"ਕਰਮਨ ਕੀ ਗਤ ਨਿਆਰੀ ਰੇ ਬਾਬਾ ...
ਕਰਮਨ ਕੀ ਗਤ..."
ਦੂਰੋਂ ਮਿੱਠੀ ਮਿੱਠਿ ਅਵਾਜ਼ ਸੁਣਾਈ ਦੇ ਰਹੀ ਸੀ।
ਸ਼ਾਇਦ ਸੁਦੇਸ ਪੰਡਿਤ ਦੀ ਅਵਾਜ਼ ਸੀ।
7ਅਪ੍ਰੈਲ 1976 ਦੀ ਗੱਲ ਹੈ। ਖੱਖਲਿਆ ਜੇਹਾ ਦਿਨ ਸੀ। ਬਠਿੰਡੇ ਜ਼ਿਲੇ ਦੇ ਇਕ ਨਿੱਕੇ ਜਿਹੇ ਪਿੰਡ ਵਿੱਚ ਤਰਥੱਲੀ ਜੇਹੀ ਮੱਚ ਗਈ। ਸੁਦੇਸ਼ ਨਾਮੀ ਪੰਡਤ ਜੋ ਲਾਗਲੇ ਪਿੰਡ ਦਾ ਵਾਸੀ ਸੀ ਬਾਰੇ ਗੱਲ ਘੁਮਾ ਦਿੱਤੀ ਗਈ ਸੀ ਕੀ ਉਹ ਈਰਾਨ ਲੈ ਕੇ ਜਾਣ ਲਈ ਨੌਜਵਾਨ ਮੁਡਿਆ ਨੂੰ ਭਰਤੀ ਕਰਨ ਆਇਆ ਹੈ ।
ਗੱਲ ਤਾਂ ਖੰਭ ਲਾ ਕੇ ਉੱਡ ਗਈ । ਘਰ ਘਰ ਲੱਗੀਆ ਹੋਣ ਗੱਲਾ .ਨੀਂ ਉਹ ਪੰਡਤਾਂ ਦਾ ਮੰਡਾ ਅਰਾਨ ਲਜਾਣ ਲਈ ਭਰਤੀ ਕਰਨ ਆਇਐ। ਕਹਿੰਦੈ ਨੌਕਰੀ ਪੱਕੀ ਲਗਾ ਦੂੰਗਾ, 'ਹੈਂਅ। ਗੱਲ਼ਾ ਕੀ ਕਰਦੈ ਨਚਾ ਦਿੰਦੈ ਸਾਰਿਾਆਂ ਨੂੰ। ਇਕ ਅੋਰਤ ਬੋਲੀ।
'ਨੀ ਹੋਂਊ ਕੋਈ ਜਾਏ ਖਾਣੇ ਦਾ ਠੱਗ। ਲਜਾਊ ਉਹ ਅਰਾਂਨ ਐਥੇ ਕਿਸੇ ਟੋਭੇ ਚ ਧੱਕਾ ਦੇ ਕੇ ਖਿਕਸ ਜੂ।' ਦੂਜੀ ਨੇ ਇਹਾ।
ਪਹਿਲੀ ਬੋਲੀ 'ਨੀ ਨਹੀਂ ਨੀ ,ਆਪਣਾ ਪਿੰਡ ਦੇ ਸੱਤ ਅੱਠ ਤਾਂ ਭਰਤੀ ਵੀ ਹੋਗੋ ਨੇ । ਹਾਂਅ । ਪਰ ਮੈ ਪੁਛਦੀ ਆਂ ਇਹ ਅੱਗ ਲੱਗਣੀ ਅਰਾਨ ਹੈ ਕਿਥੇ ? ਕਹਿੰਦੈਂ ਜਹਾਜ ਚੜ੍ਹਾਕੇ ਲਜਾਊ । ਨੀ ਪੁੱਤ ਖਾਣੇ ਦਾ ਬਾਲੀਆਂ ਗੱਲਾਂ ਮਾਰਦੈ । ਗੱਲ ਕੀ ਵਟ ਵਟ ਸਿਟਦੈ ਲਹਿ ਜਾਣਾ ।'
