ਅੱਖੀਂ ਦੇਖਿਆ 'ਮੀਡੀਆ ਪੰਜਾਬ' ਦਾ ਦੂਜਾ ਸਾਲਾਨਾ ਸਮਾਗਮ.....ਸ਼ਿਵਚਰਨ ਜੱਗੀ ਕੁੱਸਾ

ਕਿਸ਼ਤ 3 (ਆਖ਼ਰੀ)
ਮੌਸਮ ਬੜਾ ਸੁਹਾਵਣਾ ਸੀ।
ਲੋਕ ਏਅਰਪੋਰਟ ਦੇ ਬਾਹਰ ਧੁੱਪ ਦਾ ਆਨੰਦ ਲੈ ਕੇ ਸਮਾਂ ਹੋਣ 'ਤੇ ਅੰਦਰ ਜਾ ਰਹੇ ਸਨ। ਮੈਂ ਵੀ ਆਪਣਾ ਪਾਸਪੋਰਟ ਅਤੇ ਬੋਰਡਿੰਗ ਕਾਰਡ ਕੱਢੀ ਅੰਦਰ ਜਾ ਵੜਿਆ। 'ਚੈੱਕ-ਇੰਨ' ਕਰਵਾਉਣ ਦੀ ਲੋੜ ਨਹੀਂ ਸੀ, ਕਿਉਂਕਿ ਬਾਜਵਾ ਨੇ ਮੈਨੂੰ ਬੋਰਡਿੰਗ-ਕਾਰਡ ਹੀ ਮੇਲ ਕੀਤਾ ਹੋਇਆ ਸੀ। ਅਜੇ ਫ਼ਲਾਈਟ ਉੱਡਣ ਵਿਚ ਇਕ ਘੰਟਾ ਅਤੇ ਪੰਦਰਾਂ ਮਿੰਟ ਬਾਕੀ ਸਨ। ਬੋਰਡਿੰਗ ਸਕਰੀਨ ਉਪਰ ਅਜੇ ਗੇਟ ਨੰਬਰ ਨਹੀਂ ਆਇਆ ਸੀ। ਫ਼ਲਾਈਟ ਬਿਲਕੁਲ ਸਹੀ ਟਾਈਮ 'ਤੇ ਹੀ ਜਾ ਰਹੀ ਸੀ। ਗੇਟ ਨੰਬਰ ਦੀ ਉਡੀਕ ਕਰਦਾ ਮੈਂ ਚਾਰਲਸ ਡਿਕਨਸ ਦਾ ਨਾਵਲ 'ਗਰੇਟ ਐੱਕਸਪੈਕਟੇਸ਼ਨਜ਼' ਪੜ੍ਹ ਰਿਹਾ ਸਾਂ। ਪਰ ਨਾਵਲ ਵਿਚ ਮੇਰਾ ਮਨ ਨਹੀਂ ਲੱਗ ਰਿਹਾ ਸੀ। ਮੱਲੋਮੱਲੀ ਅੱਖ ਗੇਟ ਨੰਬਰ ਵਾਲ਼ੇ ਸਕਰੀਨ ਵੱਲ ਜਾ ਉੱਲਰਦੀ। ਨਾਵਲ ਬੰਦ ਕਰ ਮੈਂ ਆਪਣੇ ਪੁੱਤ ਕਬੀਰ ਨੂੰ ਫ਼ੋਨ ਕੀਤਾ। ਸਕੂਲੋਂ ਛੁੱਟੀਆਂ ਹੋਣ ਕਾਰਨ ਸਵੇਰ ਦੇ ਸਾਢੇ ਦਸ ਹੋਣ ਵਾਲ਼ੇ ਸਨ ਅਤੇ 'ਸ਼ੇਰ' ਅਜੇ ਵੀ ਸੁੱਤਾ ਹੀ ਪਿਆ ਸੀ। ਜਦ ਉਸ ਨੇ ਫ਼ੋਨ ਚੁੱਕਿਆ ਤਾਂ ਸੁੱਤੇ ਨੂੰ ਜਗਾ ਦੇਣ ਦਾ 'ਗ਼ਿਲਾ' ਜਿਹਾ ਕੀਤਾ। ਮੈਂ ਉਸ ਨੂੰ ਏਅਰਪੋਰਟ 'ਤੇ ਹੋਣ ਬਾਰੇ ਦੱਸਿਆ। ਮੇਰੇ ਜਰਮਨੀ ਜਾਣ ਬਾਰੇ ਤਾਂ ਉਸ ਨੂੰ ਪਤਾ ਹੀ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਮੇਰਾ ਚੱਕਰਵਰਤੀ 'ਡੈਡ' ਹਰਨਾਂ ਦੇ ਸਿੰਗੀਂ ਚੜ੍ਹਿਆ ਹੀ ਰਹਿੰਦਾ ਹੈ! ਟਿਕ ਕੇ ਬੈਠਣ ਵਾਲ਼ਾ ਇਹ ਬੰਦਾ ਨਹੀਂ! ਉਸ ਨੇ ਮੈਨੂੰ "ਹੈਵ ਏ ਨਾਈਸ ਟਾਈਮ ਇਨ ਜਰਮਨੀ, ਡੈਡ!" ਆਖ ਕੇ ਦੰਦੀਆਂ ਜਿਹੀਆਂ ਕੱਢੀਆਂ ਅਤੇ ਫ਼ੋਨ ਰੱਖ ਦਿੱਤਾ। ਇਤਨੇ ਨੂੰ ਮੇਰੀ ਫ਼ਲਾਈਟ ਦਾ ਗੇਟ ਨੰਬਰ ਸਕਰੀਨ 'ਤੇ ਮਹਿਬੂਬ ਦੀ ਅੱਖ ਵਾਂਗ ਜਗਣ ਲੱਗ ਪਿਆ। ਮੇਰੇ ਨਾਲ਼ ਦੇ ਕਈ ਹੋਰ ਹੰਭਲਾ ਮਾਰ ਕੇ ਸੋਫ਼ਿਆਂ ਤੋਂ ਉਠ ਖੜ੍ਹੇ। ਜਿਵੇਂ 'ਜਹਾਜ' ਉਤਰਿਆ ਦੇਖ ਅਮਲੀ ਫ਼ੁਰਤੀ ਨਾਲ਼ ਉਠਦੇ ਨੇ! ਨਹੀਂ ਤਾਂ ਉਹਨਾਂ ਵਿਚਾਰਿਆਂ ਦੇ ਮੂੰਹ ਤੋਂ ਮੱਖੀ ਨਹੀਂ ਉਡਦੀ ਹੁੰਦੀ!
ਇਸ ਏਅਰਪੋਰਟ 'ਤੇ ਮੈਂ ਤਿੰਨ ਕੁ ਮਹੀਨੇ ਕੰਮ ਕੀਤਾ ਹੋਣ ਕਰਕੇ ਉਥੋਂ ਦੇ ਕੁਝ ਕਰਮਚਾਰੀ ਮੇਰੇ ਕੁਝ ਜਾਣ-ਪਹਿਚਾਣ ਵਾਲ਼ੇ ਹਨ। ਉਹਨਾਂ ਨੂੰ ਮਿਲਣ ਦਾ ਵਿਚਾਰ ਸੀ। ਪਰ ਸਮਾਂ ਬਹੁਤ ਘੱਟ ਸੀ। ਇਕ ਏਅਰਪੋਰਟ ਸਕਿਊਰਿਟੀ ਦਾ ਦਫ਼ਤਰ ਵੀ ਦੂਜੇ ਪਾਸੇ ਸੀ, ਤੁਰ ਕੇ ਜਾਣ ਨੂੰ ਵੀਹ ਕੁ ਮਿੰਟ ਲੱਗ ਜਾਂਦੇ ਹਨ। ਮੈਂ ਮਿਲਣਾ-ਗਿਲਣਾ ਅਗਲੀ ਵਾਰ 'ਤੇ ਛੱਡ ਕੇ ਜਹਾਜ ਵਿਚ ਆ ਬੈਠਾ। 'ਰਾਇਨ ਏਅਰ' ਵਿਚ ਰੋਡਵੇਜ਼ ਦੀ ਲਾਰੀ ਵਾਲ਼ਾ ਹੀ ਸਿਸਟਮ ਹੈ। ਕੋਈ ਸੀਟ ਨੰਬਰ ਦਾ ਯੱਭ ਨਹੀਂ। ਜੋ ਪਹਿਲਾਂ ਆ ਗਿਆ, ਜਿਹੜੀ ਹੱਥ ਲੱਗੀ, ਸੀਟ ਮੱਲ ਕੇ ਬੈਠ ਗਿਆ। ਕਈ ਲੋਕ 'ਵਿੰਡੋ-ਸਾਈਡ' ਵਾਲ਼ੀ ਸੀਟ ਲੈਣ ਲਈ ਫ਼ਲਾਈਟ ਵੱਲ ਨੂੰ 'ਦੌੜ' ਲਾਉਂਦੇ ਹਨ। ਪਰ ਮੈਨੂੰ ਹੁਣ ਇਸ ਦਾ ਕੋਈ ਚਾਅ ਜਿਹਾ ਹੀ ਨਹੀਂ ਹੈ! ਪਰ ਫ਼ਿਰ ਵੀ ਮੈਨੂੰ 'ਵਿੰਡੋ-ਸਾਈਡ' ਸੀਟ ਮਿਲ਼ ਗਈ। ਸਟੈੱਨਸਟੈੱਡ ਏਅਰਪੋਰਟ ਦਾ ਤਕਰੀਬਨ ਸਾਰਾ ਇਲਾਕਾ, ਮੈਦਾਨੀ ਇਲਾਕਾ ਹੈ। ਇੱਥੋਂ ਉਡਦਿਆਂ ਕਦੇ-ਕਦੇ ਅੰਮ੍ਰਿਤਸਰ ਏਅਰਪੋਰਟ ਦਾ ਭੁਲੇਖਾ ਜਿਹਾ ਪੈਂਦਾ ਹੈ। ਡਰ ਤਾਂ ਬੰਦੇ ਨੂੰ ਸਪੇਨ ਦੇ ਬਾਰਸੀਲੋਨਾ ਏਅਰਪੋਰਟ 'ਤੇ ਲੱਗਦਾ ਹੈ। ਉਹ ਏਅਰਪੋਰਟ ਟਾਪੂ 'ਤੇ ਸਥਿੱਤ ਹੈ, ਜਦ ਜਹਾਜ 'ਰਨ-ਵੇਅ' ਦੇ ਨੇੜ ਜਾਂਦਾ ਹੈ ਤਾਂ ਆਦਮੀ ਨੂੰ ਇਹ ਲੱਗਦਾ ਹੈ ਕਿ ਇਹ ਤਾਂ ਜਾ ਸਮੁੰਦਰ ਵਿਚ ਜਾ ਉੱਤਰਿਆ। ਜੇ ਸਾਡੇ ਪਿੰਡ ਵਾਲ਼ੇ ਭੋਲੇ ਮਰਾਸੀ ਵਰਗਾ ਨਾਲ਼ ਬੈਠਾ ਹੋਵੇ ਤਾਂ ਇੱਕੋ ਗੱਲ ਨਾਲ਼ ਅਗਲੇ ਦਾ ਕਾਲ਼ਜਾ ਕੱਢ ਦੇਵੇ, "ਲੈ ਬਈ ਬਾਈ, ਇਹ ਤਾਂ ਗਿਆ ਬਈ..!" ਜਿਹਨਾਂ ਨੂੰ ਤਾਂ ਇਸ ਬਾਰੇ ਪਤਾ ਹੈ, ਉਹਨਾਂ ਦੀ ਕੌਡੀ ਤਾਂ ਫ਼ਿਰ ਵੀ ਸ਼ਾਂਤ ਰਹਿੰਦੀ ਹੈ। ਪਰ ਜਿਹਨਾਂ ਨੂੰ ਨਹੀਂ ਪਤਾ ਅਤੇ ਪਹਿਲੀ ਵਾਰ ਗਏ ਹੁੰਦੇ ਹਨ, ਤਾਂ ਉਹ ਜਹਾਜ ਦੇ ਹਾਦਸੇ ਬਾਰੇ ਸੋਚ ਕੇ ਕੰਬ ਜਾਂਦੇ ਹਨ!
ਪੂਰੇ ਇਕ ਘੰਟੇ ਅਤੇ ਪੰਦਰਾਂ ਮਿੰਟਾਂ ਵਿਚ ਜਹਾਜ ਲਾਈਪਜ਼ਿੱਗ ਦੇ 'ਆਊਗਸਬਰਗ' ਏਅਰਪੋਰਟ ਜਾ ਉੱਤਰਿਆ। ਆਊਗਸਬੁਰਗ ਏਅਰਪੋਰਟ ਬਹੁਤ ਹੀ ਛੋਟਾ ਜਿਹਾ ਏਅਰਪੋਰਟ ਹੈ।
ਜਦ ਅੰਦਰ ਜਾ ਕੇ ਲਾਈਨ ਵਿਚ ਲੱਗਿਆ ਤਾਂ ਇਕ ਖੂੰਜੇ ਖੜ੍ਹੀ ਜਰਮਨ ਪੁਲੀਸ ਅਫ਼ਸਰ ਨੇ ਪਹਿਲਾਂ ਇਕ ਵਾਰ ਅਤੇ ਫ਼ਿਰ ਦੂਜੀ ਵਾਰ ਮੁੜ ਕੇ ਮੇਰੇ ਵੱਲ ਬੜੇ ਗਹੁ ਨਾਲ਼ ਦੇਖਿਆ, ਜਿਵੇਂ ਮੈਂ ਕੋਈ 'ਦਸ ਨੰਬਰੀਆ' ਹੋਵਾਂ! ਕਿਉਂਕਿ ਸਾਰੀ ਲਾਈਨ ਵਿਚ ਮੈਂ 'ਕੱਲਾ ਹੀ 'ਦੇਸੀ' ਬੰਦਾ ਸੀ। ਪਰ ਚੈਕਿੰਗ ਕਾਊਂਟਰ 'ਤੇ ਬੈਠੇ ਪੁਲੀਸ ਅਫ਼ਸਰ, ਇਕ ਲੜਕਾ ਅਤੇ ਇਕ ਲੜਕੀ ਦੇ ਮਨ 'ਤੇ ਕੋਈ ਬਹੁਤਾ ਪ੍ਰਤੀਕਰਮ ਨਾ ਹੋਇਆ। ਮੈਂ ਆਪਣਾ ਪਾਸਪੋਰਟ ਅੱਗੇ ਕੀਤਾ ਤਾਂ ਕੁੜੀ ਨੇ ਮੈਨੂੰ ਮਿੱਠੀ ਮੁਸਕੁਰਾਹਟ ਦੇ ਕੇ ਅੱਗੇ ਜਾਣ ਦਾ ਇਸ਼ਾਰਾ ਕਰ ਦਿੱਤਾ। ਜਦ ਮੈਂ ਕਦੇ ਬਾਹਰਲੇ ਏਅਰਪੋਰਟਾਂ 'ਤੇ ਜਾਂਦਾ ਹਾਂ ਤਾਂ ਮੈਨੂੰ ਭਾਰਤ ਦੇ ਏਅਰਪੋਰਟਾਂ ਬਾਰੇ ਸੋਚ ਕੇ ਅਤੀਅੰਤ ਮਾਯੂਸੀ ਹੁੰਦੀ ਹੈ। ਅੰਮ੍ਰਿਤਸਰ ਏਅਰਪੋਰਟ 'ਤੇ ਬੈਠੇ ਪੰਜਾਬੀ ਅਫ਼ਸਰ ਤਾਂ ਫ਼ਿਰ ਵੀ ਦਇਆ ਵਾਲ਼ੇ ਅਤੇ ਖ਼ੁਸ਼-ਮਿਜਾਜ਼ ਹਨ। ਪਰ ਦਿੱਲੀ ਵਾਲ਼ੇ ਤਾਂ ਬੰਦੇ ਵੱਲ ਇੰਜ ਦੇਖਦੇ ਨੇ, ਜਿਵੇਂ ਠਾਣੇਦਾਰ ਭੁੱਕੀ ਦੇ ਬਲੈਕੀਏ ਵੱਲ ਦੇਖਦੈ! ਉਹਨਾਂ ਦੇ ਮੂੰਹ 'ਤੇ ਉਦਾਸੀ ਇਉਂ ਛਾਈ ਹੁੰਦੀ ਹੈ, ਜਿਵੇਂ ਕੁੜੀ ਦਾਜ 'ਚ ਬਲੀ ਚੜ੍ਹ ਗਈ ਹੋਵੇ। ਪਤਾ ਨਹੀਂ ਉਹ ਕਿਉਂ ਅੱਕੇ-ਅੱਕੇ ਜਿਹੇ ਰਹਿੰਦੇ ਹਨ? ਬਾਹਰਲੇ ਏਅਰਪੋਰਟ ਦੇ ਕਰਮਚਾਰੀਆਂ ਦੇ ਮੂੰਹ ਵਾਲ਼ੀ ਮੁਸਕਾਣ ਭਾਰਤ ਜਾ ਕੇ ਬੰਦੇ ਨੂੰ ਖੱਲ-ਖੂੰਜੇ ਫ਼ਰੋਲਿਆਂ ਵੀ ਨਹੀਂ ਮਿਲ਼ਦੀ।
ਲਾਈਪਜ਼ਿੱਗ ਆਊਗਸਬੁਰਗ ਏਅਰਪੋਰਟ 'ਤੇ ਖੜ੍ਹਿਆਂ ਮੈਨੂੰ ਪੌਣਾਂ ਘੰਟਾ ਹੋ ਚੱਲਿਆ ਸੀ। ਪਰ ਮੈਨੂੰ ਕੋਈ ਲੈਣ ਨਾ ਬਹੁੜਿਆ। ਲੈਣ ਮੈਨੂੰ ਗੁਰਵਿੰਦਰ ਨੇ ਹੀ ਆਉਣਾ ਸੀ। ਗੁਰਵਿੰਦਰ ਦਾ ਪੂਰਾ ਨਾਂ ਤਾਂ ਗੁਰਵਿੰਦਰ ਸਿੰਘ ਘੁੰਮਣ ਹੈ। ਪਿਛਲੀ ਵਾਰ ਵੀ ਮੈਨੂੰ ਗੁਰਵਿੰਦਰ ਹੀ ਲੈਣ ਆਇਆ ਸੀ ਅਤੇ ਏਅਰਪੋਰਟ 'ਤੇ ਛੱਡ ਕੇ ਵੀ ਉਹੀ ਗਿਆ ਸੀ। ਮੈਂ ਬਾਜਵੇ ਨੂੰ ਫ਼ੋਨ ਕੀਤਾ। ਬਾਜਵੇ ਨੇ ਮੇਰਾ ਨੰਬਰ ਪਛਾਣ ਕੇ ਹੀ ਦਬੜੂ-ਘੁਸੜੂ ਚਲਾਇਆ, "ਬਾਈ ਜੀ ਬੰਦਾ ਪੰਜ ਮਿੰਟਾਂ 'ਚ ਥੋਡੇ ਕੋਲ਼ੇ ਪਹੁੰਚਣ ਵਾਲ਼ੈ! ਕਾਰ ਪਾਰਕਿੰਗ 'ਚ ਗੱਡੀ ਪਾਰਕ ਕਰ ਰਿਹੈ!" ਉਸ ਨੇ ਮੇਰੀ ਇਕ ਨਾ ਸੁਣੀ ਅਤੇ ਫ਼ੋਨ ਰੱਖ ਦਿੱਤਾ। ਹਾਲ-ਚਾਲ ਵੀ ਨਾ ਪੁੱਛਿਆ। ਤਕਰੀਬਨ ਅੱਧੇ ਕੁ ਘੰਟੇ ਬਾਅਦ ਗੁਰਵਿੰਦਰ ਪਹੁੰਚ ਗਿਆ। ਜਦ ਉਸ ਨੇ ਕਾਰ ਖੜ੍ਹੀ ਕੀਤੀ ਤਾਂ ਭਰਾਵਾਂ ਵਾਲ਼ੀਆਂ ਗਲਵਕੜੀਆਂ ਕਸੀਆਂ ਗਈਆਂ।
-"ਲੇਟ ਹੋ ਗਿਆ..?" ਮੈਂ ਗੁਰਵਿੰਦਰ ਨੂੰ ਪੁੱਛਿਆ।
-"ਮੈਨੂੰ ਤਾਂ ਬਾਜਵੇ ਨੇ ਦੱਸਿਆ ਸੀ ਕਿ ਫ਼ਲਾਈਟ ਦੋ ਵਜੇ ਆਉਣੀ ਐਂ..!"
-"ਨਹੀਂ ਫ਼ਲਾਈਟ ਤਾਂ ਸਵਾ ਇੱਕ ਵਜੇ ਈ ਆ ਉਤਰੀ ਸੀ!"
-"ਰਾਹ 'ਚ ਟਰੈਫ਼ਿਕ ਵੀ ਬਹੁਤ ਸੀ ਭਾਅ ਜੀ..!"
-"ਚਲੋ ਕੋਈ ਗੱਲ ਨ੍ਹੀ..! ਪਰ ਮੈਂ ਬਾਜਵੇ ਨੂੰ ਲੰਡਨ ਏਅਰਪੋਰਟ ਤੋਂ ਵੀ ਫ਼ੋਨ ਕਰਕੇ ਦੱਸਿਆ ਸੀ ਕਿ ਫ਼ਲਾਈਟ ਸਵਾ ਇੱਕ ਆ ਉਤਰਨੀ ਐ..!"
-"ਫ਼ੇਰ ਉਹਦੇ ਸਮਝਣ 'ਚ ਫ਼ਰਕ ਰਹਿ ਗਿਆ ਹੋਣੈਂ..?"
