਵਾਲ ਕੂਕਦੇ ਹੋਏ ਲੋਕਾਂ ਨੂੰ 'ਆਪ' ਨਾਲ ਜੁੜਨ ਦੀਆਂ ਗੁਹਾਰਾਂ
ਲਾ ਰਹੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਹੋਰਨਾਂ ਨੂੰ ਗੰਦ ਹੂੰਝਣ ਦੀਆਂ ਨਸੀਹਤਾਂ ਦੇਣ ਨਾਲੋਂ
ਕਾਕਾ ਜੀ ਆਪਣੇ ਪਿਤਾ ਜੀ ਨੂੰ ਆਮ ਆਦਮੀ ਪਾਰਟੀ 'ਚ "ਘਰ ਵਾਪਸੀ" ਕਿਉਂ ਨਹੀਂ ਕਰਵਾਉਂਦੇ?? ਅਕਾਲੀ
ਦਲ ਦੀਆਂ ਨੀਤੀਆਂ ਖਿਲਾਫ ਫੇਸਬੁੱਕ ਰਾਹੀਂ ਪਿੱਟ ਸਿਆਪਾ ਕਰਨ ਨਾਲੋਂ ਆਪਣੇ ਹੀ ਘਰ ਮੂਹਰੇ ਧਰਨਾ
ਕਿਉਂ ਨਹੀਂ ਲਗਵਾਉਂਦੇ?
ਕਿਸੇ ਵੀ ਮੁਹਿੰਮ ਜਾਂ ਧਿਰ ਦਾ ਦਾਇਰਾ ਉਦੋਂ ਵੱਡਾ ਹੁੰਦਾ ਹੈ ਜਦੋਂ
ਸੱਚ ਨੂੰ ਹਜ਼ਮ ਕਰਨ ਦਾ ਮਾਦਾ ਹੋਵੇ। ਜਦੋਂ ਆਲੋਚਨਾ ਕਰਦੇ ਵਿਰੋਧੀਆਂ ਨੂੰ ਦਲੀਲ ਰਾਹੀਂ ਸਹਿਮਤ
ਕਰਕੇ ਨਾਲ ਜੋੜਨ ਦੀ ਇੱਛਾ ਹੋਵੇ। ਇਹ ਤਾਂ ਭਗਵੰਤ ਮਾਨ ਜਾਂ ਉਹਨਾਂ ਦੇ ਵੱਡੇ ਆਗੂ ਹੀ ਜਾਣਦੇ ਹਨ
ਕਿ ਇਸ ਜੋੜੀ ਤੋਂ ਫੇਸਬੁੱਕੀ ਪ੍ਰਚਾਰ ਕਰਵਾ ਕੇ ਉਹਨਾਂ ਦੀ ਪਾਰਟੀ ਨੇ ਕੁੱਝ ਖੱਟਿਆ ਹੈ ਜਾਂ ਫਿਰ
"ਮਾਨ ਸਾਬ੍ਹ" "ਮਾਨ ਸਾਬ੍ਹ" ਵਰਗੀ ਜੈ ਹੋ ਜੈ ਹੋ ਖੱਟੀ ਹੈ। ਇਹਨਾਂ ਦੋਨੋ ਆੜੀਆਂ ਦੀ ਵਿਸ਼ੇਸ਼ਤਾ ਹੈ
ਕਿ ਜਿਹੜਾ ਇਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਉਹਨੂੰ ਥੋਕ ਦੇ ਭਾਅ ਅਕਾਲੀ, ਕਾਮਰੇਡ ਜਾਂ ਆਰ ਐੱਸ
ਐੱਸ ਵਾਲੇ ਵਿਸ਼ੇਸ਼ਣ ਨਾਲ ਨਿਵਾਜ ਦਿੰਦੇ ਹਨ। ਜਦੋਂਕਿ ਭੁੱਲ ਜਾਂਦੇ ਹਨ ਕਿ ਆਮ ਆਦਮੀ ਪਾਰਟੀ 'ਚ ਵੀ
