ਅੱਖੀਂ ਦੇਖਿਆ 'ਮੀਡੀਆ ਪੰਜਾਬ' ਦਾ ਦੂਜਾ ਸਾਲਾਨਾ ਸਮਾਗਮ.....ਸ਼ਿਵਚਰਨ ਜੱਗੀ ਕੁੱਸਾ

(ਕਿਸ਼ਤ 2)
ਬਾਜਵਾ ਜੀ ਨਾਲ਼ ਮੇਰੀ ਘੱਟੋ-ਘੱਟ ਵੀਹ ਸਾਲ ਤੋਂ ਪੁਰਾਣੀ ਯਾਰੀ ਹੈ। ਮੈਂ ਉਸ ਦੇ ਇਸ ਪ੍ਰੋਗਰਾਮ ਦੀ ਸਟੇਜ਼ 'ਤੇ ਵੀ ਆਖ ਕੇ ਆਇਆ ਹਾਂ ਕਿ ਕੁਝ ਲੋਕ ਇਹੀ ਸੋਚਦੇ ਨੇ ਕਿ ਸਾਡੀ ਮਿੱਤਰਤਾਈ 'ਮੀਡੀਆ ਪੰਜਾਬ' ਤੋਂ ਸ਼ੁਰੂ ਹੋਈ ਹੈ। ਮੇਰੀ ਯਾਰੀ ਸਭ ਤੋਂ ਪਹਿਲਾਂ ਮਿਊਨਿਕ ਗੁਰੂ ਘਰ ਦੇ ਅਜੋਕੇ ਪ੍ਰਧਾਨ ਸ਼ ਤਰਸੇਮ ਸਿੰਘ ਅਟਵਾਲ ਨਾਲ਼ ਸੀ। ਉਸ ਦੇ ਜ਼ਰੀਏ ਮੇਰੀ ਯਾਰੀ ਰਣਜੀਤ ਸਿੰਘ ਦੂਲੇ ਉਰਫ਼ 'ਤਾਇਆ ਬੱਕਰੀਆਂ ਵਾਲ਼ਾ' ਨਾਲ਼ ਪਈ ਅਤੇ ਰਣਜੀਤ ਸਿੰਘ ਦੂਲੇ ਦੇ ਰਾਹੀਂ ਮੇਰੀ ਯਾਰੀ ਦੀ ਤੰਦ ਬਲਦੇਵ ਸਿੰਘ ਬਾਜਵੇ ਤੱਕ ਪਹੁੰਚੀ, ਜੋ ਅੱਜ ਤੰਦ ਤੋਂ 'ਰੱਸਾ' ਬਣ ਗਈ ਹੈ ਅਤੇ ਕਦੇ-ਕਦੇ ਬਾਜਵਾ ਇਸੇ ਰੱਸੇ ਨਾਲ਼ ਮੈਨੂੰ ਕੱਲਰ ਵਾਲ਼ੇ ਵਾਹਣਾਂ ਵਿਚ ਘੜ੍ਹੀਸਦਾ ਹੈ ਅਤੇ ਮੈਂ 'ਸੀ' ਵੀ ਨਹੀਂ ਕਰਦਾ! ...ਤੇ ਸ਼ਾਇਦ 'ਸੀ' ਕਰ ਵੀ ਨਹੀਂ ਸਕਦਾ ਕਿਉਂਕਿ ਉਹ ਕੁੱਟ ਕੇ ਰੋਣ ਵੀ ਨਹੀਂ ਦਿੰਦਾ!
ਜਦ ਬਾਜਵੇ ਨੇ ਮੈਨੂੰ ਪੇਪਰ ਕੱਢਣ ਬਾਰੇ ਦੱਸਿਆ ਤਾਂ ਮੈਂ ਮਿਊਨਿਕ ਗੁਰੂ ਘਰ ਦੇ ਪ੍ਰਧਾਨ ਤਰਸੇਮ ਸਿੰਘ ਅਟਵਾਲ਼ ਨੂੰ ਫ਼ੋਨ ਮਿਲ਼ਾ ਲਿਆ।
-"ਪ੍ਰਧਾਨ ਜੀ, ਆਹ ਬਾਜਵੇ ਨੂੰ ਕਾਹਦਾ ਹਲ਼ਕ ਉਠ ਖੜ੍ਹਿਆ..?" ਮੈਂ ਤਰਸੇਮ ਸਿੰਘ ਅਟਵਾਲ਼ ਨੂੰ ਸ਼ੁਰੂ ਤੋਂ ਲੈ ਕੇ 'ਪ੍ਰਧਾਨ' ਹੀ ਆਖਦਾ ਹਾਂ।
-"ਕੀ ਹੋ ਗਿਆ?" ਅੱਗਿਓਂ ਪ੍ਰਧਾਨ ਵੀ ਹੈਰਾਨ ਜਿਹਾ ਹੋ ਗਿਆ। ਉਸ ਨੇ ਅਣਜਾਣਾਂ ਵਾਂਗ ਮੈਨੂੰ ਉਲਟਾ ਸੁਆਲ ਪੁੱਛਿਆ।
-"ਕਹਿੰਦਾ ਮੈਂ ਕੋਈ ਅਖ਼ਬਾਰ ਸ਼ੁਰੂ ਕਰਨੈਂ..?"
-"ਬਈ ਬਾਜਵੇ ਦੀਆਂ ਬਾਜਵਾ ਈ ਜਾਣੇ..! ਮੌਜੀ ਬੰਦੈ..!" ਉਸ ਨੇ ਪੱਲਾ ਹੀ ਝਾੜ ਦਿੱਤਾ। ਪਤਾ ਉਸ ਨੂੰ ਵੀ ਕੱਖ ਨਹੀਂ ਸੀ।
ਉਸ ਤੋਂ ਬਾਅਦ ਰਣਜੀਤ ਦੂਲੇ ਨੂੰ ਫ਼ੋਨ ਕੀਤਾ।
-"ਬਾਈ, ਆਹ ਬਾਜਵੇ ਨੂੰ ਨਵਾਂ ਹੀਂਗਣਾਂ ਕਿਵੇਂ ਛੁੱਟ ਪਿਆ..!"
-"ਕਾਹਦਾ..?" ਰਣਜੀਤ ਵੀ ਆਦਤ ਅਨੁਸਾਰ ਉੱਭੜਵਾਹਿਆਂ ਵਾਂਗ ਬੋਲਿਆ।
-"ਅਖੇ ਮੈਂ ਅਖ਼ਬਾਰ ਸ਼ੁਰੂ ਕਰਨੈਂ..?"
