ਸੰਤਾਂ ਦੇ ਨਜਦੀਕੀ ਰਹੇ ਬਾਪੂ ਖਾਲਸਾ ਦੀ ਹਮਾਇਤ ਕਰੇ ਕੌਂਮ: ਸਿੱਖ ਕੌਂਸਲ ਬੈਲਜ਼ੀਅਮ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਹਰਿਆਰਣਵੀ ਸਿੱਖ ਗੁਰਬਖਸ਼ ਸਿੰਘ ਵੱਲੋਂ ਦੋ ਵਾਰ ਅਰਦਾਸ ਕਰਕੇ ਰੱਖੀ ਭੁੱਖ ਹੜਤਾਲ ਨੂੰ ਵਿਚਕਾਰੋਂ ਛੱਡਣ ਬਾਅਦ ਇਸੇ ਲੜੀ ਨੂੰ ਬਰਕਰਾਰ ਰਖਦਿਆਂ ਬਾਪੂ ਸੂਰਤ ਸਿੰਘ ਖਾਲਸਾ ਪਿਛਲੇ 120 ਦਿਨਾਂ 'ਤੋਂ ਭੁੱਖ ਹੜਤਾਲ 'ਤੇ ਹਨ। ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੀ ਹਿਮਾਇਤ ਕਰਦਿਆਂ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਬਾਪੂ ਸੂਰਤ ਸਿੰਘ ਜੀ ਮਹਾਂਪੁਰਸ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਨਜਦੀਕੀ ਰਹੇ ਹਨ ਅਤੇ ਉਹਨਾਂ ਦਾ ਹੁਣ ਤੱਕ ਜੀਵਨ ਪੰਥ ਨੂੰ ਸਮਰਪਤਿ ਰਿਹਾ ਹੈ ਇਸ ਕਰਕੇ ਕੌਂਮ ਉਹਨਾਂ ਨੂੰ ਗੁਰਬਖਸ਼ ਸਿੰਘ ਵਾਲੇ ਨਜ਼ਰੀਏ 'ਤੋਂ ਨਾਂ ਦੇਖੇ ਅਤੇ ਉਹਨਾਂ ਦਾ ਸਾਥ ਦੇਵੇ। ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਇਸ ਧਰਮ ਯੁੱਧ ਮੋਰਚੇ ਦਾ ਕੇਂਦਰ ਬਿੰਦੂ ਬਣੇ ਬਾਪੂ ਸੂਰਤ ਸਿੰਘ ਬਾਰੇ ਗੱਲ ਕਰਦਿਆਂ ਭਾਈ ਭੂਰਾ ਨੇ ਕਿਹਾ ਕਿ ਮੁੰਬਈ ਦੇ ਦਾਦਰ ਵਿਖੇ ਗਿਆਨੀ ਕਰਤਾਰ ਸਿੰਘ ਜੀ ਦੇ ਜਥੇ ਦੇ ਪੰਜ ਪਿਆਰਿਆਂ ਹੱਥੋਂ ਅਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਇਸ ਪ੍ਰਾਣੀ ਬਾਰੇ ਸੰਗਤਾਂ ਨੂੰ ਕਿਸੇ ਭੁਲੇਖੇ ਦਾ ਸ਼ਿਕਾਰ ਨਹੀ ਹੋਣਾ ਚਾਹੀਦਾਂ ਕਿਉਕਿ ਉਹਨਾਂ ਪੰਜ ਪਿਆਰਿਆਂ ਵਿੱਚ ਵੀਹਵੀ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਵੀ ਇੱਕ ਸਨ। ਉਹਨਾਂ ਕਿਹਾ ਕਿ ਬਾਪੂ ਖਾਲਸਾ ਮਹਿਤੇ-ਚਾਵਲੇ ਹੋਰਾਂ ਵਾਂਗ ਕਿਸੇ ਕਾਲੀ ਦਲ ਦਾ ਹਿੱਸਾ ਬਣਨ ਦੀ ਬਜਾਏ ਕੌਂਮੀ ਹੀਰਿਆਂ ਦੀ ਰਿਹਾਈ ਲਈ ਅਪਣੀ ਜਿੰਦਗੀ ਦਾਅ ਪਰ ਲਗਾਈ ਬੈਠੇ ਹਨ ਜਿਸ ਕਰਕੇ ਕੌਂਮ ਉਹਨਾਂ ਦੇ ਸੰਘਰਸ਼ ਵਿੱਚ ਵਧ ਚੜ ਕੇ ਹਿੱਸਾ ਪਾਵੇ।