ਹੁਣ ਯੂਰਪ ਵਿੱਚ ਵੀ ਹੋਵੇਗਾ ਬਾਦਲ ਦਲੀਆਂ ਦਾ ਸਖ਼ਤ ਵਿਰੋਧ: ਸਿੱਖ ਜਥੇਬੰਦੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਕਨੇਡਾ ਵਿੱਚ ਬਾਦਲ ਦਲੀਆਂ ਦੇ ਹੋਏ ਵਿਰੋਧ ਬਾਅਦ ਹੁਣ ਯੂਰਪ ਦੀਆਂ ਸਿੱਖ ਜਥੇਬੰਦੀਆਂ ਨੇ ਵੀ ਸਖ਼ਤ ਰੁੱਖ ਅਪਣਾ ਲਿਆ ਹੈ। ਇਹਨਾਂ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਪ੍ਰਵਾਸੀ ਪੰਜਾਬੀਆਂ ਦੀ ਹਿਮਾਇਤ ਜੁਟਾਉਣ ਵਾਸਤੇ ਬਾਦਲ ਦਲ ਦੇ ਭੇਜੇ ਕਿਸੇ ਅਕਾਲੀ ਆਗੂ ਜਾਂ ਮੰਤਰੀ ਨੂੰ ਕਿਸੇ ਵੀ ਗੁਰਦਵਾਰਾ ਸਾਹਿਬ ਜਾਂ ਜਨਤਕ ਸਟੇਜ 'ਤੋਂ ਨਹੀ ਬੋਲਣ ਦਿੱਤਾ ਜਾਵੇਗਾ। ਯੂਰਪ ਭਰ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ ਜਰਮਨੀ, ਦਲ ਖਾਲਸਾ, ਸਿੱਖ ਫੈਡਰੇਸ਼ਨ, ਪੰਜਾਬ ਰਾਈਟਸ ਆਰਗੇਨਾਈਜੇਸ਼ਨ ਬੈਨਾਲੁਕਸ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂਆਂ ਵੱਲੋਂ ਸਾਂਝੇ ਤੌਰ ਤੇ ਜਾਰੀ ਬਿਆਨ ਵਿੱਚ ਕਿਹਾ ਕਿ ਪਲ-ਪਲ ਸ਼ਹੀਦੀ ਵੱਲ ਵਧ ਰਹੇ ਬਾਪੂ ਸੂਰਤ ਸਿੰਘ ਦੀ ਸਾਰ ਲੈਣ ਦੀ ਬਜਾਏ ਵੋਟਾਂ ਦੀ ਭੀਖ ਮੰਗਣ ਲਈ ਜਹਾਜਾਂ ਦੇ ਝੂਟੇ ਲੈਣ ਵਾਲੇ ਕਿਸੇ ਬਾਦਲ ਦਲੀਏ ਦਾ ਹਵਾਈ ਅੱਡੇ 'ਤੇ ਉਤਰਨ 'ਤੋਂ ਹੀ ਵਿਰੋਧ ਸੁਰੂ ਹੋ ਜਾਵੇਗਾ।
ਅਹਿਮ ਪੰਥਕ ਮਸਲਿਆਂ ਨੂੰ ਵਿਸਾਰ ਕੇ ਸਿਰਫ ਸੱਤਾ ਦਾ ਸੁੱਖ ਮਾਨਣ ਲਈ ਫਿਰਕੂ ਆਰ ਐਸ ਐਸ ਦੇ ਲੁਕਵੇਂ ਇਜੰਡੇ ਨੂੰ ਲਾਗੂ ਕਰਵਾਉਣ ਦੇ ਦੋਸ਼ੀ ਬਾਦਲ ਪਰਿਵਾਰ ਦੇ ਹਰ ਸਮਰੱਥਕ ਨੂੰ ਜਾਗਰੂਕ ਸਿੱਖਾਂ ਦੇ ਬਹੁਤ ਸਾਰੇ ਸਵਾਲਾਂ ਦਾ ਹੁਣ ਸਾਹਮਣਾ ਕਰਨਾਂ ਪਵੇਗਾ। 
