ਪੁਲਿਸ ਨੇ ਗੁਰਦਵਾਰੇ ਨੂੰ ਮਨੁੱਖੀ ਤਸਕਰੀ ਲਈ ਵਰਤਣ ਦੇ ਸਬੂਤ ਕੀਤੇ ਪੇਸ਼
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਮਹੀਨਿਆਂ ਦੌਰਾਨ ਮੇਅਰ ਵੱਲੋਂ ਬੰਦ ਕਰ ਦੇਣ ਕਾਰਨ ਚਰਚਾ ਵਿੱਚ ਰਹੇ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਨੇ ਗੁਰੂਘਰ ਦੇ ਬਜੁਰਗ ਰਸੋਈਏ ਨੂੰ ਸੇਵਾ ਮੁਕਤ ਕਰ ਘਰ ਤੋਰ ਦਿੱਤਾ ਹੈ। ਕਈ ਮਹੀਨਿਆਂ ਦੀ ਜੱਦੋਜਹਿਦ ਅਤੇ ਸ਼ਰਤਾਂ ਸਾਹਿਤ ਸਿਰਫ ਦਿਨ ਦੇ ਸਮੇਂ ਗੁਰਦਵਾਰਾ ਸਾਹਿਬ ਸੰਗਤਾਂ ਦੇ ਦਰਸਨਾਂ ਲਈ ਖੋਲ੍ਹਣ ਦੀ ਮਿਲੀ ਇਜਾਜਤ ਬਾਅਦ ਕਮੇਟੀ ਅਤੇ ਸ਼ਰਧਾਲੂ ਸੰਗਤ ਗੁਰਦਵਾਰਾ ਸਾਹਿਬ ਮੁੜ ਬੰਦ ਹੋ ਜਾਣ ਦੇ ਡਰ 'ਤੋਂ ਚਿੰਤਤ ਸੀ ਕਿਉਕਿ ਪੁਲਿਸ ਨੇ ਪਿਛਲੇ ਦਿਨਾਂ ਦੌਰਾਂਨ ਇੱਕ ਪੰਜਾਬੀ ਨੂੰ ਇਥੋਂ ਗ੍ਰਿਫਤਾਰ ਕੀਤਾ ਸੀ। ਬਾਪੂ ਜਾਂ ਬਾਬਾ ਜੀ ਦੇ ਨਾਂਮ ਨਾਲ ਜਾਣੇ ਜਾਂਦੇ ਇਸ ਰਸੋਈਏ ਨੂੰ ਕੱਢਣ ਬਾਰੇ ਕਮੇਟੀ ਵੱਲੋਂ ਕਹਿਣ ਤੇ ਕੁੱਝ ਵਿਰੋਧੀਆਂ ਵੱਲੋਂ ਇਸਦਾ ਇਹ ਕਹਿ ਕਿ ਵਿਰੋਧ ਕੀਤਾ ਗਿਆ ਸੀ ਕਿ ਇਸ ਬੰਦੇ ਵਿੱਚ ਤਾਂ ਸੇਵਾ ਭਾਵਨਾ ਹੀ ਬਹੁਤ ਹੈ। ਅਖੌਤੀ ਬਾਪੂ ਦੀ ਗ੍ਰਿਫਤਾਰੀ ਉਪਰੰਤ ਕਮੇਟੀ ਮੈਂਬਰ ਗੁਰਮੀਤ ਸਿੰਘ ਓਸਟੰਡੇਂ ਵੱਲੋਂ ਪੁਲਿਸ ਕਮਿਸ਼ਨਰ ਨੂੰ ਵਿਸੇਸ਼ ਤੌਰ 'ਤੇ ਮਿਲ ਕੇ ਜਦ ਮਾਮਲੇ ਦੀ ਡੁਘਾਈ ਨਾਲ ਪੜਚੋਲ ਕੀਤੀ ਗਈ ਤਾਂ ਪੂਰਾ ਮਾਜਰਾ ਸਮਝ ਆਇਆ। ਪੁਲਿਸ ਵੱਲੋਂ ਇਸ ਬਾਪੂ ਦੇ ਮੋਬਾਇਲ ਫੋਨ ਦੀ ਰਿਕਾਰਡਿੰਗ ਦਾ ਕੱਚਾ ਚਿੱਠਾ ਵੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਕਿ ਤੁਸੀ ਲੋਕ ਮੇਅਰ ਅਤੇ ਪੁਲਸ ਖਿਲਾਫ ਝੰਡੇਂ ਚੁੱਕੀ ਯੂਰਪੀਨ ਯੁਨੀਅਨ ਅੱਗੇ ਮੁਜਾਹਰੇ ਕਰਦੇ ਫਿਰਦੇ ਹੋਂ ਪਰ ਗੈਰਕਾਨੂੰਨੀ ਬੰਦਿਆਂ ਨੂੰ ਇੰਗਲੈਂਡ ਭੇਜਣ ਲਈ ਵਿਚੋਲਗੀ, ਸਾਂਭ ਸੰਭਾਈ ਅਤੇ ਪੈਸਿਆਂ ਦਾ ਲੈਣ ਦੇਣ ਗੁਰਦਵਾਰਾ ਸਾਹਿਬ ਵਿੱਚੋਂ ਧੜੱਲੇ ਨਾਲ ਚੱਲ ਰਿਹਾ ਹੈ। ਇਸ ਪੱਤਰਕਾਰ ਨੂੰ ਹਾਸਲ ਹੋਈ ਪੁਲਿਸ ਰਿਪੋਰਟ ਵਿੱਚ ਇਸ ਗੋਰਖਧੰਦੇ ਵਿੱਚ ਬਹੁਤ ਸਾਰੇ ਫਰਜੀ ਨਾਵਾਂ ਅਤੇ ਤਰੀਕਿਆਂ ਦਾ ਖੁਲਾਸਾ ਹੋਇਆ ਹੈ। ਸਪੇਨ ਦੇ ਪੱਕੇ ਪੇਪਰਾਂ ਵਾਲੇ ਇਸ ਬਜੁਰਗ ਸੇਵਾਦਾਰ ਨੇ ਅਪਣੀ ਪਹਿਲੀ ਪੁੱਛਗਿੱਛ ਦੌਰਾਂਨ ਤਾਂ ਪੈਰਾਂ ਤੇ ਪਾਣੀ ਨਹੀ ਪੈਣ ਦਿੱਤਾ ਪਰ ਜਦ ਫੈਡਰਲ ਪੁਲਿਸ ਨੇ ਉਸਦੀ ਫੋਨਾਂ ਤੇ ਹੋਈ ਗੱਲਬਾਤ ਦੇ ਸਬੂਤ ਅੱਗੇ ਰੱਖ ਦਿੱਤੇ ਤਾਂ ਫਿਰ ਉਸਨੇ ਇਹ ਵੀ ਦੱਸ ਦਿੱਤਾ ਕਿ ਕਿਹੜਾ ਗ੍ਰੰਥੀ ਮੈਨੂੰ ਸਪੇਨ 'ਤੋਂ ਲੈ ਆਇਆ ਸੀ ਅਤੇ ਕਿਹੜਾ ਕਮੇਟੀ ਮੈਂਬਰ ਛੱਡ ਕੇ। ਪੁਲਿਸ ਜਾਂਚ ਦੌਰਾਂਨ ਕੀਤੇ ਫੋਨ ਰਿਕਾਰਡ ਵਿੱਚ ਬੱਸਾਂ ਦੇ ਸਫਰ ਅਤੇ ਸਾਰੀਆਂ ਗੱਲਾਬਾਤਾਂ ਦੀ ਪੂਰੀ ਕਹਾਣੀ ਸਾਮਲ ਹੈ। ਸੇਵਾਦਾਰ ਦੇ ਕਮਰੇ 'ਚੋਂ ਪੁਲਿਸ ਨੂੰ ਦੋ ਭਾਰਤੀ ਪਾਸਪੋਰਟ ਵੀ ਮਿਲੇ ਹਨ।