-"ਬਾਜਵੇ ਨੂੰ ਛੱਡੀਦਾ ਮੱਝ ਵੱਲੀਂ ਐਂ ਤੇ ਚਲਿਆ ਕੱਟੇ ਵੱਲ ਜਾਂਦੈ..! ਇਹਦੀ ਸਮਝ ਦਾ ਕੀ ਕਰੀਏ..?" ਮੇਰੇ ਆਖਣ 'ਤੇ ਅਸੀਂ ਦੋਵੇਂ ਹੱਸ ਪਏ।
-"ਪਰ ਯਾਰ ਵੱਸ ਬਾਜਵੇ ਦੇ ਵੀ ਨਹੀਂ..! ਬੰਦਾ ਰੁੱਝਿਆ ਈ ਬਹੁਤ ਹੋਣੈ..? ਐਨੇ ਬੰਦੇ ਕਿੱਥੋਂ-ਕਿੱਥੋਂ ਆਉਣੇ ਐਂ, ਸਾਂਭਣੇ ਕਿਹੜਾ ਸੌਖੇ ਐ..?" ਹੁਣ ਲਿਖਦੇ ਨੂੰ ਮੈਨੂੰ ਬਠਿੰਡੇ ਵਾਲ਼ੇ ਬਿੰਦਰ ਸਿੰਘ ਭੁੱਲਰ ਦੀ ਆਖੀ ਗੱਲ ਵਿਚੋਂ "ਊਠਾਂ ਵਾਲ਼ਿਆਂ ਨੂੰ ਸਾਂਭਣਾਂ ਆਸਾਨ ਨਹੀਂ" ਵਾਲ਼ੀ ਗੱਲ ਯਾਦ ਆ ਗਈ। ਉਹ ਗੱਲ ਮੈਂ ਪੂਰੀ ਕਰ ਦਿੰਦਾ ਹਾਂ। 'ਊਠਾਂ ਵਾਲ਼ਿਆਂ' ਨਾਲ਼ ਮੇਰਾ ਵੀ ਬਹੁਤ ਵਾਹ ਰਿਹਾ ਹੈ, ਕਿਉਂਕਿ ਬਠਿੰਡੇ ਜਿਲ੍ਹੇ ਦੇ ਪਿੰਡ ਬੱਜੋਆਣੇ ਵਿਚ ਮੇਰੇ ਨਾਨਕੇ ਹਨ! ਬੱਜੋਆਣਾ ਬਾਜਾਖਾਨਾਂ-ਨਥਾਣਾਂ ਸੜਕ 'ਤੇ ਮਹਿਰਾਜ ਕੋਲ਼ ਸੜਕ ਤੋਂ ਹਟਵਾਂ ਪਿੰਡ ਹੈ। ਵੈਸੇ ਇਸ ਪਿੰਡ ਵਿਚ ਹੁਣ ਮੇਰੇ ਨਾਨਕਿਆਂ ਦਾ ਕੋਈ ਵਸਦਾ ਨਹੀਂ। ਕਿਉਂਕਿ ਮੇਰੇ ਪੰਜ ਮਾਮਿਆਂ ਵਿਚੋਂ ਚਾਰ ਤਾਂ 'ਚੜ੍ਹਾਈ' ਕਰ ਗਏ ਹਨ ਅਤੇ ਅੱਗੇ ਉਹਨਾਂ ਦੇ ਪ੍ਰੀਵਾਰਾਂ ਨੇ ਸ਼ਹਿਰ ਵਸੇਬੇ ਕਰ ਲਏ ਹਨ।
ਇਕ ਤਾਂ 'ਯਾਰੀ ਹਾਥੀਆਂ ਨਾਲ਼ ਤੇ ਬਾਰ ਰੱਖਣੇ ਭੀੜ੍ਹੇ' ਦੀ ਕਹਾਵਤ ਮਸ਼ਹੂਰ ਹੈ। ਊਠਾਂ ਵਾਲ਼ਿਆਂ ਨਾਲ਼ ਯਾਰੀ ਬਾਰੇ ਲੋਕ ਤਾਂ ਆਖਦੇ ਹੁੰਦੇ ਸਨ ਕਿ ਇਕ ਤਾਂ ਊਠਾਂ ਦੀ ਮੁੱਖ ਅਤੇ ਮਨਚਾਹਤ ਖ਼ੁਰਾਕ ਗੁਆਰਾ ਹੁੰਦੀ ਹੈ ਅਤੇ ਇਕ ਥੋੜ੍ਹੇ ਗੁਆਰੇ ਨਾਲ਼ ਊਠਾਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ। ਇਕ ਉਹਨਾਂ ਨੂੰ ਬੰਨ੍ਹਣ ਵਾਸਤੇ ਖੁੱਲ੍ਹੀ-ਡੁੱਲ੍ਹੀ ਥਾਂ ਦੀ ਲੋੜ ਪੈਂਦੀ ਐ! ਰਾਤ ਨੂੰ ਊਠ ਅਰੜਾਉਂਦੇ ਵੀ ਬਹੁਤ ਹਨ ਅਤੇ ਕਈ 'ਵੱਢਣ' ਵਾਲ਼ੇ ਊਠ ਤੇ ਕਈ 'ਮਾਰਖ਼ੋਰੇ' ਵੀ ਬਹੁਤ ਹੁੰਦੇ ਹਨ। ਇਕ ਵੱਡੀ ਗੱਲ ਊਠ ਦੀ ਇਹ ਭੈੜ੍ਹੀ ਹੈ ਕਿ ਊਠ ਦਾ ਮਾਲਕ ਉਸ ਕੋਲ਼ ਮੰਜਾ ਡਾਹ ਕੇ ਸੌਂ ਨਹੀਂ ਸਕਦਾ, ਪੁੱਠੇ ਪਾਸੇ ਨੂੰ 'ਧਾਰ' ਜਿਉਂ ਮਾਰਦੇ ਨੇ! ਉਸ ਦਾ ਧਿਆਨ ਵੀ ਘਰਦਿਆਂ ਨੂੰ ਹੀ ਰੱਖਣਾ ਪੈਂਦਾ ਹੈ। ਸੁਣਿਆਂ ਹੈ ਕਿ ਜੇ ਵੱਢਣ ਵਾਲ਼ਾ ਊਠ ਕਿਸੇ ਦੇ ਗਲ਼ ਨੂੰ ਮੂੰਹ ਪਾ ਲਵੇ ਤਾਂ ਮਾਰ ਕੇ ਦਮ ਲੈਂਦਾ ਹੈ। ਮੇਰੇ ਨਾਨਾਂ ਜੀ ਦੀ ਮੌਤ ਵੀ ਊਠ ਦੇ ਵੱਢਣ ਕਾਰਨ ਹੀ ਹੋਈ ਸੀ। ਬਾਈ ਬਿੰਦਰ ਦੀ ਗੱਲ ਸੱਚੀ ਹੈ ਕਿ ਲੇਖਕਾਂ ਅਰਥਾਤ 'ਊਠਾਂ ਵਾਲ਼ਿਆਂ' ਨੂੰ 'ਸਾਂਭਣਾਂ' ਸੌਖਾ ਨਹੀਂ! ਬਾਈ ਦੇ ਲਿਖਣ ਮੁਤਾਬਿਕ ਸ਼ਾਇਦ ਲੇਖਕਾਂ ਦੀਆਂ ਕਿਸਮਾਂ ਵੀ ਹੁੰਦੀਆਂ ਹੋਣ? ਗੁਆਰਾ ਚਰਨ ਵਾਲ਼ੇ ਜਾਂ ਬਿੱਘੇ 'ਚ ਪੈਣ ਵਾਲ਼ੇ? ਮਾਰਖ਼ੋਰੇ ਜਾਂ ਗਲ਼ ਨੂੰ ਮੂੰਹ ਪਾਉਣ ਵਾਲ਼ੇ? ਕੋਈ ਹੋਰ ਗੱਲ ਲਿਖ ਕੇ ਕੁੱਟ ਖਾਣ ਤੋਂ ਪਹਿਲਾਂ ਮੈਂ 'ਫ਼ੈਸਲਾ' ਬਾਈ ਬਿੰਦਰ ਦੇ ਹੱਥ ਵਿਚ ਹੀ ਛੱਡਦਾ ਹਾਂ। ਪਰ ਮੇਰੀ ਜ਼ਿੰਦਗੀ ਦਾ ਤਜ਼ਰਬਾ ਇਕ ਮਾੜਾ ਹੈ। ਮੈਨੂੰ ਹਰ ਤਰ੍ਹਾਂ ਦਾ ਲੇਖਕ 'ਫ਼ਿੱਟ' ਆ ਜਾਂਦਾ ਹੈ। ਪਰ 'ਘੁਰਾੜਿਆਂ' ਵਾਲ਼ੇ ਲੇਖਕ ਤੋਂ ਮੈਨੂੰ ਰੱਬ ਬਚਾਵੇ! ਹੁਣ ਨਾਂ ਨਹੀਂ ਲੈਣਾਂ, ਮੈਨੂੰ ਇਕ ਵਾਰੀ ਇਕ ਘੁਰਾੜਿਆਂ ਵਾਲ਼ੇ ਲੇਖਕ ਕੋਲ਼ ਪੈਣ ਦਾ 'ਸੁਭਾਗ' ਪ੍ਰਾਪਤ ਹੋਇਆ। ਘੁਰਾੜ੍ਹਾ ਤਾਂ ਸਾਡੇ ਪਿਉ ਦਾ ਵੀ ਪਾਕਿਸਤਾਨ ਤੋਂ ਹੋ ਕੇ ਮੁੜਦਾ ਸੀ ਤੇ ਹੁਣ ਮੇਰੇ ਜੁਆਨ ਪੁੱਤ ਦਾ ਘੁਰਾੜਾ ਵੀ ਘੱਟੋ-ਘੱਟ ਫ਼ਿਰੋਜਪੁਰੋਂ ਮੋੜਾ ਪਾਉਂਦਾ ਹੈ। ਪਰ 'ਓਸ' ਲੇਖਕ ਬਾਈ ਦਾ ਘੁਰਾੜਾ ਤਾਂ...! ਬੱਸ ਜਿੰਨਾਂ ਝੂਠ ਮਾਰ ਦਿਓ, ਓਨਾਂ ਹੀ ਭੈੜਾ! ਮੈਂ ਅੱਗੇ ਨਾਵਲ 'ਤਵੀ ਤੋਂ ਤਲਵਾਰ ਤੱਕ' ਵਿਚ ਵੀ ਜ਼ਿਕਰ ਕਰ ਚੁੱਕਾ ਹਾਂ! ਉਸ ਪਤੰਦਰ ਦੇ ਨੱਕ ਕੋਲ਼ ਚਮਚਾ ਰੱਖ ਦਿਓ, ਉਹ ਸਾਡਾ ਲੇਖਕ ਬੇਲੀ ਘੁਰਾੜਾ ਮਾਰਨ ਤੋਂ ਬਾਅਦ ਨੱਕ ਨਾਲ਼ ਚਮਚਾ ਕਿਉਂ ਨਾ ਅੰਦਰ ਖਿੱਚ ਲਵੇ! ਬਚ ਕੇ ਮੋੜ ਤੋਂ..!
