ਕਿਤੇ ਕਿਸੇ ਪਿੰਡ ਵਿਚ ਕੋਈ 'ਲਾਲੇ-ਭੋਲਿਆਂ' ਦਾ ਹੋਕਾ ਦਿੰਦਾ ਫਿਰਦਾ ਸੀ। ਮੇਰੇ ਵਰਗੇ 'ਮੱਕੀ-ਗੁੱਡ' ਨੂੰ ਬੜਾ ਆਚੰਭਾ ਹੋਇਆ ਕਿ ਇਹ 'ਲਾਲੇ-ਭੋਲੇ' ਭਲਾ ਕੀ ਹੋਏ? ਜਦੋਂ ਉਸ ਨੇ ਇੱਕ ਰੁਪਈਆ ਦੇ ਕੇ ਲਾਲੇ-ਭੋਲਿਆਂ ਦੇ 'ਦਰਸ਼ਣ' ਕਰਨੇ ਚਾਹੇ ਤਾਂ ਮਦਾਰੀ ਨੇ ਟੋਕਰੀ ਦਾ ਢੱਕਣ ਚੁੱਕ ਦਿੱਤਾ। ਵਿਚ ਕੀ ਬੈਠਾ ਸੀ...? ਚੱਕੀਰਾਹਾ..!! ਰੁਪਈਆ ਦੇਣ ਵਾਲਾ ਪਿੱਟਿਆ, ਪਿੱਟਣਾ ਹੀ ਸੀ! ਚੱਕੀਰਾਹੇ ਤਾਂ ਉਹ ਖੇਤ ਨਿੱਤ ਮੁਫ਼ਤ ਦੇਖਦਾ ਸੀ! ਉਸ ਨੂੰ ਲਾਲੇ-ਭੋਲਿਆਂ ਦੇ 'ਨਾਂ' ਨੇ ਹੀ ਮਾਰ ਲਿਆ। ਉਹ ਹੀ ਗੱਲ ਸਾਡੇ ਨਾਲ ਹੋਈ। ਕੁਦਰਤੀਂ ਗਿਆਰਾਂ ਸਤੰਬਰ ਦਾ ਦਿਨ ਹੀ ਅਜਿਹਾ ਹੈ ਕਿ ਮੈਂ ਚਾਹੁੰਦਾ ਹੋਇਆ ਵੀ ਕਦੇ ਘਰੇ ਨਹੀਂ ਟਿਕ ਸਕਿਆ। ਕਦੇ ਟਰਾਂਟੋ, ਕਦੇ ਸ਼ਿਕਾਗੋ ਕਦੇ ਸਾਊਥਾਲ ਅਤੇ ਕਦੇ ਕਿਤੇ ਹੋਰ...! ਮੇਰੇ ਘਰਵਾਲ਼ੀ ਕਦੇ-ਕਦੇ 'ਲੇਖਕ' ਨਾਲ਼ 'ਨਰੜੀ' ਹੋਣ ਕਰਕੇ ਖਿਝ ਜਾਂਦੀ ਹੈ ਕਿ ਇਹ ਬੰਦਾ ਕਿਤੇ ਪੈਰ ਹੀ ਨਹੀਂ ਲਾਉਂਦਾ। ਖ਼ੈਰ ਮੈਂ ਤਾਂ ਨਹੀਂ, ਮੇਰੇ ਦੋਸਤ-ਮਿੱਤਰ ਅਤੇ ਪ੍ਰਸ਼ੰਸਕ ਹੀ ਮੇਰੇ ਪੈਰ ਨਹੀਂ ਲੱਗਣ ਦਿੰਦੇ! ਐਤਕੀਂ ਇਤਫ਼ਾਕਨ ਹੀ ਪੈਰਿਸ ਤੋਂ ਸੱਦਾ ਆ ਗਿਆ। 12 ਤਾਰੀਖ ਨੂੰ ਉਥੇ ਖੇਡ ਮੇਲਾ ਸੀ। 11 ਸਤੰਬਰ ਨੂੰ ਪਹੁੰਚਣ ਦਾ ਹੁਕਮ ਹੋਇਆ ਸੀ। ਆਪਣੇ ਕਿੱਤੇ ਵਜੋਂ ਤਾਂ ਮੈਂ ਪੈਰਿਸ ਬਹੁਤ ਵਾਰੀ ਗਿਆ ਹਾਂ। ਏਅਰਪੋਰਟ ਤੋਂ ਹੋਟਲ ਅਤੇ ਹੋਟਲ ਤੋਂ ਫਿਰ ਘਰ ਵਾਪਿਸੀ। ਕਦੇ-ਕਦੇ ਭਾਰਤ ਜਾਣ ਮੌਕੇ ਵੀ ਪੈਰਿਸ ਰਾਹੀਂ ਜਾਣ ਦਾ ਸਬੱਬ ਬਣਦਾ ਰਿਹਾ। ਪਰ ਐਤਕੀਂ ਪੰਜਾਬ ਸਪੋਰਟਸ ਕਲੱਬ ਫ਼ਰਾਂਸ ਦੇ ਬਾਈ ਰਘਬੀਰ ਸਿੰਘ ਕੁਹਾੜ ਨੇ ਸੱਦਾ ਪੱਤਰ ਭੇਜਿਆ ਕਿ ਫ਼ਰਾਂਸ ਦੇ ਖੇਡ ਮੇਲੇ 'ਤੇ ਤੁਸੀਂ 'ਮੁੱਖ ਮਹਿਮਾਨ' ਹੋ ਅਤੇ ਤੁਹਾਨੂੰ, ਤੁਹਾਡੇ 'ਪੁਰਜਾ ਪੁਰਜਾ ਕਟਿ ਮਰੈ', 'ਤਵੀ ਤੋਂ ਤਲਵਾਰ ਤੱਕ' ਅਤੇ 'ਬਾਰ੍ਹੀਂ ਕੋਹੀਂ ਬਲ਼ਦਾ ਦੀਵਾ' ਜਿਹੇ ਨਾਵਲਾਂ ਕਰਕੇ 'ਗੋਲਡ-ਮੈਡਲ' ਦਿੱਤਾ ਜਾਵੇਗਾ। ਇਸ ਖੇਡ ਮੇਲੇ 'ਤੇ ਸਾਡੀ ਕਬੱਡੀ ਦੀ ਟੀਮ ਵੀ ਜਾ ਰਹੀ ਸੀ। ਸ਼ੇਰੇ-ਪੰਜਾਬ ਸਪੋਰਟਸ ਕਲੱਬ ਆਸਟਰੀਆ ਦਾ ਪ੍ਰਧਾਨ ਹੋਣ ਕਰਕੇ ਕਬੱਡੀ ਟੀਮ ਦੀ ਅਗਵਾਈ ਕਰਨਾ ਵੀ ਮੇਰਾ ਫ਼ਰਜ਼ ਬਣਦਾ ਸੀ। ਮੇਰਾ ਪ੍ਰੋਗਰਾਮ ਜਹਾਜ਼ ਰਾਹੀਂ ਜਾਣ ਦਾ ਬਣਿਆ ਸੀ। ਪਰ ਐਨ ਮੌਕੇ ਸਿਰ ਇਹ ਫ਼ਲਾਈਟ ਕੈਂਸਲ ਕਰਨੀ ਪਈ ਅਤੇ ਸਪੋਰਟਸ ਕਲੱਬ ਦੇ ਕਾਰਕੁਨਾਂ ਅਤੇ ਖਿਡਾਰੀਆਂ ਦੇ ਆਖੇ ਲੱਗ ਕੇ ਉਹਨਾਂ ਦੇ ਨਾਲ ਹੀ 'ਕੋਚ' ਵਿਚ ਜਾਣ ਦਾ ਪ੍ਰੋਗਰਾਮ ਬਣਾ ਲਿਆ। ਸਾਰੇ ਇਹ ਹੀ ਚਾਹੁੰਦੇ ਸਨ ਕਿ ਮੈਂ ਉਹਨਾਂ ਨਾਲ ਕੋਚ ਵਿਚ ਹੀ ਜਾਵਾਂ।
ਖ਼ੈਰ! ਸਾਡੇ ਖਿਡਾਰੀ ਆਸਟਰੀਆ ਦੀ ਰਾਜਧਾਨੀ ਵਿਆਨਾ ਤੋਂ ਵੀ ਆਉਣੇ ਸਨ। ਉਹਨਾਂ ਨੂੰ ਆਉਂਦਿਆਂ-ਕਰਦਿਆਂ ਰਾਤ ਦੇ ਦਸ ਵੱਜ ਗਏ ਅਤੇ ਅਸੀਂ 10 - 11 ਸਤੰਬਰ ਦੀ ਸਾਂਝੀ ਰਾਤ ਨੂੰ ਬਾਰਾਂ ਵੱਜ ਕੇ ਦਸ ਮਿੰਟ 'ਤੇ ਪੈਰਿਸ ਨੂੰ ਰਵਾਨਾ ਹੋ ਗਏ। ਆਸਟਰੀਆ ਤੋਂ ਜਰਮਨ ਅਤੇ ਸਾਰਾ ਜਰਮਨ ਪਾਰ ਕਰਨ ਤੋਂ ਬਾਅਦ ਫ਼ਰਾਂਸ, ਤਕਰੀਬਨ ਗਿਆਰਾਂ ਘੰਟੇ ਦਾ ਸਫ਼ਰ ਸੀ। ਬੱਸ, ਰਬਿੰਦਰ ਰੈਂਸੀ ਚਲਾ ਰਿਹਾ ਸੀ। ਰੈਂਸੀ ਅਖਬਾਰਾਂ ਨੂੰ ਆਸਟਰੀਆ ਦੀਆਂ ਖਬਰਾਂ ਅਤੇ ਖ਼ਾਸ ਰਿਪੋਰਟਾਂ ਭੇਜਦਾ ਰਹਿੰਦਾ ਹੈ। ਸਾਡੀ ਸਪੋਰਟਸ ਕਲੱਬ ਦਾ ਕਬੱਡੀ ਦਾ ਖਿਡਾਰੀ ਹੈ ਅਤੇ ਜਾਫ਼ੀਆਂ ਵਿਚ ਚੋਟੀ ਦਾ 'ਕੈਂਚੀਮਾਰḔ। ਬੱਸ ਚਲਾਉਂਦਾ ਉਹ ਵਾਰ ਵਾਰ ਪੁੱਛ ਰਿਹਾ ਸੀ, "ਬਾਬਾ ਜੀ! ਕਿਵੇਂ ਜਾ ਰਿਹੈ ਆਪਣਾ ਜਹਾਜ਼.?" ਉਸ ਦਾ ਮਤਲਬ ਮੈਨੂੰ ਛੇੜਨਾ ਨਹੀਂ, ਇਕ ਤਰ੍ਹਾਂ ਨਾਲ ਮੈਨੂੰ ਸੰਤੁਸ਼ਟ ਦੇਖਣਾ ਸੀ। ਕਿਉਂਕਿ ਰੈਂਸੀ ਨੇ ਹੀ ਕਿਹਾ ਸੀ, "ਬਾਬਾ ਜੀ! ਤੁਸੀਂ ਸਾਡੇ ਨਾਲ ਕੋਚ 'ਚ ਚੱਲੋ, ਸਾਡਾ ਜੀਅ ਲੱਗਿਆ ਰਹੂ-ਅਸੀਂ ਤੁਹਾਡੀ ਜਹਾਜ਼ ਵਾਲਿਆਂ ਨਾਲੋਂ ਵੱਧ ਸੇਵਾ ਕਰਾਂਗੇ!" ਆਸਟਰੀਆ ਦੇ ਸਾਰੇ ਖਿਡਾਰੀ ਅਤੇ ਸਪੋਰਟਸ ਕਲੱਬ ਦੇ ਮੈਂਬਰ ਮੈਨੂੰ ਇੱਕ ਤਰ੍ਹਾਂ ਨਾਲ ਆਪਣਾ 'ਬਜ਼ੁਰਗ' ਜਿਹਾ ਸਮਝਦੇ ਹਨ।
ਰਸਤੇ ਵਿਚ ਇੱਕ ਥਾਂ ਖੜ੍ਹਕੇ ਬਾਈ ਨਰਿੰਦਰ ਅਟਵਾਲ ਦੇ ਲਿਆਂਦੇ ਪਰੌਂਠੇ ਚਾਹ ਅਤੇ ਦਹੀਂ ਨਾਲ ਛਕੇ। ਯੁੱਧਵੀਰ, ਪ੍ਰਮਿੰਦਰ ਆਹਲੂਵਾਲੀਆ ਅਤੇ ਰਾਕੇਸ਼ 'ਸੋਨੂੰ' ਵਰਗਿਆਂ ਨੇ ਪੈੱਗ-ਸ਼ੈੱਗ ਵੀ ਲਾਏ। ਸਾਡੀ ਕਬੱਡੀ ਦੀ ਟੀਮ ਦਾ ਕੈਪਟਨ ਮਨਜੀਤ ਰੁੜਕਾ ਅਤੇ ਸੁਰਿੰਦਰ ਛਿੰਦਾ ਚਾਹ ਅਤੇ ਵਿਸਕੀ ਵਰਤਾ ਰਹੇ ਸਨ। ਮੇਰੇ ਬਾਰੇ ਸਾਰਿਆਂ ਨੂੰ ਹੀ ਪਤਾ ਸੀ ਕਿ ਮੈਂ ਸ਼ਰਾਬ ਨਹੀਂ ਪੀਂਦਾ। ਇਸ ਲਈ ਛਿੰਦਾ ਵਿਅੰਗ ਨਾਲ ਦਹੀਂ ਵਾਲੀ ਡੱਬੀ ਮੇਰੇ ਅੱਗੇ ਕਰਦਾ ਹੋਇਆ ਬੋਲਿਆ, "ਲਓ ਬਾਬਾ ਜੀ ਥੋਡਾ ਪੈੱਗ਼..!" ਇਸ ਦੇ ਪ੍ਰਤੀਕਰਮ ਵਜੋਂ ਬਲਬੀਰ ਬੱਲ ਬੋਲਿਆ, "ਬਾਬਿਆਂ ਦੀ ਦਾਰੂ ਤੇ ਇਸ਼ਕ ਬੜਾ ਖਤਰਨਾਕ ਹੁੰਦੈ-ਬਾਹਲਾ ਨਾ ਛੇੜੀ ਜਾਹ!" ਸਾਰੇ ਹੱਸ ਪਏ।
ਸੜਕਾਂ 'ਤੇ ਦੁਹਾਈਆਂ ਪਾਉਂਦੀ ਯਾਰਾਂ ਦੀ ਮੋਟਰ ਅਗਲੇ ਦਿਨ ਦੁਪਿਹਰੇ ਗਿਆਰਾਂ ਕੁ ਵਜੇ ਪੈਰਿਸ ਜਾ ਪਹੁੰਚੀ। ਮੌਸਮ ਸੁਹਾਵਣਾ ਸੀ। ਹਵਾ ਰੁਮਕ ਰਹੀ ਸੀ। ਆਸਟਰੀਆ ਨਾਲੋਂ ਮੌਸਮ ਕਿਤੇ ਨਿੱਘਾ!
