ਲੇਖਕ ਅਜਾਇਬ ਟੱਲੇਵਾਲੀਆ (ਕੈਨੇਡਾ)
ਉਂਝ ਤਾਂ ਸਿੱਖ ਫੌਜੀਆਂ ਦੇ ਇਤਿਹਾਸ ਦਾ ਹਰ ਪੰਨਾ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਪਰ ਸਾਰਾਗੜ੍ਹੀ ਦੀ ਲੜਾਈ ਭਾਰਤੀ ਫੌਜ ਦੇ ਇਤਿਹਾਸ ਦਾ ਇੱਕ ਸੁਨਿਹਰੀ ਪੰਨਾ ਹੈ। ਇੰਡੀਅਨ ਆਰਮੀਂ ਦੇ ਇਤਿਹਾਸ ਦੀ ਸ਼ਾਇਦ ਹੀ ਕੋਈ ਪੁਸਤਕ ਜਾਂ ਪੈਂਫਿਲਟ ਹੋਵੇ ਜੋ ਸਾਰਾਗੜ੍ਹੀ ਦੀ ਲੜਾਈ ਦੇ ਜ਼ਿਕਰ ਬਿਨ੍ਹਾਂ ਪੂਰਾ ਹੋਵੇ। ਬ੍ਰਿਟਿਸ਼ ਇੰਡੀਆ ਤੋਂ ਲੈਕੇ ਹੁਣ ਤੱਕ ਸ਼ਾਇਦ ਹੀ ਕਾਮਨਵੈਲਥ ਦੀ ਕੋਈ ਫੌਜ਼ ਹੋਵੇ ਜਿਸਨੇ ਅਜਿਹਾ ਇਤਿਹਾਸ ਰਚਿਆ ਹੋਵੇ।
ਬ੍ਰਿਟਿਸ਼ ਇੰਡੀਆ ਬਹੁਤ ਵੱਡਾ ਸੀ। ਇਸ ਵਿਚ ਪਾਕਿਸਤਾਨ, ਅਫਗਾਨਿਸਤਾਨ, ਨੇਪਾਲ,ਭੂਟਾਨ, ਬਰਮਾ, ਸ਼ੀ੍ਰਲੰਕਾ ਦਾ ਇਲਾਕਾ ਸ਼ਾਮਲ ਸੀ। ਬ੍ਰਿਟਿਸ਼ ਤੇ ਅਫਗਾਨ ਅਮੀਰਾਂ ਨਾਲ ਸੰਧੀ ਹੋਣ ਦੇ ਬਾਵਜੂਦ, ਅਫਗਾਨਿਸਤਾਨ ਤੇ ਅੱਜ ਦੇ ਪਾਕਿਸਤਾਨ ਦਾ ਸਰਹੱਦੀ ਇਲਾਕਾ ਨਾਰਥ ਵੈਸਟ ਫਰੰਟੀਅਰ ਅੰਗਰੇਜ਼ਾਂ ਦੇ ਕੰਟਰੋਲ ਵਿਚ ਨਹੀਂ ਸੀ ਆ ਰਿਹਾ। ਇਹ ਇਲਾਕਾ ਪਾਕਿਸਤਾਨ ਵਿਚ ਅਫਗਾਨਿਸਤਾਨ ਦੀ ਹੱਦ ਨਾਲ ਲਗਦਾ ਹੈ। ਇਹ ਅੱਜ ਵੀ ਅਜ਼ਾਦ ਹੀ ਹੈ। ਏਸ ਗੜਬੜੀ ਤੇ ਅਸ਼ਾਂਤ ਇਲਾਕੇ ਨੂੰ ਕੰਟਰੋਲ ਕਰਨ ਲਈ ਬ੍ਰਿਟਿਸ਼ ਫੌਜ਼ ਨੇ 'ਤੀਰਾਹ'ਨਾਮ ਦੀ ਮੁਹਿੰਮ ਸ਼ੁਰੂ ਕੀਤੀ। ਏਸ ਵਾਸਤੇ 'ਤੀਰਾਹ ਫੀਲਡ ਫੋਰਸ' ਕਾਇਮ ਕੀਤੀ ਗਈ। ਅੰਗਰੇਜ਼ਾਂ ਤੋਂ ਇਲਾਵਾ ਬਲੋਚ, ਸਿੱਖ ਤੇ ਗੋਰਖਾ ਰਜਮੈਂਟਾਂ ਇਸ ਵਿਸ਼ੇਸ਼ ਮੰਤਵ ਲਈ ਤਾਇਨਾਤ ਕੀਤੀਆਂ ਗਈਆਂ। ਨੌਰਥ ਵੈਸਟ ਫਰੰਟੀਅਰ ਤੇ ਵਜ਼ੀਰਾਸਤਾਨ ਇਲਾਕੇ ਵਿਚ ਸਮਾਨਾ ਰੇਂਜ਼ ਦੀ ਪਹਾੜੀਆਂ ਤੇ 'ਛੱਤੀ ਸਿੱਖ ਰਜ਼ਮੈਂਟ ਨੂੰ ਤਾਇਨਾਤ ਕੀਤਾ ਗਿਆ। ਸਮਾਨਾ ਰਿਜ ਤੇ ਦੋ ਕਿਲ੍ਹੇ ਸਨ। ਇਹ ਸਿੱਖ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਤਾਮੀਰ ਕਰਵਾਏ ਸਨ। ਇਨ੍ਹਾਂ ਕਿਲ੍ਹਿਆਂ ਦੀ ਮੁਰੰਮਤ ਕਰਕੇ ਇਨ੍ਹਾਂ ਦੇ ਨਾਮ ਬਦਲ ਦਿੱਤੇ ਗਏ। ਇੱਕ ਦਾ ਨਾਮ ਬ੍ਰਿਟਿਸ਼ ਫੌਜ਼ ਵਲੋਂ 'ਫੋਰਟ ਲਾਕਹਰਟ' ਤੇ ਦੂਜੇ ਦਾ ਨਾਮ 'ਫੋਰਟ ਗੁਲਸਤਾਨ' ਰਖਿਆ। ਇੱਥੇ ਛੱਤੀ ਸਿੱਖ ਰਜਮੈਂਟ ਦੀਆਂ ਪੰਜ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। ਹੈਡਕੁਆਟਰ ਫੋਰਟ ਲਾਕਹਾਰਟ ਵਿਚ ਲੈਫਟੀਨੈਂਟ ਕਰਨਲ ਜੌਹਨ ਹਾਟਨ ਸੀæਓæ ਸੀ। ਦੁਸ਼ਮਣ ਦੀਆਂ ਸਰਗਰਮੀਆਂ ਜਾਨਣ ਲਈ ਕਿਲ੍ਹਿਆਂ ਦੇ ਆਲੇ ਦੁਆਲੇ ਛੇ ਚੌਂਕੀਆਂ (ਆਊਟ ਪੋਸਟਾਂ) ਸਥਾਪਿਤ ਕਰ ਦਿੱਤੀਆਂ। ਇਨ੍ਹਾਂ ਵਿਚੋਂ ਇੱਕ ਅਹਿਮ ਸਿਗਨਲ ਚੌਂਕੀ ਸਾਰਾਗੜ੍ਹੀ ਸੀ।
ਉਹਨਾਂ ਦਿਨਾਂ ਵਿਚ ਟੈਲੀਫੋਨ ਨਹੀਂ ਹੁੰਦੇ ਸਨ। ਦੋਵਾਂ ਕਿਲ੍ਹਿਆਂ ਦਾ ਸੁਨੇਹਾ ਸਿੱਧਾ ਨਹੀਂ ਪਹੁੰਚਦਾ ਸੀ। ਪਹਾੜੀ ਰਸਤੇ ਹੇਠਾਂ ਉੱਤਰਨ ਤੇ ਚੜ੍ਹਨ ਨਾਲ ਇਹ ਪੰਜ ਕਿਲੋਮੀਟਰ ਬਣ ਜਾਂਦਾ ਹੈ। ਇਹਨਾਂ ਦੋਵਾਂ ਕਿਲ੍ਹਿਆਂ ਵਿਚਕਾਰ ਤਾਲਮੇਲ ਪੈਦਾ ਕਰਨ ਲਈ ਸਾਰਾਗੜ੍ਹੀ ਸਿਗਨਲ ਚੌਂਕੀ ਸਥਾਪਿਤ ਕੀਤੀ ਗਈ। ਇਸ ਚੌਂਕੀ ਦਾ ਨਾਮ ਇੱਕ ਨੇੜੇ ਵੱਸੇ ਪਿੰਡ ਦੇ ਨਾਮ ਤੇ ਰਖਿਆ ਗਿਆ ਸੀ। ਇਹ ਇੱਕ ਛੋਟੀ ਜਿਹੀ ਕਿਲ੍ਹਾਨੁਮਾ ਇਮਾਰਤ ਸੀ ਜੋ ਪੱਥਰਾਂ ਤੇ ਪਥਰੀਲੀ ਮਿੱਟੀ ਦੀਆਂ ਇੱਟਾਂ ਦੀ ਇਮਾਰਤ ਸੀ। ਇਸ ਵਿਚ ਡਾਟਾਂ ਵਾਲੇ ਕੁਝ ਕਮਰੇ, ਅਫ਼ਸਰ ਦਾ ਕਮਰਾ ਤੇ ਗਾਰਡ-ਰੂਮ ਵੀ ਸੀ। ਇਸਦੇ ਪਿਛਲੇ ਪਾਸੇ ਬਹੁਤ ਡੂੰਘੀ ਖੱਡ ਸੀ ਅਤੇ ਇਸ ਦੇ ਤਿੰਨ ਪਾਸੇ ਪਥਰੀਲੀਆਂ ਛੋਟੀਆਂ ਢਲਾਣਾ ਸਨ। ਇਸ ਛੋਟੇ ਕਿਲ੍ਹੇ ਵਿਚ ਪੰਜਾਹ ਫੌਜੀ ਰਹਿ ਸਕਦੇ ਸਨ। ਇਸਦੀਆਂ ਕੰਧਾਂ ਵਿਚ ਫੌਜੀ ਕਿਲ੍ਹੇ ਵਾਂਗ ਮੋਰੀਆਂ ਰਖੀਆਂ ਹੋਈਆਂ ਸਨ। ਇਸ ਵਿਚ ਸਿਨੀਅਰ ਫੌਜੀ ਹਵਾਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ 21 ਫੌਜੀ ਪਹਿਰਾ ਦੇ ਰਹੇ ਸਨ।