"ਸਾਥੀ" ਕਿਸਮ ਦੇ ਲੋਕ ਸ਼ਾਮਿਲ ਹਨ। ਇਹਨਾਂ ਦੋਹਾਂ ਦੇ ਇਸ ਕੌੜ ਸੁਭਾਅ ਕਰਕੇ ਲੋਕਾਂ 'ਚ ਚਰਚਾ ਇਸ
ਗੱਲ ਦੀ ਵੀ ਹੈ ਕਿ ਹੋ ਸਕਦੈ ਕਿ "ਆਪ" ਨੂੰ ਫੇਸਬੁੱਕ ਰਾਹੀਂ ਦੇਸ਼ ਵਿਦੇਸ਼ 'ਚ ਖੋਰਾ ਲਾਉਣ ਲਈ ਬਾਪੂ
ਐਂਡ ਪਾਰਟੀ ਵੱਲੋਂ ਵਰਤਿਆ ਜਾ ਰਿਹਾ ਹੋਵੇ ਤਾਂ ਕਿ ਮਾਨ ਸਾਬ੍ਹ ਵਰਗਿਆਂ ਤੋਂ ਪਲ ਪਲ ਦੀ ਜਾਣਕਾਰੀ
ਮਿਲਦੀ ਰਹੇ। ਅਕਲ ਪੱਖੋਂ ਪੈਦਲ ਲੋਕ ਵੀ ਅਜੇ ਕੁਝ ਸੋਚ ਜਾਂ ਵਿਚਾਰਧਾਰਾ ਦੇ ਮਾਲਕ ਹੋ ਸਕਦੇ ਹਨ ਪਰ
ਜਿਹਨਾਂ ਦੀ ਅਕਲ ਹੀ ਫੌਹੜੀਆਂ ਦੀ ਮੁਹਤਾਜ ਹੋਵੇ, ਉਸ ਘਰ ਦੇ ਭਾਗ ਦੇਹਲੀ ਤੋਂ ਪਤਾ ਲੱਗ ਜਾਂਦੇ
ਹਨ। ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਕਾਕਾ ਜੀ ਵੱਲੋਂ ਵੀਡੀਓ ਸਪੱਸ਼ਟੀਕਰਨ ਰਾਹੀਂ ਬਾਪੂ ਨੂੰ ਬਹੁਤ
ਵੱਡਾ ਆਗੂ ਦਰਸਾਉਣ ਦਾ ਲੁਕਵਾਂ ਕਾਰਨ ਇਹ ਹੋ ਸਕਦੈ ਕਿ ਜੇਕਰ ਕੱਲ੍ਹ ਨੂੰ ਅਕਾਲੀ ਦਲ ਵੱਲੋਂ ਕੋਈ
ਵੱਡੀ ਕੁਰਸੀ ਨਹੀਂ ਮਿਲਦੀ ਤਾਂ ਬਾਪੂ ਜੀ ਦਾਬਾ ਦਿਖਾ ਸਕਦੇ ਹਨ ਕਿ "ਦੇਖਲੋ, ਸੋਚਲੋ, ਨਹੀਂ ਤਾਂ
ਯਾਰ ਚੱਲੇ ਕੇਜਰੀਵਾਲ ਵੱਲ। ਕਿਉਂਕਿ ਪੁੱਤ ਦੀ ਮਾਨ ਸਾਬ੍ਹ ਨਾਲ ਸਿੱਧੀ ਲੋਟ ਆ।"
ਇੱਕ ਦੂਜੇ
ਦਾ ਸਿਰ ਪਲੋਸਣ ਵਾਲੀ ਇਸ ਮਿੱਤਰ ਜੋੜੀ ਨੂੰ ਜਿਹੜਾ ਬੰਦਾ ਹਜ਼ਮ ਨਹੀਂ ਆਉਂਦਾ ਉਸਨੂੰ ਫੇਸਬੁੱਕੀ
ਮਿੱਤਰਾਂ ਵੱਲੋਂ ਬੁਰਾ ਭਲਾ ਅਖਵਾ ਕੇ ਗੱਡੇ ਹੇਠ ਤੁਰਦੇ ਟੌਮੀ ਵਾਂਗ ਵਹਿਮ ਪਾਲ ਬੈਠਦੇ ਹਨ ਕਿ
ਜ਼ੁਬਾਨ ਬੰਦ ਕਰ ਦਿੱਤੀ। ਪਰ ਇਹ ਨਹੀਂ ਜਾਣਦੇ ਕਿ ਕਲੰਡਰ ਹਰ ਰੋਜ ਤਰੀਕਾਂ ਬਦਲਦਾ ਹੈ ਪਰ ਇੱਕ ਤਰੀਕ
ਅਜਿਹੀ ਵੀ ਆਉਂਦੀ ਹੈ ਜਿਹੜੀ ਕੈਲੰਡਰ ਨੂੰ ਵੀ ਰੱਦੀ ਵਾਲੀ ਟੋਕਰੀ 'ਚ ਜਾਣ ਲਈ ਮਜ਼ਬੂਰ ਕਰ ਦਿੰਦੀ
ਹੈ। ਇਹਨਾਂ ਦੋਵੇਂ ਫੇਸਬੁੱਕੀ ਮਿੱਤਰਾਂ ਵੱਲੋਂ ਆਪ ਦੀਆਂ ਜੜ੍ਹਾਂ 'ਚ ਦਾਤੀ ਫੇਰਨ ਦਾ ਕੰਮ ਕੈਨੇਡਾ
ਤੋਂ ਹੀ ਵੱਡੀ ਪੱਧਰ 'ਤੇ ਕੀਤਾ ਹੈ ਜਿੱਥੇ ਭਗਵੰਤ ਮਾਨ ਦੇ ਵਿਚਾਰਾਂ ਨਾਲ ਅਸਹਿਮਤ ਜਗਮਨਦੀਪ ਸਿੰਘ
ਨਾਂ ਦੇ ਨੌਜਵਾਨ ਨੂੰ ਇਹਨਾਂ ਵੱਲੋਂ ਖੁਦ ਹੀ ਅਪਸ਼ਬਦ ਨਹੀਂ ਬੋਲੇ ਸਗੋਂ ਫੇਸਬੁੱਕੀ ਲਾਈਲੱਗ
ਮਿੱਤਰਾਂ ਕੋਲੋਂ ਵੀ ਬੁਲਵਾਏ। ਭਗਵੰਤ ਮਾਨ ਦੀਆਂ ਅੰਦਰੂਨੀ ਰਮਜਾਂ ਜਾਣਦੇ ਜਗਮਨਦੀਪ ਸਿੰਘ ਨੇ ਮਾਨ
ਖਿਲਾਫ ਦਿਹਾੜੀ 'ਤੇ ਗੋਰੇ ਇਕੱਠੇ ਕੀਤੇ ਜਿਹਨਾਂ ਨੇ ਸਿਰਫ ਰੋਸ ਮੁਜਾਹਰੇ ਵਾਲੇ ਬੈਨਰ ਫੜ੍ਹਨੇ ਸਨ।
ਜਗਮਨਦੀਪ ਨੇ ਇਸ ਰੋਸ ਦਿਖਾਵੇ ਦਾ ਕਾਨੂੰਨਨ ਰਿਕਾਰਡ ਵੀ ਰੱਖਿਆ ਹੈ ਤੇ ਬਕਾਇਦਾ ਮਨਜੂਰੀ ਵੀ ਲਈ
ਸੀ। ਇਸ ਫੇਸਬੁੱਕੀ ਯੋਥੇ ਤੇ ਚੁਫੇਰਗੜ੍ਹੀਏ ਮਿੱਤਰ ਨੇ ਜਗਮਨਦੀਪ ਖਿਲਾਫ ਭੰਡੀ ਪ੍ਰਚਾਰ ਇਹ ਕੀਤਾ
ਕਿ ਰੋਸ ਮੁਜਾਹਰੇ 'ਤੇ ਖਰਚ ਆਇਆ 2200 ਡਾਲਰ ਜਗਮਨਦੀਪ ਨੂੰ ਸੁਖਦੇਵ ਸਿੰਘ ਢੀਂਡਸਾ ਨੇ ਦਿੱਤਾ ਹੈ।