ਰਣਜੀਤ ਉਚੀ-ਉਚੀ ਹੱਸ ਪਿਆ।
-"ਜਿਵੇਂ ਦਾਰੂ ਪੀਤੀ ਵਾਲ਼ਾ ਨਸ਼ੇ 'ਚ ਲਲਕਾਰੇ ਮਾਰਨੋਂ ਨੀ ਹੱਟਦਾ, ਤੇ ਜਦੋਂ ਨਸ਼ਾ ਲਹਿ ਜਾਂਦੈ ਤਾਂ ਆਪੇ ਈ ਚੁੱਪ ਹੋ ਜਾਂਦੈ, ਉਹੀ ਹਾਲ ਇਹਦੈ..! ਚਾਰ ਕੁ ਦਿਨ ਸਿੰਗ ਮਿੱਟੀ ਚੱਕ ਕੇ ਆਪੇ ਹਟਜੂਗਾ..! ਕਹਿੰਦੇ ਹੁੰਦੇ ਐ ਨ੍ਹਾਂ, ਬਈ ਜਦੋਂ ਗਿੱਦੜ ਦੀ ਮੌਤ ਆਉਂਦੀ ਐ, ਉਹ ਜੱਟ ਦੀ ਮੁੰਨੀ ਨਾਲ਼ ਖੁਰਕ ਕਰਦੈ..!" ਉਸ ਦਾ ਵਿਅੰਗਮਈ ਉੱਤਰ ਸੀ।
-"ਉਏ ਵੱਸ ਬਾਜਵੇ ਦੇ ਵੀ ਨੀ ਬਾਈ ਰਣਜੀਤ..! ਜੀਹਦੇ ਘਰੇ ਦਾਣੇ, ਉਹਦੇ ਕਮਲ਼ੇ ਵੀ ਸਿਆਣੇ..! ਜਦੋਂ ਰੋਟੀ ਦਾ ਮਸਲਾ ਹੱਲ ਹੋਜੇ, ਅਸਲ ਮਸਲੇ ਤਾਂ ਫ਼ਿਰ ਸ਼ੁਰੂ ਈ ਓਥੋਂ ਹੁੰਦੇ ਐ..!" ਮੇਰਾ ਤਰਕ ਸੀ।
ਕੁਝ ਇਸ ਤਰ੍ਹਾਂ ਦਾ ਇਹ ਸਾਡੇ ਭਰਾਵਾਂ ਦਾ ਵਾਰਤਾਲਾਪ ਸੀ। ਸਾਨੂੰ ਸਭ ਨੂੰ ਹੀ ਪਤਾ ਸੀ ਕਿ ਜਰਮਨ ਵਿਚ ਬੈਠ ਕੇ ਅਖ਼ਬਾਰ ਕੱਢਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਪਰ ਅਸੀਂ ਆਪਣੇ ਯਾਰ ਬਾਜਵੇ ਦਾ ਦਿਲ ਜਿਹਾ ਵੀ ਨਹੀਂ ਢਾਹੁੰਣਾ ਚਾਹੁੰਦੇ ਸੀ। ਜੋ ਹੋਊ, ਸੋ ਵੇਖੀ ਜਾਊ, ਸੋਚ ਕੇ ਅਸੀਂ ਚੁੱਪ ਸਾਂ।
ਮਹੀਨੇ ਕੁ ਬਾਅਦ ਮੈਂ ਸਾਡੇ ਗੁਆਂਢ ਗੋਰਿਆਂ ਦੀ ਲਾਇਬਰੇਰੀ ਵਿਚ ਕਿਤਾਬਾਂ ਦੀ ਫ਼ਰੋਲ਼ਾ-ਫ਼ਰਾਲ਼ੀ ਜਿਹੀ ਕਰੀ ਜਾ ਰਿਹਾ ਸੀ ਕਿ ਬਾਜਵੇ ਦਾ ਫ਼ਿਰ ਇੰਡੀਆ ਤੋਂ ਫ਼ੋਨ ਆ ਗਿਆ।
-"ਬਾਈ ਜੀ..! ਆਪਾਂ ਇੰਟਰਨੈੱਟ ਅਖ਼ਬਾਰ ਸ਼ੁਰੂ ਕਰ ਦਿੱਤੈ!" ਬਾਜਵੇ ਨੇ ਹੁੱਬ ਕੇ ਦੱਸਿਆ।
-"ਨਾਂ ਕੀ ਰੱਖਿਐ ਬਾਜਵਾ..?"
-"ਨਾਂ ਰੱਖਿਐ ਬਾਈ ਜੀ, ਮੀਡੀਆ ਪੰਜਾਬ!"
-"ਅਖ਼ਬਾਰ ਪੰਜਾਬੀ ਐ ਕਿ ਅੰਗਰੇਜ਼ੀ..?" ਮੇਰਾ ਅਗਲਾ ਸੁਆਲ ਸੀ।
-"ਪੰਜਾਬੀ ਐ ਬਾਈ ਜੀææ!" ਉਸ ਨੇ ਤਰਲਾ ਜਿਹਾ ਪਾਉਣ ਵਾਲ਼ਿਆਂ ਵਾਂਗ ਜਵਾਬ ਦਿੱਤਾ।
-"ਪਰ 'ਮੀਡੀਆ' ਤਾਂ ਪੰਜਾਬੀ ਦਾ ਸ਼ਬਦ ਨਹੀਂ, ਅੰਗਰੇਜ਼ੀ ਦਾ ਐ..! ਤੁਸੀਂ ਖਾਣਾਂ ਪੰਜਾਬੀ ਦਾ ਤੇ ਲੇਡੇ ਅੰਗਰੇਜ਼ੀ ਦੇ ਕਰਨੇ..?" ਮੈਂ ਬਾਜਵਾ ਜੀ ਨੂੰ ਸਿੱਧੀ ਹੀ ਸੁਣਾਈ। ਸਾਡੇ ਵਿਚੋਂ ਕੋਈ ਵੀ ਬਾਜਵੇ ਨੂੰ 'ਬਲਦੇਵ' ਨਹੀਂ ਕਹਿੰਦਾ। ਸਾਰੇ 'ਬਾਜਵਾ' ਹੀ ਆਖਦੇ ਹਨ!
-"ਬਾਈ ਇਹ ਗੱਲ ਛੱਡ..! ਤੂੰ ਮੈਨੂੰ ਆਬਦੇ ਪੰਜ ਸੱਤ ਨਾਵਲ ਮੇਲ ਕਰ, ਅੱਜ ਈ..! ਆਪਾਂ ਆਪਣੀ ਵੈੱਬ-ਸਾਈਟ 'ਤੇ ਸਾਰੇ ਈ ਚਾੜ੍ਹਨੇ ਐਂ..!"
-"ਪੰਜ ਸੱਤ ਨਾਵਲ਼.?" ਮੈਂ ਉਸ ਦੇ ਫ਼ੈਸਲੇ 'ਤੇ ਦੰਗ ਸੀ। ਭਰਾ ਹੋਣ ਕਰਕੇ ਨਾ ਤਾਂ ਮੈਂ ਉਸ ਨੂੰ ḔਨਾਂਹḔ ਵਿਚ ਉੱਤਰ ਦੇ ਸਕਦਾ ਸੀ। ਪਰ ਇਕੱਠੇ ਪੰਜ-ਸੱਤ ਨਾਵਲ? ਮੈਂ ਉਸ ਨੂੰ "ਭੇਜ ਦਿਊਂਗਾ" ਆਖ ਕੇ ਖਹਿੜਾ ਜਿਹਾ ਛੁਡਾ ਲਿਆ।
