ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਗੁਰਬਖਸ਼ ਸਿੰਘ ਵੱਲੋਂ ਦੋ ਵਾਰ ਅਰਦਾਸ ਕਰਕੇ ਰੱਖੀ ਭੁੱਖ ਹੜਤਾਲ ਨੂੰ ਦੁਨਿਆਵੀ ਲਾਲਸਾਵਾਂ ਅਤੇ ਸਰਕਾਰੀ ਪ੍ਰਾਹੁਣਚਾਰੀ ਦਾ ਅਨੰਦ ਮਾਨਣ ਖਾਤਰ ਵਿਚਕਾਰੋ ਛੱਡਣ ਬਾਅਦ ਸਿੱਖ ਕੌਂਮ ਅਜਿਹੀਆਂ ਭੁੱਖ ਹੜਤਾਲਾਂ ਰੱਖਣ ਵਾਲਿਆਂ ਵੱਲ ਕੋਈ ਬਹੁਤੀ ਤਵੱਜੋ ਨਹੀ ਦੇ ਰਹੀ।
ਪੰਥ 'ਚ ਪਸਰੀ ਇਸ ਨਿਰਾਸਾ ਨੂੰ ਤੋੜਨ ਲਈ ਅੱਗੇ ਆਏ ਬਾਪੂ ਸੂਰਤ ਸਿੰਘ ਖਾਲਸਾ ਵੱਲ ਵੀ ਪਹਿਲਾਂ ਅਜਿਹੇ ਨਜਰੀਏ 'ਤੋਂ ਹੀ ਦੇਖਿਆ ਜਾ ਰਿਹਾ ਸੀ ਪਰ ਉਹਨਾਂ ਵੱਲੋਂ ਹੁਣ ਤੱਕ ਨਿਭਾਏ ਗਏ ਸਿਰੜ ਅਤੇ ਬਿਨ੍ਹਾਂ ਕਿਸੇ ਫੋਕੀ ਬਿਆਨਬਾਜੀ 'ਤੋ ਜਾਰੀ ਸੰਘਰਸ਼ ਬਾਅਦ ਦੇਸ-ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਵੀ ਆਪ ਮੁਹਾਰੇ ਪਿੰਡ ਹਸਨਪੁਰ ਵੱਲ ਨੂੰ ਹੋ ਤੁਰੀਆਂ ਹਨ।
ਬਾਪੂ ਖਾਲਸਾ ਦੇ ਸਿਦਕ ਦਾ ਸਬੂਤ ਨੌਜਵਾਨ ਪੰਥਕ ਲੇਖਕ ਸੁਖਦੀਪ ਸਿੰਘ ਬਰਨਾਲਾ ਦੀ 2010 ਵਿੱਚ ਛਪੀ ਬਾਗੀ ਕਵਿਤਾਵਾਂ ਦੀ ਕਿਤਾਬ "ਹੁਣ ਸਜ਼ਾ ਦਿਉ ਮੈਂਨੂੰ ਦੋਸ਼ੀ ਨੂੰ" ਦੇ ਸਰਵਰਕ 'ਤੇ ਛਪੀ ਉਹਨਾਂ ਦੀ ਤਸਵੀਰ 'ਚੋਂ ਵੀ ਝਲਕਦਾ ਹੈ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਗ੍ਰਿਫਤਾਰੀ ਉਪਰੰਤ ਬਾਪੂ ਸੂਰਤ ਸਿੰਘ ਨੂੰ ਭਾਰਤੀ ਫੌਜੀ ਉਹਨਾਂ ਦੀ ਹੀ ਦਸਤਾਰ ਨਾਲ ਬੰਨ ਕੇ ਲਿਜਾ ਰਹੇ ਹਨ। ਯੂਰਪੀਨ ਸਿੱਖ ਜਥੇਬੰਦੀਆਂ ਦਲ ਖਾਲਸਾ ਅਤੇ ਬੱਬਰ ਖਾਲਸਾ ਦੇ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ ਜਰਮਨੀ, ਸਰਦਾਰ ਪ੍ਰਿਤਪਾਲ ਸਿੰਘ ਖਾਲਸਾ ਅਤੇ ਭਾਈ ਸੁਰਜੀਤ ਸਿੰਘ ਸੁੱਖਾ ਸਵਿੱਟਜਰਲੈਂਡ, ਬੈਲਜ਼ੀਅਮ 'ਤੋਂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਸਵੀਰ ਸਿੰਘ ਧੰਦੋਈ, ਭਾਈ ਮੱਖਣ ਸਿੰਘ ਨਵਾਂਸ਼ਹਿਰ ਅਤੇ ਭਾਈ ਜਗਮੋਹਣ ਸਿੰਘ ਮੰਡ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਉਹਨਾਂ ਆਖਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਾਥ ਦਾ ਨਿੱਘ ਮਾਣ ਚੁੱਕੇ ਬਾਪੂ ਸੂਰਤ ਸਿੰਘ ਖਾਲਸਾ 'ਤੋਂ ਭਾਰੀ ਆਸਾਂ ਹਨ ਕਿ ਉਹ ਸਿੱਖ ਕੌਂਮ ਵਿਚ ਅਰਦਾਸ ਦੀ ਮਹੱਤਤਾ ਨੂੰ ਅਪਣੇ ਸਿਰੜ ਨਾਲ ਨਿਭਾਉਣਗੇ।
ਦਹਾਕਿਆਂ 'ਤੋਂ ਜ਼ੇਲ੍ਹਾਂ ਵਿੱਚ ਰੁਲ ਰਹੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਬੇਵਜਾ ਅੜਿਕਿਆਂ ਖਿਲਾਫ ਕੌਂਮੀ ਰੋਹ ਨੂੰ ਪ੍ਰਚੰਡ ਕਰਨ ਲਈ ਪੰਥਕ ਧਿਰਾਂ ਵੱਲੋਂ ਸਿਰਜੋੜ ਕੇ ਲਏ ਗਏ ਜ਼ੇਲ੍ਹ ਭਰੋ ਅਦੋਲਨ ਦੇ ਫੈਸਲੇ ਦੀ ਵੀ ਇਹਨਾਂ ਪ੍ਰਵਾਸੀ ਸਿੱਖ ਆਗੂਆਂ ਨੇ ਸਲਾਘਾ ਕਰਦਿਆਂ ਧੰਨਵਾਦ ਕੀਤਾ ਹੈ ਜੋ ਅਪਣਾ ਫਰਜ਼ ਪਛਾਣਦੇ ਹੋਏ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦਾ ਹਿੱਸਾ ਬਣੇ ਹਨ। ਉਪਰੋਕਤ ਸਿੱਖ ਆਗੂਆਂ ਨੇ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਬਾਪੂ ਸੂਰਤ ਸਿੰਘ ਦੀ ਪਿਛਲੇ 119 ਦਿਨਾਂ 'ਤੋਂ ਚੱਲ ਰਹੀ ਭੁੱਖ ਹੜਤਾਲ ਦਾ ਵੱਧ 'ਤੋਂ ਵੱਧ ਸਾਥ ਦੇਵੇ ਅਤੇ ਦੁਨੀਆਂ ਭਰ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਮਾਜਿਕ ਸੰਸਥਾਵਾਂ ਅਤੇ ਖੇਡ ਕਲੱਬਾਂ ਨੂੰ ਚਾਹੀਦਾਂ ਹੈ ਕਿ ਉਹ ਅਪਣੀ ਜਿੰਦਗੀ ਦਾਅ 'ਤੇ ਲਗਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਅਵਾਜ਼ ਉਠਾ ਰਹੇ ਬੁੱਢੇ ਸ਼ੇਰ ਦੇ ਸੰਘਰਸ਼ ਵਿੱਚ ਬਣਦਾ ਯੋਗ ਪਾਉਣ।
