ਬੈਲਜ਼ੀਅਮ 'ਚ ਚੱਲ ਰਹੀ ਹਾਕੀ ਵਰਲਡ ਲੀਗ 2015 ਮੁਕਾਬਲਿਆਂ 'ਚ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ 'ਚ ਚੱਲ ਰਹੀ ਹਾਕੀ ਵਰਲਡ ਲੀਗ 2015 ਸੈਂਮੀਫਾਈਨਲ ਮੁਕਾਬਲਿਆਂ 'ਚ ਕੱਲ ਭਾਰਤੀ ਟੀਮਾਂ ਦੇ ਨਤੀਜੇ ਪਹਿਲੇ ਮੁਕਾਬਲਿਆਂ ਵਾਲੇ ਹੀ ਰਹੇ। ਕੱਲ ਡਾਇਮੰਡ ਸਿਟੀ ਐਂਟਵਰਪਨ ਦੇ ਬਰਾਸਕਟ ਵਿੱਚ ਹੋਏ ਲੜਕੀਆਂ ਦੇ ਮੈਚ ਦੌਰਾਂਨ ਨਿਊਜ਼ੀਲੈਂਡ ਨੇ ਭਾਰਤ ਨੂੰ 5-0 ਨਾਲ ਕਰਾਰੀ ਮਾਤ ਦਿੱਤੀ ਅਤੇ ਭਾਰਤੀ ਕੁੜੀਆਂ ਇੱਕ ਵੀ ਗੋਲ ਨਾਂ ਕਰ ਸਕੀਆਂ। ਸਰਦਾਰ ਸਿੰਘ ਦੀ ਕਪਤਾਨੀ ਹੇਠ ਓਲੰਪਿਕ ਕੁਆਲੀਫਾਈ ਟੂਰਨਾਂਮੈਂਟ ਖੇਡਣ ਆਈ ਟੀਮ ਨੇ ਕੱਲ ਫਿਰ ਅਪਣੀ ਦੂਜੀ ਜਿੱਤ ਦਰਜ ਕਰਾਉਦਿਆਂ ਪੋਲੈਂਡ ਨੂੰ 3-0 ਨਾਲ ਹਰਾਇਆ।
ਅਗਲੇ ਸਾਲ ਬਰਾਜ਼ੀਲ ਦੇ ਸ਼ਹਿਰ ਰੀਓ ਦੀ ਜਨੇਰੋ 'ਚ ਹੋ ਰਹੀ ਓਲੰਪਿਕ ਲਈ "ਰੋਡ ਟੂ ਰੀਓੁ" ਨਾਂ ਦੇ ਚੱਲ ਰਹੇ ਇਸ ਟੂਰਨਾਂਮੈਂਟ ਦੇ ਕੱਲ ਦੇ ਪੋਲੈਂਡ ਨਾਲ ਮੁਕਾਬਲੇ ਵਿੱਚ ਪਹਿਲਾ ਗੋਲ ਜੁਵਰਾਜ ਵਾਲਮੀਕੀ ਵੱਲੋਂ 23ਵੇਂ ਮਿੰਟ 'ਚ ਕੀਤਾ ਗਿਆ। 1-0 ਨਾਲ ਜਿੱਤ ਵਧ ਰਹੀ ਟੀਮ ਲਈ ਕਪਤਾਨ ਸਰਦਾਰ ਸਿੰਘ ਨੇ 42ਵੇਂ ਮਿੰਟ 'ਚ ਗੋਲ ਕਰਦਿਆਂ ਭਾਰਤ ਦੀ ਜਿੱਤ ਪੱਕੀ ਕਰਨ ਵੱਲ ਕਦਮ ਵਧਾਇਆ। ਦਵਿੰਦਰ ਵਾਲਮੀਕੀ ਨੇ 52ਵੇਂ ਮਿੰਟ ਤੇ ਤੀਜਾ ਗੋਲ ਕਰਦਿਆਂ ਭਾਰਤੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ।
ਕੱਲ ਦੇ ਮੈਚਾਂ ਦੌਰਾਂਨ ਬੈਲਜ਼ੀਅਮ ਨੇ ਚੀਨ ਨੂੰ 6-0 ਨਾਲ ਕਰਾਰੀ ਹਾਰ ਦਿੱਤੀ ਅਤੇ ਇੰਗਲੈਂਡ ਅਪਣੇ ਗੁਆਂਢੀ ਆਇਲੈਂਡ ਨਾਲ 2-2 ਦੀ ਬਰਾਬਰੀ 'ਤੇ ਰਿਹਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਜਪਾਨ ਹੌਲੈਂਡ ਹੱਥੋਂ 0-4 ਨਾਲ ਹਾਰਿਆ।
ਮਨੋਹਰ ਸਿੰਘ ਗਿੱਲ ਨੇ ਦਿੱਤੀ ਵਧਾਈ
ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ, ਸਾਬਕਾ ਕੇਂਦਰੀ ਖੇਡ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਸ: ਮਨੋਹਰ ਸਿੰਘ ਗਿੱਲ ਜੋ ਅੱਜਕੱਲ ਬੈਲਜ਼ੀਅਮ ਦੌਰੇ ਹਨ ਨੇ ਭਾਰਤੀ ਟੀਮ ਦੀ ਪੋਲੈਂਡ ਉੱਪਰ ਜਿੱਤ ਉਪਰੰਤ ਵਧਾਈ ਦਿੱਤੀ। ਸਰਦਾਰ ਗਿੱਲ ਅਤੇ ਤਰਸ਼ੇਮ ਸਿੰਘ ਸ਼ੇਰਗਿੱਲ ਨੇ ਈਪਰ 'ਤੋਂ ਹਾਕੀ ਟੀਮ ਦੇ ਖਿਡਾਰੀਆਂ ਗੁਰਬਾਜ਼ ਸਿੰਘ ਅਤੇ ਹੋਰਨਾਂ ਨਾਲ ਗੱਲਬਾਤ ਕਰਦਿਆਂ ਟੀਮ ਦੀ ਦੂਸਰੀ ਜਿੱਤ 'ਤੇ ਵਧਾਈ ਦਿੰਦਿਆਂ ਅਗਲੇ ਮੈਚਾਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।