ਭਾਈ ਠੀਕਰੀਵਾਲ ਦੀ ਗ੍ਰਿਫਤਾਰੀ ਅਤੇ ਉਹਨਾਂ ਦੇ ਪਿਤਾ ਨਾਲ ਬਦਸਲੂਕੀ ਨਿੰਦਣਯੋਗ: ਭਾਈ ਭੂਰਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਭਾਈ ਜਗਦੀਸ਼ ਸਿੰਘ ਭੂਰਾ ਨੇ ਇਸ ਨੂੰ ਗੈਰਕਾਂਨੂੰਨੀ ਕਿਹਾ ਹੈ। ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਭੂਰਾ ਨੇ ਅੱਜ ਜਾਰੀ ਪ੍ਰੈਸ ਬਿਆਨ ਵਿੱਚ ਆਖਿਆ ਕਿ ਸਾਂਤਮਈ ਢੰਗ ਨਾਲ ਅਜ਼ਾਦ ਸਿੱਖ ਲਈ ਸਰਗਰਮ ਭਾਈ ਠੀਕਰੀਵਾਲ ਨੂੰ ਵਾਰ-ਵਾਰ ਗ੍ਰਿਫਤਾਰ ਕਰਨਾ ਅਖੌਤੀ "ਫਖ਼ਰ-ਏ-ਕੌਂਮ ਸਰਕਾਰ" ਦੀ ਬੁਖਲਾਹਟ ਦਾ ਨਤੀਜਾ ਹੈ। ਗੁਰਮਤਿ ਪ੍ਰਚਾਰ ਸੇਵਾ ਲਹਿਰ ਵੱਲੋਂ ਬਰਨਾਲਾ 'ਤੋਂ ਸ੍ਰੀ ਅਮ੍ਰਿਤਸਰ ਸਾਹਿਬ ਤੱਕ ਕੱਢੇ ਗਏ ਵਿਸਾਲ ਰੋਸ ਮਾਰਚ ਅਤੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਵਿੱਚ ਪਾਏ ਜਾ ਰਹੇ ਅਹਿਮ ਯੋਗਦਾਨ ਅਤੇ ਹੁਣ ਸਿੱਖ ਰੈਫਰੰਡਮ 2020 ਲਈ ਕੀਤੇ ਜਾ ਰਹੇ ਪ੍ਰਚਾਰ 'ਤੋਂ ਘਬਰਾਈ ਬਾਦਲ ਸਰਕਾਰ ਨੇ ਨੌਜਵਾਨਾਂ ਦੀ ਸਿੱਖ ਧਰਮ ਅਤੇ ਅਜ਼ਾਦੀ ਦੀ ਤਾਂਘ ਪ੍ਰਤੀ ਵਧ ਰਹੀ ਰੁਚੀ ਨੂੰ ਦਬਾਉਣ ਲਈ ਗ੍ਰਿਫਤਾਰੀਆਂ ਅਤੇ ਉਹਨਾਂ ਦੇ ਬਜੁਰਗਾਂ ਦੀ ਬੇਪੱਤੀ ਵਰਗੇ ਘਿਨਾਉਣੇ ਕਾਰੇ ਸੁਰੂ ਕਰ ਦਿੱਤੇ ਹਨ। ਭਾਈ ਭੂਰਾ ਨੇ ਕਿਹਾ ਕਿ ਬਾਦਲ ਸਰਕਾਰ ਦੇ ਜੁਲਮਾਂ ਦਾ ਸ਼ਿਕਾਰ ਠੀਕਰੀਵਾਲਾ ਪਰਿਵਾਰ ਦਾ ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਹਰ ਤਰਾਂ ਨਾਲ ਸਾਥ ਦਿੱਤਾ ਜਾਦਾਂ ਰਹੇਗਾ। ਜਿਕਰਯੋਗ ਹੈ ਕਿ ਭਾਈ ਠੀਕਰੀਵਾਲਾ ਵੱਲੋਂ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਬੈਨਰ ਹੇਠ ਜਿੱਥੇ ਹੁਣ ਤੱਕ ਲੱਖਾਂ ਦੀ ਤਦਾਦ 'ਚ "ਸੰਤ ਕਹਿਦੇ ਰਹੇ" ਨਾਂ ਦਾ ਪੈਫਲਿਟ ਨੂੰ ਛਪਵਾ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਇਆ ਜਾ ਚੁੱਕਾ ਹੈ ਉੱਥੇ ਉਹ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਮਾਲੀ ਮੱਦਦ ਅਤੇ ਮੌਜੂਦਾ ਸਿੱਖ ਸੰਘਰਸ਼ ਲਈ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਦੇਂ ਰਹਿੰਦੇਂ ਹਨ।