ਦੂਜੀ ਬੋਲੀ ਚੱਲ 'ਆਪਾਂ ਕੀ ਲੈਣੈ ਜੇਹੜੇ ਪਿੰਡ ਨੀ ਜਾਣਾ ਉਹ ਦਾ ਰਾਹ ਕੀ ਪੁੱਛਣੈ ।'
ਹੋਣ ਲੱਗੀਆਂ ਘਰ ਘਰ ਜਨਾਨੀਆਂ ਦੀਆਂ ਗੱਲਾਂ ਤੇ ਸੱਥਾਂ ਵਿੱਚ ਬੰਦਿਆ ਦੀਆਂ । ਪੰਡਤ ਹਰੇਕ ਤੋਂ ਦਸ ਹਾਜ਼ਾਰ ਰੁਪਏ ਫੜੇ ਤੇ ਬਦੇਸ਼ ਵਿੱਚ ਘੱਲੀ ਜਾਏ ।ਡਾਇਰੀ ਵਿੱਚ ਨਾਮ ਲਿਖ ਲਵੇ ।ਤਾਰੀਖ ਸਭ ਨੂੰ 22 ਅਪ੍ਰੈਲ ਦੇਈ ਜਾਏ । ਜੀਤੇ ਤੇ ਗੋਰੀ ਨੂੰ ਭੀ ਉਸਲਵੱਟੇ ਲੱਗ ਗਏ ।ਮਨ ਬਣ ਗਿਆ ਜਾਣ ਦਾ । ਆਪਣੇ ਆਪਣੇ ਘਰ ਲੱਗੇ ਘੁਸਰ ਮੁਸਰ ਕਰਨ।
'ਬੇਬੇ ਜੇ ਮੈ ਇਕ ਵਾਰੀ ਔਖਾ ਸੌਖਾ ਜਾ ਵੜਾਂ ਨਾ ਅਰਾਨ ਕੰਧਾਂ ਸੋਨੇ ਦੀਆ ਕਰਦੂੰ । ਜੁਆਨੀ ਦੀ ਸਹੁੰ,ਬਾਪੂ ਨੂੰ ਕਹਿ ਦੇ ਨਾਮੇ ਦਾ ਜੋੜ ਤੋੜ ਕਰ ਫੇਰ ਦੇਖ ਕੀ ਬਣਦੈ ।' ਜੀਤੇ ਨੇ ਮਾਂ ਨੂੰ ਕਿਹਾ ।
'ਵੇ ਪੁੱਤ ,ਆਪਾਂ ਤਾਂ ਰੋਟੀ ਮਸਾਂ ਖਾਨੇ ਆਂ ।ਆਹ ਅੱਗ ਲੱਗਣਾ ਦਸ ਹਜ਼ਾਰ ਕਿਥੋਂ ਕੱਢਾਂਗੇ । ਇਹ ਤਾਂ ਪਿੰਡ ਮਾਰੇ ਵੀ ਨੀ ਬਣਨਾ ।'
'ਲੈ ਕੀ ਕਰਦੀਐਂ ਬੇਬੇ ,ਬਾਪੂ ਨੂੰ ਕਹਿ ਦੋਵੇਂ ਮੱਝਾਂ ਹਕਾ ਦੇ ਜੇ ਫੇਰ ਭੀ ਘਟੇ ਤਾਂ ਬੈੜ੍ਹਕਾ ਵੇਚ ਦੇ ਬਸ ਬਣਗੇ।'