ਫ਼ਿਰ ਬਾਜਵੇ ਦਾ ਸ਼ੁਰੂ ਹੋਇਆ 'ਮੀਡੀਆ ਪੰਜਾਬ' ਦਾ 'ਅਸਲ' ਸਫ਼ਰ! ਕਦੇ ਪੰਜਾਬ ਅਤੇ ਕਦੇ ਜਰਮਨ!! ਮੈਂ ਉਸ ਨੂੰ ਮਿਹਣਾ ਜਿਹਾ ਵੀ ਮਾਰਿਆ, "ਬਾਜਵਾ..! ਕਿਹੜੇ ਕਾਰੂੰ ਆਲ਼ੇ ਖਜਾਨੇ ਨੂੰ ਹੱਥ ਪੈ ਗਿਆ? ਚੱਕਦੈਂ ਝੋਲ਼ਾ, ਤੀਜੇ ਦਿਨ ਇੰਡੀਆ ਜਾ ਵੱਜਦੈਂ..? ਅਸੀਂ ਸਾਲ Ḕਚ ਇੱਕ ਵਾਰੀ ਇੰਡੀਆ ਜਾ ਆਈਏ, ਸਾਲ ਲੱਕ ਸਿੱਧਾ ਨੀ ਹੁੰਦਾ..!" ਮੈਨੂੰ ਇਤਨਾ ਵੀ ਜ਼ਰੂਰ ਪਤਾ ਹੈ ਕਿ ਬਾਜਵੇ ਦੀ ਵੈੱਬ-ਸਾਈਟ ਤਿਆਰ ਕਰਨ ਵਿਚ ਪ੍ਰਮਿੰਦਰ ਬੈਂਸ ਦਾ ਇਕ ਵੱਡਾ ਹੱਥ ਅਤੇ ਸਹਿਯੋਗ ਸੀ। ਰਣਜੀਤ ਦੀ ਗੱਲ ਮੇਰੇ ਵੀ ਦਿਮਾਗ ਵਿਚ ਖੌਰੂ ਪਾ ਰਹੀ ਸੀ ਕਿ ਬਾਜਵੇ ਨੂੰ ਪੇਪਰ ਕੱਢਣ ਦਾ ਫ਼ਤੂਰ ਜਿਹਾ ਚੜ੍ਹਿਆ ਹੋਇਆ ਹੈ, ਜਦ ਕਦੇ ਨਾਸਾਂ ਪਰਨੇ ਜਾ ਪਿਆ, ਫ਼ਤੂਰ ਆਪੇ ਲਹਿ ਜਾਵੇਗਾ। ਪਰ ਉਹ ਦਿਨ ਕਦੇ ਨਾ ਆਇਆ ਅਤੇ ਹੁਣ ਗੁਰੂ ਬਾਬੇ ਅੱਗੇ ਹੱਥ ਜੋੜ ਕੇ ਅਰਦਾਸ ਹੈ ਕਿ ਉਹ ਦਿਨ "ਕਦੇ ਵੀ ਨਾ" ਆਵੇ! ਉਸ ਨੇ ਦਿਨ-ਰਾਤ ਇਕ ਕਰਕੇ ਆਪਣੇ ਨਾਲ਼ ਲੇਖਕ ਅਤੇ ਸਹਿਯੋਗੀ ਜੋੜਨੇ ਸ਼ੁਰੂ ਕਰ ਦਿੱਤੇ। ਜਿੰਨੇ ਕੁ ਮੇਰੇ ਨੇੜੇ ਸਨ, ਉਹਨਾਂ ਨੂੰ ਮੈਂ ਵੀ ਮੀਡੀਆ ਪੰਜਾਬ ਦੇ ਨੇੜੇ ਲਿਆਂਦਾ। ਅੱਗੇ ਵੀ ਯਾਰਾਂ-ਮਿੱਤਰਾਂ ਅਤੇ ਆਪਣੇ ਪਾਠਕਾਂ-ਪ੍ਰਸ਼ੰਸਕਾਂ ਨੂੰ ਮੀਡੀਆ ਪੰਜਾਬ ਦੀ ਦੱਸ ਪਾਉਂਦੇ ਰਹੇ। ...ਤੇ ਜਿਸ ਦਿਨ ਇਸ ਦੂਜੇ ਸਮਾਗਮ 'ਤੇ ਮੇਰੇ ਵੱਡੇ ਬਾਈ ਕੇਹਰ ਸ਼ਰੀਫ਼ ਨੇ ਸਟੇਜ਼ ਤੋਂ ਦੱਸਿਆ ਕਿ ਪਰਸੋਂ ਤੱਕ ਮੀਡੀਆ ਪੰਜਾਬ ਨੂੰ ਅੱਠ ਮਿਲੀਅਨ ਲੋਕ ਪੜ੍ਹ ਚੁੱਕੇ ਹਨ! ਸੁਣ ਕੇ ਮੈਂ ਮਾਲਾ-ਮਾਲ ਹੋ ਗਿਆ! ਮਾਣ ਨਾਲ਼ ਦਿਲ ਬਾਜਵੇ ਨੂੰ ਜੱਫ਼ੀ ਪਾਉਣ ਅਤੇ ਉਸ ਦੇ ਸਿਰੜ-ਸਿਦਕ ਨੂੰ ਸਿਜਦਾ ਕਰਨ ਨੂੰ ਕੀਤਾ।
ਉਸ ਦਾ ਪਿਛਲਾ ਅਤੇ ਪਲੇਠਾ ਸਮਾਗਮ ਪਿਛਲੇ ਸਾਲ 15 ਅਗਸਤ 2009 ਨੂੰ ਸੀ। ਪਰ ਐਤਕੀਂ ਜਾਣ-ਬੁੱਝ ਕੇ 14 ਅਗਸਤ ਦਾ ਰੱਖਿਆ ਗਿਆ। ਕਿਉਂਕਿ ਕੁਝ ਕਾਰਨਾਂ ਕਰਕੇ ਪਿਛਲੇ ਸਾਲ ਬਹੁਤੇ ਲੋਕ ਪਹੁੰਚ ਨਹੀਂ ਸਕੇ ਸਨ। 15 ਅਗਸਤ ਅਜ਼ਾਦੀ ਦਿਵਸ ਸੀ। ਕੁਝ ਲੋਕਾਂ ਨੇ ਖ਼ੁਸ਼ੀ ਵਿਚ ਕੱਛਾਂ ਵਜਾਉਣੀਆਂ ਸਨ ਅਤੇ ਕਈਆਂ ਨੇ ਝੋਰਾ ਕਰਨਾ ਸੀ।
ਇਸ ਵਾਰ ਫ਼ਿਰ ਬਾਜਵਾ ਜੀ ਦਾ ਫ਼ੋਨ ਆ ਗਿਆ।
-"ਬਾਈ ਜੀ, ਪ੍ਰੋਗਰਾਮ ਕਦੋਂ ਦਾ ਰੱਖੀਏ..?"
-"ਜਦੋਂ ਮਰਜ਼ੀ ਐ ਰੱਖ ਲੈ, ਪਰ ਮਹੀਨਾਂ ਕੁ ਪਹਿਲਾਂ ਦੱਸ ਦੇਵੀਂ..! ਨਹੀਂ ਮੇਰੀ ਛੁੱਟੀ ਦਾ ਮੁਸ਼ਕਿਲ ਹੋਜੂ! ਮੇਰਾ ਤਾਂ ਤੂੰ ਸਿਆਪਾ ਜਿਆ ਵੀ ਬਾਹਲ਼ਾ ਕਰਦਾ ਹੁੰਨੈ, ਹੋਰ ਕਿਸੇ ਨੂੰ ਕੁਛ ਆਖੇਂ, ਚਾਹੇ ਨਾ ਆਖੇਂ..!"
ਜੂਨ ਮਹੀਨੇ ਦੇ ਅੱਧ ਕੁ ਵਿਚ ਬਾਜਵਾ ਜੀ ਦਾ ਫ਼ਿਰ ਫ਼ੋਨ ਆ ਗਿਆ।
-"ਬਾਈ ਜੀ ਪ੍ਰੋਗਰਾਮ ਫ਼ਰੈਂਕਫ਼ੋਰਟ ਕਰਨ ਦਾ ਮਨ ਬਣਦੈ..!"
-"ਜਿੱਥੇ ਮਰਜ਼ੀ ਕਰ ਲੈ ਬਾਜਵਾ, ਜਿਵੇਂ ਸਿਆਣੇ ਆਖਦੇ ਹੁੰਦੇ ਐ; ਬੋਤੇ ਆਲ਼ਾ ਸਾਰਾ ਕਰਜ਼ਾਈ ਤੇ ਬੋਤੇ ਆਲ਼ਾ ਅੱਧਾ, ਗਧੇ ਆਲ਼ਾ ਸਭ ਤੋਂ ਚੰਗਾ, ਵੱਟਿਆ ਸੋ ਪੱਲੇ ਬੱਧਾ! ਪੈਸੇ ਜੇਬ 'ਚ ਤੇ ਗਧਾ ਰੂੜੀ 'ਤੇ, ਗਧੇ ਨੂੰ ਕਿਹੜਾ ਵਿਚਾਰੇ ਨੂੰ ਕਿਸੇ ਨੇ ਵੜੇਵੇਂ ਚਾਰਨੇ ਐਂ..? ਲੰਡਨ ਤੋਂ ਮੈਨੂੰ ਫ਼ਲਾਈਟ Ḕਤੇ ਵੱਧ ਤੋਂ ਵੱਧ ਡੇੜ੍ਹ ਘੰਟਾ ਈ ਲੱਗਣੈ! ਜਿਹੜੇ ਮਰਜ਼ੀ ਸ਼ਹਿਰ ਰੱਖ ਲੈ..!"