ਪਰ ਜਗਮਨਦੀਪ ਨੇ ਇਹਨਾਂ ਫੇਸਬੁੱਕ ਆਦੀਆਂ ਨੂੰ ਚਾਨਣ ਕੀਤਾ ਕਿ ਉਸਦੇ ਘਰ ਰੱਖੇ ਕੁੱਤਿਆਂ ਅਤੇ ਹੋਰ
ਜਨੌਰਾਂ ਦਾ ਖਰਚਾ ਹੀ ਰਲ ਮਿਲਾ ਕੇ ਮਹੀਨੇ ਦਾ ਲਗਭਗ 2500 ਡਾਲਰ ਹੋ ਜਾਂਦਾ ਹੈ। ਇੰਨੀ ਨਿਗੁਣੀ
ਜਿਹੀ ਰਾਸ਼ੀ ਲਈ ਉਹ ਕਿਸੇ ਅੱਗੇ ਹੱਥ ਕਿਉਂ ਅੱਡੇਗਾ?? ਇਸ ਜੋੜੀ ਵੱਲੋਂ ਉਸਨੂੰ "ਢੀਂਡਸਾ ਪੱਖੀ
ਅਕਾਲੀ" ਕਹਿ ਕੇ ਭੰਡਿਆ ਗਿਆ। ਜਗਮਨਦੀਪ ਦਾ ਕਸੂਰ ਇਹੀ ਸੀ ਕਿ ਉਸਨੇ ਮਾਨ ਸਾਬ੍ਹ ਦੇ ਦੌਰਿਆਂ ਸਮੇਂ
ਇਕੱਠੇ ਹੋਏ ਡਾਲਰਾਂ ਬਾਰੇ ਜਾਣਕਾਰੀ ਮੰਗੀ ਸੀ। ਇਹਨਾਂ ਵੀਰਾਂ ਵੱਲੋਂ ਨਿੱਕਲਦੇ ਧੂੰਏਂ 'ਚ ਐਸੀਆਂ
ਫੁਕਾਂ ਮਾਰੀਆਂ ਗਈਆਂ ਕਿ ਜਗਮਨਦੀਪ ਵੱਲੋਂ ਮਾਨ ਸਾਬ੍ਹ ਬਾਰੇ ਇੱਕ ਕੇਸ ਦਾਇਰ ਕੀਤਾ ਹੈ। ਜਿਸਦਾ
ਫੈਸਲਾ ਇਹਨਾਂ ਦੋਵੇਂ ਫੇਸਬੁੱਕੀ ਚੁਫੇਰਗੜੀਆਂ ਵੱਲੋਂ ਮਾਨ ਸਾਬ੍ਹ ਨੂੰ ਤੋਹਫਾ ਹੋਵੇਗਾ।
ਅਕਲ
ਪੱਖੋਂ ਫੋਹੜੀਆਂ ਨਾਲ ਤੁਰਦੇ ਇਹਨਾਂ ਵੀਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਸਪੁੱਤਰ
ਸੁਖਬੀਰ ਬਾਦਲ ਦੀਆਂ ਫੋਟੋਆਂ ਕੰਪਿਊਟਰ ਸਕਰੀਨ 'ਤੇ ਲਾ ਲਾ ਕੇ ਜੁੱਤੀਆਂ ਮਾਰਨ ਦੀ ਮੁਹਿੰਮ ਸ਼ੁਰੂ
ਕੀਤੀ ਗਈ। ਵਿਕਰਮ ਧਨੌਲਾ, ਜਿਸਨੇ ਸ਼ਰੇਆਮ ਕਿਹਾ ਕਿ ਉਹਨੇ ਪ੍ਰਕਾਸ ਸਿੰਘ ਬਾਦਲ ਵੱਲ ਨਹੀਂ ਸਗੋਂ
