ਦੁਬਈ ਵਿੱਚ ਬੰਦੀ ਬਣਾਈਆਂ ਪੰਜਾਬੀ ਲੜਕੀਆਂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕਈ ਅਰਬ ਮੁਲਕਾਂ ਵਿੱਚ ਫਸੇ ਪੰਜਾਬੀਆਂ ਦੀ ਵਤਨ ਵਾਪਸੀ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਨਹੀ ਕਿ ਹੁਣ ਪੰਜਾਬੀ ਲੜਕੀਆਂ ਦੇ ਉੱਥੇ ਫਸੇ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਜਲੰਧਰ ਦੀ ਇੱਕ ਮਹਿਲਾ ਇਜੰਟ ਵੱਲੋਂ ਕਿਸੇ ਦਫਤਰ ਦੀ ਨੌਕਰੀ ਲਈ ਨਕਲੀ ਵੀਜ਼ੇ 'ਤੇ ਦੁਬਈ ਭੇਜੀ ਇੱਕ ਲੜਕੀ ਨੂੰ ਜਦ ਘਰੇਲੂ ਕੰਮ ਲਈ ਮਜਬੂਰ ਕੀਤਾ ਗਿਆ ਤਾਂ ਉਸ ਵੱਲੋਂ ਨਾਂਹ ਕਰਨ ਤੇ ਬੰਦੀ ਬਣਾ ਲਿਆ ਗਿਆ। ਪੀੜਤ ਲੜਕੀ ਦੇ ਬੈਲਜ਼ੀਅਮ ਰਹਿੰਦੇ ਰਿਸਤੇਦਾਰਾਂ ਵੱਲੋਂ ਕੀਤੀ ਜਾ ਰਹੀ ਕਾਨੂੰਨੀ ਚਾਰਜੋਈ ਨਾਲ ਬਾਕੀ ਲੜਕੀਆਂ ਦੇ ਵੀ ਸਮਗਲਰਾਂ ਦੇ ਚੁੰਗਲ ਵਿੱਚੋਂ ਬਚ ਨਿਕਲਣ ਦੀ ਉਮੀਦ ਬੱਝੀ ਹੈ। ਪੀੜਤ ਲੜਕੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੁਬਈ ਦੇ ਸ਼ਾਰਜਾਹ ਵਿੱਚ ਹੋਰ ਵੀ 26 ਪੰਜਾਬੀ ਕੁੜੀਆਂ ਅਜਿਹੇ ਧੋਖਿਆਂ ਦਾ ਸ਼ਿਕਾਰ ਹਨ ਜੋ ਵਾਪਸ ਵਤਨ ਪਰਤਣ ਲਈ ਤਰਸ ਰਹੀਆਂ ਹਨ ਜਿਨ੍ਹਾਂ ਦੇ ਪਾਸਪੋਰਟ ਸਮੱਗਲਰਾਂ ਨੇ ਖੋਹ ਕੇ ਉਹਨਾ ਨੂੰ ਬੰਦੀ ਬਣਾਇਆ ਹੋਇਆ ਹੈ। ਪੀੜਤ ਲੜਕੀ ਦੇ ਰਿਸਦੇਦਾਰਾਂ ਨੇ ਹੁਣ ਇਹ ਮਾਮਲਾ ਵੀ ਪਟਿਆਲਾ 'ਤੋ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਦੇ ਧਿਆਨ ਵਿੱਚ ਲਿਆਦਾਂ ਗਿਆ ਹੈ ਜੋ ਪਹਿਲਾਂ ਵੀ ਬਹੁਤ ਸਾਰੇ ਪ੍ਰਵਾਸੀਆਂ ਦੇ ਅਜਿਹੇ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੱਲ ਕਰ ਚੁੱਕੇ ਹਨ।