ਬੇਬੇ ਨੂੰ ਭੀ ਚੰਗੀ ਲੱਗੀ ਜੀਤੇ ਦੀ ਗੱਲ । ਉੱਭਲੀ ਚੁੱਭਲੀ ਲੱਗ ਗੀ।ਸੋਨੇ ਦੀਆਂ ਕੰਧਾਂ,ਮੇਰੇ ਗਲ ਚ ਬਾਰਾਂ ਮਣਕਿਆਂ ਦੀ ਹਮੇਲ,ਜੀਤੇ ਦੇ ਬਾਪੂ ਦੇ ਦੋ ਤਿੰਨ ਛਾਪਾਂ। ਸੋਚ ਚੇਹਰੇ ਤੇ ਰੌਣਕ ਆ ਗਈ ।ਇੰਜ ਲੱਗੇ ਜਿਵੇਂ ਗੁਆਢਣਾਂ ਨੂੰ ਗਲ ਦੀ ਕੰਠੀ ਦਿਖੌਣ ਚੱਲੀ ਹੋਵੇ।ਸ਼ਾਮ ਹੋ ਗਈ ਜੀਤੇ ਦਾ ਬਾਪੂ ਵੀ ਆ ਗਿਆ । ਜਾ ਬੈਠੀ ਪੈਂਦੀ ਭਾਨੋ ।ਬਣਾ ਸਵਾਰ ਕੇ ਕਹਿਣ ਲੱਗੀ .ਮਖਿਆ,ਜੀਤੇ ਦਾ ਬਾਪੂ ਪੈਸਿਆਂ ਦਾ ਭੰਨ ਘੜ ਕਰ ਲਈਏ ਤਾਂ ਆਪਾਂ ਵੀ ਜੀਤੇ ਨੂੰ ਤੋਰ ਦੀਏ। ਪੁੱਤ ਕਮਾਊ ਐ ਘਰ ਭਰਦੂ।
ਕਿੱਥੇ ਤੋਰਦੀ ਏਂ ਜੀਤੇ ਨੂੰ।ਘਰੇ ਖੜੀਆਂ ਮੱਝਾਂ ਚੰਗੀਆਂ ਨੀ ਲਗਦੀਆਂ.ਤੈਨੂੰ ਖਲ੍ਹ ਲਿਉਣ ਨੂੰ ਕੌਡੀ ਨੀ ਘਰੇ ਤੇ ਤੂੰ ਜੀਤੇ ਨੂੰ ਤੋਰਦੀ ਏਂ।ਦਸ ਹਜ਼ਾਰ ਝਾੜਾਂ ਨੂੰ ਲਗਦੇ ਐ. ਕਮਲੀ ਨਾ ਹੋਵੇ ਜੇ। ਆਪਾਂ ਨੂੰ ਤਾਂ ਐਨਾ ਨੀ ਪਤਾ ਕਿ ਦਸ ਹਜ਼ਾਰ ਕਿੱਡਾ ਕੁ ਹੁੰਦੈ । ਜੀਤੇ ਦੇ ਬਾਪੂ ਨੇ ਕਿਹਾ।
'ਵੇ ਨਹੀਂ ਵੇ । ਤੂੰ ਨਿੱਕਾ ਨਾ ਕੱਤ । ਦੇਖ ਦੋ ਮਹੀਂਆਂ ਘੱਟੋ ਘੱਟ ਅੱਠ ਨੌਂ ਹਜ਼ਾਰ ਦੀਆਂ ਹੋਣਗੀਆਂ । ਆਪਣਾ ਕੀ ਐ ਕੱਟ ਲਾਂਗੇ ਕੜਾਪਾ । ਆਹ ਹੋਈ ਛੋਟੀ ਮਗਰ ਦੀ ਮਗਰ । ਜੇ ਘਟੇ ਆ ਬੈੜਕਾ ਵੇਚ ਦਿਆਂਗੇ । ਮੁੰਡਾ ਭੇਜ, ਮੈਂ ਤਾਂ ਇਹ ਕਹਿਨੀਆਂ। ਰੇਣੀ ਲਿਆਦੂ ਇੱਕ ਵਾਰੀ ਤਾਂ।'