ਤਾਇਆ ਬੱਕਰੀਆਂ ਵਾਲ਼ਾ ਕਦੇ-ਕਦੇ ਬਾਜਵੇ ਦਾ ਬੜਾ 'ਵੈਰੀ' ਬਣ ਤੁਰਦਾ ਹੈ। ਉਸ ਨੂੰ 'ਰੇਤਣ' ਲਈ ਮੈਂ ਉਸ ਨੂੰ ਫ਼ੋਨ ਕੀਤਾ।
-"ਬਾਈ ਰਣਜੀਤ..! ਆਹ ਬਾਜਵਾ ਈ ਆਪਣੇ 'ਤੇ ਜੱਜ ਬਣਿਆਂ ਫ਼ਿਰਦੈ..!" ਮੈਂ ਉਸ ਨੂੰ ਪੂਰਾ ਤਾਣ ਲਾ ਕੇ 'ਫ਼ੂਕ' ਦਿੱਤੀ।
-"ਕੀ ਹੋ ਗਿਆ..?" ਤਾਏ ਨੇ ਵੀ ਕੰਨ ਦੀ ਸ਼ਿਸ਼ਤ ਮੇਰੀ ਗੱਲ ਵਿਚ ਗੱਡ ਲਈ।
-"ਆਹ ਹੁਣ ਕਹਿੰਦੈ ਪ੍ਰੋਗਰਾਮ ਫ਼ਰੈਂਕਫ਼ੋਰਟ ਕਰਨੈਂ..? ਨ੍ਹਾਂ ਹੁਣ ਇਹ ਰਾਠ ਤੇ ਅਸੀਂ ਇਹਦੇ ਚੇਲੇ-ਚਾਟੜੇ ਹੋ ਗਏ ਬਈ ਇਹਦਾ ਹਰ ਹੁਕਮ ਸਿਰ ਮੱਥੇ ਮੰਨੀ ਜਾਵਾਂਗੇ..? ਇਹ ਥੋਡੇ ਸ਼ਹਿਰ ਮਿਊਨਿਕ ਪ੍ਰੋਗਰਾਮ ਕਿਉਂ ਨੀ ਕਰਵਾਉਂਦਾ, ਨਾਲ਼ੇ ਥੋਨੂੰ ਸੌਖਾ ਹੋ ਜਾਂਦਾ..?"
-"ਹਾਂ..! ਬਾਪੂ ਦਾ ਰਾਜ ਐ ਨ੍ਹਾਂ, ਫ਼ਰੈਂਕਫ਼ੋਰਟ ਕਰ ਲਈਏ..! ਮਿਉਨਿਕ ਕਿਉਂ ਨ੍ਹੀ ਕਰਦਾ..?" ਤਾਏ ਨੂੰ ਵੀ ਮੇਰੀ ਫ਼ੂਕ ਧਤੂਰੇ ਵਾਂਗ ਚੜ੍ਹੀ।
-"ਚਲੋ ਇਹਦੇ ਪਹਿਲੇ ਪ੍ਰੋਗਰਾਮ ਬਾਰੇ ਤਾਂ ਆਪਾਂ ਇਹਨੂੰ ਕੁਛ ਕਿਹਾ ਨ੍ਹੀ, ਪਰ ਹੁਣ ਤਾਂ ਇਹ ਆਬਦੀ ਢੋਲਕੀ ਕੁੱਟ-ਕੁੱਟ ਸਾਨੂੰ ਈ ਸੁਣਾਉਣ ਲੱਗ ਪਿਆ..! ਆਪਾਂ ਨੂੰ ਟੰਬਾ ਚੱਕ ਕੇ ਇਹਦੀ ਪੁੜਪੜੀ 'ਚ ਕਦੇ ਚਿੱਬ ਪਾਉਣਾ ਪੈਣੈ..! ਟਲ਼ਦਾ ਲੱਗਦਾ ਨੀ ਮੈਨੂੰ ਇਹ..! ਹਰ ਵਾਰੀ ਨਵਾਂ ਸੱਪ ਕੱਢ ਕੇ ਅੱਗੇ ਕਰਦੈ..! ਹਰ ਵਾਰੀ ਗੱਲ ਠੋਸਦੈ ਆਪਣੇ 'ਤੇ..! ਸਲਾਹ-ਸਲੂਹ ਨ੍ਹੀ ਪੁੱਛਦਾ..!" ਮੈਂ ਆਪਣੇ ਵੱਲੋਂ ਤਾਏ ਵਿਚ ਪੂਰਾ ਬਾਰੂਦ ਭਰ ਦਿੱਤਾ। ਤਾਇਆ ਵੀ ਖੜ੍ਹਾ ਹੀ ਰਾਕਟ ਬਣ ਗਿਆ ਅਤੇ ਅੱਗ ਲੱਗੀ ਵਾਲ਼ੇ ਭੜ੍ਹਾਕੇ ਵਾਂਗੂੰ 'ਸਿਰਰ-ਸਿਰਰ' ਕਰਨ ਲੱਗ ਪਿਆ।
-"ਇਹਦੇ ਨਾਲ਼ ਮੈਂ ਅੱਜ ਗੱਲ ਕਰਦੈਂ ਜੱਗੀ..! ਜਰਮਨ 'ਚ ਰਹਿ ਕੇ ਇਹ ਕੇਰਾਂ ਈ ਸਾਡੇ 'ਤੇ ਹਿਟਲਰ ਬਣ ਤੁਰਿਆ..? ਇਹ ਆਬਦਾ ਸੂਤ ਦੇਖਦੈ..! ਮੈਂ ਪਾਉਨੈ ਇਹਦੇ ਗਲ਼ ਸਾਅਫ਼ਾ ਅੱਜ ਈ..!"
-"ਤੂੰ ਕਰੜਾ ਹੋ ਕੇ ਪਈਂ ਇਹਨੂੰ..! ਇਹਨੂੰ ਕਿਸੇ ਨੇ ਹਾਲ ਮੁਫ਼ਤ ਦੇਣ ਦੀ ਮਿੱਠੀ ਉਂਗਲ਼ ਚਟਾਤੀ ਹੋਣੀਂ ਐਂ..? ਤੂੰ ਅੱਜ ਆਥਣੇ ਘੁੱਟ ਲਾ ਕੇ ਇਹਦੇ ਦੁਆਲ਼ੇ ਹੋ, ਇਹ ਆਪਾਂ ਨੂੰ ਸਮਝਦਾ ਕੀ ਐ..?" ਮੈਂ ਆਪਣੇ ਵੱਲੋਂ ਤਾਏ ਨੂੰ ਪੂਰਾ 'ਪੁਲੀਤਾ' ਲਾ ਦਿੱਤਾ।
-"ਕਰਦੈਂ ਅੱਜ ਈ ਗੱਲ਼.! ਲਾਉਨੈ ਕਲਾਸ ਇਹਦੀ ਬੀਅਰ-ਬੂਅਰ ਲਾ ਕੇ ਤਕਾਲ਼ਾਂ ਨੂੰ..!" ਤਾਇਆ ਖੜ੍ਹਾ ਹੀ ਧੂੰਆਂ ਰੋਲ਼ ਕਰੀ ਜਾ ਰਿਹਾ ਸੀ।
ਕੰਮ-ਕਾਰ ਤੋਂ ਵਿਹਲਾ ਜਿਹਾ ਹੋ ਕੇ ਆਥਣੇ ਤਾਏ ਨੇ ਮੂਡ ਜਿਹਾ ਬਣਾਇਆ ਤੇ ਫ਼ੋਨ ਚੁੱਕ ਬਾਜਵੇ ਦੇ ਦੁਆਲ਼ੇ ਹੋ ਗਿਆ।
-"ਬਾਜਵਾ..! ਆਹ ਕੀ ਅਲ਼ੱਥ ਫ਼ੜਿਐ ਤੂੰ..?" ਤਾਏ ਦਾ ਪਹਿਲਾ ਵਾਰ ਹੀ ਰੋਂਭੜੇ ਪਾਊ ਸੀ।
-"ਕਾਹਦਾ..?" ਬਾਜਵੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਕਿ ਫ਼ਰੈਂਕਫ਼ੋਰਟ ਕਰਨ ਵਾਲ਼ੇ ਪ੍ਰੋਗਰਾਮ ਬਾਰੇ ਤਾਏ ਨੂੰ ਵੀ ਪਤਾ ਹੋਵੇਗਾ।?
