ਕੀ ਮਨਜਿੰਦਰ ਸਿਰਸਾ ਨੂੰ ਵੀ ਲੱਗੇਗੀ ਧਾਰਮਿਕ ਸਜ਼ਾ? ਯੂਰਪੀਨ ਸਿੱਖ ਆਗੂ

ਜਾਂ ਸਜ਼ਾਵਾਂ ਸਿਰਫ ਬਾਦਲ ਵਿਰੋਧੀਆਂ ਲਈ ਰਾਖਵੀਆਂ ਹਨ।

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਪਿਛਲੇ ਦਿਨੀ ਦਿੱਲੀ ਫਤਿਹ ਦਿਵਸ ਮੌਕੇ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਇੱਕ ਦੇਹਧਾਰੀ ਬਾਬੇ ਨੂੰ ਸਤਿਗੁਰੂ ਕਹਿਣ ਦੀ ਸਿਕਾਇਤ ਸ੍ਰੀ ਅਕਾਲ ਤਖਤ ਸਾਹਿਬ Ḕਤੇ ਪਹੁੰਚ ਚੁੱਕੀ ਹੈ।
ਯੂਰਪ ਭਰ ਦੇ ਸਿੱਖ ਆਗੂਆਂ ਸਵਿੱਟਜ਼ਰਲੈਂਡ 'ਤੋਂ ਭਾਈ ਪ੍ਰਿਤਪਾਲ ਸਿੰਘ ਖਾਲਸਾ, ਭਾਈ ਸੁਰਜੀਤ ਸਿੰਘ ਸੁੱਖਾ, ਜਰਮਨੀ 'ਤੋਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ, ਬੈਲਜ਼ੀਅਮ 'ਤੋਂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਸਵੀਰ ਸਿੰਘ ਧੰਦੋਈ ਅਤੇ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੇ ਹਿੰਦੂਤਵੀ ਇਜੰਡੇ ਨੂੰ ਲਾਗੂ ਕਰਵਾਉਣ ਵਿੱਚ ਹੱਥ ਵਟਾ ਰਹੇ ਅਕਾਲੀ ਅਜਿਹੇ ਹੱਥਕੰਡਿਆਂ ਨਾਲ ਆਰ ਐਸ ਐਸ ਦੀ ਝੋਲੀ ਚੁੱਕ ਰਹੇ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਸਿਰਸਾ ਦੀ ਇਸ ਹਰਕਤ ਨਾਲ ਦੁਨੀਆਂ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਜਿਸ ਲਈ ਦੌਲਤ ਦੇ ਨਸ਼ੇ ਵਿੱਚ ਚੂਰ ਇਸ ਅਕਾਲੀ ਆਗੂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਰੂਰ ਤਲਬ ਕਰਨਾ ਚਾਹੀਦਾਂ ਹੈ। ਇਹਨਾਂ ਸਿੱਖ ਆਗੂਆਂ ਨੇ ਤਖਤਾਂ ਦੇ ਜਥੇਦਾਰਾਂ ਸਾਹਿਬਾਨਾਂ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਧਾਰਮਿਕ ਸਜ਼ਾਵਾਂ ਸਿਰਫ ਬਾਦਲ ਵਿਰੋਧੀਆਂ ਲਈ ਹੀ ਰਾਖਵੀਆਂ ਰੱਖੀਆਂ ਹੋਈਆਂ ਹਨ ਜਾਂ ਬਾਦਲ ਪਰਿਵਾਰ ਦੇ ਚਹੇਤੇ ਸਿਰਸਾ ਨੂੰ ਵੀ ਕੋਈ ਸਜ਼ਾ ਦਿੱਤੀ ਜਾਵੇਗੀ, ਇਸ ਉਪਰ ਪੂਰੀ ਕੌਂਮ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸੇ ਮਾਮਲੇ ਸਬੰਧੀ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਭਾਰੀ ਸਲਾਘਾ ਹੋ ਰਹੀ ਹੈ ਜਿਨ੍ਹਾਂ ਨੇ ਅਗਲੇ ਦਿਨ ਵਾਲੇ ਸਮਾਗਮ ਸਮੇਂ ਹੋਣ ਵਾਲੇ ਗਿੱਧੇ-ਭੰਗੜੇ ਅਤੇ ਵਡਾਲੀ ਭਰਾਵਾਂ ਦੇ ਸੂਫੀ ਪ੍ਰੋਗਰਾਮ ਨੂੰ ਰੱਦ ਕਰਵਾਇਆ ਕਿਉਕਿ ਅਜਿਹੇ ਸਮੇਂ ਰਾਗੀ-ਢਾਡੀ ਜਾਂ ਗੱਤਕਾ ਟੀਮਾਂ ਹੀ ਸੋਭਦੀਆਂ ਹਨ ਗੌਰਵਮਈ ਸਮਾਗਮਾਂ ਸਮੇਂ ਨਚਾਰਾਂ ਦੀ ਕੋਈ ਜਰੂਰਤ ਨਹੀ ਹੁੰਦੀ।