ਅਕਾਲੀ ਦਲ ਦੀਆਂ ਨੀਤੀਆਂ ਖਿਲਾਫ ਆਪਣਾ ਰੋਸ ਜਾਹਰ ਕੀਤਾ ਹੈ। ਉਹਨੀਂ ਦਿਨੀਂ ਇਹਨਾਂ ਵੀਰਾਂ ਵੱਲੋਂ
ਗਰਮ ਗਰਮ ਮਾਮਲੇ ਨੂੰ ਕੈਸ਼ ਕਰਕੇ ਆਪਣੇ ਫੇਸਬੁੱਕ ਖਾਤਿਆਂ ਦੇ ਲਾਈਕ ਵਧਾਉਣ ਲਈ "ਮੈਂ ਹੂੰ ਵਿਕਰਮ"
ਨਾਂ ਦੀ ਮੁਹਿੰਮ ਵਿੱਢ ਦਿੱਤੀ। ਬਾਦ 'ਚ ਜਦ ਵਿਕਰਮ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ
ਦਿਵਾਉਣ ਦੇ ਮਨਸ਼ੇ ਨਾਲ ਦਿੱਲੀ ਭੁੱਖ ਹੜਤਾਲ 'ਤੇ ਬੈਠ ਗਿਆ ਤਾਂ ਇਹ ਬੁੱਧੀਜੀਵੀ ਕਹਿੰਦੇ "ਤੂੰ ਹੀ
ਹੈਂ ਵਿਕਰਮ"। ਕੀ ਵਿਕਰਮ ਸਿੱਖ ਮਸਲੇ ਲਈ ਨਹੀਂ ਲੜ ਰਿਹਾ?? ਵਿਕਰਮ ਨੇ ਭੁੱਖ ਹੜਤਾਲ ਕਾਹਦੀ ਸ਼ੁਰੂ
ਕੀਤੀ, ਇਹਨਾਂ ਵੱਲੋਂ ਵਿਕਰਮ ਦਾ ਨਾਂ ਲੈਣ ਬਾਰੇ ਚੁੱਪ ਹੜਤਾਲ ਵਿੱਢ ਲਈ। ਵਿਕਰਮ ਧਨੌਲਾ ਨੇ ਵੀ
ਇੱਕ ਵੀਡੀਓ ਰਾਹੀਂ ਇਹਨਾਂ ਜੁਗਾੜੀ ਵਿਦੇਸ਼ੀ ਮਿੱਤਰਾਂ ਨੂੰ ਸੰਬੋਧਨ ਕਰਕੇ ਕਿਹਾ ਹੈ ਕਿ ਕਿੱਥੇ ਹਨ
ਉਹ, ਜਿਹੜੇ ਕਹਿੰਦੇ ਸੀ "ਮੈਂ ਹੂੰ ਵਿਕਰਮ"?? ਕੁਝ ਦਿਨ ਪਹਿਲਾਂ ਜਦੋਂ ਗੁਰਬਖਸ਼ ਸਿੰਘ ਖਾਲਸਾ ਭੁੱਖ
ਹੜਤਾਲ 'ਤੇ ਸੀ ਤਾਂ ਇਹਨਾਂ ਵੱਲੋਂ ਬਹੁਤ ਖੁਰਗੋ ਪੁੱਟੀ ਗਈ ਪਰ ਹੁਣ ਫੇਸਬੁੱਕੀ ਮਿੱਤਰਾਂ ਲਈ ਸੋਚਣ
ਵਾਲੀ ਗੱਲ ਹੈ ਕਿ ਕੀ ਵਿਕਰਮ ਸਿੱਖੀ ਜਾਂ ਸਿੱਖਾਂ ਨਾਲ ਸੰਬੰਧਤ ਮਸਲੇ ਲਈ ਦਿੱਲੀ ਨਹੀਂ ਬੈਠਾ? ਕੀ
ਜੇ ਆਮ ਆਦਮੀ ਪਾਰਟੀ ਦਾ ਕੋਈ ਆਗੂ ਜਿਸ ਸੰਘਰਸ਼ ਦਾ ਸਾਥ ਦਿੰਦਾ ਹੈ ਤਾਂ ਇਹ ਸਿਰਫ ਉਸੇ ਮੁੱਦੇ ਦੀ