ਯਾਦ ਆਇਆ! ਜਦ ਅਸੀਂ ਕਵੀ-ਦਰਬਾਰ ਤੋਂ ਬਾਅਦ ਗੁਰਵਿੰਦਰ ਦੇ ਘਰੇ ਸੌਣ ਗਏ, ਮੇਰਾ ਅਤੇ ਅਮਨਦੀਪ ਕਾਲਕਟ ਦਾ ਕਮਰਾ ਇਕ ਹੀ ਸੀ। ਮੈਂ ਕਾਲਕਟ ਨੂੰ ਕਿਹਾ, "ਲੈ ਬਈ ਨਿੱਕਿਆ, ਮੈਨੂੰ ਤਾਂ ਕਦੇ ਸੁਣਿਆਂ ਨੀ, ਪਰ ਤੇਰੀ ਭਾਬੀ ਦੱਸਦੀ ਹੁੰਦੀ ਐ ਬਈ ਮੇਰਾ ਘੁਰਾੜਾ ਅਤੀਅੰਤ ਖ਼ਤਰਨਾਕ ਐ..!" ਅਮਨਦੀਪ ਕਾਲਕਟ ਕਹਿਣ ਲੱਗਿਆ, "ਬਾਈ ਜੀ, ਜੇ ਤਾਂ ਆਗੀ ਨੀਂਦ, ਫ਼ੇਰ ਤਾਂ ਪ੍ਰਵਾਹ ਨੀ, ਪਰ ਜੇ ਨੀਂਦ ਆਉਣ ਤੋਂ ਤੁਸੀਂ ਪਹਿਲਾਂ ਸ਼ੁਰੂ ਹੋ ਗਏ, ਫ਼ੇਰ ਅੱਲਾ ਬੇਲੀ!" ਪਰ ਪਤਾ ਸਾਨੂੰ ਕਿਸੇ ਦੇ ਘੁਰਾੜੇ ਦਾ ਨਹੀਂ ਲੱਗਿਆ, ਕਿਉਂਕਿ ਸਾਨੂੰ ਪੈਣ ਸਾਰ ਹੀ ਨੀਂਦ ਆ ਗਈ। ਸਵੇਰ ਦੇ ਚਾਰ ਤਾਂ ਵੱਜ ਗਏ ਸਨ। ਤੇ ਦੋ ਘੰਟੇ ਬਾਅਦ ਛੇ ਵਜੇ ਅਸੀਂ ਫ਼ਿਰ ਉਠਣਾ ਸੀ! ਮੈਂ ਕਾਲਕਟ ਨੂੰ ਇਕ ਗੱਲ ਸੁਣਾਈ। ਮੈਂ ਕਿਹਾ ਕਾਲਕਟ, ਜਦੋਂ ਤੇਰੀ ਭਾਬੀ ਨਵੀਂ-ਨਵੀਂ ਆਈ ਤਾਂ ਉਹ ਮੇਰੇ ਘੁਰਾੜਿਆਂ ਤੋਂ ਬੜੀ ਦੁਖੀ! ਇਕ ਰਾਤ ਸੌਣ ਤੋਂ ਪਹਿਲਾਂ ਮੈਂ ਕਿਹਾ ਇਕ ਬਾਤ ਬੁੱਝ! ਕਹਿੰਦੀ ਬੋਲੋ? ਮੈਂ ਬਾਤ ਪਾਈ, "ਆਉਂਦੈ, ਤੇ ਭੱਠੀ ਢਾਹ ਕੇ ਰਾਹ ਪੈਂਦੀ ਐ!" ਤੇ ਪੈਂਦੀ ਸੱਟੇ ਕਹਿੰਦੀ, "ਥੋਡਾ ਘੁਰਾੜਾ!" ਮੇਰੇ ਘੁਰਾੜਿਆਂ ਤੋਂ ਡਰਦੀ ਉਹ ਦਿਨੇਂ ਸੋਫ਼ੇ 'ਤੇ ਪਈ ਵੀ 'ਬੁੜ੍ਹਕ-ਬੁੜ੍ਹਕ' ਡਿੱਗੀ ਜਾਂਦੀ ਸੀ। ਸਮਾਂ ਪਾ ਕੇ ਉਸ ਨੂੰ ਆਦਤ ਜਿਹੀ ਪੈ ਗਈ। ਹੁਣ ਮੇਰਾ ਘੁਰਾੜਾ ਵੱਜੇ, ਚਾਹੇ ਨਾ ਵੱਜੇ, ਉਸ ਨੂੰ ਮਹਿਸੂਸ ਨਹੀਂ ਹੁੰਦਾ। ਨਹੀਂ ਮੈਨੂੰ ਰਾਤ ਨੂੰ 'ਧੱਫ਼ੇ' ਜਿਹੇ ਮਾਰਦੀ ਰਹਿੰਦੀ ਸੀ, "ਜਨਾਬ ਘੁਰਾੜਾ ਬੰਦ ਕਰੋ!" ਧੱਫ਼ਾ ਜਿਹਾ ਵੱਜਣ ਕਾਰਨ ਘੁਰਾੜਾ 'ਕੁਝ ਚਿਰ' ਲਈ ਤਾਂ ਬੰਦ ਹੋ ਜਾਂਦਾ। ਪਰ ਥੋੜ੍ਹੇ ਸਮੇਂ ਬਾਅਦ ਢੀਠ ਸਾਧ ਵਾਂਗ ਫ਼ਿਰ ਅਲਾਪ ਸ਼ੁਰੂ ਹੋ ਜਾਂਦਾ ਸੀ। ਫ਼ਿਰ ਹੌਲ਼ੀ-ਹੌਲ਼ੀ ਉਹ ਇਸ ਦੀ 'ਆਦੀ' ਜਿਹੀ ਹੋ ਗਈ।
æææਅਸੀਂ ਢਾਈ ਕੁ ਵਜੇ ਗੁਰਵਿੰਦਰ ਦੇ ਘਰ ਆ ਗਏ। ਜਰਨੈਲ ਕੰਮ 'ਤੇ ਗਿਆ ਹੋਇਆ ਸੀ। ਗੁਰਵਿੰਦਰ ਦਾ ਹਿਸਾਬ-ਕਿਤਾਬ ਕਰਨ ਵਾਲ਼ੀ ਗੋਰੀ ਬੀਬੀ ਕੰਪਿਊਟਰ 'ਤੇ ਅੱਕੀ ਬੈਠੀ ਸੀ। ਗੁਰਵਿੰਦਰ ਦੇ ਖੁੱਲ੍ਹੇ-ਡੁੱਲ੍ਹੇ ਘਰ ਦਾ ਇਕ ਹਿੱਸਾ ਉਸ ਦੇ ਦਫ਼ਤਰ ਦੇ ਕੰਮ ਵੀ ਆਉਂਦਾ ਹੈ। ਜਿੱਥੇ ਉਸ ਦੀ 'ਅਕਾਂਊਂਟੈਂਟ' ਗੋਰੀ ਹਿਸਾਬ-ਕਿਤਾਬ ਦਾ ਕੰਮ ਕਰਦੀ ਹੈ। ਅਸੀਂ ਚਾਹ ਪੀਤੀ ਅਤੇ ਗੱਲਾਂ-ਬਾਤਾਂ ਵਿਚ ਰੁੱਝ ਗਏ। ਕਦੇ-ਕਦੇ ਉਹ ਗੋਰੀ ਬੀਬੀ ਵੀ ਸਾਡੀਆਂ ਗੱਲਾਂ ਵਿਚ ਸਾਂਝ ਪਾਉਂਦੀ। ਬਾਜਵੇ ਦੇ ਫ਼ੋਨ ਤੋਂ ਪਤਾ ਚੱਲਿਆ ਕਿ ਅਮਨਦੀਪ ਕਾਲਕਟ ਅੱਜ ਨਹੀਂ ਆ ਰਿਹਾ ਸੀ, ਪਰ ਕੱਲ੍ਹ ਸੁਦੇਹਾਂ ਸਾਝਰੇ ਹੀ ਪਹੁੰਚ ਜਾਵੇਗਾ। ਉਹ ਕਿਸੇ ਨਾ ਟਾਲ਼ੇ ਜਾਣ ਵਾਲ਼ੇ ਕੰਮ ਵਿਚ ਫ਼ਸ ਗਿਆ ਸੀ।
ਸ਼ਾਮ ਨੂੰ ਪੀਜ਼ਾ ਛਕ ਕੇ ਅਸੀਂ ਬਾਜਵੇ ਦੇ ਘਰ ਜਾ ਵੜੇ। ਉਥੇ ਸੁਰੀਲੀ ਗਾਇਕਾ ਭੈਣ ਕੁਲਵੰਤ ਕੌਰ ਜੀ ਚੰਨ, ਉਹਨਾਂ ਦੇ ਪਤੀ ਸ਼ ਰਣਜੀਤ ਸਿੰਘ ਚੰਨ, ਭੈਣ ਗੁਰਦੀਸ਼ ਪਾਲ ਕੌਰ ਬਾਜਵਾ, ਬਲਦੇਵ ਬਾਜਵਾ, ਪ੍ਰਮਿੰਦਰ ਬੈਂਸ, ਪ੍ਰਮਿੰਦਰ ਬੈਂਸ ਦੀ ਪਤਨੀ, ਬੀਬੀ ਬਲਵਿੰਦਰ ਕੌਰ ਬੈਂਸ, ਅਨੋਖ ਸਿੰਘ ਘੁੰਮਣ (ਬੌਬੀ) ਹੋਰੀਂ ਬੈਠੇ ਸਨ। ਬਲਵਿੰਦਰ ਬੈਂਸ ਦਾ ਅੱਜ ਜਨਮ ਦਿਨ ਸੀ ਅਤੇ ਉਹ ਕੇਕ ਕੱਟ ਕੇ ਹਟੇ ਸਨ। ਕੇਕ ਦਾ ਸੁਆਦ ਵੀ ਦੇਖਿਆ ਅਤੇ ਚਾਹ ਵੀ ਪੀਤੀ। ਸਾਰਿਆਂ ਨਾਲ਼ ਗੱਲਾਂ-ਬਾਤਾਂ ਵੀ ਹੋਈਆਂ। ਬਾਈ ਮੋਤਾ ਸਿੰਘ ਸਰਾਏ ਅਤੇ ਸ਼ ਸਤਨਾਮ ਸਿੰਘ ਬੱਬਰ ਹੋਰੀਂ ਅਜੇ ਪਹੁੰਚੇ ਨਹੀਂ ਸਨ। ਬਾਹਰ ਮੀਂਹ ਵੀ ਅੰਤਾਂ ਦਾ ਵਰ੍ਹ ਰਿਹਾ ਸੀ ਅਤੇ ਜਰਮਨ ਦੀ 'ਹਾਈਵੇਅ' 'ਤੇ ਕੋਈ ਵੱਡਾ ਹਾਦਸਾ ਹੋਇਆ ਹੋਣ ਕਾਰਨ ਮੋਤਾ ਸਿੰਘ ਸਰਾਏ ਅਤੇ ਸ਼ ਸਤਨਾਮ ਸਿੰਘ ਬੱਬਰ ਹੋਰੀਂ ਟਰੈਫ਼ਿਕ ਜਾਮ ਵਿਚ ਫ਼ਸੇ ਹੋਏ ਸਨ। ਅਸੀਂ ਉਹਨਾਂ ਦੀ ਰਾਤ ਦੇ ਪੌਣੇ ਕੁ ਇੱਕ ਵਜੇ ਤੱਕ ਉਡੀਕ ਕਰ ਕੇ ਵਾਪਸ ਗੁਰਵਿੰਦਰ ਦੇ ਘਰ ਆ ਗਏ।