-"ਤੂੰ ਪ੍ਰੋਗਰਾਮ ਫ਼ਰੈਂਕਫ਼ੋਰਟ ਕੀਹਨੂੰ ਪੁੱਛ ਕੇ ਰੱਖਿਐ..? ਨ੍ਹਾਂ ਅਸੀਂ ਤੇਰੇ ਨੌਕਰ ਐਂ..?" ਤਾਇਆ ਤੰਦੂਰ ਵਾਂਗ ਸੇਕ ਮਾਰ ਰਿਹਾ ਸੀ।
-"ਤੈਨੂੰ ਕੀਹਨੇ ਦੱਸਿਐ..?" ਬਾਜਵੇ ਨੂੰ ਭੱਜਣ ਨੂੰ ਕੋਈ ਮੋਰੀ ਨਹੀਂ ਲੱਭ ਰਹੀ ਸੀ। ਉਹ ਅੱਕੀਂ-ਪਲਾਹੀਂ ਹੱਥ ਮਾਰੀ ਜਾ ਰਿਹਾ ਸੀ।
-"ਮੈਨੂੰ ਕਿਸੇ ਨੇ ਦੱਸਿਆ ਹੋਵੇ..! ਤੂੰ ਕੀ ਲੈਣੈ..?"
-"ਉਏ ਮੈਂ ਤਾਂ ਮਾੜਾ ਜਿਆ ਜੱਗੀ ਨੂੰ ਈ ਪੁੱਛਿਆ ਸੀ..! ਉਹਨੇ ਤੈਨੂੰ ਚੁੱਕ ਦਿੱਤੀ ਹੋਣੀ ਐਂ..!"
-"ਤੂੰ ਕਿਸੇ ਨੂੰ ਕਦੋਂ ਪੁੱਛਦੈਂ..? ਤੂੰ ਤਾਂ ਅਬਦਾਲੀ ਆਲ਼ਾ ਹੁਕਮ ਕਰਦੈਂ..!" ਤਾਇਆ ਬੱਕਰੀਆਂ ਵਾਲ਼ਾ ਬਾਜਵੇ ਦੇ ਮਗਰੋਂ ਨਹੀਂ ਲਹਿ ਰਿਹਾ ਸੀ, "ਜਾਹ ਅਸੀਂ ਨੀ ਆਉਣਾਂ ਤੇਰੇ ਪ੍ਰੋਗਰਾਮ 'ਤੇ, ਜਿੱਥੇ ਮਰਜ਼ੀ ਐ ਕਰੀ ਚੱਲੀਂ..!" ਤਾਏ ਨੇ ਭੌਣ ਤੋਂ ਹੀ ਲਾਹ ਧਰੀ। ਅੱਕੀ ਹੋਈ ਔਰਤ ਵਾਂਗ ਉਸ ਨੇ ਫ਼ੋਨ ਪਰਾਂਤ ਵਾਂਗ ਚਲਾ ਕੇ ਮਾਰਿਆ।
ਲਾਹ-ਪਾਅ ਜਿਹੀ ਕਰਵਾ ਕੇ ਬਾਜਵੇ ਨੇ ਮੈਨੂੰ ਫ਼ੋਨ ਮਿਲ਼ਾ ਲਿਆ।
-"ਜੱਗੀ ਯਾਰ, ਤਾਇਆ ਮੇਰੇ ਦੁਆਲ਼ੇ ਡਾਂਗ ਚੱਕੀ ਫ਼ਿਰਦੈ, ਉਹਨੂੰ ਤੂੰ ਦੱਸਿਐ..?"
-"ਆਹੋ, ਮੈਥੋਂ ਈ ਮਾੜੀ ਜਿਹੀ ਗੱਲ ਹੋ ਗਈ ਸੀ ਅੱਜ਼.!" ਮੈਂ ਪੱਲਾ ਬਚਾਇਆ।
-"ਯਾਰ ਤੂੰ ਉਹਨੂੰ ਠੰਢਾ ਕਰ..! ਮੇਰੇ 'ਤੇ ਤਾਂ ਉਹ ਅੱਗੇ ਈ ਬਹੁਤ ਲੱਗਦੈ..!" ਬਾਜਵਾ ਮਾਯੂਸੀ ਜਿਹੀ ਵਿਚ ਬੋਲ ਰਿਹਾ ਸੀ।
-"ਮੈਂ ਕਰਦੈਂ ਉਹਨੂੰ ਫ਼ੋਨ..! ਤੂੰ ਚਿੰਤਾ ਨਾ ਕਰ ਬਾਜਵਾ..!" ਆਖ ਮੈਂ ਤਾਏ ਨੂੰ ਫ਼ੋਨ ਮਿਲ਼ਾ ਲਿਆ।
-"ਹਾਂ ਜੀ..!" ਤਾਏ ਦੀ ਗੱਲ ਵਿਚ ਬੀਅਰ ਬੋਲੀ ਤੇ ਜ਼ੁਬਾਨ ਨੇ ਬਲ਼ਦ-ਮੂਤਣੀ ਪਾਈ।
-"ਮੈਨੂੰ ਬਾਜਵੇ ਦਾ ਫ਼ੋਨ ਆ ਗਿਆ ਸੀ ਤਾਇਆ..!" ਮੈਂ ਸੰਖੇਪ ਆਖਿਆ।
-"ਮੈਂ ਤਾਂ ਲਾ ਦਿੱਤੀ ਬਾਜਵੇ ਦੀ ਤਹਿ ਅੱਜ਼.!"
-"ਯਾਰ ਬਾਈ..! ਚਾਹੇ ਆਪਣੀ ਗੱਲ ਸੁਣਦੈ, ਚਾਹੇ ਨਹੀਂ ਸੁਣਦਾ..! ਹੈ ਤਾਂ ਆਪਣਾ ਬਾਈ..! ਆਪਾਂ ਉਹਦੀ ਮਾੜੀ ਆਦਤ ਮਗਰ ਨੀ ਜਾਣਾææ! ਆਪਾਂ ਭਰਾ ਮਗਰ ਜਾਣੈ..! ਜਿੱਥੇ ਵੀ ਮਰਜ਼ੀ ਐ ਪ੍ਰੋਗਰਾਮ ਰੱਖੇ, ਆਪਾਂ ਜਾਣਾ ਈ ਜਾਣੈ..! ਜੇ ਉਹਦੀ ਆਦਤ ਮਾੜੀ ਐ, ਤਾਂ ਆਪਾਂ ਭਰਾ ਤਾਂ ਨ੍ਹੀ ਛੱਡ ਦੇਣਾਂ..?"
-"ਗੱਲ ਜੱਗੀ ਤੇਰੀ ਆਹ ਵੀ ਸਹੀ ਐ..! ਪਰ ਯਾਰ ਕਦੇ ਕਦੇ ਤੰਗ ਬਹੁਤ ਕਰਦੈ.!"
-"ਤਾਇਆ, ਆਪਾਂ ਚੱਲਾਂਗੇ ਯਾਰææ! ਮੈਂ ਇਕ ਦਿਨ ਪਹਿਲਾਂ ਈ ਆ ਜਾਊਂ, ਤੇ ਨਾਲ਼ੇ ਕਰੂੰਗਾ ਅਮਨਦੀਪ ਕਾਲਕਟ ਨੂੰ ਫ਼ੋਨ, ਇਸ ਬਹਾਨੇ ਆਪਾਂ ਭਰਾ ਮਿਲ਼ ਤਾਂ ਲਵਾਂਗੇ..? ਊਂ ਤਾਂ ਕਦੇ ਸਬੱਬ ਬਣਦਾ ਨੀ, ਆਪਾਂ ਨੂੰ ਤਾਂ ਬਾਜਵੇ ਦਾ ਧੰਨਵਾਦੀ ਹੋਣਾ ਚਾਹੀਦੈ, ਜੀਹਦੇ ਪ੍ਰੋਗਰਾਮ ਸਦਕਾ ਆਪਾਂ ਮਿਲ਼ ਲੈਨੇ ਐਂ..!"
-"ਇਹ ਗੱਲ ਵੀ ਠੀਕ ਐ ਜੱਗੀ..! ਚੱਲ ਠੀਕ ਐ, ਤੂੰ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਈ ਆਜੀਂ, ਭਰਾ-ਭਰਾ ਬੈਠ ਕੇ ਗੱਲਾਂ ਬਾਤਾਂ ਕਰਾਂਗੇ..!"