ਜੈ ਸਿੰਘ ਦੇ ਅੰਦਰ ਭੀ ਲੱਡੂ ਫੁੱਟਣ ਲੱਗੇ।ਜਾਚਹੁੰਦੀ ਐ ਔਰਤਾਂ ਨੂੰ ਮਰਦ ਨੂੰ ਕਦੋਂ ਅੱਡੇ ਲੈਣਾ ਐ । ਕਿਵੇਂ ਨ ਕਿਵੇਂ ਕਰਕੇ ,ਵਿਗ ਟੇਢ ਪਾ ਕੇ ਮਨਾ ਈ ਲੈਦੀਆਂ ਨੇ । ਫੇਰ ਵਧੇਰੇ ਮਾਇਆ ਦੀ ਆਸ ਬੰਦੇ ਨੂੰ ਹਥਲੀ ਮਾਇਆ ਭੀ ਲੇਖੇ ਲਾ ਦੇਣ ਲਈ ਉਤਸ਼ਾਹਤ ਕਰਦੀ ਹੈ । ਲੱਗੇ ਸੁਪਨੇ ਜੈ ਸਿੰਘ ਨੂੰ ਭੀ ਔਣ। ਗਿਟੀਆਂ ਗਿਣਦੇ ਨੇ ਹੀ ਸਾਰੀ ਰਾਤ ਗੁਜ਼ਾਰ ਦਿੱਤੀ । ਸਵੇਰੇ ਹੀ ਸੌਦੇ ਹੋ ਗਏ। ਦਸ ਹਜ਼ਾਰ ਰੁਪਈਆ ਦੇ ਕੇ ਲਿਖਵਾ ਦਿੱਤਾ ਜੀਤੇ ਦਾ ਨਾਮ ਭੀ ਡਾਇਰੀ ਵਿੱਚ । ਤਰੀਖ ਉਹੀ 22 ਮਿਲ ਗਈ ।
***
ਆ ਗਈ 22 ਤਰੀਖ। ਦਸ ਬਾਰਾਂ ਮੁੰਡੇ ਨਵੇਂ ਕੱਪੜੇ ਪਾ ਕੇ ,ਹੱਥੀਂ ਝੋਲੇ ਫੜ ਕੇ ਜਾ ਪਹੁੰਚੇ ਰੇਲਵੇ ਸਟੇਸ਼ਨ ਉਤੇ। ਰਾਤ ਦੀ ਗੱਡੀ ਦਿੱਲੀ ਲਈ ਬਠਿੰਡੇ ਸਟੇਸ਼ਨ ਤੋਂ ਚੱਲੀ। ਬੜਾ ਚਾਉ ਹੈ,ਸਾਰਿਆਂ ਦੇ ਦਿਲਾਂ ਵਿੱਚ।ਈਰਾਨ ਜਾਣਗੇ,ਕਮਾਈਆਂ ਕਰਨਗੇ ਤੇ ਝੋਲੇ ਭਰਕੇ ਮਾਇਆ ਦੇ ਘਰੀਂ ਮੁੜਨਗੇ । ਪਿੰਡ ਦੇ ਲੋਕ ਅੱਡੀਆਂ ਚੁੱਕ ਚੁੱਕ ਦੇਖਣਗੇ।ਸਾਰੀ ਰਾਤ ਨੀ ਸੁੱਤਾ ਕੋਈ।