ਜਾਰੀ ਪ੍ਰੈਸ ਬਿਆਨ ਵਿੱਚ ਕਮੇਟੀ ਮੈਂਬਰ ਗੁਰਮੀਤ ਸਿੰਘ ਨੇ ਇਸ ਰਸੋਈਏ ਸਿੰਘ ਦੀ ਹਿਮਾਇਤ ਕਰਨ ਵਾਲੀ ਧਿਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਹੁਣ ਉਹ ਦੱਸ ਸਕਦੇ ਹਨ ਕਿ ਕਮੇਟੀ ਵੱਲੋਂ ਇਹੀ ਫੈਸਲਾ ਲੈਣ ਦਾ ਵਿਰੋਧ ਉਹ ਕਿਸ ਕਾਰਨ ਕਰਦੇ ਰਹੇ? ਉਹਨਾਂ ਕਿਹਾ ਕਿਹਾ ਕਿ ਗੁਰੂਘਰ ਦੀ ਭਲਾਈ ਅਤੇ ਸੰਗਤ ਦੇ ਪੈਸੇ ਦੀ ਸਹੀ ਵਰਤੋਂ ਲਈ ਉਹਨਾਂ ਵੱਲੋਂ ਉਠਾਈ ਜਾਂਦੀ ਅਵਾਜ਼ ਨੂੰ ਇੱਕ ਧਿਰ ਵੱਲੋਂ ਅਖ਼ਬਾਰਾਂ ਵਿੱਚ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ ਜਿਸ ਲਈ ਉਹ ਕਾਨੂੰਨੀ ਕਾਰਵਾਈ ਕਰ ਰਹੇ ਹਨ। ਉਹਨਾਂ ਕਿਹਾ ਕਿ "ਸੰਗਤ" ਸ਼ਬਦ ਨੂੰ ਇੱਕ ਹਥਿਆਰ ਵੱਜੋਂ ਪੇਸ਼ ਕਰਨ ਵਾਲੇ ਦੱਸਣਗੇ ਕਿ ਕੀ ਉਹ ਅਜਿਹੇ ਦਾਗੀ ਬੰਦੇਂ ਨੂੰ ਹਿਮਾਇਤ ਭਾਰਤੀ ਇਜੰਸੀਆਂ ਦੇ ਇਸ਼ਾਰੇ ਤੇ ਕਰ ਰਹੇ ਸਨ ਜਾਂ ਸਿਰਫ ਕਮੇਟੀ ਦੀ ਵਿਰੋਧਤਾਂ ਲਈ ਹੀ। ਸ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਸਮੇਂ 'ਤੋਂ ਅਖ਼ਬਾਰੀ ਬਿਆਨਬਾਜ਼ੀ ਰਾਹੀ ਕਮੇਟੀ ਨੂੰ ਨਿਸਾਨਾਂ ਬਣਾਇਆ ਜਾ ਰਿਹਾ ਹੈ ਜਦਕਿ ਕਮੇਟੀ ਇਸ ਭਰਾਮਾਰੂ ਅਖ਼ਬਾਰੀ ਬਿਆਨਬਾਜੀ 'ਤੋਂ ਗੁਰੇਜ ਕਰਦੀ ਰਹੀ ਹੈ। ਗੁਰਮੀਤ ਸਿੰਘ ਮੁਤਾਬਕ ਉਹ ਗੁਰੂਘਰ ਦਾ ਕੂਕਰ ਹੋਣ ਦੇ ਨਾਤੇ ਹਰ ਉਸ ਗੱਲ ਦਾ ਵਿਰੋਧ ਕਰਦਾ ਰਿਹਾ ਹੈ ਜਿਸ ਨਾਲ ਗੁਰਦਵਾਰਾ ਸਾਹਿਬ ਨੂੰ ਅਤੇ ਸੰਗਤ ਦੀ ਮਾਇਆ ਨੂੰ ਚੂਨਾ ਲਗਦਾ ਹੋਵੇ ਅਤੇ ਉਹ ਹਰ ਗੱਲ ਦਾ ਬਾਦਲੀਲ ਜਵਾਬ ਦੇਣ ਦੀ ਸਮਰੱਥਾ ਰਖਦਾ ਹੈ ਅਤੇ ਜਿਸ ਕਿਸੇ ਨੂੰ ਕੋਈ ਜਵਾਬ ਚਾਹੀਦਾਂ ਹੋਵੇ ਉਹ ਸੰਗਤ ਦੀ ਹਾਜਰੀ ਵਿੱਚ ਪੁੱਛ ਸਕਦਾ ਹੈ। ਉਹਨਾਂ ਮੁਤਾਬਕ ਅੱਠ ਕੁ ਸਾਲ ਪਹਿਲਾਂ ਪੁਲਿਸ ਅਤੇ ਗ੍ਰਹਿ ਮੰਤਰਾਲੇ ਨਾਲ ਇੱਕ ਲਿਖਤੀ ਸਮਝੌਤਾ ਹੋਇਆ ਸੀ ਕਿ ਪੁਲਿਸ ਜੁੱਤੀਆਂ ਸਮੇਤ ਗੁਰਦਵਾਰਾ ਸਾਹਿਬ ਵਿੱਚ ਦਾਖਲ ਨਹੀ ਹੋਵੇਗੀ ਪਰ ਰਸੋਈਏ ਦੀ ਇਸ ਹਰਕਤ ਬਾਅਦ ਪੁਲਿਸ ਨੇ ਅਪਣਾ ਉਹ ਵਾਅਦਾ ਤੋੜਦਿਆਂ ਅੱਗੇ 'ਤੋਂ ਜੁੱਤੀਆਂ ਸਮੇਤ ਦਾਖਲ ਹੋਣ ਦਾ ਵੀ ਐਲਾਨ ਕਰ ਦਿੱਤਾ ਜਦਕਿ ਪੁਲਿਸ ਦੇ ਇਸ ਵਾਅਦੇ ਦਾ ਫਾਇਦਾ ਸਾਰੇ ਬੈਲਜ਼ੀਅਮ ਦੇ ਗੁਰੂਘਰਾਂ ਨੂੰ ਸੀ। ਸਰਦਾਰ ਓਸਟੰਡੇਂ ਨੇ ਕਿਹਾ ਕਿ ਗੁਰੂਘਰ ਦੇ ਬੰਦ ਹੋਣ ਦੌਰਾਂਨ ਉਹਨਾਂ ਵੱਲੋਂ ਬੈਲਜ਼ੀਅਮ ਦੇ ਅਤੇ ਯੂਰਪੀਨ ਯੁਨੀਅਨ ਦੇ ਸਾਰੇ ਸੰਸਦ ਮੈਂਬਰਾਂ ਨੂੰ ਇਸ ਮਸਲੇ ਵਿੱਚ ਦਖਲ ਦੇਣ ਦੀ ਬੇਨਤੀ ਕੀਤੀ ਗਈ ਸੀ ਪਰ ਉਹਨਾਂ ਵੱਲੋਂ ਮੇਅਰ ਨੂੰ ਲਿਖੇ ਪੱਤਰਾਂ ਦੇ ਜਵਾਬ ਵਿੱਚ ਵੀ ਮੇਅਰ ਨੇ ਸਾਡੇ ਅਪਣਿਆਂ ਦੀਆਂ ਇਹ ਕਰਤੂਤਾਂ ਬਾਰੇ ਲਿਖਦਿਆਂ ਇਸਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਦਾ ਮਸਲਾ ਕਹਿ ਚੁੱਪ ਕਰਵਾ ਦਿੱਤਾ ਸੀ ਅਤੇ ਉਥੇ ਕੌਂਮ ਦੀ ਬਦਨਾਮੀ ਵੀ ਬਹੁਤ ਹੋਈ ਹੋਵੇਗੀ। ਜਿਕਰਯੋਗ ਹੈ ਕਿ ਗੁਰਦਵਾਰਾ ਸਾਹਿਬ ਦੇ ਬੰਦ ਹੋਣ ਉਪਰੰਤ ਕਮੇਟੀ ਅਤੇ ਕਮੇਟੀ 'ਤੋਂ ਇਲਾਵਾ ਵੀ ਬੈਲਜ਼ੀਅਮ ਭਰ ਦੀਆਂ ਸੰਗਤਾਂ ਨੇ ਆਪੋ-ਅਪਣੇ ਤਰੀਕੇ ਨਾਲ ਗੁਰਦਵਾਰਾ ਸਾਹਿਬ ਖੁਲਵਾਉਣ ਲਈ ਬਹੁਤ ਸਾਰੀਆਂ ਕੋਸ਼ਿਸਾਂ ਕੀਤੀਆਂ ਸਨ ਜਿਨ੍ਹਾਂ ਵਿੱਚ ਯੂਰਪੀਨ ਸੰਸਦ ਅੱਗੇ ਰੋਸ ਮੁਜਾਹਰਾ ਵੀ ਸਾਮਲ ਸੀ ਜਿਸ ਨੂੰ ਬੈਲਜ਼ੀਅਮ ਮੀਡੀਏ ਵੱਲੋਂ ਕਾਫੀ ਵੱਡੇ ਪੱਧਰ ਤੇ ਉਭਾਰਿਆ ਗਿਆ ਸੀ ਅਤੇ ਆਖਰ ਸਫਲਤਾ ਵੀ ਮਿਲ ਗਈ ਪਰ ਜੇਕਰ ਸਥਾਨਕ ਪੁਲਿਸ-ਪ੍ਰਸਾਸ਼ਨ ਨੂੰ ਕੋਈ ਹੋਰ ਅਜਿਹਾ ਸਬੂਤ ਮਿਲ ਗਿਆ ਤਾਂ ਗੁਰਦਵਾਰਾ ਸਾਹਿਬ ਪੱਕੇ ਤੌਰ ਤੇ ਵੀ ਬੰਦ ਹੋ ਸਕਦਾ ਹੈ ਜਿਸਦਾ ਜਿਮੇਬਾਰ ਬੇਸੱਕ ਕੋਈ ਵੀ ਹੋਵੇ ਪਰ ਸ਼ਰਮ ਨਾਲ ਸਿਰ ਪੂਰੀ ਕੌਂਮ ਦਾ ਝੁਕ ਜਾਵੇਗਾ। ਯੂਰਪ ਦਾ ਦਿਲ ਸਮਝੇ ਜਾਂਦੇ ਬਰੱਸਲਜ਼ ਸ਼ਹਿਰ ਵਿੱਚਲੇ ਇਸ ਗੁਰਦਵਾਰਾ ਸਾਹਿਬ ਦੀ ਚੜ੍ਹਦੀ ਕਲਾ ਲਈ ਜਿਥੇ ਕਮੇਟੀ ਨੂੰ ਸਿੱਖ ਸੰਗਤ ਦਾ ਵੱਧ 'ਤੋਂ ਵੱਧ ਸਹਿਯੋਗ ਅਤੇ ਹਰ ਤਰਾਂ ਦੇ ਫੈਸਲਿਆਂ ਲਈ ਸੰਗਤ ਦੀ ਪੂਰੀ ਰਜਾਮੰਦੀ ਲੈਣੀ ਬਹੁਤ ਜਰੂਰੀ ਹੈ ਉੱਥੇ ਵਿਰੋਧੀ ਧਿਰ ਨੂੰ ਵੀ ਚਾਹੀਦਾਂ ਹੈ ਕਿ ਉਹ ਗੁਰੂਘਰ ਦੀ ਭਲਾਈ ਲਈ ਅਖ਼ਬਾਰੀ ਚੋਭਾਂ ਵਾਲੀ ਨੀਤੀ ਛੱਡ ਕੇ ਅਪਣੇ ਚੰਗੇਂ ਕੰਮਾਂ ਨੂੰ ਲੋਕਾਂ ਅੱਗੇ ਰਖਦੇ ਹੋਏ ਗੁਰੂਘਰ ਦਾ ਪ੍ਰਬੰਧ ਆਪ ਸੰਭਾਲਣ ਲਈ ( ਜੇ ਸਰਬਸੰਮਤੀ ਨਹੀ ਹੁੰਦੀ ਤਾਂ ) ਸਾਂਤਮਈ ਢੰਗ ਨਾਲ ਚੋਣਾ ਲੜੇ।