ਜੁਲਾਈ ਅਗਸਤ 1897 ਦੀਆਂ ਘਟਨਾਵਾਂ ਨੇ ਕਿਸੇ ਵੱਡੇ ਜਾਂ ਲਗਾਤਾਰ ਹਮਲਿਆਂ ਦੇ ਸੰਕੇਤ ਦੇ ਦਿੱਤੇ ਸਨ। ਬਰਤਾਨਵੀਂ ਫੌਜ ਵਿਚ ਇਹ ਵੀ ਪਤਾ ਲੱਗ ਚੁੱਕਿਆ ਸੀ ਕਿ ਦੋ ਵੱਡੇ ਲੜਾਕੂ ਕਬੀਲੇ ਓਰਾਕਾਜ਼ਾਈ ਤੇ ਅਫਰੀਦੀ ਨੇ ਆਪਸ ਵਿਚ ਹੱਥ ਮਿਲਾ ਲਏ ਹਨ।
10 ਤੇ 11 ਸਤੰਬਰ 1897 ਨੂੰ ਇਹ ਕਬੀਲੇ ਟੱਕਰ ਲੈਣ ਲਈ ਹਥਿਆਰਾਂ ਨਾਲ ਲੈਸ ਹੋਕੇ ਇੱਕਠੇ ਹੋਣ ਲੱਗੇ। 12 ਸਤੰਬਰ ਦੀ ਸਵੇਰ ਨੂੰ 25 ਤੋਂ 30 ਹਜ਼ਾਰ ਦਾ ਲਸ਼ਕਰ ਚੜਦੀ ਧੁੱਪ ਸਾਹਮਣੇ ਦਿਖਾਈ ਦੇਣ ਲੱਗਾ। 10 ਹਜ਼ਾਰ ਨੇ ਕਿਲ੍ਹਾ ਗੁਲਸਤਾਨ ਘੇਰ ਲਿਆ। ਦਸ ਹਜ਼ਾਰ ਨੇ ਸਾਰਾਗੜ੍ਹੀ ਦੀ ਚੌਂਕੀ ਨੂੰ ਤਿੰਨ ਪਾਸੇ ਤੋਂ ਘੇਰ ਲਿਆ। ਬਾਕੀ ਦੇ ਕਬਾਇਲੀਆਂ ਨੇ ਸਾਰਾਗੜ੍ਹੀ ਤੇ ਕਿਲ੍ਹਾ ਲਾਕਹਰਟ ਦਾ ਰਸਤਾ ਕਟ ਦਿੱਤਾ ਤਾਂ ਜੋ ਦੋਵਾਂ ਕਿਲ੍ਹਿਆਂ ਤੋਂ ਸਾਰਾਗੜ੍ਹੀ ਪੋਸਟ ਨੂੰ ਕੋਈ ਮਦਦ ਨਾ ਮਿਲ ਸਕੇ ਤੇ ਮਦਦ ਆਉਣ ਤੋਂ ਪਹਿਲਾਂ ਛੇਤੀ ਤੋਂ ਛੇਤੀ ਇਹ ਚੌਂਕੀ ਤਬਾਹ ਕਰ ਦਿੱਤੀ ਜਾਵੇ। ਜਿਸਦੇ ਵਿਚ "ਛੱਤੀ ਸਿੱਖ ਰੈਜਮੈਂਟ" ਦੇ ਇੱਕੀ ਬਹਾਦਰ ਜਵਾਨ ਤਾਇਨਾਤ ਸਨ। ਉਨ੍ਹਾਂ ਦੀ ਉਮਰ ਤੇ ਤਜ਼ਰਬਾ ਵੀ ਥੋੜਾ ਸੀ। ਸਿਵਾਏ ਹਵਾਲਦਾਰ ਈਸ਼ਰ ਸਿੰਘ ਦੇ ਕਿਸੇ ਵੀ ਫੌਜੀ ਦੀ ਸਰਵਿਸ ਪੰਜ ਸਾਲ ਤੋਂ ਜ਼ਿਆਦਾ ਨਹੀਂ ਸੀ।
ਇਨ੍ਹਾਂ 21 ਸਿੱਖ ਫੌਜੀਆਂ ਦੇ ਨਾਮ ਇਸ ਪ੍ਰਕਾਰ ਹਨ;
1 ਹਵਾਲਦਾਰ ਈਸ਼ਰ ਸਿੰਘ
2 ਨਾਇਕ ਲਾਲ ਸਿੰਘ
3 ਲਾਂਸ ਨਾਇਕ ਚੰਦਾ ਸਿੰਘ
4 ਸਿਪਾਹੀ ਸੁੰਦਰ ਸਿੰਘ
5 ਸਿਪਾਹੀ ਰਾਮ ਸਿੰਘ
6 ਸਿਪਾਹੀ ਅਤਰ ਸਿੰਘ
7 ਸਿਪਾਹੀ ਸਾਹਿਬ ਸਿੰਘ
8 ਸਿਪਾਹੀ ਹੀਰਾ ਸਿੰਘ
9 ਸਿਪਾਹੀ ਦਇਆ ਸਿੰਘ
10 ਸਿਪਾਹੀ ਜੀਵਨ ਸਿੰਘ
11 ਸਿਪਾਹੀ ਭੋਲਾ ਸਿੰਘ
12 ਸਿਪਾਹੀ ਨਰਾਇਣ ਸਿੰਘ
13 ਸਿਪਾਹੀ ਗੁਰਮੁਖ ਸਿੰਘ
14 ਸਿਪਾਹੀ ਜੀਵਨ ਸਿੰਘ
15 ਗੁਰਮੁਖ ਸਿੰਘ
16 ਸਿਪਾਹੀ ਰਾਮ ਸਿੰਘ
17 ਸਿਪਾਹੀ ਭਗਵਾਨ ਸਿੰਘ