ਸਵੇਰੇ ਸਾਨੂੰ ਤਿਆਰ ਹੁੰਦਿਆਂ ਕਰਦਿਆਂ ਨੂੰ ਗਿਆਰਾਂ ਵੱਜ ਗਏ।
ਬਾਜਵੇ ਦਾ ਪਿੱਟਣ ਵਾਲ਼ਿਆਂ ਵਾਂਗ ਫ਼ੋਨ ਆਇਆ।
-"ਬਾਈ..! ਤੁਸੀਂ ਅਜੇ ਤੱਕ ਪਹੁੰਚੇ ਨੀ..?" ਉਹ ਫ਼ੋਨ 'ਤੇ ਹੀ ਸੰਘੀ ਘੁੱਟਣ ਆਉਂਦਾ ਸੀ।
-"ਆਉਨੇ ਐਂ ਬਾਜਵਾ..! ਤੁਰੇ ਹੋਏ ਐਂ..!" ਮੈਂ ਟਰੱਪਲ਼ ਜਿਹਾ ਮਾਰ ਕੇ ਉਸ ਨੂੰ ਹਲਕਾ ਕੀਤਾ। ਅਸਲ ਵਿਚ ਜਰਮਨ ਅਤੇ ਇੰਗਲੈਂਡ ਦੇ ਸਮੇਂ ਦਾ ਇੱਕ ਘੰਟੇ ਦਾ ਫ਼ਰਕ ਸੀ। ਮੇਰੀ ਘੜ੍ਹੀ ਸਵੇਰ ਦੇ ਦਸ ਵਜਾ ਰਹੀ ਸੀ, ਜਦ ਕਿ ਜਰਮਨ ਵਿਚ ਗਿਆਰਾਂ ਵੱਜੇ ਹੋਏ ਸਨ। ਇਸ ਪਾਸੇ ਵੱਲ ਮੇਰਾ ਧਿਆਨ ਹੀ ਨਹੀਂ ਗਿਆ ਸੀ। ਖ਼ੈਰ ਅਸੀਂ ਸਾਢੇ ਕੁ ਗਿਆਰਾਂ ਵਜੇ ਤੱਕ ਬਾਜਵੇ ਦੇ ਘਰ ਪਹੁੰਚ ਗਏ। ਸਾਰੇ ਸੱਜਣ ਬੇਲੀ ਪਹੁੰਚ ਚੁੱਕੇ ਸਨ। ਬਾਈ ਆਦਰਸ਼ ਪਾਲ ਸਿੰਘ ਘੋਤੜਾ, ਨਾਵਲਕਾਰ ਸੇਵਾ ਸਿੰਘ ਸੋਢੀ, ਭੈਣ ਕੁਲਵੰਤ ਕੌਰ ਚੰਨ, ਸ਼ ਰਣਜੀਤ ਸਿੰਘ ਚੰਨ, ਪ੍ਰਮਿੰਦਰ ਬੈਂਸ, ਬਲਵਿੰਦਰ ਕੌਰ ਬੈਂਸ ਅੱਗੇ ਬੈਠੇ ਸਨ। ਅਜੇ ਮੈਂ ਇਹਨਾਂ ਨੂੰ ਮਿਲ਼-ਗਿਲ਼ ਹੀ ਰਿਹਾ ਸੀ ਕਿ ਇੱਕ ਪਾਸਿਓਂ ਅਮਨਦੀਪ ਕਾਲਕਟ ਨੇ ਮੈਨੂੰ ਜੱਫ਼ੀ ਆ ਪਾਈ। ਅਸੀਂ ਅਜੇ ਜੱਫ਼ੀ ਵਿਚੋਂ ਵਿਹਲੇ ਨਹੀਂ ਹੋਏ ਸੀ ਕਿ ਵੱਡੇ ਬਾਈ ਸੁੱਚਾ ਸਿੰਘ ਬਾਜਵਾ ਨੇ ਆ ਕੇ ਮੇਰੇ ਗੋਡੀਂ ਹੱਥ ਲਾ ਦਿੱਤੇ। ਮੈਂ ਅਮਨਦੀਪ ਕਾਲਕਟ ਦੀ ਜੱਫ਼ੀ ਛੱਡ ਕੇ ਬਾਈ ਸੁੱਚਾ ਸਿੰਘ ਬਾਜਵਾ ਨੂੰ ਗਲਵਕੜੀ ਪਾ ਲਈ, "ਕਾਹਤੋਂ ਭਾਰ ਚੜ੍ਹਾਉਂਦੇ ਓ ਬਾਈ ਜੀ..!"
-"ਵੱਡੇ ਬੰਦਿਆਂ ਤੋਂ ਗੁਣ ਲੈਣ ਦਾ ਤਰੀਕਾ ਈ ਇਹ ਐ..!" ਬਾਈ ਸੁੱਚਾ ਸਿੰਘ ਬਾਜਵਾ ਨੇ ਆਖਿਆ।
-"ਨਾ ਤਾਂ ਮੈਂ ਵੱਡਾ ਬੰਦਾ ਹਾਂ ਬਾਈ ਜੀ ਤੇ ਨਾ ਈ ਮੇਰੇ 'ਚ ਕੋਈ ਗੁਣ ਐ!" ਮੈਂ ਅਜੇ ਵੀ ਸੁੱਚਾ ਸਿੰਘ ਨੂੰ ਅਦਬ ਵਜੋਂ ਘੁੱਟੀ ਖੜ੍ਹਾ ਸੀ।
ਉੱਪਰੋਂ ਉੱਤਰ ਅਸੀਂ ਬਾਜਵੇ ਦੇ ਰੈਸਟੋਰੈਂਟ ਵਿਚ ਆ ਗਏ। ਉਥੇ ਬਾਈ ਕੇਹਰ ਸ਼ਰੀਫ਼, ਨਿਰਮਲ ਸਿੰਘ ਕੰਧਾਲ਼ਵੀ, ਮੋਤਾ ਸਿੰਘ ਸਰਾਏ, ਹਰਜਿੰਦਰ ਸਿੰਘ ਸੰਧੂ, ਸ਼ ਸਤਨਾਮ ਸਿੰਘ ਬੱਬਰ, ਅਮਰਜੀਤ ਸਿੰਘ ਸਿੱਧੂ, ਜੱਸੀ ਖ਼ਾਲਸਾ, ਤਾਇਆ ਬੱਕਰੀਆਂ ਵਾਲ਼ਾ, ਪ੍ਰਧਾਨ ਤਰਸੇਮ ਅਟਵਾਲ਼, ਇੰਡੋ-ਇਟਾਲੀਅਨ ਟਾਈਮਜ਼ ਦੇ ਸੰਪਾਦਕ ਵਿਸ਼ਾਲ, ਰਾਜੂ ਹਠੂਰੀਆ, ਬੀਰਬਲ, ਸੁੱਖਾ ਨੱਤ, ਗੁਰਪ੍ਰੀਤ, ਬਾਈ ਰਵੇਲ ਸਿੰਘ ਇਟਲੀ, ਦਰਸ਼ਣ ਘੁੰਮਣ, ਜੋਗਿੰਦਰ ਸਿੰਘ ਬਾਠ ਹੌਲੈਂਡ, ਡਾਕਟਰ ਲਹਿਰੀ, ਬਾਬਾ ਰਵਿੰਦਰ ਸਿੰਘ ਆਲਮਗੀਰ, ਪਰਮਜੀਤ ਸਿੰਘ ਹੁੰਦਲ, ਬਾਈ ਗੁਲਜ਼ਾਰ ਸਿੰਘ ਨਿਊਰਨਬਰਗ ਅਤੇ ਮੀਡੀਆ ਪੰਜਾਬ ਦਾ ਹੋਰ ਆਰ-ਪ੍ਰੀਵਾਰ ਪੁੱਜਿਆ ਹੋਇਆ ਸੀ। ਪਿਛਲੇ ਸਾਲ ਦੇ ਸਮਾਗਮ ਵੇਲੇ ਬਾਈ ਗੁਲਜ਼ਾਰ ਸਿੰਘ ਵੱਲੋਂ ਆਖੀ ਗੱਲ ਮੈਨੂੰ ਐਤਕੀਂ ਵੀ ਯਾਦ ਆਈ। ਪਿਛਲੇ ਸਾਲ ਗੁਲਜ਼ਾਰ ਸਿੰਘ ਨੇ ਆਖਿਆ ਸੀ, "ਕਦੇ ਐਸ ਇਲਾਕੇ 'ਚ ਬਾਜਵੇ ਦੇ ਪੀਜ਼ੇ ਮਸ਼ਹੂਰ ਮੰਨੇ ਜਾਂਦੇ ਸੀ ਤੇ ਅੱਜ ਦੁਨੀਆਂ ਵਿਚ ਬਾਜਵੇ ਦਾ ਮੀਡੀਆ ਪੰਜਾਬ ਮਸ਼ਹੂਰ ਐ..!"