ਕਿਸੇ ਪਾਸ ਪੰਜੀਰੀ ਸੀ।ਕਿਸੇ ਨੇ ਬਿਸਕੁਟ ਕਢਾਏ ਸੀ।ਜਾਖਲ਼ ਟੱਪਕੇ ਈ ਲੱਗ ਗਏ ਗੱਫੇ ਲੌਣ। ਪਰ ਕਿਸਮਤ ਉਨ੍ਹਾ ਉਪਰ ਹੱਸ ਰਹੀ ਸੀ।ਜਾ ਲੱਗੇ ਸਵੇਰ ਸਾਰ ਦਿੱਲੀ ਦੇ ਸਟੇਸ਼ਨ।
ਪੰਡਤ ਅੱਗੇ ਹੈ ਤੇ ਦਸ ਬਾਰਾਂ ਮੁੰਡਿਆਂ ਦੀ ਡਾਰ ਮਗਰ ਹੈ,ਪਹੁੰਚ ਗਏ ਗੁਰਦਵਾਰਾ ਸੀਸ਼ ਗੰਜ ਚਾਂਦਨੀ ਚੌਕ ਵਿੱਚ। ਪੰਡਤ ਇਨ੍ਹਾ ਨੂੰ ਗੁਰਦਵਾਰੇ ਛੱਡ ਕੇ ਚਲਾ ਗਿਆ।ਦੋ ਦਿਨ ਮੁੰਹ ਹੀ ਨਾ ਦਿਖਾਈਆ। ਮੁੰਡਿਆਂ ਦੇ ਦਿਲ ਵਿੱਚ ਭਰਿਆ ਚਾਅ ਮੱਧਮ ਪੈਣ ਲੱਗਾ।ਲੱਗੇ ਇੱਕ ਦੂਜੇ ਨੂੰ ਦਿਲਾਸਾ ਦੇਣ।
ਲਉ ਪੰਡਿਤ ਆ ਗਿਆ।ਸਾਰਿਆਂ ਨੂੰ ਝੱਟ ਪੱਟ ਤਿਆਰ ਹੋਣ ਲਈ ਕਿਹਾ।ਰਿਸ਼ਕੇ ਫੜੇ ਤੇ ਹਵਾਈ ਅੱਡੇ ਜਾ ਪਹੁੰਚੇ।ਸਾਰੇ ਹੀ ਖੁਸ਼ ਹਨ ਕਿ ਪੰਡਿਤ ਹੈ ਤਾਂ ਬੰਦਾ ਜਵਾਨ ਵਾਲਾ ਧੋਖਾ ਨੀ ਦਿੰਦਾ।
ਪੰਡਤ ਨੇ ਸਾਰਿਆਂ ਦੇ ਕਾਗਜ਼ ਪੱਤਰ ਤਿਆਰ ਕਰਕੇ ਗੂਠੇ ਲਵਾਏ ਤੇ ਕਈਆਂ ਨੇ ਦਸਖਤ ਕਰ ਦਿੱਤੇ।ਫੜਾ ਤੇ ਅੱਗੇ । ਹੁਣ ਪੰਡਤ ਹਵਾਈ ਜਹਾਜ਼ ਵੱਲ ਲੈ ਤੁਰਿਆ । ਕਿਉਂਕਿ ਟਾਈਮ ਹੋ ਚੁੱਕਿਆ ਸੀ। ਜਾ ਅਫਗਾਨ ਏਅਰਲਾਈਨ ਦੇ ਜਹਾਜ਼ ਚ ਬਿਠਾਏ। ਹੁਣ ਤੇ ਮੁੰਡਿਆਂ ਦੀ ਖੁਸ਼ੀ ਸਿਖਰਾਂ ਤੇ ਸੀ। ਸਾਰਿਆਂ ਨੂੰ ਚਾਅ ਕਿ ਉਹ ਤੇ ਪੇਂਡੂ ਭਰਾਵਾਂ ਨਾਲੋਂ ਬਹੁਤ ਉੱਚੇ ਹੋ ਗਏ ਨੇ।