-"ਮੈਂ ਅਮਨਦੀਪ ਕਾਲਕਟ ਨੂੰ ਵੀ ਫ਼ੋਨ ਕਰ ਕੇ ਕਹੂੰਗਾ, ਇਕ ਰਾਤ ਪਹਿਲਾਂ ਈ ਆ ਜਾਊ, ਸਾਰੇ ਲਹਿਰਾਂ ਲਾਵਾਂਗੇ..!" ਆਖ ਕੇ ਮੈਂ ਫ਼ੋਨ ਰੱਖ ਦਿੱਤਾ। ਤਾਇਆ ਰੁਕ ਵਿਚ ਬੋਲਣ ਲੱਗ ਪਿਆ ਸੀ। ਸਾਡਾ ਸ਼ੁਰੂ ਤੋਂ ਹੀ ਇਹ ਹਿਸਾਬ ਰਿਹਾ ਹੈ ਕਿ ਜੇ ਤਾਏ ਨੂੰ ਤਰਸੇਮ ਅਟਵਾਲ਼ ਦੇ ਜਾਂ ਬਾਜਵੇ ਦੇ ਮਗਰ ਪਾਉਣਾ ਹੋਵੇ, ਉਹਨੂੰ ਪੁੱਠੀ ਗੱਲ ਦੱਸ ਦਿਓ! ਬਾਕੀ ਕਸਰ ਤਾਇਆ ਪੂਰੀ ਕਰ ਦਿੰਦਾ ਹੈ! ਅਸੀਂ ਕਈ ਵਾਰ ਉਸ ਨੂੰ ਪ੍ਰਧਾਨ ਤਰਸੇਮ ਸਿੰਘ ਅਟਵਾਲ਼ ਦੇ ਮਗਰ ਵੀ ਪਾਇਆ ਹੈ। ਤਾਇਆ ਦਿਲ ਦਾ ਮਾੜਾ ਬਿਲਕੁਲ ਨਹੀਂ! ਯਾਰਾਂ ਦਾ ਯਾਰ ਅਤੇ ਭਰਾਵਾਂ ਦੀ ਥਾਂ ਖ਼ੂਨ ਡੋਲ੍ਹਣ ਵਾਲ਼ਾ ਬੰਦਾ ਹੈ! ਉਸ ਦੀ ਇੱਕੋ ਆਦਤ ਮਾੜੀ ਹੈ ਕਿ ਕਿਸੇ ਦੇ ਮਗਰ ਪੈਣ ਲੱਗਿਆ ਅੱਗਾ-ਪਿੱਛਾ ਨਹੀਂ ਦੇਖਦਾ। ਸਾਡੀ ਦੋ ਦਹਾਕਿਆਂ ਤੋਂ ਬਣਦੀ ਆਉਂਦੀ ਹੈ। ਅਸੀਂ ਲੜਦੇ ਵੀ ਨਿੱਤ ਵਾਂਗੂੰ ਹੀ ਹਾਂ। ਪਰ ਜਿੱਥੇ ਲੋੜ ਪਈ, ਸਾਡੇ 'ਚੋਂ ਕਦੇ ਕੋਈ ਪਿੱਛੇ ਨਹੀਂ ਹਟਿਆ। ਬਾਜਵੇ ਅਤੇ ਪ੍ਰਧਾਨ ਤਰਸੇਮ ਸਿੰਘ ਅਟਵਾਲ਼ ਦੇ ਮਗਰ ਪੈਣ ਨੂੰ ਤਾਂ ਉਹ ਤਿਆਰ-ਬਰ-ਤਿਆਰ ਹੀ ਰਹਿੰਦਾ ਹੈ। ਅਸੀਂ ਪਤਾ ਨਹੀਂ ਕਿੰਨੇ ਕੁ ਵਾਰੀ ਲੜੇ ਅਤੇ ਦੂਰੋ-ਦੂਰੀ ਹੋਏ ਹੋਵਾਂਗੇ, ਪਰ ਅਸੀਂ ਅੱਜ ਤੱਕ ਕਿਸੇ ਨਾਲ਼ ਵੀ ਬੋਲਣੋਂ ਨਹੀਂ ਹਟੇ! ਜਦ ਅਸੀਂ ਪੀਂਦੇ ਸੀ, ਅਸੀਂ ਇਕੱਠੇ ਬੈਠ ਕੇ ਸ਼ਰਾਬ ਵੀ ਰੱਜ ਕੇ ਪੀਤੀ। ਪਰ ਅੱਜ ਤੱਕ ਕਿਸੇ ਨੇ ਕਿਸੇ ਨੂੰ ਗਾਲ਼ ਤੱਕ ਨਹੀਂ ਕੱਢੀ ਅਤੇ ਨਾ ਹੀ ਇਕ-ਦੂਜੇ ਦੇ ਝੱਗੇ ਪਾੜੇ! ਸਾਡਾ ਭਰਾਵਾਂ ਨਾਲ਼ੋਂ ਵੱਧ ਪ੍ਰੇਮ ਸੀ ਅਤੇ ਅੱਜ ਵੀ ਉਤਨਾ ਹੀ ਹੈ ਅਤੇ ਅੱਗੇ ਵੀ ਗੁਰੁ ਬਾਬਾ ਬਣਾਈ ਰੱਖੇ!
ਖ਼ੈਰ! ਅਖ਼ੀਰ ਨੂੰ ਪ੍ਰੋਗਰਾਮ ਲਾਈਪਜ਼ਿਗ ਹੀ ਕਰਨ ਦਾ ਪ੍ਰੋਗਰਾਮ ਬਣਿਆਂ।
ਜੁਲਾਈ ਦੇ ਅਖ਼ੀਰ ਵਿਚ ਬਾਜਵਾ ਜੀ ਨੇ ਫ਼ਿਰ ਫ਼ੋਨ ਕੀਤਾ।
-"ਬਾਈ ਜੀ, ਤੁਹਾਡੀ ਟਿਕਟ 13 ਅਗਸਤ ਦਿਨ ਸ਼ੁਕਰਵਾਰ ਦੀ ਆਉਣ ਦੀ ਕੀਤੀ ਐ ਤੇ 15 ਅਗਸਤ ਐਤਵਾਰ ਦੀ ਵਾਪਸੀ! ਤੁਸੀਂ 'ਪ੍ਰਿੰਟ-ਆਊਟ' ਕੱਢ ਲਿਓ! ਬੋਰਡਿੰਗ ਕਾਰਡ ਤੁਹਾਨੂੰ ਫ਼ਲਾਈਟ ਤੋਂ ਚਾਰ ਕੁ ਦਿਨ ਪਹਿਲਾਂ ਭੇਜਾਂਗੇ!"