ਯੂਰਪ ਦੀਆਂ ਪ੍ਰਮੁੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਜਰਮਨੀ 'ਤੋਂ ਭਾਈ ਸੁਰਿੰਦਰ ਸਿੰਘ ਸੇਖੋਂ, ਜਥੇਦਾਰ ਰੇਸ਼ਮ ਸਿੰਘ, ਭਾਈ ਜਤਿੰਦਰਬੀਰ ਸਿੰਘ ਪਧਿਆਣਾ, ਭਾਈ ਗੁਰਚਰਨ ਸਿੰਘ ਗੁਰਾਇਆ, ਬਾਬਾ ਸੋਹਣ ਸਿੰਘ, ਰਾਜਿੰਦਰ ਸਿੰਘ, ਭਾਈ ਪਾਲਾ ਸਿੰਘ, ਬੈਲਜ਼ੀਅਮ 'ਤੋਂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਪ੍ਰਤਾਪ ਸਿੰਘ ਜਰਮਨੀ, ਫਰਾਂਸ 'ਤੋ ਭਾਈ ਰਘਵੀਰ ਸਿੰਘ ਕੁਹਾੜ, ਜਥੇਦਾਰ ਚੈਨ ਸਿੰਘ, ਭਾਈ ਕਸ਼ਮੀਰ ਸਿੰਘ, ਸ: ਬਸੰਤ ਸਿੰਘ ਪੰਜਹੱਥਾ, ਸਵਿੱਟਜ਼ਰਲੈਂਡ 'ਤੋਂ ਭਾਈ ਪ੍ਰਿਤਪਾਲ ਸਿੰਘ ਖਾਲਸਾ, ਭਾਈ ਸੁਰਜੀਤ ਸਿੰਘ ਸੁੱਖਾ, ਹੌਲੈਂਡ 'ਤੋਂ ਭਾਈ ਹਰਜੀਤ ਸਿੰਘ, ਭਾਈ ਹਰਵਿੰਦਰ ਸਿੰਘ, ਚਰਨ ਸਿੰਘ, ਜੋਗਿੰਦਰ ਸਿੰਘ, ਦਲਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਪੰਥਕ ਏਕਤਾ ਦਾ ਪ੍ਰਗਟਾਵਾ ਕਰਦਿਆਂ ਜਾਰੀ ਸਾਝੇਂ ਬਿਆਨ ਵਿੱਚ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਸੰਘਰਸ਼ ਦੀ ਹਿਮਾਇਤ ਕਰ ਰਹੀ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਦੀ ਸਖ਼ਤ ਅਲੋਚਨਾਂ ਕੀਤੀ ਹੈ। ਉਪਰੋਕਤ ਆਗੂਆਂ ਨੇ ਪਿੰਡ ਹਸਨਪੁਰ ਵਿੱਚ ਸਾਂਤਮਈ ਢੰਗ ਨਾਲ ਚੱਲ ਰਹੀ ਬਾਪੂ ਦੀ ਭੁੱਖ ਹੜਤਾਲ ਤੁੜਵਾਉਣ ਲਈ ਭੜਕਾਹਟ ਪੈਦਾ ਕਰਨ ਦੇ ਮਕਸਦ ਨਾਲ ਭਾਰੀ ਪੁਲਿਸ ਬਲਾਂ ਦੀ ਤੈਨਾਤੀ ਨੂੰ ਬਾਦਲ-ਸੈਣੀ ਜੁੰਡਲੀ ਦੀ ਘਟੀਆ ਹਰਕਤ ਆਖਦਿਆਂ ਇਸਨੂੰ ਬਾਪੂ ਦੇ ਦ੍ਰਿੜ ਇਰਾਦੇ ਅੱਗੇ ਹਾਰ ਚੁੱਕੀ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਕਿਹਾ ਹੈ।