ਬਾਪੂ ਖਾਲਸਾ ਦੀ ਸ਼ਹੀਦੀ ਲਈ ਬਾਦਲ ਪਰਿਵਾਰ ਹੋਵੇਗਾ ਜਿਮੇਬਾਰ: ਪੰਥਕ ਜਥੇਬੰਦੀਆਂ ਜਰਮਨੀ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ 170 ਦਿਨਾਂ 'ਤੋਂ ਭੁੱਖ ਹੜਤਾਲ 'ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਹੁਣ ਨਿਰਣਾਇਕ ਦੌਰ ਵਿੱਚ ਪਹੁੰਚ ਚੁੱਕਾ ਹੈ ਅਤੇ ਜੇ ਬਾਪੂ ਸੂਰਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ ਤਾਂ ਇਸਦਾ ਦੋਸ਼ੀ ਬਾਦਲ ਪਰਿਵਾਰ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਜਰਮਨੀ ਦੀਆਂ ਸਿੱਖ ਜਥੇਬੰਦੀਆਂ ਬੱਬਰ ਖਾਲਸਾ ਜਰਮਨੀ, ਸਿੱਖ ਫੈਡਰੇਸ਼ਨ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਦਲ ਖਾਲਸਾ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਲਖਵਿੰਦਰ ਸਿੰਘ ਮੱਲ੍ਹੀ, ਭਾਈ ਸੁਰਿੰਦਰ ਸਿੰਘ ਸੇਖੋਂ ਅਤੇ ਬਾਬਾ ਸੋਹਣ ਸਿੰਘ ਕੰਗ ਹੋਰਾਂ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕੀਤਾ ਗਿਆ। ਇਹਨਾਂ ਆਗੂਆਂ ਨੇ ਕਿਹਾ ਕਿ ਸ਼ਜਾਵਾਂ ਪੂਰੀਆਂ ਕਰ ਚੁੱਕੇ ਕੌਂਮੀ ਯੋਧਿਆਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਨਾਲ ਵਾਪਰਨ ਵਾਲੀ ਕਿਸੇ ਵੀ ਅਣਹੋਣੀ ਲਈ ਬਾਦਲ ਸਰਕਾਰ ਦੇ ਨਾਲ-ਨਾਲ ਤਖਤ ਸਾਹਿਬਾਨਾਂ ਦੇ ਜਥੇਦਾਰ ਵੀ ਬਰਾਬਰ ਦੇ ਦੋਸ਼ੀ ਹੋਣਗੇ। ਪੰਥਕ ਹਿੱਤਾਂ ਦੇ ਨਾਂ ਤੇ ਵੋਟਾਂ ਵਟੋਰ ਕੇ ਸੱਤਾ ਦਾ ਸੁੱਖ ਮਾਣ ਰਹੀ ਬਾਦਲ ਸਰਕਾਰ ਆਪ ਤਾਂ ਪੂਰੀ ਤਰਾਂ ਆਰ ਐਸ ਐਸ ਝੋਲੀ ਪੈ ਹੀ ਚੁੱਕੀ ਹੈ ਪਰ ਹੁਣ ਉਹ ਤਖਤਾਂ ਦੇ ਜਥੇਦਾਰਾਂ ਨੂੰ ਵੀ ਸੰਘ ਪਰਿਵਾਰ ਦੇ ਜੀ ਹਜੂਰੀਏ ਬਣਾਉਣ ਲਈ ਸਰਗਰਮ ਹੈ। ਤਖਤਾਂ ਦੇ ਜਥੇਦਾਰ ਵੀ ਕੌਂਮ ਪ੍ਰਤੀ ਅਪਣਾ ਫਰਜ਼ ਭੁੱਲਾ ਨਿਰਾ ਪੁਰਾ ਬਾਦਲ ਪਰਿਵਾਰ ਦੇ ਤਨਖਾਹਦਾਰ ਕਰਮਚਾਰੀ ਬਣ ਚੁੱਕੇ ਹਨ ਅਤੇ ਕੌਂਮ ਵਿੱਚ ਉਹਨਾਂ ਪ੍ਰਤੀ ਵਧ ਰਹੇ ਰੋਹ ਦਾ ਪ੍ਰਗਟਾਵਾ ਪਿਛਲੇ ਦਿਨੀ ਜਥੇਦਾਰ ਦੀ ਇਟਲੀ ਫੇਰੀ ਸਮੇਂ ਹੋਏ ਸਨਮਾਂਨ 'ਤੋ ਮਿਲਦਾ ਹੈ ਜੋ ਸਿੰਘਾਂ ਦੇ ਜਾਗਦੇ ਹੋਣ ਦਾ ਸਬੂਤ ਹੈ। ਜੇਕਰ ਜਥੇਦਾਰ ਵਿੱਚ ਜਮੀਰ ਦੇ ਜਾਗਦੇ ਹੋਣ ਦਾ ਅਜੇ ਵੀ ਕੋਈ ਕਣ ਬਾਕੀ ਹੈ ਤਾਂ ਉਹਨਾਂ ਨੂੰ ਬਿਨ੍ਹਾਂ ਦੇਰੀ ਬਾਦਲ ਨੂੰ ਦਿੱਤਾ ਫਖ਼ਰ-ਏ-ਕੌਂਮ ਦਾ ਸਨਮਾਂਨ ਵਾਪਸ ਲੈ ਲੈਣਾ ਚਾਹੀਦਾਂ ਹੈ ਜਾਂ ਅਪਦੇ ਵਿਦੇਸੀ ਦੌਰਿਆਂ ਦੌਰਾਂਨ ਹੋਣ ਵਾਲੇ ਸਨਮਾਂਨ ਲਈ ਤਿਆਰ ਰਹਿਣ। ਅਖੀਰ ਵਿੱਚ ਉਪਰੋਕਤ ਸਿੱਖ ਆਗੂਆਂ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਹਿਮਾਇਤ ਕਰ ਰਹੀਆਂ ਜਥੇਬੰਦੀਆਂ, ਪੰਥਕ ਨੁੰਮਾਇਦਿਆਂ ਅਤੇ ਸਮੂਹ ਸਿੱਖ ਸੰਗਤ ਦਾ ਧੰਨਵਾਦ ਕਰਦੇ ਹੋਏ ਕੌਂਮ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਘਰਸ਼ ਵਿੱਚ ਵੱਧ ਚੜ ਕੇ ਯੋਗਦਾਨ ਪਾਵੇ। ਦਿੱਲੀ ਗੁਰਦਵਾਰਾ ਕਮੇਟੀ ਨੂੰ ਬਾਦਲ ਪਰਿਵਾਰ ਅਨੁਸਾਰ ਵਰਤ ਰਹੇ ਮਨਜੀਤ ਸਿੰਘ ਜੀ ਕੇ ਵੱਲੋਂ ਖਾਲਿਸਤਾਨ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਨਿੰਦਾਂ ਕਰਦਿਆਂ ਜਰਮਨ ਦੇ ਸੰਘਰਸ਼ਸੀਲ ਸਿੱਖ ਆਗੂਆਂ ਨੇ ਜੀ ਕੇ ਦੀਆਂ ਇਹਨਾਂ ਹਰਕਤਾਂ ਨੂੰ "ਫੋਕੀ ਸ਼ੋਹਰਤ ਲਈ ਹੁਕਮਰਾਨਾਂ ਦੀ ਝੋਲੀ ਚੁੱਕਣ 'ਤੋਂ ਵੱਧ ਕੁੱਝ ਨਹੀ" ਹੀ ਆਖਿਆ।