ਭਾਸ਼ਾ ਦੀ ਉਥੇ ਬੜੀ ਮੁਸ਼ਕਿਲ ਹੈ। ਅੰਗਰੇਜ਼ੀ ਤਾਂ ਮੈਨੂੰ ਵੈਸੇ ਵੀ 'ਖੁਰ-ਵੱਢ' ਜਿਹੀ ਹੀ ਆਉਂਦੀ ਹੈ। ਪਰ ਜਿੰਨੀ ਕੁ ਖਿੱਚ-ਧੂਹ ਕੇ ਆਉਂਦੀ ਸੀ, ਉਤਨੀ ਵੀ ਕੋਈ ਨਹੀਂ ਸੀ ਸਮਝਦਾ। ਜਰਮਨ ਭਾਸ਼ਾ ਵੀ ਕੋਈ ਨਹੀਂ ਸੀ ਸਮਝ ਰਿਹਾ ਜਾਂ ਸ਼ਾਇਦ ਸਮਝਣ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ। ਵੈਸੇ ਫ਼ਰਾਂਸੀਸੀਆਂ ਬਾਰੇ ਇਹ ਮਸ਼ਹੂਰ ਹੈ ਕਿ ਇਹ ਸਿਧਾਂਤਕ ਤੌਰ 'ਤੇ ਕਿਸੇ ਨਾਲ ਫ਼ਰੈਂਚ ਤੋਂ ਇਲਾਵਾ ਕੋਈ ਭਾਸ਼ਾ ਬੋਲ ਕੇ ਖੁਸ਼ ਨਹੀਂ। ਬਿਗਾਨੀ ਭਾਸ਼ਾ ਇਹ ਉਦੋਂ ਬੋਲਦੇ ਜਾਂ ਸਮਝਦੇ ਹਨ, ਜਦੋਂ ਇਹਨਾਂ ਨੂੰ ਆਪਣੀ ਲੋੜ ਲਈ ਜ਼ਰੂਰਤ ਹੋਵੇ। ਫ਼ਰਾਂਸੀਸੀਆਂ ਦਾ ਇਹ ਸਿਧਾਂਤ ਸੁਣ ਕੇ ਮੈਂ ਖ਼ੁਸ਼ ਹੋਣੋ ਰਹਿ ਨਾ ਸਕਿਆ, ਕਿ ਘੱਟੋ-ਘੱਟ ਆਪਣੀ ਮਾਤ-ਭਾਸ਼ਾ ਪ੍ਰਤੀ ਵਫ਼ਾਦਾਰ ਤਾਂ ਹਨ, ਪੱਕੇ ਦੇਸ਼ ਭਗਤ! ਅਸੀਂ ਤਾਂ ਘੁੱਟ ਕੁ ਲਾਹਣ ਪੀ ਕੇ 'ਔਰੈਟ' ਹੋ ਜਾਂਦੇ ਹਾਂ! ਜੇ ਮੁਫ਼ਤ ਦੀ ਪੀਤੀ ਹੋਵੇ ਤਾਂ ਹੋਰ ਵੀ ਪੰਗੈ, ਕਿਉਂਕਿ ਮੁਫ਼ਤ ਦੀ ਚੜ੍ਹਦੀ ਬਹੁਤ ਛੇਤੀ ਹੈ! ਫੇਰ ਬੰਦਾ 'ਔਰੈਟ' ਨਹੀਂ "ਘਿਰੜ-ਘਿਰੜ" ਹੁੰਦੈ! ਸੂਈ ਅੜੀ ਵਾਲੇ ਤਵੇ ਵਾਂਗ, ਇਕੋ ਥਾਂ ਤੋਂ ਹੀ ਬੋਲੀ ਜਾਣਾ, "ਜੂ ਮਾਈ ਬਿੱਗ ਬਰਦਰ ਬਾਈ...!"