ਉਸ ਦਾ ਆਖਿਆ 'ਸਤਿ' ਕਰਕੇ ਮੰਨ ਲਿਆ।
ਜਰਮਨੀ ਜਾਣ ਦੀ ਤਿਆਰੀ ਹੋ ਗਈ।
ਸ਼ਨਿੱਚਰਵਾਰ ਐਤਵਾਰ ਦੀ ਤਾਂ ਮੈਨੂੰ ਵੈਸੇ ਹੀ ਛੁੱਟੀ ਸੀ। ਸ਼ੁਕਰਵਾਰ ਦੀ ਇਕ ਛੁੱਟੀ ḔਬੁੱਕḔ ਕਰ ਦਿੱਤੀ। ਵੈਸੇ ਮੇਰਾ ਕਿੱਤਾ ਹੀ ਐਸਾ ਜਿੰਮੇਵਾਰੀ ਵਾਲ਼ਾ ਹੈ ਕਿ ਇਕ ਛੁੱਟੀ ਲੈਣੀ ਹੋਵੇ ਤਾਂ ਝਨਾਂ ਪਾਰ ਕਰਨ ਦੇ ਤੁੱਲ ਹੋ ਜਾਂਦਾ ਹੈ! ਮੇਰੀ ਫ਼ਲਾਈਟ ਤੋਂ ਚਾਰ ਕੁ ਦਿਨ ਪਹਿਲਾਂ ਮੇਰਾ ਬੋਰਡਿੰਗ ਕਾਰਡ ਵੀ ਬਾਜਵਾ ਨੇ ਈਮੇਲ ਕਰ ਦਿੱਤਾ।
ਮੇਰੀ 'ਰਾਇਨ ਏਅਰ' ਦੀ ਫ਼ਲਾਈਟ 13 ਅਗਸਤ, ਦਿਨ ਸ਼ੁਕਰਵਾਰ ਸਵੇਰੇ ਗਿਆਰਾਂ ਵੱਜ ਕੇ ਪੰਜ ਮਿੰਟ 'ਤੇ ਚੱਲਣੀ ਸੀ। ਰਾਤ ਨੂੰ ਗਿਆਰਾਂ ਵਜੇ ਕੰਮ ਛੱਡ ਕੇ 12 ਕੁ ਵਜੇ ਘਰੇ ਆਇਆ ਅਤੇ ਪੰਜ ਵਜੇ ਉਠ ਖੜ੍ਹਿਆ। ਕਦੇ-ਕਦੇ ਮੇਰੇ ਘਰਵਾਲ਼ੀ ਵੀ ਅੱਕ ਜਾਂਦੀ ਹੈ ਕਿ ਕਿਹੋ ਜਿਹੇ ਬੰਦੇ ਨਾਲ਼ ਵਾਹ ਪਿਆ ਹੈ, ਕਦੇ ਪੈਰ ਹੀ ਨਹੀਂ ਲਾਉਂਦਾ? ਮੇਰੇ ਤਾਂ ਪੈਰ ਲੱਗ ਜਾਣ, ਪਰ ਬਾਜਵਾ ਜੀ ਵਰਗੇ ਸੱਜਣ-ਬੇਲੀ ਪੈਰ ਲੱਗਣ ਨਹੀਂ ਦਿੰਦੇ, ਮੈਂ ਵੀ ਕੀ ਕਰਾਂ..? ਮੇਰੀ ਵੀ ਉਸ ਗਿੱਦੜ ਵਾਲ਼ੀ ਹਾਲਤ ਬਣ ਜਾਂਦੀ ਹੈ, ਜੋ ਕੁਛ ਖਾਣ-ਪੀਣ ਨੂੰ ਭਾਲ਼ਦਾ-ਭਾਲ਼ਦਾ ਸ਼ਰਾਬ ਵਾਲ਼ੀ ਸੁਰਾਹੀ 'ਚ ਮੂੰਹ ਪਾ ਬੈਠਾ ਸੀ। ਲੋਰ ਜਿਹੀ ਆਉਣ 'ਤੇ ਉਸ ਨੇ 'ਲਲਕਾਰੀ' ਜਿਹੀ ਮਾਰੀ, "ਉਏ ਮੈਂ ਤਾਂ ਬੋਤੇ ਆਲ਼ਾ ਘੁੱਗਾ ਕੁੱਟ ਦਿਆਂ..!" ਪਾਸੇ ਤਮਾਸ਼ਬੀਨ ਹੋਰ 'ਫ਼ੂਕ' ਦੇਈ ਗਏ ਤੇ ਆਖਰ ਨਸ਼ੇ 'ਚ ਗਿੱਦੜ ਜੰਗਲ 'ਚ ਸੁੱਤੇ ਪਏ ਬੋਤੇ 'ਤੇ ਜਾ ਚੜ੍ਹਿਆ। ਜਦ ਬੋਤੇ ਦੇ ਕੁਤਕੁਤੀਆਂ ਜਿਹੀਆਂ ਹੋਈਆਂ ਤਾਂ ਉਹ ਉਠ ਕੇ ਖੜ੍ਹਾ ਹੋ ਗਿਆ। ਗਿੱਦੜ ਸਾਹਿਬ ਬੋਤੇ ਦੀ ਪਿੱਠ ਉਪਰ ਟੀਸੀ 'ਤੇ ਬੈਠੇ! ਪਾਸੇ ਖੜ੍ਹੇ ਤਮਾਸ਼ਬੀਨ ਉਸ ਨੂੰ ਹੋਰ 'ਪਾਣ' ਚਾੜ੍ਹੀ ਜਾਣ, "ਬੜੀਆਂ ਪਾਡੀਆਂ ਮਾਰਦਾ ਸੀ, ਕਰ ਹੁਣ ਕੁਛ..!" ਹੁਣ ਗਿੱਦੜ ਭਲਵਾਨ ਦਾ ਨਸ਼ਾ ਵੀ ਲਹਿ ਗਿਆ ਸੀ, ਕਿਉਂਕਿ ਅੱਧ-ਅਸਮਾਨ ਤਾਂ ਉਹ ਬੈਠਾ ਸੀ। ਉਹ ਚੱਡਿਆਂ 'ਚ ਪੂਛ ਦੇਈ ਮਾਯੂਸੀ ਵਿਚ ਪਿੱਟ ਉਠਿਆ, "ਕਰਾਂ ਮੈਂ ਕੀ, ਸੁਆਹ..? ਪੈਰ ਤਾਂ ਇਹ ਮੇਰੇ ਥੱਲੇ ਨਹੀਂ ਲੱਗਣ ਦਿੰਦਾ..!" ਕਦੇ ਕਦੇ ਮੇਰੀ ਵੀ ਉਸ ਗਿੱਦੜ ਵਾਲ਼ੀ ਹਾਲਤ ਹੋ ਜਾਂਦੀ ਹੈ। ਮੇਰੇ ਯਾਰ-ਮਿੱਤਰ ਮੇਰੇ ਪੈਰ ਹੀ ਥੱਲੇ ਨਹੀਂ ਲੱਗਣ ਦਿੰਦੇ! ਕਸੂਰ ਮੇਰਾ ਵੀ ਨਹੀਂ ਹੈ!
ਸਵੇਰੇ ਸਾਢੇ ਕੁ ਸੱਤ ਵਜੇ ਮੈਂ ਸਟੈੱਨਸਟੈੱਡ ਏਅਰਪੋਰਟ ਲੰਡਨ ਨੂੰ ਨਿਕਲ਼ ਪਿਆ। ਕਾਰ ਮੈਂ ਏਅਰਪੋਰਟ ਦੇ ਨੇੜਲੇ 'ਡੇ-ਸਾਲੀਸ' ਹੋਟਲ ਦੀ ਪਾਰਕਿੰਗ ਵਿਚ ਖੜ੍ਹੀ ਕਰਨੀ ਸੀ। ਹੋਟਲ ਦਾ ਜਨਰਲ ਮੈਨੇਜਰ ਮਿਸਟਰ ਰੂਬਿਨ ਮੇਰਾ ਬੜਾ ਪ੍ਰਮ-ਮਿੱਤਰ ਹੈ। ਉਸ ਨੇ ਮੈਨੂੰ ਹੋਟਲ ਦਾ ਐਡਰੈੱਸ ਅਤੇ ਪੋਸਟਲ ਕੋਡ ਦੇ ਦਿੱਤਾ ਅਤੇ ਮੈਂ 'ਨੈਵੀਗੇਟਰ' ਵਿਚ ਪਾ ਕੇ ਗੁਰੁ ਬਾਬੇ ਨਾਨਕ ਨੂੰ ਧਿਆ, ਚਾਲੇ ਪਾ ਦਿੱਤੇ। ਲੰਡਨ ਦਾ ਸਟੈੱਨਸਟੈੱਡ ਏਅਰਪੋਰਟ ਮੇਰੇ ਘਰ ਤੋਂ ਸਾਰਾ ਘੰਟੇ ਕੁ ਦਾ ਰਸਤਾ ਹੈ। 10 ਕੁ ਮਿੰਟ ਬਾਅਦ ਮੈਂ ਕਾਰ ਐੱਮ 11 'ਤੇ ਪਾ ਲਈ। ਸਟੈੱਨਸਟੈੱਡ ਏਅਰਪੋਰਟ ਦਾ ਰਸਤਾ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਸੀ, ਕਿਉਂਕਿ ਮੈਂ ਉਥੇ ਕਈ ਮਹੀਨੇ ਕੰਮ ਕਰ ਚੁੱਕਿਆ ਸਾਂ। ਪਰ ਮੇਰਾ ਨੈਵੀਗੇਟਰ ਏਅਰਪੋਰਟ ਦੇ ਨੇੜੇ ਜਾ ਕੇ "ਮੇਕ ਏ ਯੂ-ਟਰਨ, ਇੱਫ਼ ਪੌਸੀਬਲ" ਦਾ ਰੌਲ਼ਾ ਪਾਉਣ ਲੱਗ ਪਿਆ। ਮੈਂ ਬੜਾ ਹੈਰਾਨ ਹੋਇਆ ਕਿ ਰਸਤੇ ਦਾ ਤਾਂ ਮੈਨੂੰ ਪਤਾ ਹੈ, ਫ਼ਿਰ ਇਹ 'ਯੂ-ਟਰਨ' ਮਾਰਨ ਦੀਆਂ ਦੁਹਾਈਆਂ ਕਿਉਂ ਦੇਣ ਲੱਗ ਪਿਆ?