ਦੁਪਿਹਰ ਦੇ ਢਾਈ ਕੁ ਵਜੇ ਪ੍ਰੋਗਰਾਮ ਸ਼ੁਰੂ ਹੋਇਆ ਅਤੇ ਇਹ ਮੀਡੀਆ ਪੰਜਾਬ ਰੇਡੀਓ ਤੋਂ ਸਿੱਧਾ ਪ੍ਰਸਾਰਤ ਕੀਤਾ ਜਾ ਰਿਹਾ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਬਾਬਾ ਰਵਿੰਦਰ ਸਿੰਘ ਆਲਮਗੀਰ ਅਤੇ ਗੁਰਦੀਸ਼ ਪਾਲ ਕੌਰ ਬਾਜਵਾ ਨੇ ਕੀਤੀ।
ਕਵੀ-ਜਨਾਂ ਨੇ ਆਪਣੇ-ਆਪਣੇ ਜੌਹਰ ਦਿਖਾਏ। ਸਭ ਤੋਂ ਵੱਧ ਪ੍ਰਭਾਵ ਅਮਨਦੀਪ ਕਾਲਕਟ ਦੀ ਵਿਅੰਗਮਈ ਕਵਿਤਾ 'ਅੱਜ ਲਾਈਪਜ਼ਿੱਗ ਵਿਚ ਕਵੀ ਦਰਬਾਰ ਏ' ਅਤੇ ਬਾਈ ਨਿਰਮਲ ਕੰਧਾਲ਼ਵੀ ਦਾ 'ਮਾਡਰਨ ਮਿਰਜ਼ਾ' ਨੇ ਖ਼ੂਬ ਰੰਗ ਬੰਨ੍ਹਿਆਂ! ਕਰਮਵਾਰ ਅਮਨਦੀਪ ਕਾਲਕਟ ਅਤੇ ਬਾਈ ਨਿਰਮਲ ਕੰਧਾਲ਼ਵੀ ਦੀਆਂ ਲੰਬੀਆਂ ਕਵਿਤਾਵਾਂ 'ਚੋਂ ਕੁਝ ਲਾਈਨਾਂ:

ਬਾਜਵੇ ਦਾ ਕਵੀ ਦਰਬਾਰ ਹੁੰਦਾ ਵੱਖਰਾ,
ਚਾਹ ਦੇ ਨਾ' ਸਮੋਸੇ, ਹੁੰਦਾ ਰੋਟੀ ਨਾਲ਼ ਬੱਕਰਾ।
ਫਰੈਂਕਫੋਰਟੋਂ ਸੁੱਚਾ ਸਿੰਘ ਬਾਜਵਾ ਵੀ ਆਇਆ ਏ,
ਗੀਤਾਂ-ਕਵਿਤਾਵਾਂ ਦੀ ਕਿਤਾਬ ਉਹ ਲਿਆਇਆ ਏ।
ਇੱਕ ਬੰਦਾ ਲੱਗਾ ਕਿ ਕਬੱਡੀ ਵਾਲ਼ਾ 'ਫਿੱਡੂ' ਆ,
ਕੋਲ਼ ਜਾ ਕੇ ਦੇਖਿਆ ਉਹ ਬੱਧਣੀਂ ਵਾਲ਼ਾ 'ਸਿੱਧੂ' ਆ।
ਇੱਕ ਜੀਹਨੂੰ ਮਸ਼ਹੂਰ ਹੋਣ ਦੀ ਨੀ ਲਾਲਸਾ,
ਲਹਿਰੀ, ਅਟਵਾਲ਼ ਕੋਲ਼ ਬੈਠਾ ਜੱਸੀ ਖਾਲਸਾ।
ਇੱਕ ਹੋਰ ਬੰਦਾ ਜੀਹਨੂੰ ਮਸਾਂ ਈ ਪਛਾਣਿਆਂ,
ਬੰਦਾ ਬੜਾ ਡੂੰਘਾ ਜਿਹਨੂੰ ਸਭਨੇ ਹੈ ਜਾਣਿਆਂ।
ਫੋਟੋ ਉੱਤੇ ਕਾਲ਼ੀ ਦਾਹੜੀ ਐਥੇ ਬੈਠਾ ਬੱਗੀ ਨਾਲ਼,
ਕੇਹਰ ਸ਼ਰੀਫ ਬੈਠਾ, ਕੁੱਸੇ ਵਾਲ਼ੇ ਜੱਗੀ ਨਾਲ਼।
ਕੁੱਸਾ ਜੀ ਦੇ ਨਾਲ਼ ਵੀ ਵਲੈਤੋਂ ਕਈ ਆਏ ਆ,
ਕੋਟ ਪੈਂਟ ਪਾ ਕੇ ਉਨ੍ਹਾਂ ਸੈਂਟ-ਸੁੰਟ ਲਾਏ ਆ।
ਸੰਧੂ ਹਰਜਿੰਦਰ, ਕੰਧਾਲ਼ਵੀ ਵੀ ਆਏ ਆ,
ਸਾਰਿਆਂ ਦਾ ਮੋਹਰੀ ਭਾਅ ਮੋਤਾ ਸੂੰਹ ਸਰਾਏ ਆ।
ਬੀਰਬਲ, ਸੁੱਖਾ ਨੱਤ ਆਇਆ ਰਾਜੂ ਨਾਲ਼ ਆ,
ਕਵਿਤਾ ਦਾ ਆਸ਼ਕ ਵੀ ਪਹੁੰਚਿਆ ਵਿਸ਼ਾਲ ਆ।
ਬੀਬੀਆਂ ਵੀ ਆਈਆਂ ਕੰਮੋ ਕਾਰੋਂ ਹੋਕੇ ਵਿਹਲੀਆਂ,
ਸਾਲ ਬਾਅਦ ਹੋਈਆਂ ਅੱਜ 'ਕੱਠੀਆਂ ਸਹੇਲੀਆਂ...


ਬਾਈ ਨਿਰਮਲ ਕੰਧਾਲ਼ਵੀ ਦੀ 'ਮਾਡਰਨ ਮਿਰਜ਼ਾ' ਕਵਿਤਾ ਉਸ ਤੋਂ ਵੀ ਚੜ੍ਹਦੀ ਚੰਦ! ਲਓ ਮੇਰੇ ਵੱਲੋਂ ਅਰਜ਼ ਐ:

ਫ਼ਿਰ ਮਿਰਜ਼ੇ ਦਾ ਪਾਰਾ ਚੜ੍ਹ ਗਿਆ,
ਲਈ ਗੇਅਰ 'ਚ ਮਾਰੂਤੀ ਉਹਨੇ ਪਾ।
ਕਹਿੰਦਾ ਰੱਖ ਦਿਊਂ ਮੈਂ ਸਭ ਨੂੰ ਭੁੰਨ ਕੇ,
ਗਿਆ ਰਾਹ ਵਿਚ ਮੇਰੇ ਜਿਹੜਾ ਆ।
ਗੱਡੀ ਮੋੜਦੇ ਨੇ ਖੁਰਲੀ ਭੰਨ'ਤੀ,
ਬੂਰਾ ਕੱਟਾ ਵੀ ਲਿਆ ਉਹਨੇ ਢਾਅ!
ਫ਼ਿਰਨੀ ਚੜ੍ਹਦੇ ਦੀ ਹੈੱਡ-ਲਾਈਟ ਬੁਝ'ਗੀ, ਬੁਝ'ਗੀ...
ਬੰਪਰ ਡਿੱਗ ਪਿਆ ਰੂੜੀਆਂ 'ਤੇ ਜਾ....

ਇਹਨਾਂ ਦੋ ਕਵਿਤਾਵਾਂ ਨੇ ਸਭ ਦੀਆਂ ਵੱਖੀਆਂ ਤੁੜਾ ਦਿੱਤੀਆਂ ਅਤੇ ਬਾਈ ਸਤਨਾਮ ਸਿੰਘ ਬੱਬਰ ਦੀ ਕਵਿਤਾ 'ਮਾਂ' ਨੇ ਹਰ ਇਕ ਨੂੰ ਉਦਾਸ ਅਤੇ ਭਾਵੁਕ ਕੀਤਾ। ਉਹਨਾਂ ਦੀ ਇਹ ਕਵਿਤਾ ਸੁਣ ਕੇ ਮੈਨੂੰ ਇਸ ਸਾਲ ਮਾਰਚ ਮਹੀਨੇ ਹੋਈ ਘਟਨਾਂ ਯਾਦ ਆ ਗਈ। ਆਸਟਰੇਲੀਆ ਵਿਚ ਇਕ ਔਰਤ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਇਕ ਲੜਕਾ ਅਤੇ ਇਕ ਲੜਕੀ ਪੈਦਾ ਹੋਏ। ਲੜਕੀ ਤਾਂ ਠੀਕ ਠਾਕ ਸੀ। ਪਰ ਲੜਕਾ ਬੜਾ ਕਮਜ਼ੋਰ ਸੀ। ਕੁਝ ਕੁ ਹਫ਼ਤਿਆ ਬਾਅਦ ਉਸ ਲੜਕੇ ਨੂੰ ਹਸਪਤਾਲ਼ ਦਾਖ਼ਲ ਕਰਵਾ ਦਿੱਤਾ ਗਿਆ। ਦੋ ਕੁ ਦਿਨ ਬਾਅਦ ਡਾਕਟਰਾਂ ਨੇ ਜਵਾਬ ਦੇ ਦਿੱਤਾ ਅਤੇ ਇਹ ਵੀ ਆਖਿਆ ਕਿ ਬੱਚਾ ਕੁਝ ਪਲਾਂ ਦਾ ਹੀ ਪ੍ਰਾਹੁੰਣਾਂ ਹੈ, ਅਸੀਂ ਇਸ ਨੂੰ ਬਚਾ ਨਹੀਂ ਸਕਾਂਗੇ। ਬੱਚੇ ਦਾ ਇਲਾਜ਼ ਵੀ ਰੋਕ ਦਿੱਤਾ ਗਿਆ। ਡਾਕਟਰ ਸੋਚ ਰਹੇ ਸਨ ਕਿ ਬੱਚੇ ਦੇ ਇਲਾਜ਼ ਕਰਨ ਦਾ ਹੁਣ ਕੋਈ ਫ਼ਾਇਦਾ ਨਹੀਂ, ਬਚਣਾਂ ਤਾਂ ਇਸ ਨੇ ਹੈ ਨਹੀਂ! ਜਦ ਇਸ ਗੱਲ ਦਾ ਖ਼ੁਲਾਸਾ ਉਹਨਾਂ ਨੇ ਉਸ ਬੱਚੇ ਦੀ ਮਾਂ ਕੋਲ਼ ਕੀਤਾ ਤਾਂ ਮਾਂ ਨੇ ਬੱਚੇ ਨੂੰ ਗੋਦ ਵਿਚ ਲੈ ਲਿਆ ਅਤੇ ਆਖ਼ਰੀ ਪਲ ਮਾਣਦਿਆਂ ਕੁਝ ਭਾਵੁਕ ਗੱਲਾਂ ਸਾਂਝੀਆਂ ਕੀਤੀਆਂ।
-"ਮੇਰੇ ਬੱਚੇ..! ਪਤੈ ਮੈਂ ਤੈਨੂੰ ਕਿੰਨਾਂ ਪ੍ਰੇਮ ਕਰਦੀ ਹਾਂ..? ਤੂੰ ਕਿਉਂ ਆਪਣੀ ਮਾਂ ਨੂੰ ਛੱਡ ਕੇ ਜਾ ਰਿਹਾ ਹੈਂ..? ਤੈਨੂੰ ਆਪਣੀ ਮਾਂ ਦਾ ਪ੍ਰੇਮ ਨਹੀਂ ਆਉਂਦਾ, ਜੋ ਤੈਨੂੰ ਐਨਾਂ ਮੋਹ ਕਰਦੀ ਤੇ ਤੇਰੇ ਤੋਂ ਜਿੰਦ ਵਾਰਦੀ ਐ..?" ਮਾਂ ਉਸ ਬੱਚੇ ਨੂੰ ਗੋਦ ਵਿਚ ਲਈ ਪਾਗਲਾਂ ਵਾਂਗ ਗੱਲਾਂ ਕਰੀ ਜਾ ਰਹੀ ਸੀ।
