ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅੱਜ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਕਿਹਾ ਕਿ ਜਿਸ ਦਿਨ 'ਤੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਭਾਰਤ ਲਿਆਦਾਂ ਗਿਆ ਹੈ ਉਸ ਦਿਨ 'ਤੋਂ ਹੀ ਵੱਖ-ਵੱਖ ਸ਼ਹਿਰਾਂ ਵਿੱਚ ਰਿਮਾਂਡ ਤੇ ਪੇਸ਼ ਕੀਤਾ ਜਾ ਰਿਹਾ ਪਰ ਅੱਜ ਤੱਕ ਨਾਂ ਤਾਂ ਕੁੱਝ ਬਰਾਮਦ ਹੋਇਆ ਹੈ ਅਤੇ ਨਾਂ ਹੀ ਪੁਲਿਸ ਅਦਾਲਤ ਵਿੱਚ ਕੁੱਝ ਸਾਬਤ ਕਰ ਸਕੀ ਹੈ। ਉਹਨਾਂ ਪੰਜਾਬ ਪੁਲਿਸ ਦੀ ਨੀਅਤ ਤੇ ਸੱਕ ਕਰਦਿਆਂ ਖਦਸਾ ਪ੍ਰਗਟਾਇਆ ਕਿ ਜਿਸ ਤਰਾਂ ਭਾਈ ਤਾਰਾ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ਉਸ 'ਤੋਂ ਸਾਬਤ ਹੁੰਦਾਂ ਹੈ ਕਿ ਸਾਰਪ ਸੂਟਰ ਸੁੱਖਾ ਕਾਹਲੋਂ ਦੀ ਤਰਾਂ ਭਾਈ ਤਾਰਾ ਦਾ ਵੀ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਾ ਸਕਦਾ ਹੈ।
ਭਾਈ ਰੇਸ਼ਮ ਸਿੰਘ ਹੋਰਾਂ ਨੇ ਸ: ਸਿਮਰਨਜੀਤ ਸਿੰਘ ਮਾਂਨ ਅਤੇ ਉਹਨਾਂ ਦੀ ਪਾਰਟੀ ਵੱਲੋਂ ਭਾਈ ਤਾਰਾਂ ਦੇ ਕੇਸ ਦੀ ਪੈਰਵਾਈ ਕਰਨ ਤੇ ਧੰਨਵਾਦ ਕਰਦਿਆਂ ਪੰਜਾਬ ਵਿੱਚ ਸਰਗਰਮ ਬਾਕੀ ਪੰਥਕ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਅਪਣਾ ਫਰਜ ਪਹਿਚਾਣਦੇ ਹੋਏ ਬੰਦੀ ਸਿੰਘਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ।
ਇੱਕ ਹਿੰਦੂ ਜਥੇਬੰਦੀ ਵੱਲੋਂ ਸਰਦਾਰ ਮਾਂਨ ਦੇ ਪੁਤਲੇ ਸਾੜਨ ਦੇ ਬਿਆਨ ਦਾ ਗੰਭੀਰ ਨੋਟਿਸ ਲੈਦਿਆਂ ਜਥੇਦਾਰ ਹੋਰਾਂ ਕਿਹਾ ਕਿਸੇ ਨੂੰ ਸਮਝਾਉਣ ਲਈ ਸਾਡੇ ਧਰਮ ਵਿੱਚ ਪੁਤਲੇ ਸਾੜਨ ਦਾ ਰਿਵਾਜ ਨਹੀ ਅਤੇ ਸਾਡੇ ਅਪਣੇ ਅਸੂਲ ਹਨ ਵਿਰੋਧੀਆਂ ਨੂੰ ਸਮਝਾਉਣ ਲਈ। ਜੇਕਰ ਨਹੀ ਪਤਾ ਤਾਂ ਉਹਨਾਂ ਨੂੰ ਸਿੱਖਾਂ ਦਾ ਇਤਿਹਾਸ ਪੜਨ ਦੀ ਖੇਚਲ ਕਰਨੀ ਚਾਹੀਦੀ ਹੈ।
ਅੰਤ ਵਿੱਚ ਉਹਨਾਂ ਕਿਹਾ ਕਿ ਜਿਨ੍ਹਾਂ ਨੂੰ ਅੱਜ ਦੀਆਂ ਸਰਕਾਰਾਂ ਅੱਤਵਾਦੀ ਗਰਦਾਨ ਰਹੀਆਂ ਹਨ ਸਮਾਂ ਆਉਣ ਤੇ ਖੁਦ ਹੀ ਉਹਨਾਂ ਨੂੰ ਹੀ ਹੀਰੋ ਕਹਿਣਗੀਆਂ ਅਤੇ ਨੈਲਸਨ ਮੰਡੇਲਾ ਵਾਂਗ ਅਨੇਕਾਂ ਸਨਮਾਨ ਦਿੱਤੇ ਜਾਣਗੇ।