ਮੈਂ ਅੱਗੇ ਜਾ ਕੇ ਫ਼ਿਰ ਸਾਈਨ-ਬੋਰਡ ਦੇਖਿਆ। ਰਸਤਾ ਤਾਂ ਸਹੀ ਸੀ! ਪਰ ਫ਼ਿਰ ਮੈਂ ਸੋਚਿਆ ਕਿ ਸ਼ਾਇਦ ਹੋਟਲ ਨੂੰ ਕੋਈ ਸੌਖਾ ਰਸਤਾ ਦੱਸਦਾ ਹੋਵੇ? ਮੈਂ ਨੈਵੀਗੇਟਰ ਦੇ ਹਿਸਾਬ ਨਾਲ਼ ਹੀ ਕਾਰ 'ਮੋਟਰ-ਵੇਅ' ਤੋਂ ਥੱਲੇ ਲਾਹ ਲਈ ਅਤੇ ਅੱਗੇ ਇਕ ਛੋਟੇ ਜਿਹੇ ਚੌਕ ਵਿਚ ਜਾ ਕੇ ਉਸ ਨੇ ਮੈਨੂੰ ਸਾਡੇ ਪਿੰਡ ਤੋਂ ਚਕਰ ਪਿੰਡ ਨੂੰ ਜਾਂਦੀ ਸੜਕ ਵਰਗੀ ਸੜਕ 'ਤੇ ਪਾ ਦਿੱਤਾ। ਖੁੱਲ੍ਹ-ਬਹਾਰਾ ਅਤੇ ਹਰਾ-ਭਰਾ ਏਰੀਆ ਦੇਖ ਕੇ ਮਨ ਖ਼ੁਸ਼ ਹੋ ਗਿਆ। ਪਰ ਜਦ ਮੈਂ ਪੰਜ ਕੁ ਕਿਲੋਮੀਟਰ ਗੱਡੀ ਅੰਨ੍ਹੇਵਾਹ ਦੱਬੀ ਗਿਆ ਤਾਂ ਯਾਦ ਆਇਆ ਕਿ ਮੇਰੀ ਫ਼ਲਾਈਟ ਵੀ 11:05 'ਤੇ ਹੈ! ਫ਼ਿਕਰ ਪੈ ਗਿਆ। ਫ਼ਲਾਈਟ ਜਾਣ ਵਿਚ ਸਾਰੇ ਦੋ ਘੰਟੇ ਹੀ ਰਹਿ ਗਏ ਸਨ। ਪਰ ਮੇਰਾ ਨੈਵੀਗੇਟਰ ਮੇਰੀ ਚੁੱਪ ਦਾ ਤਮਾਸ਼ਾ ਦੇਖੀ ਜਾ ਰਿਹਾ ਸੀ, ਸ਼ੈਤਾਨ ਜੁਆਕ ਵਾਂਗ ਕੁਝ ਵੀ ਬੋਲ ਨਹੀਂ ਰਿਹਾ ਸੀ। ਮੈਂ ਗੱਡੀ ਸੜਕ ਤੋਂ ਇਕ ਪਾਸੇ ਲਾਹ ਕੇ ਖੜ੍ਹੀ ਕਰ ਲਈ। ਬਾਹਰ ਨਿਕਲ਼ ਕੇ ਹਰੇਵਾਈ ਦੀ ਸੁਗੰਧੀ ਨੂੰ ਸੁੰਘਿਆ ਅਤੇ ਨੈਵੀਗੇਟਰ ਬੰਦ ਕਰ ਕੇ ਫ਼ਿਰ ਛੱਡਿਆ ਅਤੇ ਹੋਟਲ ਦਾ ਐੱਡਰੈੱਸ ਪਾ ਕੇ ਫ਼ਿਰ ਉਸ ਦੀ ਸੰਘੀ ਦੱਬੀ ਤਾਂ ਉਸ ਨੇ ਪੈਂਦੀ ਸੱਟੇ ਫ਼ਿਰ 'ਮੇਕ ਏ ਯੂ-ਟਰਨ' ਦੀ 'ਰੌਣਕ' ਲਾ ਦਿੱਤੀ। ਹੁਣ ਮੈਨੂੰ ਇਹ ਸਮਝ ਨਹੀਂ ਲੱਗ ਰਹੀ ਸੀ ਕਿ ਮੈਂ ਇਸ ਦੀ ਪਹਿਲਾਂ ਵਾਲ਼ੀ ਗੱਲ ਮੰਨਾਂ ਕਿ ਹੁਣ ਵਾਲ਼ੀ? ਹੁਣ ਮੈਂ ਗੱਡੀ 'ਚੋਂ ਉੱਤਰ ਕੇ ਮੋਟੀ ਜਿਹੀ ਤੱਕ ਨਾਲ਼ ਬਾਹਰ ਦਾ ਜਾਇਜ਼ਾ ਜਿਹਾ ਲਿਆ। ਏਅਰਪੋਰਟ ਘੱਟੋ-ਘੱਟ ਦਸ ਕਿਲੋਮੀਟਰ ਪਿੱਛੇ ਰਹਿ ਗਿਆ ਸੀ। ਮੈਂ ਅੰਦਾਜ਼ੇ ਜਿਹੇ ਨਾਲ਼ ਗੱਡੀ ਉਸੇ ਸੜਕ 'ਤੇ ਵਾਪਸ ਮੋੜ ਲਈ।
ਤਕਰੀਬਨ ਕਿੱਲੋਮੀਟਰ ਵਾਟ ਜਾ ਕੇ ਮੇਰਾ 'ਨੈਵੀਗੇਟਰ' ਵੀ ਵਿਰੋਧੀ ਪਾਰਟੀ 'ਚੋਂ ਪੱਟ ਕੇ ਨਵੇਂ ਭਰਤੀ ਕੀਤੇ ਸਾਬਕਾ ਐੱਮæ ਐੱਲ਼ ਏæ ਵਾਂਗ ਮੇਰੇ ਹੱਕ 'ਚ ਬੋਲਣ ਲੱਗ ਪਿਆ ਅਤੇ ਮੈਂ 10-15 ਮਿੰਟ ਵਿਚ ਹੋਟਲ ਪਹੁੰਚ ਗਿਆ। ਅੱਗੇ ਜਾ ਕੇ ਰੂਬਿਨ ਨੂੰ ਮਿਲ਼ਿਆ ਤਾਂ ਉਸ ਨੇ ਮੇਰੀ ਖਾਤਿਰ 'ਸ਼ਟਲ-ਸਰਵਿਸ' ਪਹਿਲਾਂ ਹੀ ਤਿਆਰ ਕੀਤੀ ਹੋਈ ਸੀ। ਉਸ ਨੂੰ ਗੱਡੀ ਦੀਆਂ ਚਾਬੀਆਂ ਫ਼ੜਾ ਕੇ ਮੈਂ 'ਸ਼ਟਲ-ਸਰਵਿਸ' ਵਾਲ਼ੀ ਕਾਰ ਵਿਚ ਬੈਠ ਗਿਆ ਅਤੇ ਉਸ ਨੇ ਦਸ ਮਿੰਟ ਵਿਚ ਮੈਨੂੰ ਸਟੈੱਨਸਟੈੱਡ ਏਅਰਪੋਰਟ ਲਿਆ ਉਤਾਰਿਆ।