ਹੁਣ ਤੇ ਦਿਨਾਂ ਦੀ ਗੱਲ ਹੈ ਕਿ ਮੋਟੀਆਂ ਛਾਪਾਂ ਪਾ ਕੇ,ਵੱਡੀਆਂ ਗੋਲ ਘੜੀਆਂ ਬੰਨ੍ਹ ਕੇ ਗੁੱਟਾਂ ਤੇ,ਅਤੇ ਵਲੈਤੀ ਜਰਸੀਆਂ ਪਾ ਕੇ ਮੁੜਾਂਗੇ ਪਿੰਡ ਨੂੰ। ਜੇਬਾਂ ਵਿੱਚ ਤਾਂ ਪੌਂਡਾ ਦੀਆਂ ਮੁੱਠੀਆਂ ਹੋਣਗੀਆਂ। ਫੇਰ ਕਰਾਂਗੇ ਪੇਂਡੂ ਮੁੱਡਿਆਂ ਨੂੰ ਟਿਚਕਰਾਂ ਖੂਹ ਤਿ ਬਹਿ ਕੇ।
ਜ਼ਰਾ ਝਟਕਾ ਜੇਹਾ ਆਇਆ,ਜਹਾਜ਼ ਚੱਲ ਪਿਆ।ਜਹਾਜ਼ ਦੇ ਤੌਰ ਤਰੀਕੇ ਦਾ ਕੀ ਪਤਾ ਇਨ੍ਹਾਂ ਵਿਚਾਰਿਆਂ ਨੂੰ। ਹਰ ਗੱਲ ਵਿੱਚ ਪੰਡਤ ਹੀ ਅਗਵਾਈ ਕਰੇ।ਏਅਰ ਹੋਸਟੈਸ ਕੁੱਝ ਪੁੱਛੇ ਇਹ ਮੂੰਹ ਵੱਲ ਬਿੱਟ ਬਿੱਟ ਦੇਖੀ ਜਾਣ।ਲਈਦੇ ਦੇਈਦੇ ਆ ਪਹੁੰਚੇ ਕਾਬਲ ਹਵਾਈ ਅੱਡੇ ਤੇ। ਪੰਡਤ ਦੇ ਮਗਰ ਸਾਰੇ ਉਤਰ ਆਏ।
ਦੇਸੋਂ ਪ੍ਰਦੇਸ ਜਾਣ ਦਾ ਚਾਉ ਤਾਂ ਹਰੇਕ ਦਿਲ ਵਿੱਚ ਹੁੰਦਾ ਹੈ ਪਰ ਪਤਾ ਉਸ ਸਮੇਂ ਲਗਦਾ ਹੈ ਜਦ ਪ੍ਰਦੇਸ ਵਿੱਚਪੈਰ ਪੈਂਦਾ ਹੈ।ਖੋਇਆ ਖੋਇਆ,ਉਡਿਆ ਉਡਿਆ।ਅਨਸੁਣਾ ਕਰਦਾ ਹੈ। ਅੱਖਾਂ ਡਡਿਆ ਜਾਂਦੀਆਂ ਹਨ। ਜਨਮ ਭੂਮੀ ਦੀ ਮਿੱਟੀ ਦੀ ਸੁਗੰਧ ਗੁਆਚ ਜਾਂਦੀ ਹੈ। ਉਦਾਸੀ ਆ ਹਾਜ਼ਰ ਹੁੰਦੀ ਹੈ।ਏਹੀ ਹਾਲ ਸੀ ਹੁਣ ਇਨਾਂ ਸਾਰਿਆਂ ਦਾ। ਪਰ ਪੌਂਡਾਂ ਦੀ ਖਿੱਚ ਹਰ ਅਹਿਸਾਸ ਨੂੰ ਪਿੱਛੇ ਪਾ ਰਹੀ ਸੀ। ਢਹਿੰਦੀ ਗੱਲ ਕੁਈ ਭੀ ਨਹੀਂ ਸੀ ਕਰਦਾ।ਸਾਰੇ ਸਰਵਗ ਦੇ ਸੁਪਨੇ ਲੈਂਦੇ ਸਨ।ਪਰ ਕਿਸਮਤ ਫੇਰ ਸਾਥ ਛੱਡੀ ਜਾ ਰਹੀ ਸੀ। ਇਨ੍ਹਾਂ ਨੂੰ ਕੀ ਪਤਾ ਕਿ ਜਾਨ ਲੈਣ ਵਾਲੀਆਂ ਮੁਸ਼ਕਲਾਂ ਅਰੰਭ ਹੁਣ ਹੋਣ ਲੱਗੀਆਂ ਹਨ।