ਹੀ ਜੈ ਜੈ ਕਾਰ ਕਰਦੇ ਹਨ? ਵਿਕਰਮ ਦਾ ਲੜ ਅੱਧ ਵਿਚਾਲਿਉਂ ਛੱਡਣ ਪਿੱਛੇ ਕਿਹੜੇ ਕਾਰਨ ਹਨ? ਕਿਉਂ
ਨਹੀਂ ਸਾਂਝੇ ਕੀਤੇ ਗਏ? ਗੱਲ ਗੱਲ 'ਤੇ ਵੀਡੀਓ ਬਣਾ ਕੇ ਲੋਕਾਂ ਨੂੰ ਦਿਖਾਉਣ ਦੇ ਚਾਹਵਾਨ ਸਾਥੀ
ਆਪਣੇ ਪਿਤਾ ਜੀ ਵੱਲੋਂ ਵੱਡੇ ਬਾਦਲ ਸਾਬ੍ਹ ਨੂੰ ਮੁੰਦਰੀ ਪਾਉਂਦਿਆਂ ਦੀ ਫੋਟੋ ਬਾਰੇ ਗੂੰਗੇ ਕਿਉਂ
ਹੋ ਗਏ? ਕੀ ਕਾਕਾ ਜੀ ਨੇ ਸਿਰਫ ਬੇਸਬੁੱਕ ਮਿੱਤਰਾਂ ਨੂੰ ਭੁਚਲਾਉਣ ਲਈ ਹੀ "ਬਾਗੀ" ਸ਼ਬਦ ਵਰਤਿਆ ਜਾਂ
ਸਚਮੁੱਚ ਹੀ ਘਰੋਂ ਬੇਦਖਲ ਹੋ ਕੇ ਵਿਦੇਸ਼ ਆਏ ਹਨ ਜਾਂ ਬਾਪੂ ਵੱਲੋਂ ਬੇਦਖਲ ਹਨ? ਲੋਕਾਂ ਨੂੰ ਸੱਚੀਆਂ
ਤੇ ਖਰੀਆਂ ਗੱਲਾਂ ਸੁਨਾਉਣ ਦਾ ਢਕਵੰਜ ਕਰਦੇ ਮਿੱਤਰ ਜੀ ਦੇ ਮਸਲੇ ਬਾਰੇ ਉਹਨਾਂ ਦਾ ਵਿਜਟਰ ਵੀਜੇ
'ਤੇ ਆ ਕੇ ਪੱਕੇ ਹੋਣ ਦਾ ਜੁਗਾੜ ਲਾਉਣ ਦੀ ਤਾਕ 'ਚ ਬੈਠਾ ਆਪਣੇ ਆਪ ਨੂੰ ਸਾਬਕਾ ਸਮੈਕੀਆ ਦੱਸਣ
ਵਾਲਾ ਤੱਤਾ ਮਿੱਤਰ ਕਿਉਂ ਦੋਗਲੀ ਨੀਤੀ ਅਪਨਾਉਂਦੈ?? ਬੇਸ਼ੱਕ ਇਹਨਾਂ ਸਤਰਾਂ ਦੇ ਲੇਖਕ ਦੀ ਕਾਕਾ ਜੀ
ਦੇ ਪਿਤਾ ਨਾਲ ਜ਼ੁਬਾਨ ਸਾਂਝੀ ਰਹੀ ਹੈ ਪਰ ਜਿੱਥੇ ਅਣਜਾਣ ਲੋਕਾਂ ਨੂੰ ਮੂਹਰੇ ਪੁੱਟਿਆ ਟੋਆ ਹੋਣ
ਬਾਰੇ ਦੱਸਣਾ ਹੋਵੇ ਤਾਂ "ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ"। ਉਹਨਾਂ ਸਭ ਫੇਸਬੁੱਕ ਵਰਤਦੇ