-"ਚੱਲ, ਜੇ ਤੈਨੂੰ ਮੇਰੇ ਕੋਲ਼ ਰਹਿਣਾਂ ਨਹੀਂ ਪ੍ਰਵਾਨ, ਤਾਂ ਮਾਂ ਦੀ ਇਕ ਆਖ਼ਰੀ ਇੱਛਾ ਪੂਰੀ ਕਰ..! ਮੇਰੇ ਦੁੱਧ ਦੀਆਂ ਚਾਰ ਬੂੰਦਾਂ ਹੀ ਪੀਂਦਾ ਜਾਹ, ਮੈਂ ਸਾਰੀ ਜ਼ਿੰਦਗੀ ਯਾਦ ਕਰੂੰਗੀ ਕਿ ਮੇਰਾ ਬੱਚਾ ਮੇਰੇ ਤੋਂ 'ਅਲਵਿਦਾ' ਲੈਣ ਤੋਂ ਪਹਿਲਾਂ ਮੇਰੇ ਦੁੱਧ ਦੀਆਂ ਕੁਝ ਬੂੰਦਾਂ ਪੀ ਕੇ ਗਿਆ ਸੀ..! ਲੈ ਮੇਰੇ ਪੁੱਤਰ..! ਜੇ ਤੂੰ ਮੇਰਾ ਇਮਾਨਦਾਰ ਬੱਚਾ ਹੈਂ ਤਾਂ ਬੇਵੱਸ ਮਾਂ ਦੇ ਦੁੱਧ ਦੀਆਂ ਕੁਝ ਬੂੰਦਾਂ ਜ਼ਰੂਰ ਪੀਂਦਾ ਜਾਹ..!" ਤੇ ਮਾਂ ਨੇ ਛਾਤੀ ਨਾਲ਼ ਲਾ ਕੇ ਬੱਚੇ ਨੂੰ ਦੁੱਧ ਚੁੰਘਾਉਣਾਂ ਸ਼ੁਰੂ ਕਰ ਦਿੱਤਾ, ਜੋ ਤਕਰੀਬਨ ਬੇਹੋਸ਼ ਪਿਆ ਸੀ। ਜਦ ਬੱਚੇ ਨੇ ਮਾਂ ਦੀ ਛਾਤੀ 'ਚੋਂ ਪੰਜ-ਸੱਤ ਬੂੰਦਾਂ ਦੁੱਧ ਚੁੰਘਿਆ ਤਾਂ ਉਸ ਦੀਆਂ ਅੱਖਾਂ ਫ਼ਰਕੀਆਂ ਅਤੇ ਫ਼ਿਰ ਹੌਲ਼ੀ-ਹੌਲ਼ੀ ਉੱਘੜ ਆਈਆਂ। ਜਦ ਮਾਂ ਨੇ ਦੇਖਿਆ ਤਾਂ ਉਸ ਨੇ ਹੋਰ ਸਰਗਰਮੀ ਅਤੇ ਉਤਸ਼ਾਹ ਨਾਲ਼ ਬੱਚੇ ਨੂੰ ਦੁੱਧ ਚੁੰਘਾਉਣਾਂ ਸ਼ੁਰੂ ਕਰ ਦਿੱਤਾ। ਕੁਝ ਪਲਾਂ ਵਿਚ ਅਗਲੀ ਦਰਗਾਹ ਜਾਂਦਾ-ਜਾਂਦਾ ਬੱਚਾ ਅਚਨਚੇਤ 'ਮੋੜਾ' ਪਾ ਗਿਆ ਅਤੇ ਜਦ ਡਾਕਟਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਵੀ ਹੈਰਾਨੀ ਵਿਚ ਸਤੰਭ ਹੋਏ ਖੜ੍ਹੇ ਸਨ। ਐਸੀ ਹੈ ਮਾਂ ਦੀ ਮਮਤਾ ਦਾ ਜਾਦੂ, ਜੋ ਬੱਚੇ ਨੂੰ ਮਰਨ ਤੋਂ ਵੀ ਰੋਕ ਸਕਦਾ ਹੈ! ਉਹ ਬੱਚਾ ਅੱਜ ਵੀ ਬੜੀ ਚੜ੍ਹਦੀ ਕਲਾ ਵਿਚ ਹੈ! ਜਦ ਇਸ 'ਤੇ ਖੋਜ ਹੋਈ ਤਾਂ ਮਾਂ ਦੇ ਦੁੱਧ ਵਿਚ ਕੁਝ ਐਸੇ ਅੰਸ਼ ਨੋਟ ਕੀਤੇ ਗਏ, ਜੋ ਦੁਨੀਆਂ ਭਰ ਦੀ ਕਿਸੇ ਵੀ ਦੁਆਈ-ਬੂਟੀ ਵਿਚੋਂ ਨਹੀਂ ਮਿਲ਼ਦੇ! ਜੇ ਵਿਛੜ ਗਈ ਮਾਂ ਨੂੰ ਅਸੀਂ ਸਿਜਦਾ ਕਰ ਕੇ ਉਦਾਸ ਨਾ ਹੋਈਏ, ਤਾਂ ਹੋਰ ਕੀ ਕਰੀਏ ਸ਼ ਸਤਨਾਮ ਸਿੰਘ ਬੱਬਰ ਜੀ?
ਅਗਲੀ ਗੱਲ ਜੋ ਬਾਈ ਕੇਹਰ ਸ਼ਰੀਫ਼ ਨੇ ਬਿੰਦੀਆਂ ਅਤੇ ਟਿੱਪੀਆਂ ਦੀ ਕੀਤੀ ਸੀ। ਉਹ ਵੀ ਬਿਲਕੁਲ ਜਾਇਜ਼ ਸੀ। ਉਹਨਾਂ ਦੇ ਕਹਿਣ ਮੁਤਾਬਿਕ ਪੰਜਾਬੀ ਦੇ ਕੁਝ ਕੁ ਸ਼ਬਦ ਹੀ ਨੇ, ਜੋ ਆਮ ਤੌਰ 'ਤੇ ਗਲਤ ਲਿਖੇ ਜਾਂਦੇ ਨੇ ਜਾਂ ਕੁਝ ਲਫ਼ਜ਼ ਇਹੋ ਜਿਹੇ ਨੇ, ਜੋ ਇੱਕੋ ਲੇਖਕ ਵੱਲੋਂ ਵੱਖ-ਵੱਖ ਢੰਗ-ਤਰੀਕਿਆਂ ਨਾਲ਼ ਲਿਖੇ ਜਾਂਦੇ ਨੇ, ਇਹਨਾਂ ਨੂੰ ਸੁਧਾਰਨ ਦੀ ਲੋੜ ਹੈ! ਸਭ ਤੋਂ ਪਹਿਲਾਂ ਮੈਂ ਮੀਡੀਆ ਪੰਜਾਬ ਦੀ ਮੁੱਖ ਸੰਪਾਦਕਾ ਭੈਣ ਗੁਰਦੀਸ਼ ਪਾਲ ਕੌਰ ਬਾਜਵਾ ਨੂੰ ਹੀ ਬੇਨਤੀ ਕਰੂੰਗਾ ਕਿ ਜੋ ਰਚਨਾਵਾਂ ਤੁਹਾਡੇ ਕੋਲ਼ ਆਉਂਦੀਆਂ ਨੇ, ਉਹਨਾਂ ਨੂੰ ਪੜ੍ਹ ਕੇ ਸੋਧਿਆ ਨਾ ਜਾਵੇ, ਸਗੋਂ ਲੇਖਕ ਨੂੰ ਗਲਤੀਆਂ ਬਾਰੇ ਦੱਸ ਕੇ ਉਸੀ ਤਰ੍ਹਾਂ ਵਾਪਸ ਕਰ ਦਿੱਤਾ ਜਾਵੇ ਅਤੇ ਸੋਧ ਕੇ ਭੇਜਣ ਦੀ ਅਪੀਲ ਕੀਤੀ ਜਾਵੇ! ਹੁਣ ਬੀਬੀ ਅੰਜੂ ਸ਼ਰਮਾਂ ਵੱਲ ਬੜੀ ਇਮਾਨਦਾਰੀ ਨਾਲ਼ ਆਉਂਦਾ ਹਾਂ, ਕਿਤੇ ਗੁੱਸਾ ਨਾ ਕਰ ਜਾਣ, ਮੈਂ ਅਗਾਊਂ ਹੀ ਮੁਆਫ਼ੀ ਮੰਗਦਾ ਹਾਂ!! ਅੰਜੂ ਭੈਣ ਜੀ, ਤੁਸੀਂ ਇਕ ਓਸ ਸੰਸਥਾ ਦੀ ਇਕਾਈ ਦੇ ਜਰਮਨ ਦੇ ਮੁੱਖ ਕਰਤਾ-ਧਰਤਾ ਹੋ, ਜਿਸ ਦਾ ਨਗਾਰਾ ਸਾਰੀ ਦੁਨੀਆਂ ਵਿਚ ਖੜਕਦਾ ਹੈ! ਇਸ ਵਿਚ ਕੋਈ ਸ਼ੱਕ ਨਹੀਂ ਕਿ 'ਪੰਜਾਬੀ ਸੱਥ' ਦਾ ਦੁਨੀਆਂ ਭਰ ਵਿਚ ਸਤਿਕਾਰ ਹੈ! ਯੂਰਪ ਇਕਾਈ ਦੇ ਯੂਰਪ ਭਰ ਦੇ ਮੁੱਖ ਸੇਵਾਦਾਰ ਬਾਈ ਮੋਤਾ ਸਿੰਘ ਸਰਾਏ ਨੂੰ ਮੈਂ ਟੀæ ਵੀæ 'ਤੇ ਜਾ ਕੇ ਵੀ 'ਕਿੰਗ-ਮੇਕਰ' ਆਖ ਚੁੱਕਾ ਹਾਂ ਅਤੇ ਅੱਜ ਵੀ ਦਾਹਵੇ ਨਾਲ਼ ਕਹਿੰਦਾ ਹਾਂ ਕਿ ਬਾਈ ਮੋਤਾ ਸਿੰਘ ਸਰਾਏ ਵਾਕਿਆ ਹੀ 'ਕਿੰਗ-ਮੇਕਰ' ਹਨ, ਜਿਹਨਾਂ ਨੇ ਅਣਗੌਲ਼ੇ ਲੇਖਕਾਂ ਨੂੰ ਨਾਲ਼ ਲੈ ਕੇ ਉਹਨਾਂ ਦੀਆਂ ਰਚਨਾਵਾਂ ਦੀਆਂ ਕਿਤਾਬਾਂ ਆਪਣੇ ਖ਼ਰਚੇ 'ਤੇ ਛਪਵਾ ਕੇ ਲੋਕ ਅਰਪਨ ਕੀਤੀਆਂ! ਉਹਨਾਂ ਅਨੁਸਾਰ, ਅੱਜ ਦੇ ਯੁੱਗ ਵਿਚ ਜਦੋਂ ਸੱਭਿਆਚਾਰਾਂ ਅਤੇ ਬੋਲੀਆਂ 'ਤੇ 'ਸਾੜ੍ਹਸਤੀ' ਆਈ ਹੋਈ ਹੈ, ਤਾਂ ਪੰਜਾਬੀ ਸੱਥ ਨੇ ਆਪਣੀ ਮਾਂ-ਬੋਲੀ ਵਡਿਆਉਂਦਿਆਂ ਕਿਤਾਬਾਂ ਛਾਪ ਕੇ ਆਪਣੀ ਵਿਰਾਸਤ ਨੂੰ ਸਾਂਭਣ ਦਾ ਇਕ ਨਿਮਾਣਾਂ ਜਿਹਾ ਯਤਨ ਕੀਤਾ ਹੈ!
ਪੰਜਾਬੀ ਸੱਥ ਦੇ ਮੋਢੀ ਬਾਦਸ਼ਾਹ, ਸਤਿਕਾਰਯੋਗ ਡਾਕਟਰ ਨਿਰਮਲ ਸਿੰਘ ਜੀ ਲਾਂਬੜਾ ਦਾ ਮੈਨੂੰ ਹਰ ਮੋੜ 'ਤੇ, ਹਮੇਸ਼ਾ ਹੀ ਥਾਪੜਾ ਨਸੀਬ ਹੋਇਆ ਹੈ! 'ਪੰਜਾਬੀ ਸੱਥ' ਨਾਲ਼ ਇਕ ਅਟੁੱਟ ਨਾਤਾ ਹੋਣ ਕਾਰਨ ਅਤੇ 'ਸੱਥ' ਦਾ ਇਕ ਇਮਾਨਦਾਰ ਸਾਥੀ ਹੋਣ ਦੇ ਤੌਰ 'ਤੇ ਅੰਜੂ ਜੀ ਤੁਹਾਡੇ ਧਿਆਨ ਵਿਚ ਲਿਆ ਰਿਹਾ ਹਾਂ ਕਿ ਭੈਣ ਬਣ ਕੇ ਤੁਸੀਂ ਵੀ ਨਿੱਕੀਆਂ-ਮੋਟੀਆਂ ਗਲਤੀਆਂ ਦਾ ਖ਼ਾਸ ਖ਼ਿਆਲ ਰੱਖਿਆ ਕਰੋ! ਸੋ ਕਿਰਪਾ ਕਰੋ, ਅੱਗੇ ਤੋਂ ਘੱਟੋ-ਘੱਟ ਤੁਹਾਡੇ ਵੱਲੋਂ ਕੋਈ ਗਲਤੀ ਨਾ ਹੋਵੇ, ਚਾਹੇ ਕਿਸੇ ਰਚਨਾਂ 'ਤੇ ਪੰਜ ਮਿੰਟ ਦੀ ਜਗਾਹ ਪੰਦਰਾਂ ਮਿੰਟ ਲਾ ਲਿਆ ਕਰੋ! ਜੇ ਤੁਸੀਂ ਮੋਢੀ ਹੀ ਗਲਤੀਆਂ ਕਰੀ ਜਾਓਗੇ, ਤਾਂ ਮੇਰੇ ਵਰਗੇ ਲਾਈਲੱਗ ਦੱਸੋ ਫ਼ਿਰ ਕਿਹੜੇ ਖ਼ੂਹ-ਖਾਤੇ ਵਿਚ ਜਾਣਗੇ? ਤਾਇਆ ਬੱਕਰੀਆਂ ਵਾਲ਼ੇ ਦਾ ਜਿਸ ਗੱਲ ਵੱਲ ਅਸੀਂ ਧਿਆਨ ਦਿਵਾਇਆ, ਉਸ ਨੇ ਮੁੜ ਕੇ ਉਹ ਗਲਤੀ ਨਹੀਂ ਦੁਹਰਾਈ, ਪਰ 'ਬਾਈ' ਨੂੰ ਅਜੇ ਵੀ 'ਵਾਈ' ਹੀ ਲਿਖਦਾ ਹੈ! ਤਾਇਆ ਕਈ ਵਾਰ ਵਾਇਆ ਬਠਿੰਡਾ ਵੀ ਹੋ ਲੈਂਦਾ ਹੈ ਅਤੇ ਕਈ ਵਾਰ ਮੋਗਿਓਂ 'ਸ਼ੌਰਟ-ਕੱਟ' ਵੀ ਮਾਰ ਲੈਂਦਾ ਹੈ! ਕਿਰਪਾ ਕਰਕੇ ਗੁੱਸਾ ਨਾ ਕਰਿਓ! ਇਹ ਮੇਰੇ ਵੱਲੋਂ ਇਕ ਸੁਝਾਅ ਹੈ, ਕਿਉਂਕਿ ਪਹਿਲੀ ਨਜ਼ਰੇ ਅੱਖਾਂ 'ਚ ਵੱਜਣ ਵਾਲ਼ੀਆਂ ਗਲਤੀਆਂ ਜੇ ਮੈਨੂੰ ਰੜਕਦੀਆਂ ਹਨ, ਤਾਂ ਬਾਕੀ ਦੁਨੀਆਂ ਨੂੰ ਵੀ ਰੜਕਦੀਆਂ ਹੋਣਗੀਆਂ? ਹਰ ਬੰਦਾ ਡਿੱਗ-ਡਿੱਗ ਹੀ ਅਸਵਾਰ ਬਣਦਾ ਹੈ ਅਤੇ ਫ਼ਿਰ ਸ਼ਾਹ-ਅਸਵਾਰ! ਸੋ ਮੇਰੀ ਹਰ ਲੇਖਕ ਦੇ ਚਰਨਾਂ ਵਿਚ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਗਲਤੀਆਂ ਵੱਲ ਪਹਿਲ ਦੇ ਆਧਾਰ 'ਤੇ ਗੰਭੀਰਤਾ ਨਾਲ਼ ਗ਼ੌਰ ਕੀਤੀ ਜਾਵੇ!
ਆਖ਼ਰ ਵਿਚ ਮੀਡੀਆ ਪੰਜਾਬ ਦੇ ਸੰਪਾਦਕ ਬਾਈ ਬਲਦੇਵ ਸਿੰਘ ਬਾਜਵਾ ਦੀ ਗੱਲ ਕਰਾਂ। ਜਦੋਂ ਅਸੀਂ ਕਿਸੇ ਦੀ ਕੋਈ ਪ੍ਰਾਪਤੀ ਦੇਖਦੇ ਹਾਂ ਤਾਂ ਸਾਨੂੰ ਮਾਣ ਹੋਣਾ ਚਾਹੀਦਾ ਹੈ! ਪਰ ਸਾਡੀ ਗਿੱਦੜਮਾਰੀ ਦਾ ਸਬੂਤ ਇਹ ਹੈ ਕਿ ਅਸੀਂ ਮਾਣ ਕਰਨ ਦੀ ਜਗਾਹ ਕਈ ਵਾਰ ਅਸੀਂ ਅਗਲੇ Ḕਤੇ ਦੂਸ਼ਣ ਜਿਹੇ ਮੜ੍ਹਨ ਲੱਗ ਜਾਂਦੇ ਹਾਂ। ਮੈਂ ਬਾਜਵਾ ਦੇ ਕਰਵਾਏ ਇਸ ਸਮਾਗਮ ਵਿਚ ਬੈਠਾ ਸੋਚ ਰਿਹਾ ਸੀ ਕਿ ਅਸੀਂ ਕਿੱਥੋਂ-ਕਿੱਥੋਂ ਚੱਲ ਕੇ ਆਏ ਹਾਂ। ਕੋਈ ਸਿੱਖ, ਕੋਈ ਹਿੰਦੂ, ਕੋਈ ਮੁਸਲਮਾਨ! ਕੋਈ ਕਾਮਰੇਡ ਖ਼ਿਆਲਾਂ ਦਾ, ਕੋਈ ਪੰਥਕ ਵਿਚਾਰਾਂ ਦਾ ਅਤੇ ਕੋਈ ਹੋਰ ਵੱਖਰੀ ਵਿਚਾਰਧਾਰਾ ਦਾ ਹਾਮ੍ਹੀ! ਪਰ ਅਸੀਂ ਪੰਜਾਬੀ ਮਾਂ-ਬੋਲੀ ਦੀ ਤੰਦ ਵਿਚ ਬੱਝੇ ਹੋਏ ਇਕੱਤਰ ਹੋਏ ਹਾਂ, ਸਾਡੀ ਇਸ ਮਿਲਣੀ ਵਿਚ ਬਾਜਵਾ ਪ੍ਰੀਵਾਰ ਦਾ ਇਕ ਵੱਡਾ ਉਪਰਾਲਾ ਅਤੇ ਯੋਗਦਾਨ ਹੈ। ਮੈਂ ਖ਼ਾਸ ਤੌਰ 'ਤੇ ਬਾਜਵਾ ਪ੍ਰੀਵਾਰ ਅਤੇ ਉਸ ਦੇ ਸਹਿਯੋਗੀਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇਹ ਹੀ ਸਾਡੀ ਮਾਂ-ਬੋਲੀ ਦੇ ਅਸਲ ਸਪੁੱਤਰ ਹੋਣ ਦਾ ਪ੍ਰਤੱਖ ਸਬੂਤ ਹੈ! ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ! ਅਗਰ ਅਸੀਂ ਆਪਣੀ ਇਸ ਮਾਂ-ਬੋਲੀ ਪ੍ਰਤੀ ਹੀ ਇਮਾਨਦਾਰ ਨਹੀਂ ਹੋਵਾਂਗੇ, ਜੋ ਸਾਡੇ ਇਸ ਮਿਲਾਪ ਦਾ ਅਸਲ ਮਾਧਿਅਮ ਹੈ, ਤਾਂ ਸਾਡੇ ਨਾਲ਼ੋਂ ਵੱਡਾ 'ਅਕ੍ਰਿਤਘਣ' ਕੋਈ ਨਹੀਂ ਹੋ ਸਕਦਾ!
ਜਾਂਦੇ-ਜਾਂਦੇ ਇਕ ਹੋਰ ਗੱਲ ਸੁਣ ਲਵੋ! ਮੇਰੇ ਵਰਗੇ ਤਿੰਨ 'ਪੜ੍ਹੇ-ਲਿਖੇ' ਦਾਰੂ ਪੀਂਦੇ ਪੰਜਾਬੀ 'ਮਾਂ-ਬੋਲੀ' ਦੀਆਂ ਗੱਲਾਂ ਕਰ ਰਹੇ ਸਨ। ਪਹਿਲਾ ਪੁੱਛਣ ਲੱਗਿਆ, "ਬਾਈ 'ਐੜੇ' ਨੂੰ ਸਿਹਾਰੀ ਲੱਗਦੀ ਹੁੰਦੀ ਐ ਕਿ ਬਿਹਾਰੀ?" ਦੂਜਾ ਬੁੱਧੀਜੀਵੀ ਵੀ ਭੂਚਾਲ਼ ਜਿਹੇ 'ਚ ਪੈ ਗਿਆ। ਤੀਜਾ ਖਾਲੀ ਗਿਲਾਸ ਚੁੱਕ ਕੇ ਆਖਣ ਲੱਗਿਆ, "ਚੱਲ ਤੂੰ ਪੈੱਗ ਪਾ ਬਾਈ..! 'ਐੜੇ' ਨੂੰ ਦੋਨੋ ਈ ਲੱਗ ਜਾਂਦੀਐਂ, ਸਿਹਾਰੀ ਵੀ ਤੇ ਬਿਹਾਰੀ ਵੀ..!" ਜੇ ਕਿਸੇ ਦੀ ਸ਼ਾਨ ਦੇ ਖ਼ਿਲਾਫ਼ ਕੁਝ ਵੱਧ-ਘੱਟ ਲਿਖਿਆ ਗਿਆ ਹੋਵੇ, ਮੈਂ ਭੁੱਲਣਹਾਰ ਅਤੇ ਆਪ ਬਖ਼ਸ਼ਣਹਾਰ, ਬਖ਼ਸ਼ ਲਿਓ ਜੀ! ਗੁਰੁ ਬਾਬਾ ਮਿਹਰ ਕਰਨ, ਅਗਲੀ ਵਾਰ ਫ਼ਿਰ ਦਰਸ਼ਣ ਹੋਣਗੇ, ਜਿਉਂਦੀਆਂ ਰੂਹਾਂ ਦੇ ਮੇਲ ਤਾਂ ਹੁੰਦੇ ਹੀ ਰਹਿੰਦੇ ਨੇ..! ਜਿਉਂਦੇ ਵਸਦੇ ਰਹੋ!!

-ਸਮਾਪਤ-