ਪੰਡਤ ਇਹਨਾਂ ਨੂੰ ਇੱਕ ਛੋਟੇ ਜੇਹੇ ਮਕਾਨ ਦੀ ਦੂਜੀ ਮੰਜ਼ਲ ਦੇ ਚੁਬਾਰੇ ਵਿੱਚ ਬਠਾ ਕੇ ਗਾਇਬ ਹੋ ਗਿਆ। ਚਾਰ ਪੰਜ ਦਿਨ ਸ਼ਕਲ ਹੀ ਨਾ ਦਿਖਾਈ।ਪੰਜੀਰੀਆਂ ਮੁੱਕ ਗਈਆਂ,ਬਿਸਕੁਟ ਬਿਲੇ ਲੱਗ ਗਏ। ਝੋਲੇ ਜਿਉਂ ਜਿਉਂ ਖਾਲੀ ਹੋਣ ਦਿਲ ਭੀ ਖਾਲੀ ਹੁੰਦੇ ਚਲੇ ਗਏ।
ਢਾਬਾ ਜਿਹਾ ਹੈ ਨੀਚੇ ਇੱਕ। ਏਥੇ ਦੋ ਵੇਲੇ ਰੁੱਖੀ ਸੁੱਖੀ ਰੋਟੀ ਮਿਲ ਜਾਂਦੀ ਹੈ। ਇੱਕ ਦੂਜੇ ਵੱਲ ਬਿਟ ਬਿਟ ਝਾਕਦੇ ਰਾਤੀਂ ਕਮਰੇ ਵਿੱਚ ਘੁਸੜਕੇ ਸੌਂ ਜਾਂਦੇ ਹਨ।
'ਲਗਦੈ ਪੰਡਤ ਤਾਂ ਮੁੜ ਗਿਆ ਦੇਸ਼ ਸਾਲਿਉ।' ਇੱਕ ਨੇ ਕਿਹਾ।
'ਉਏ ਐਂ ਕਿਵੇਂ ਮੁੜ ਜੂ।ਅੱਗੇ ਜਹਾਜ਼ ਦਾ ਬੰਨ੍ਹ ਸੁੱਭ ਕਰਨ ਗਿਆ ਬਈ ਹੈ ਚਲਾਕ ਕੰਜਰ ਦਾ।'ਦੂਜਾ ਬੋਲਿਆ।
'ਕੰਜਰ ਦਿਉ ਜੇ ਕਿਸੇ ਨੂੰ ਬਾਣੀ ਆਉਦੀ ਹੁੰਦੀ ਤਾਂ ਬਾਣੀ ਪੜ੍ਹਕੇ ਈ ਜੀ ਲਾ ਲੈਂਦੇ।' ਹੁਣ ਕੀ ਕਰੀਏ।ਤੀਜੇ ਨੇ ਕਿਹਾ।
'ਲੈ ਦੇਖ ਬਾਬੇ ਐਂਚਲ ਸਿਉਂ ਦਾ ਪੋਤਾ,ਰੱਬ ਨੂੰ ਜੱਫੀ ਪੌਣੀ ਚਾਹੁੰਦੈ।ਮਰੇਂਗਾ ਕੰਜਰ ਦਿਆ ਡਿੱਗ ਕੇ'। ਪਹਿਲਾ ਬੋਲਿਆ।
"ਚਲਦਾ"