18 ਸਿਪਾਹੀ ਭਗਵਾਨ ਸਿੰਘ
19 ਸਿਪਾਹੀ ਬੂਟਾ ਸਿੰਘ
20 ਸਿਪਾਹੀ ਜੀਵਨ ਸਿੰਘ
21 ਸਿਪਾਹੀ ਨੰਦ ਸਿੰਘ
( ਗੈਰ ਫੌਜੀ ਦੋ ਰਸੋਈਆਂ ਦਾ ਨਾਮ ਨਹੀਂ ਪਤਾ)
ਹਵਾਲਦਾਰ ਈਸ਼ਰ ਸਿੰਘ ਦੀ ਬਾਰ੍ਹਾਂ ਸਾਲ ਦੀ ਸਰਵਿਸ ਸੀ ਤੇ ਕਈ ਲੜਾਕੂ ਮੁਹਿੰਮਾਂ ਵਿਚ ਭਾਗ ਲੈ ਚੁੱਕਿਆ ਸੀ ਤੇ ਇਨ੍ਹਾਂ ਗਭਰੂਆਂ ਦੀ ਕਮਾਂਡ ਏਸ ਹਵਾਲਦਾਰ ਦੇ ਹੱਥ ਵਿਚ ਸੀ ਕਿ ਕਿਵੇਂ ਮੁਕਾਬਲਾ ਕੀਤਾ ਜਾਵੇ। ਇਹਨਾਂ ਫੌਜੀਆਂ ਕੋਲ ਇਕ ਇਕ "ਮਾਰਟੀਨੀ ਰਾਇਫਲ" ਅਤੇ ਹਰ ਫੌਜੀ ਕੋਲ ਸਿਰਫ 400 ਕਾਰਤੂਸ ਸਨ
ਛੱਤੀ ਸਿੱਖ ਰਜਮੈਂਟ ਦੇ ਇੱਕੀ ਜਵਾਨ,ਹੁਣ ਨਿੱਡਰ, ਲੜਾਕੂ ਦਸ ਹਜ਼ਾਰ ਕਬਾਇਲੀਆਂ ਦੇ ਹਮਲੇ ਥੱਲੇ ਸਨ। ਢੋਲ ਵਜਾਂਉਂਦਾ, ਨਾਹਰੇ ਲਾਉਂਦਾ ਇੱਕਠ ਅੱਗੇ ਵਧ ਰਿਹਾ ਸੀ। ਸਭਤੋਂ ਪਹਿਲਾਂ ਕਬੀਲਿਆਂ ਦੇ ਮੁਖੀ ਅੱਗੇ ਆਏ ਤੇ ਉਨ੍ਹਾਂ ਪਸਤੋ ਵਿਚ ਸਾਰਾਗੜ੍ਹੀ ਦੇ ਫੌਜੀਆਂ ਨੂੰ ਅਪੀਲ ਕੀਤੀ ਕਿ ਸਾਡੀ ਲੜਾਈ ਸਿੱਖਾਂ ਨਾਲ ਨਹੀਂ ਅੰਗਰੇਜ਼ਾਂ ਨਾਲ ਹੈ। ਇਸ ਲਈ ਤੁਸੀਂ ਹਥਿਆਰ ਸੁੱਟ ਦੇਵੋ। ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਹਵਾਲਦਾਰ ਈਸ਼ਰ ਸਿੰਘ ਨੇ ਇਹ ਅਪੀਲ ਠੁਕਰਾ ਦਿੱਤੀ। ਦੂਜੀ ਵਾਰ ਕਬਾਇਲੀ ਲੀਡਰਾਂ ਨੇ ਧਮਕੀ ਦਿੱਤੀ ਪਰ ਈਸ਼ਰ ਸਿੰਘ ਨੇ ਉਸਦਾ ਵੀ ਠੋਕਵਾਂ ਜਵਾਬ ਦਿੱਤਾ। ਇਸਤੋਂ ਬਾਦ ਸਾਰਾਗੜ੍ਹੀ ਚੌਂਕੀ ਤੇ ਫਾਇਰਿੰਗ ਸ਼ੁਰੂ ਹੋ ਗਈ। ਉਧਰ ਸਿੱਖ ਫੌਜੀਆਂ ਨੇ ਵੀ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡ ਦਿੱਤਾ ਸੀ। ਲੜਾਈ ਸ਼ੁਰੂ ਹੋ ਗਈ। ਇੱਕ ਤੋਂ ਇੱਕ ਹਮਲਾ ਹੋ ਰਿਹਾ ਸੀ। ਫੌਜੀਆਂ ਵਲੋਂ ਹਰ ਹਮਲਾ ਨਾਕਾਮ ਕੀਤਾ ਜਾ ਰਿਹਾ ਸੀ। ਇਸਤਰ੍ਹਾਂ ਅਸਾਵੀਂ ਜੰਗ ਛਿੜ ਪਈ। ਕਬਾਇਲੀ ਲੋਕ ਚੌਂਕੀ ਤੇ ਕਬਜਾ ਕਰਨ ਲਈ ਦ੍ਰਿੜ ਸੰਕਲਪ ਸਨ। ਜਦ ਕਿ ਚੌਂਕੀ ਵਿਚ ਤਾਇਨਾਤ ਸਿੱਖ ਫੌਜੀ ਇਸ ਚੌਂਕੀ ਨੂੰ ਬਚਾਉਣ ਲਈ ਆਪਣੇ ਖੂਨ ਦੀ ਆਖਰੀ ਬੂੰਦ ਤੱਕ ਡੋਲਣ ਨੂੰ ਤਿਆਰ ਸਨ। ਜਿੱਥੇ ਕਬਾਇਲੀਆਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ ਉੱਥੇ ਸਿੱਖ ਫੌਜੀਆਂ ਦੀ ਗਿਣਤੀ ਵੀ ਲਗਾਤਾਰ ਘਟ ਰਹੀ ਸੀ। ਜਿਹੜੇ ਭੁੱਖੇ ਪਿਆਸੇ ਡਟੇ ਹੋਏ ਸਨ ਪਰ ਫੌਜੀਆਂ ਦੀ ਘਟ ਰਹੀ ਗਿਣਤੀ ਦਾ ਬਾਕੀ ਫੌਜੀਆਂ ਦੀ ਦ੍ਰਿੜਤਾ ਤੇ ਬਹਾਦਰੀ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਚੌਂਕੀ ਦੇ ਸਿਗਨਲ ਟਾਵਰ ਵਾਲੀ ਥਾਂ ਤੋਂ ਇੱਕ ਫੌਜੀ (ਸਿਗਨਲ ਮੈਨ ਗੁਰਮੁਖ ਸਿੰਘ) ਆਪਣੀ ਸਿਗਨਲ ਡਿਵਾਇਸ (ਇੱਕ ਝੰਡੀ ਤੇ ਸ਼ੀਸ਼ਾ) ਰਾਹੀਂ ਲੜਾਈ ਦੀ ਸਾਰੀ ਸਥਿਤੀ ਦਾ ਵੇਰਵਾ ਕਿਲ੍ਹਾ ਲਾਕਹਰਟ ਨੂੰ ਭੇਜੀ ਜਾ ਰਿਹਾ ਸੀ। ਕਬਾਇਲੀਆਂ ਦੇ ਸੈਂਕੜੇ ਲੋਕ ਮਾਰੇ ਗਏ ਸਨ। ਗੜ੍ਹੀ ਦੇ ਅੰਦਰੋਂ ਮੁਕਾਬਲਾ ਕਰਦੇ 12 ਜਵਾਨ ਮਾਰੇ ਜਾ ਚੁੱਕੇ ਸਨ। ਲੜਾਈ ਛਿੜੀ ਨੂੰ ਛੇ ਘੰਟੇ ਬੀਤ ਚੁੱਕੇ ਸਨ। ਕੇਵਲ ਨੌ ਜਵਾਨ ਬਾਕੀ ਬਚੇ ਸਨ। ਕਿਲ੍ਹਾ ਲਾਕਹਰਟ ਨੂੰ ਦਸਿਆ ਗਿਆ ਕਿ ਇੱਕ ਇੱਕ ਜੁਆਨ ਕੋਲ ਦੋ ਦੋ ਰਾਈਫਲਾਂ ਹਨ। ਗੋਲੀ ਸਿੱਕੇ ਦੀ ਮਾਤਰਾ ਘਟ ਗਈ ਹੈ। ਕੁਮਕ ਪਹੁੰਚਾਈ ਜਾਵੇ।
ਕਿਲ੍ਹਾ ਲਾਕਹਰਟ ਤੋਂ ਸਾਰਾ ਕੁਝ ਵੇਖ ਰਹੇ ਭੈਭੀਤ ਤੇ ਬੇਬੱਸ ਹੋਏ ਕਰਨਲ ਜਾਹਨ ਹਾਟਨ ਨੇ ਇੱਕ ਵਾਰ ਪੰਜਾਹ ਆਦਮੀਆਂ ਨਾਲ ਤੇ ਦੂਸਰੀ ਵਾਰੀ 90 ਜਵਾਨਾਂ ਨਾਲ, ਕਿਲ੍ਹੇ ਦਾ ਸਾਰਾਗੜ੍ਹੀ ਵੱਲ ਜਾਂਦਾ ਰਸਤਾ ਰੋਕੀ ਖੜੇ ਹਜ਼ਾਰਾਂ ਕਬਾਇਲੀਆਂ ਦਾ ਘੇਰਾ ਤੋੜਨ ਦਾ ਯਤਨ ਕੀਤਾ ਪਰ ਇਤਨੀ ਵੱਡੀ ਗਿਣਤੀ ਸਾਹਮਣੇ ਸਭ ਵਿਅਰਥ ਗਿਆ।
ਗੜ੍ਹੀ ਵਿਚ ਗੋਲੀ ਸਿੱਕਾ ਵੀ ਲਗਭੱਗ ਖਤਮ ਹੋਣ ਕਿਨਾਰੇ ਸੀ। ਹੁਣ ਗੜੀ੍ਹ ਦੇ ਅੰਦਰੋਂ ਫਾਇਰਿੰਗ ਦਾ ਮੋੜਵਾਂ ਜੁਆਬ ਘੱਟ ਆ ਰਿਹਾ ਸੀ। ਹਵਾਲਦਾਰ ਈਸ਼ਰ ਸਿੰਘ ਸਮਝ ਚੁੱਕਾ ਸੀ ਕਿ ਮੌਤ ਹੁਣ ਨੇੜੇ ਆ ਚੁੱਕੀ ਹੈ। ਉਸਨੇ ਕਿਲ੍ਹਾ ਲਾਕਹਰਟ ਨੂੰ ਆਖਰੀ ਸੁਨੇਹਾ ਦਿੱਤਾ। ' ਅਸੀਂ ਮੁੱਕ ਰਹੇ ਹਾਂ ਪਰ ਆਤਮ-ਸਮਰਪਣ ਨਹੀਂ ਕਰਾਂਗੇ। ਸਿਗਨਲ ਅਪਰੇਟਸ ਬੰਦ ਕਰਨ ਦੀ ਆਗਿਆ ਦਿੱਤੀ ਜਾਵੇ।' ਅਜਿਹੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਕਬਾਇਲੀਆਂ ਨੇ ਗੜ੍ਹੀ ਦੀ ਕੰਧ ਵਿਚ ਪਾੜ ਪਾ ਦਿੱਤਾ ਪਰ ਫਿਰ ਵੀ ਸਿੱਖ ਫੌਜੀਆਂ ਨੇ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ। ਕਬਾਇਲੀਆਂ ਨੇ ਗੜ੍ਹੀ ਦੇ ਦੁਆਲੇ ਘਾਹ ਫੂਸ ਸੁੱਟਕੇ ਅੱਗ ਲਾ ਦਿੱਤੀ। ਇਸਤੋਂ ਪਹਿਲਾਂ ਈਸ਼ਰ ਸਿੰਘ ਨੇ ਸਿਗਨਲ-ਮੈਨ ਗੁਰਮੁਖ ਸਿੰਘ ਨੂੰ ਬੰਦੂਕ ਫੜਾਕੇ ਗਾਰਡ-ਰੂਮ ਦਾ ਕੁੰਡਾ ਲਾ ਦਿੱਤਾ ਤੇ ਆਪਣੇ ਬੋਨਟ ਸਿੱਧੇ ਕਰਕੇ ਹੱਥੋ- ਹੱਥ ਲੜਾਈ ਲਈ ਡੱਟ ਗਏ। ਧੂੰਏਂ ਦੀ ਆੜ ਵਿਚ ਕਬਾਇਲੀ ਕੰਧਾਂ ਤੇ ਚੜਕੇ ਅੰਦਰ ਆਣ ਵੜੇ। ਈਸ਼ਰ ਸਿੰਘ ਤੇ ਉਸਦੇ ਸਾਥੀ ਹੱਥੋ-ਹੱਥ ਲੜਾਈ ਵਿਚ ਕਬਾਇਲੀਆਂ ਨੂੰ ਮਾਰਕੇ ਸ਼ਹੀਦ ਹੁੰਦੇ ਜਾ ਰਹੇ ਸਨ। ਅੰਤ ਗੁਰਮੁਖ ਸਿੰਘ ਹੀ ਰਹਿ ਗਿਆ। ਸ਼ਹੀਦ ਹੋਣ ਤੋਂ ਪਹਿਲਾਂ ਗੁਰਮੁਖ ਸਿੰਘ ਨੇ ਵੀਹ ਕਬਾਇਲੀ ਮਾਰ ਮੁਕਾਏ। ਕਬਾਇਲੀਆਂ ਨੇ ਆਪਣੇ ਸਾਥੀਆਂ ਦੀਆਂ ਲਾਸ਼ਾਂ ਗੜ੍ਹੀ 'ਚੋਂ ਬਾਹਰ ਕੱਢਕੇ, ਸਹਿਕਦੇ ਦੋ ਰਸੋਈਏ ਤੇ ਮੌਤ ਦੇ ਮੂੰਹ 'ਚ ਗਏ ਗੁਰਮੁਖ ਸਿੰਘ ਸਮੇਤ ਗੜ੍ਹੀ ਨੂੰ ਅੱਗ ਲਗਾ ਦਿੱਤੀ। ਇਸ ਤਰ੍ਹਾਂ ਇਹ ਗੜ੍ਹੀ ਦੀ ਅੱਗ ਇੱਕ ਸਮੂਹਿਕ ਚਿਤਾ ਬਣ ਗਈ। ਸਾਰਾਗੜ੍ਹੀ ਦੇ ਸੁਲਗਦੇ ਖੰਡਰ ਇਹ ਸੁਨੇਹਾ ਦੇ ਰਹੇ ਸਨ ਕਿ ਸਾਰਾਗੜ੍ਹੀ ਦੇ ਰਖਵਾਲਿਆਂ ਨੇ ਆਪਣੇਂ ਆਖਰੀ ਸਾਹਾਂ ਤੱਕ ਇੱਕ ਇੰਚ ਵੀ ਧਰਤੀ ਦੁਸ਼ਮਣ ਦੇ ਕਬਜੇ ਵਿਚ ਨਹੀਂ ਜਾਣ ਦਿੱਤੀ ਸੀ। ਇਸ ਤਰ੍ਹਾਂ ਉਨ੍ਹਾਂ ਇੱਕੀ ਫੌਜੀਆਂ ਦੀ ਖਾਕ ਗੜ੍ਹੀ ਦੀ ਖਾਕ ਵਿਚ ਮਿਲ ਗਈ ਤੇ ਉਹ ਸਿੱਖ ਫੌਜੀ ਪੱਕੇ ਤੌਰ ਤੇ ਗੜ੍ਹੀ ਦਾ ਹਿੱਸਾ ਬਣ ਗਏ। ਇਹ ਸੀ ਉਨ੍ਹਾਂ ਬਹਾਦਰ ਸਿੱਖ ਫੌਜੀਆਂ ਦੀ ਸੂਰਮਗਤੀ ਅਤੇ ਕੁਰਬਾਨੀ ਦੀ ਗਾਥਾ।