ਨਿੱਕੇ ਵੱਡੇ ਵੀਰਾਂ ਭੈਣਾਂ ਨੂੰ ਅਰਜੋਈ ਕਰਾਂਗਾ ਕਿ ਹਰ ਚਮਕਦੀ ਚੀਜ ਸੋਨਾ ਨਹੀਂ ਹੁੰਦੀ। ਜਿਹੜਾ
ਬੰਦਾ ਕਿਸੇ ਮਾਮਲੇ ਦੀ ਖੁਦ ਪੁਣਛਾਣ ਕਰਨ ਦੀ ਹਿੰਮਤ ਨਹੀਂ ਰੱਖਦਾ, ਉਸਨੂੰ ਲਾਈਲੱਗ ਕਿਹਾ ਜਾਂਦੈ।
ਸੋ ਲਾਈਲੱਗ ਨਾ ਬਣੋ, ਸਗੋਂ ਆਪਣੇ ਦਿਮਾਗ ਨੂੰ ਵਰਤ ਕੇ ਹਰ ਮਾਮਲੇ ਨੂੰ ਘੋਖਣ ਦੀ ਆਦਤ ਪਾਓ ਤਾਂ ਜੋ
ਤੁਹਾਨੂੰ ਕੋਈ ਵਰਤ ਨਾ ਸਕੇ। ਆਓ ਇਸ ਜੋੜੀ ਤੋਂ ਉਮੀਦ ਕਰੀਏ ਕਿ ਕੀ ਉਹ ਆਪਣੇ ਪਿਤਾ ਜੀ ਦੀ ਚੱਲ
ਅਚੱਲ ਜਾਇਦਾਦ ਨੂੰ ਠੋਕਰ ਮਾਰ ਕੇ ਖੁਦ ਕਿਸ ਪਾਸੇ ਖੜ੍ਹਦੇ ਹਨ? ਪਿਤਾ ਜੀ ਨੂੰ ਕਦੋਂ ਕੇਜਰੀਵਾਲ ਦੇ
ਲੜ ਲਾਉਂਦੇ ਹਨ ਤਾਂ ਕਿ ਕਰਾਂਤੀ ਦੀ ਸ਼ੁਰੂਆਤ ਘਰ ਤੋਂ ਕੀਤੀ ਜਾ ਸਕੇ। ਜੇਕਰ ਕਾਕਾ ਜੀ ਅਜਿਹਾ ਕਰਦੇ
ਹਨ ਤਾਂ ਇਹ ਆਪਣੇ ਆਪ ਵਿੱਚ ਇਤਿਹਾਸਕ ਕਦਮ ਹੋਵੇਗਾ। ਇਹ ਵੀ ਉਮੀਦ ਕਰੀਏ ਕਿ ਜੇਕਰ ਅਕਾਲੀ ਦਲ ਦੀਆਂ
ਨੀਤੀਆਂ ਗਲਤ ਹਨ ਤਾਂ ਕੀ ਉਹਨਾਂ ਨੀਤੀਆਂ ਨੂੰ ਗਲਤ ਕਹਿੰਦਿਆਂ ਕਾਕਾ ਜੀ ਪੰਜਾਬ ਫੇਰੀ ਸਮੇਂ ਆਪਣੇ
ਹੀ ਘਰ ਅੱਗੇ ਧਰਨਾ ਲਾਉਣਗੇ?? ਕੀ ਲੋਕਾਂ ਦੇ ਜੁਆਕਾਂ ਨੂੰ ਗਰਮ ਗਰਮ ਪੰਪ ਮਾਰਨ ਵਾਲੇ ਕਾਕਾ ਜੀ
ਪੰਜਾਬ ਫੇਰੀ ਵੇਲੇ ਇਹੀ ਪ੍ਰਚਾਰ ਖੁਦ ਮੋਹਰੀ ਰੋਲ ਅਦਾ ਕਰਦਿਆਂ ਕਰਨਗੇ? ਜੇਕਰ ਇਹ ਗੱਲਾਂ ਅਮਲ 'ਚ
ਵਾਪਰਦੀਆਂ ਹਨ ਤਾਂ ਦੋਵੇਂ ਪੈਰ ਤੇ ਹੱਥ ਜੋੜ ਕੇ ਸਲਾਮ ਕਹਾਂਗੇ ਕਰਾਂਤੀਕਾਰੀ ਕਾਕਾ ਜੀ ਨੂੰ।
