ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਦੀ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੀ ਅਗਵਾਹੀ ਹੇਠ ਬੈਲਜ਼ੀਅਮ ਆਏ 6 ਲੋਕ ਸਭਾ ਮੈਂਬਰਾਂ ਦੇ ਵਫਦ ਨੇ ਇਤਿਹਾਸਿਕ ਸ਼ਹਿਰ ਈਪਰ ਦੀ ਸ਼ਹੀਦੀ ਸਮਾਰਕ ਮੀਨਨ ਗੇਟ 'ਤੇ ਪਹੁੰਚ ਕੇ ਵਿਸ਼ਵ ਯੁੱਧ ਵਿੱਚ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ੍ਰੀਮਤੀ ਮਹਾਜਨ ਨੇ ਗੇਟ 'ਤੇ ਉਕਰੇ ਭਾਰਤੀ ਨਾਵਾਂ ਨੂੰ ਪੜਦਿਆਂ ਵਤਨੋ ਦੂਰ ਆ ਮਨੁੱਖਤਾਂ ਲਈ ਸ਼ਹੀਦ ਹੋਏ ਇਹਨਾਂ ਸੂਰਬੀਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੀਨਨ ਗੇਟ 'ਤੇ ਫੁੱਲ ਭੇਟ ਕਰਨ ਉਪਰੰਤ ਇਥੇ ਨਜਦੀਕ ਹੀ ਬਣੇ ਭਾਰਤੀ ਸਮਾਰਕ ਉਪਰ ਵੀ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਅਤੇ ਯਾਦਗਾਰੀ ਤਸਵੀਰ ਖਿਚਵਾਈ।
ਇਸ ਸਮੇਂ ਉਹਨਾਂ ਦੇ ਨਾਲ ਲੋਕ ਸਭਾ ਮੈਬਰਾਂ ਡਾ: ਮਨੋਹਰ ਸਿੰਘ ਗਿੱਲ, ਸਰਦ ਤ੍ਰਿਪਾਠੀ, ਅਰਜੁਨ ਰਾਮ, ਸ੍ਰੀਮਤੀ ਕਵਿਤਾ, ਐਸ ਸੀ ਮਿਸ਼ਰਾ, ਗਾਜਾਨੰਦ ਕਿਰਕਿਰਾ ਅਤੇ ਬੈਲਜ਼ੀਅਮ ਵਿੱਚ ਭਾਰਤ ਦੇ ਰਾਜਦੂਤ ਸੰਜੀਵ ਸਿੰਘ ਪੁਰੀ ਸਮੇਤ ਐਨ ਆਰ ਆਈ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਸ਼ੇਰਗਿੱਲ ਅਤੇ ਇਥੋਂ ਦੇ ਉੱਘੇ ਕਾਰੋਵਾਰੀ ਵਿਜੇ ਕੁਮਾਰ ਮਲਿਕ ਆਦਿ ਹਾਜਰ ਸਨ। ਭਾਰਤੀ ਵਫਦ ਦਾ ਈਪਰ ਪਹੁੰਚਣ 'ਤੇ ਲਾਸਟ ਪੋਸਟ ਐਸੋਸੀਏਸ਼ਨ ਦੇ ਚੇਅਰਮੈਂਨ ਬਿਨੋਟ ਮੋਤਰੀ ਅਤੇ ਇਤਿਹਾਸਕਾਰ ਦੋਮੀਨੀਕ ਦਨਦੋਵਨ ਨੇ ਸਵਾਗਤ ਕੀਤਾ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ: ਮਨੋਹਰ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਨੇ ਵੀ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ ਅਤੇ ਉਹਨਾਂ ਦੇ ਪਿਤਾ ਕਰਨਲ ਪ੍ਰਤਾਪ ਸਿੰਘ ਅਤੇ ਇੱਕ ਭਰਾ ਵੀ ਫੌਜ ਵਿੱਚ ਰਹੇ ਹਨ। ਉਹਨਾਂ ਇਥੇ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਜ਼ਲੀ ਭੇਟ ਕਰਦਿਆਂ ਕਿਹਾ ਕਿ ਇਥੇ ਆ ਕੇ ਲੜਨ ਵਾਲਿਆਂ ਵਿੱਚ ਬਹੁਤੇ ਸਿੱਖ ਸਨ ਜਿਨ੍ਹਾਂ ਦੀ ਬਹਾਦਰੀ ਦੇ ਕਿੱਸੇ ਰਹਿੰਦੀ ਦੁਨੀਆਂ ਤੱਕ ਸੁਣਾਏ ਜਾਦੇਂ ਰਹਿਣਗੇ।