12 ਸਤੰਬਰ 1897 ਦੇ ਸਵੇਰੇ ਅੱਠ ਵਜ਼ੇ ਤੋਂ ਸਾਢੇ ਤਿੰਨ ਵਜ਼ੇ ਤੱਕ, ਸਾਢੇ ਸੱਤ ਘੰਟੇ ਚੱਲੀ ਇਸ ਲੜਾਈ ਵਿਚ ਇੱਕੀ ਸਿੱਖ ਫੌਜੀ ਤੇ ਦੋ ਰਸੋਈਏ, ਕੁਲ 23 ਜਵਾਨ ਬ੍ਰਿਟਿਸ਼ ਸਰਕਾਰ ਦੇ ਮਾਰੇ ਗਏ। ਕਬਾਇਲੀਆਂ ਦਾ 500 ਆਦਮੀ ਮਾਰਿਆ ਗਿਆ। (14 ਸਤੰਬਰ ਨੂੰ ਲਾਸ਼ਾਂ ਵੇਖੀਆਂ ਗਈਆਂ) ਤੇ ਲਗਭੱਗ 600 ਕਬਾਇਲੀ ਜਖ਼ਮੀ ਹੋ ਗਿਆ।
ਇਸ ਲੜਾਈ ਦੀ ਖਬਰ ਪੂਰੇ ਏਸ਼ੀਆ, ਇੰਗਲੈਂਡ, ਫਰਾਂਸ, ਅਮਰੀਕਾ ਤੇ ਆਸਟਰੇਲੀਆ ਤੱਕ ਪ੍ਰਮੁੱਖ ਸੁਰਖੀ ਬਣੀ ਅਤੇ ਸਿੱਖ ਫੌਜੀਆਂ ਦੀ ਧਾਂਕ ਦੁਨੀਆਂ ਤੱਕ ਜੰਮ ਗਈ। ਇਸ ਦੀ ਖਬਰ ਇੰਡੀਆ ਦੇ ਗਵਰਨਰ ਜਨਰਲ ਤੇ ਕੁਈਨ ਵਿਕਟੋਰੀਆ ਤੱਕ ਪਹੁੰਚਾਈ ਗਈ। ਇਹ ਮੰਨਿਆ ਗਿਆ ਹੈ ਕਿ ਯੂæਐਨæਓæ ਨੇ ਆਪਣੀ ਕਿਸੇ ਪੁਸਤਕ ਵਿਚ ਦੁਨੀਆਂ ਦੀਆਂ ਅੱਠ ਵਡੀਆਂ ਲੜਾਈਆਂ ਵਿਚ ਸਾਰਾਗੜ੍ਹੀ ਨੂੰ ਸ਼ਾਮਲ ਕੀਤਾ ਹੈ। ਇਹ ਵੀ ਮੰਨਿਆ ਗਿਆ ਹੈ ਕਿ ਇੱਕ ਬ੍ਰਿਟਿਸ਼ ਦੀ ਪਾਰਲੀਮੈਂਟ ਦੇ ਸਦਨ ਨੇ ਇਸ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ 'ਸਟੈਂਡਿੰਗ ਓਵੇਸਨ' ਦਿੱਤੀ। ( ਭਾਵੇਂ ਲੇਖਕ ਓਪਰੋਕਤ ਦੋ ਲਿਖਤਾਂ ਲਈ ਹਾਲੇ ਸਬੂਤ ਨਹੀਂ ਜੁਟਾ ਸਕਿਆ।)
ਉਹਨਾਂ ਦਿਨਾਂ ਵਿਚ ਭਾਰਤੀ ਫੌਜ ਲਈ ਸਭ ਤੋਂ ਵੱਡਾ ਇਨਾਮ, 'ਇੰਡੀਅਨ ਆਰਡਰ ਔਫ ਮੈਰਿਟ' (ਇੰਡੀਅਨ ਵਿਕਟੋਰੀਆ ਕਰਾਸ) ਹੁੰਦਾ ਸੀ। ਇਹ ਸਰਵ-ਉੱਚ ਇਨਾਮ ਇੱਕੀ ਸਿੱਖ ਫੌਜੀਆਂ ਨੂੰ ਪ੍ਰਦਾਨ ਕੀਤਾ ਗਿਆ ਤੇ ਰਜ਼ਮੈਂਟ ਨੂੰ 'ਬੈਟਲ ਆਨਰ' ਮਿਲਿਆ। ਇੱਕੀ ਫੌਜੀਆਂ ਦੇ ਵਾਰਸਾਂ ਨੂੰ ਦੋ-ਦੋ ਮੁੱਰਬੇ (50 ਏਕੜ) ਜ਼ਮੀਨ ਦਿੱਤੀ ਗਈ ਅਤੇ 500 ਰੁਪਏ ਹਰ ਇਕ ਦੇ ਵਾਰਿਸ ਨੂੰ ਦਿੱਤੇ ਗਏ। ਯਾਦ ਰਹੇ ਕਿ 1897 ਵਿਚ 500 ਰੁਪਏ ਕਿਸੇ ਅਮੀਰ ਬੰਦੇ ਪਾਸ ਹੀ ਹੁੰਦੇ ਸਨ
ਦੁਨੀਆਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਦਿਨ ਦੀ ਲੜਾਈ ਤੇ ਇੱਕੋ ਐਕਸ਼ਨ ਵਿਚ ਸਾਰੇ ਦੇ ਸਾਰੇ ਇੱਕੀ ਬਹਾਦਰ ਜਵਾਨਾਂ ਨੂੰ ਇੱਕਠਾ 'ਇੰਡੀਅਨ ਆਰਡਰ ਔਫ ਮੈਰਿਟ' (ਇੰਡੀਅਨ ਵਿਕਟੋਰੀਆ ਕਰਾਸ) ਮਿਲਿਆ ਹੋਵੇ।
ਗੜ੍ਹੀ ਦੀ ਜਗ੍ਹਾ ਤੇ ਖੰਡਰ ਹੋਈ ਗੜ੍ਹੀ ਦੀਆਂ ਇੱਟਾਂ ਪੱਥਰਾਂ ਦੀ ਸਮਾਧ ਨੁਮਾ ਮਿਨਾਰ ਬਣਾਕੇ ਯਾਦਗਾਰ ਬਣਾਈ ਗਈ ਤੇ ਨੇੜੇ ਹੀ ਗੁਰਦੁਆਰੇ ਦੇ ਗੁੰਬਦ ਵਰਗਾ ਬੁਰਜ ਬਣਾਇਆ ਗਿਆ ਤਾਂ ਜੋ ਉਨ੍ਹਾਂ ਲਈ ਸਮਾਗਮ ਅਯੋਜਿਤ ਕੀਤੇ ਜਾ ਸਕਣ।ਕਿਲ੍ਹਾ ਲਾਕਹਰਟ ਵਿਚ ਇੱਕ ਮਿਨਾਰ ਇਨ੍ਹਾਂ ਫੌਜੀਆਂ ਦੀ ਯਾਦ ਵਿਚ ਉਸਾਰਿਆ ਗਿਆ।
ਇਸਤੋਂ ਇਲਾਵਾ 1901 ਵਿਚ ਇੱਕ ਫਿਰੋਜ਼ਪੁਰ ਛਾਉਣੀ ਵਿਖੇ ਤੇ ਇੱਕ ਅੰਮ੍ਰਿਤਸਰ ਵਿਖੇ ਇਹਨਾਂ ਸ਼ਹੀਦਾਂ ਦੀ ਯਾਦ ਵਿਚ ਅੰਗਰੇਜ਼ਾਂ ਵਲੋਂ ਗੁਰਦੁਆਰੇ ਸਥਾਪਿਤ ਕੀਤੇ ਗਏ। ਸਿੱਖ ਰਜਮੈਂਟਾਂ ਵਿਚ ਤੇ ਜਿਨ੍ਹਾਂ ਰਜਮੈਟਾਂ ਵਿਚ ਸਿੱਖ ਫੌਜੀ ਸ਼ਾਮਲ ਹਨ, ਉਨ੍ਹਾਂ ਰਜਮੈਟਾਂ ਤੇ ਬਟਾਲੀਅਨਾਂ ਵਿਚ 13 ਸਤੰਬਰ ਦੇ ਦਿਨ ਛੁੱਟੀ ਕਰਕੇ ਧੂੰਮ-ਧਾਮ ਨਾਲ 'ਸਾਰਾਗੜ੍ਹੀ ਡੇ' ਮਨਾਇਆ ਜਾਂਦਾ ਹੈ। ਫਿਰੋਜ਼ਪੁਰ ਵਿਖੇ ਸਰਕਾਰੀ ਤੇ ਗੈਰ ਸਰਕਾਰੀ ਦੋਨਾਂ ਪੱਧਰਾਂ ਤੇ ਸਮੇਤ ਛੱਤੀ ਸਿੱਖ ਰਜਮੈਂਟ ( ਹੁਣ 4 ਬਟਾਲੀਅਨ) ਕੌਮੀ ਪੱਧਰ ਤੇ 12 ਸਤੰਬਰ ਨੂੰ ਸਾਰਾਗੜ੍ਹੀ ਦਿਨ ਮਨਾਇਆ ਜਾਂਦਾ ਹੈ।
ਕੋਈ ਵੀ ਕੌਮ ਆਪਣੇ ਕੀਤੇ ਚੰਗੇ ਕੰਮਾਂ ਤੇ ਇਤਿਹਾਸਕ ਘਟਨਾਵਾਂ ਤੋਂ ਪ੍ਰੇਰਨਾ ਲੈਂਦੀ ਹੈ। ਪ੍ਰਰੇਨਾ ਨਾਲ ਕੌਮ ਜਿਉਂਦੀ, ਉਸਰਦੀ ਅੱਗੇ ਵਧਦੀ ਹੈ। ਇਹੋ ਜਿਹੀਆਂ ਇਤਿਹਾਸਕ ਗਾਥਾਵਾਂ ਕੌਮ ਦਾ ਸਰਮਾਇਆ ਹੁੰਦੀਆਂ ਹਨ।
ਲੋੜ ਹੈ ਅਜਿਹੀਆਂ ਗਾਥਾਵਾਂ ਦੂਸਰੇ ਲੋਕਾਂ ਤਕ ਲਿਜਾਣ ਦੀ ਤੇ ਆਪਣੀ ਅਗਲੀ ਪੀੜੀ ਨੂੰ ਦਸਣ ਦੀ, ਤਾਂ ਜੋ ਕੌਮ ਤੇ ਸਮਾਜ ਵਿਚ ਕੁਝ ਚੰਗਾ ਸਥਾਪਿਤ ਹੋ ਸਕੇ।