ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਦੇ ਵਾਰਸ ਬਣ ਕੌਂਮ ਦੀ ਪੱਗ ਸੰਭਾਲਣ ਵਾਲੇ ਯੋਧੇ ਭਾਈ ਬੇਅੰਤ ਸਿੰਘ ਦੇ ਸਾਥੀ ਭਾਈ ਸਤਵੰਤ ਸਿੰਘ ਜੀ ਦੇ ਪਿਤਾ ਬਾਪੂ ਤਿਰਲੋਕ ਸਿੰਘ ਜੀ ਦੇ ਸਦੀਵੀ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਬਾਪੂ ਜੀ ਦੀ ਘਾਟ ਹਮੇਸਾਂ ਰੜਕਦੀ ਰਹੇਗੀ।
ਸਿੱਖ ਕੌਂਸਲ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਬਾਪੂ ਤਿਰਲੋਕ ਸਿੰਘ ਨੂੰ ਸ਼ਰਧਾਜਲੀ ਭੇਟ ਕਰਦਿਆਂ ਭਾਈ ਭੂਰਾ ਨੇ ਕਿਹਾ ਕਿ ਭਾਈ ਸਤਵੰਤ ਸਿੰਘ ਦੇ ਜ਼ੇਲ੍ਹ ਸਮੇਂ ਅਤੇ ਸ਼ਹੀਦੀ ਉਪਰੰਤ ਵੀ ਉਹਨਾਂ ਵੱਲੋਂ ਨਿਭਾਏ ਗਏ ਸਿੱਖੀ ਸਿਦਕ ਅਤੇ ਦ੍ਰਿੜ ਇਰਾਦੇ ਅੱਗੇ ਸਿਰ ਝੁਕਦਾ ਹੈ। ਭਾਈ ਭੂਰਾ ਨੇ ਕਿਹਾ ਕਿ ਬਾਪੂ ਤਰਲੋਕ ਸਿੰਘ ਜੀ ਦੇ ਭੋਗ ਸਮਾਗਮ ਨੂੰ ਅਜੋਕੇ ਸੱਤਾਧਾਰੀ ਅਕਾਲੀਆਂ ਵੱਲੋਂ ਹਾਈਜੈਕ ਕਰਨਾ ਬਹੁਤ ਮੰਦਭਾਗੀ ਕਾਰਵਾਈ ਹੈ ਇਸ ਲਈ ਗਿਆਨੀ ਗੁਰਬਚਨ ਸਿੰਘ ਵੀ ਬਰਾਬਰ ਦੇ ਦੋਸ਼ੀ ਹਨ ਜਿਨ੍ਹਾਂ ਦੇ ਨੱਕ ਹੇਠ ਇਹ ਕੁੱਝ ਵਾਪਰਿਆ ਹੈ।