ਮੁੰਡਿਆਂ ਨੂੰ ਪੈਰਿਸ ਸ਼ਹਿਰ ਦੇਖਣ ਦਾ ਬੜਾ ਚਾਅ ਸੀ। ਉਹ ਆਖ ਰਹੇ ਸਨ ਕਿ ਬਾਬਾ ਜੀ ਪਹਿਲਾਂ ਸ਼ਹਿਰ ਦੇਖ ਲਈਏ, ਫਿਰ ਕਿਸੇ ਤਣ-ਪੱਤਣ ਲੱਗਾਂਗੇ। ਪ੍ਰਮਿੰਦਰ ਆਹਲੂਵਾਲੀਏ ਸਮੇਤ ਸਾਰਿਆਂ ਨੇ ਆਪਣੇ ਕੈਮਰੇ ਪਿਸਤੌਲਾਂ ਵਾਂਗ ਬਾਹਰ 'ਧੂਹ' ਲਏ। ਇਕ ਗੱਲ ਮਸ਼ਹੂਰ ਹੈ ਕਿ ਪਿੰਡ ਦਾ, ਪਿੰਡ ਦੇ ਗਹੀਰਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ। ਅਸੀਂ ਪਾਰਕਿੰਗ ਬਾਰੇ ਕਿਸੇ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਇੱਥੋਂ 'ਕਿਊਸਕ' ਤੋਂ ਕਾਰਡ ਲੈ ਕੇ ਹੀ ਪਾਰਕਿੰਗ ਕੀਤੀ ਜਾ ਸਕਦੀ ਹੈ।
ਪਾਰਕਿੰਗ ਦਾ ਉਥੇ ਬੁਰਾ ਹੀ ਹਾਲ ਹੈ। ਫ਼ੁੱਟਪਾਥਾਂ 'ਤੇ ਜਿੱਥੇ ਵੀ ਕਿਸੇ ਨੂੰ ਜਗਾਹ ਮਿਲੀ ਸੀ, ਉਥੇ ਹੀ ਗੱਡੀ ਖੜ੍ਹੀ ਕੀਤੀ ਹੋਈ ਸੀ! ਲੁਧਿਆਣੇ ਦੇ ਚੌੜੇ ਬਜ਼ਾਰ ਵਾਂਗ ਲੋਕ ਗੱਡੀਆਂ, ਰੇੜ੍ਹਿਆਂ ਵਾਂਗ ਦਬੱਲੀ ਫਿਰਦੇ ਸਨ, ਅੰਨ੍ਹੇਵਾਹ! ਟਰੈਫ਼ਿਕ ਦਾ ਬੁਰਾ ਹਾਲ ਸੀ। ਉਸ ਬਜ਼ਾਰ ਵਿਚ ਮੈਨੂੰ ਇੰਜ ਨਹੀਂ ਮਹਿਸੂਸ ਹੋਇਆ ਕਿ ਅਸੀਂ ਦੁਨੀਆਂ ਦੇ ਸਭ ਤੋਂ ਮਸ਼ਹੂਰ ਅਥਵਾ ਖ਼ੂਬਸੂਰਤ ਸ਼ਹਿਰ ਪੈਰਿਸ ਵਿਚ ਖੜ੍ਹੇ ਹਾਂ, ਜਿਸ ਬਾਰੇ ਮਸ਼ਹੂਰ ਹੈ ਕਿ ਇੱਥੋਂ ਦੀਆਂ ਸੜਕਾਂ ਰਬੜ ਦੀਆਂ ਹਨ। ਪਰ ਸਾਨੂੰ ਕੋਈ ਵੀ ਰਬੜ ਦੀ ਸੜਕ ਦਿਖਾਈ ਨਹੀਂ ਦਿੱਤੀ। ਹੋ ਸਕਦਾ ਹੈ ਕਦੇ ਰਬੜ ਦੀਆਂ ਸੜਕਾਂ ਰਹੀਆਂ ਹੋਣ। ਪਰ ਮੈਨੂੰ ਤਾਂ ਉਸ ਬਜ਼ਾਰ ਵਿਚ ਖੜ੍ਹੇ ਨੂੰ ਇੰਜ ਲੱਗ ਰਿਹਾ ਸੀ, ਜਿਵੇਂ ਮੈਂ ਮੋਗੇ ਦੇ ਬਦਨ ਸਿੰਘ ਦੇ ਅਹਾਤੇ ਵਿਚ ਖੜ੍ਹਾ ਹੋਵਾਂ!
ਅਸੀਂ ਕੋਚ ਖੜ੍ਹੀ ਕਰਕੇ 'ਆਈਫ਼ਲ ਟਾਵਰ' ਨੂੰ ਹੋ ਤੁਰੇ। ਜਦੋਂ ਸੜਕ ਉੱਤਰ ਕੇ 'ਪੈਸੇਜ' ਹੇਠ ਦੀ ਲੰਘਣ ਲੱਗੇ, ਉਥੋਂ ਪਿਸ਼ਾਬ ਦੀ ਬਦਬੂ ਇੰਜ ਸਿਰ ਨੂੰ ਚੜ੍ਹੀ, ਜਿਵੇ ਲੁਧਿਆਣੇ ਦੇ ਕਿਸੇ ਸਿਨਮੇ ਦੇ ਗੁਸਲਖਾਨੇ ਵਿਚੋਂ ਚੜ੍ਹਦੀ ਐ! ਉਸ ਪੈਸੇਜ ਵਿਚੋਂ ਦੀ ਲੰਘ ਕੇ ਟਾਵਰ ਵਾਲੇ ਪੁਲ ਉਪਰੋਂ ਦੀ ਗੁਜ਼ਰਨ ਲੱਗੇ ਤਾਂ ਉੱਥੇ ਪੰਜਾਬੀ ਮੁੰਡੇ ਥਾਂ-ਥਾਂ 'ਤੇ ਟਾਵਰ ਦੇ ਨਮੂੰਨੇ, ਲਾਈਟਰ ਅਤੇ ਕਾਰਡ ਦੋ ਯੂਰੋ ਤੋਂ ਲੈ ਕੇ ਸੱਤ-ਸੱਤ ਯੂਰੋ ਦੇ ਵੇਚ ਰਹੇ ਸਨ। ਪਰ ਸਾਨੂੰ ਉਹਨਾਂ ਨੇ ਦੇਸੀ-ਭਾਈ ਦੇਖ ਕੇ ਦੋ-ਦੋ ਯੂਰੋ ਦੇ ਹੀ ਦੇ ਦਿੱਤੇ। ਬਾਈ ਅਟਵਾਲ ਪੁੱਛਣ ਲੱਗ ਪਿਆ, "ਕਿਉਂ ਬਈ ਜੁਆਨੋਂ-ਦਿਹਾੜੀ ਦਹੂੜੀ ਬਣ ਜਾਂਦੀ ਐ?" ਤਾਂ ਉਹਨਾਂ ਨੇ ਬੜੀ ਸੰਤੁਸ਼ਟੀ ਨਾਲ 'ਹਾਂ' ਵਿਚ ਉੱਤਰ ਦਿੱਤਾ। ਜਦੋਂ ਪੁਲੀਸ ਆਉਂਦੀ ਦੇਖੀ ਤਾਂ ਸਾਰੇ ਹੀ, ਸ਼ਿੱਸ਼ਪੱਤ ਇਕੱਠਾ ਕਰਕੇ ਸਿਰਤੋੜ ਦੌੜ ਪਏ। ਅਸਲ ਵਿਚ ਇਹ ਮੁੰਡੇ ਜਾਹਲੀ ਤੌਰ Ḕਤੇ ਇੱਥੇ ਰਹਿ ਰਹੇ ਹਨ, ਰੋਜ਼ੀ-ਰੋਟੀ ਦਾ ਹੀਲਾ ਕਰਦੇ ਹਨ, ਕਰਨਾ ਵੀ ਚਾਹੀਦਾ ਹੈ! ਪਰ ਜਦ ਪੁਲੀਸ ਆਉਂਦੀ ਹੈ ਤਾਂ ਫੜੇ ਜਾਣ ਦੇ ਡਰੋਂ, ਦੇਖ ਕੇ ਖਿਸਕ ਜਾਂਦੇ ਹਨ।
ਭੱਜੇ ਜਾਂਦੇ ਮੁੰਡਿਆਂ ਨੂੰ ਦੇਖ ਕੇ ਬਾਈ ਨਰਿੰਦਰ ਅਟਵਾਲ ਕਹਿਣ ਲੱਗਿਆ, "ਐਹੋ ਜਿਹਿਆਂ ਦੇ ਇੰਡੀਆ ਜਾ ਕੇ ਕੋਈ ਕੁੜੀ ਨਖਰੇ ਹੇਠ ਨਹੀਂ ਆਉਂਦੀ! ਹੁਣ ਦੇਖਲਾ ਕਿਵੇਂ ਪੁਲਸ ਮੂਹਰੇ ਤੀੜ ਦੇਈ ਜਾਂਦੇ ਐ-ਚਾਹੇ ਐਥੋਂ ਡਿਪੋਰਟ ਹੀ ਹੋਏ ਹੋਣ, ਅਗਲੇ ਦੀ ਪੜ੍ਹੀ-ਲਿਖੀ, ਜੁਆਨ ਕੁੜੀ ਪਰੁੰਨ੍ਹ ਕੇ ਰੱਖ ਦੇਣਗੇ-ਅਗਲੇ ਬਾਹਰਲੇ ਦੇਸ਼ ਨੂੰ ਰਿਸ਼ਤਾ ਕਰਦੇ ਐ, ਤੇ ਇਹੇ ਦੇਖਲਾ ਐਥੇ ਕੀ ਧੰਦ ਪਿੱਟਦੇ ਐ, ਕੁੜੀ ਆਲੇ ਕੁੜੀ ਦਿਖਾਉਣ ਆਉਂਦੇ ਐ ਤਾਂ ਵੀਹ ਨਿਘੋਚਾਂ ਕੱਢਦੇ ਐ: ਕੁੜੀ ਮਧਰੀ ਐ ਜੀ, ਕੁੜੀ ਦਾ ਰੰਗ ਕਾਲੈ ਜੀ-ਕੁੜੀ ਸਮਾਰਟ ਨਹੀਂ ਜੀ-ਤੇ ਆਹ ਦੇਖਲਾ...!" ਬਾਈ ਅਟਵਾਲ ਨੇ ਕਈ ਜੱਗਬੀਤੀਆਂ ਉਦਾਹਰਣਾਂ ਵੀ ਦਿੱਤੀਆਂ। ਖ਼ੈਰ! ਬਾਈ ਨਰਿੰਦਰ ਅਟਵਾਲ ਇੱਕ ਤੁਰਦਾ ਫਿਰਦਾ ਇਤਿਹਾਸ ਹੈ।
ਹਾਂ, ਆਈਫ਼ਲ ਟਾਵਰ ਦਾ ਏਰੀਆ ਜ਼ਰੂਰ ਸਾਫ਼ ਸੁਥਰਾ ਹੈ। ਟਾਵਰ ਵਾਲੀ ਪਾਰਕ ਅਤੀਅੰਤ ਸੁੰਦਰ ਬਣਾਈ ਹੋਈ ਹੈ। 11 ਸਤੰਬਰ ਦਾ ਦਿਨ ਹੋਣ ਕਰਕੇ ਇੱਥੇ ਫ਼ੋਰਸ ਹੀ ਫ਼ੋਰਸ ਲੱਗੀ ਹੋਈ ਸੀ। ਪਾਰਕ ਅਤੇ ਵੰਨ ਸੁਵੰਨੀਆਂ ਬੱਤੀਆਂ ਮਨ ਮੋਹ ਲੈਂਦੀਆਂ ਹਨ। ਪਰ ਉਥੇ ਵਸਣ ਵਾਲਿਆਂ ਦੀ ਹਦਾਇਤ ਅਨੁਸਾਰ, ਇੱਥੇ ਜੇਬ ਕੱਟੀ ਜਾਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਆਈਫ਼ਲ ਟਾਵਰ ਦੇਖਣ ਤੋਂ ਬਾਅਦ ਅਸੀਂ ਲੇਡੀ ਡਿਆਨਾ ਦੀ ਹਾਦਸਾ-ਗ੍ਰਸਤ ਜਗਾਹ ਦੇਖਣ ਲਈ ਤੁਰ ਪਏ, ਜੋ ਬਿਲਕੁਲ ਹੀ ਨਾਲ, ਟਾਵਰ ਤੋਂ ਦਸ ਕੁ ਮਿੰਟ ਦੀ ਤੁਰ ਕੇ ਵਾਟ ਹੈ। ਹਾਦਸੇ ਵਾਲੀ ਜਗਾਹ ਦੇਖ ਕੇ ਅਤੀਅੰਤ ਨਿਰਾਸ਼ਾ ਹੋਈ। ਜਿੱਥੇ ਦੁਨੀਆਂ ਦੀ ਉਸ ਹੁਸੀਨ-ਪਰੀ ਨੇ ਆਖਰੀ ਸਾਹ ਲਿਆ, ਉਸ ਸੁਰੰਗ ਦੇ ਉਪਰਲੇ ਪਾਸੇ ਪਹਿਲਾਂ ਹੀ ਇੱਕ ਜਿਸਪਾਤ ਦਾ ਸੁਨਿਹਰੀ ਅਗਨ ਲਾਟ, ਕਲਸ ਜਿਹਾ ਬਣਿਆ ਹੋਇਆ ਸੀ। ਉਸੇ ਥਾਂ Ḕਤੇ ਹੀ ਚਾਰ ਕੁ ਸੰਗਮਰਮਰ ਦੀਆਂ ਟਾਈਲਾਂ ਜਿਹੀਆਂ ਲਾ ਕੇ ਫ਼ਰੈਂਚ ਵਿਚ ਚਾਰ ਕੁ ਲਾਈਨਾਂ ਡਿਆਨਾ ਪ੍ਰਤੀ ਲਿਖੀਆਂ ਹੋਈਆਂ ਹਨ। ਉਸ ਤੁਰ ਗਈ ਫ਼ਰਿਸ਼ਤਾ-ਔਰਤ ਦੇ ਸੈਂਕੜੇ ਪ੍ਰਸ਼ੰਸਕ ਉਸ ਨੂੰ ਸ਼ਰਧਾਂਜਲੀ ਭੇਂਟ ਕਰਨ ਜ਼ਰੂਰ ਆਉਂਦੇ ਹਨ, ਪਰ ਨਾ ਬਰਤਾਨੀਆਂ ਅਤੇ ਨਾ ਹੀ ਫ਼ਰਾਂਸ ਸਰਕਾਰ ਨੇ ਕੋਈ ਯਾਦਗਾਰੀ ਕੰਮ ਕੀਤਾ। ਦਿਲ ਵਿਚ ਆਇਆ ਕਿ ਸਿਆਣੇ ਆਖਦੇ ਹਨ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ, ਕੀ ਬੁਨਿਆਦ ਉਏ ਬੰਦਿਆ ਤੇਰੀ, ਓੜਕ ਨੂੰ ਮਰ ਜਾਣਾ। ਬਰਤਾਨੀਆਂ ਜਾਂ ਫ਼ਰਾਂਸ ਸਰਕਾਰ ਕੁਝ ਕਰੇ, ਚਾਹੇ ਨਾ ਕਰੇ, ਪਰ ਉਸ ਦੇ ਚਹੇਤਿਆਂ ਦੇ ਦਿਲਾਂ ਵਿਚ ਉਹ ਸਦੀਵੀ ਵਸੇਗੀ! ਉਸ ਦੇ ਹਾਦਸੇ ਵਾਲੀ ਥਾਂ 'ਤੇ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿਚ ਰੱਖੇ ਜਾਂਦੇ ਫੁੱਲ ਉਸ ਦੀ, ਦੁਨੀਆਂ ਦੇ ਦਿਲਾਂ 'ਤੇ ਕਰਨ ਵਾਲੇ ਰਾਜ ਦੀ ਗਵਾਹੀ ਭਰਦੇ ਹਨ। ਉਥੇ ਇੱਕ ਸਫ਼ਾਈ ਕਰਨ ਵਾਲੇ ਅਫ਼ਰੀਕੀ ਲੜਕੇ ਨੇ ਦੱਸਿਆ ਕਿ ਇੱਥੋਂ ਅਸੀਂ ਹਰ ਰੋਜ ਤਕਰੀਬਨ ਪੰਦਰਾਂ-ਵੀਹ ਕਿਲੋ ਫੁੱਲ ਚੁੱਕਦੇ ਹਾਂ, 31 ਅਗਸਤ ਵਾਲੇ ਦਿਨ ਤਾਂ ਇੱਥੇ ਢੇਰਾਂ ਦੇ ਢੇਰ ਫੁੱਲ ਚੜ੍ਹਦੇ ਹਨ। ਉਸ ਦਿਨ ਤਾਂ ਇੱਥੇ ਇੱਕ ਤਰਾਂ ਨਾਲ ਮੇਲਾ ਲੱਗਿਆ ਹੁੰਦਾ ਹੈ ਅਤੇ ਕਈ ਲੋਕ ਆਮ ਹੀ ਰੋਂਦੇ ਦੇਖੇ ਜਾ ਸਕਦੇ ਹਨ! ਉਸ ਜਗਾਹ 'ਤੇ ਲੋਕਾਂ ਵੱਲੋਂ ਵੱਖ-ਵੱਖ ਭਾਸ਼ਾਵਾਂ ਵਿਚ ਡਿਆਨਾ ਪ੍ਰਤੀ ਵੈਰਾਗ ਦੇ ਸੋਹਿਲੇ ਲਿਖੇ ਹੋਏ ਹਨ। ਇੱਥੋਂ ਬਿਨਾ-ਸ਼ੱਕ ਲੋਕਾਂ ਦੇ ਡਿਆਨਾ ਪ੍ਰਤੀ ਪ੍ਰੇਮ ਦਾ ਇਜ਼ਹਾਰ ਹੁੰਦਾ ਹੈ। ਮੇਰੇ ਸਮੇਤ ਸਾਡੀ ਸ਼ੇਰੇ-ਪੰਜਾਬ ਸਪੋਰਟਸ ਕਲੱਬ ਆਸਟਰੀਆ ਦੇ ਖਿਡਾਰੀ ਅਤੇ ਕਾਰਕੁੰਨ ਵੀ ਭਾਵੁਕ ਹੋ ਗਏ।
ਸੜਕਾਂ ਦੇ ਕੰਢੇ ਥਾਂ-ਥਾਂ 'ਤੇ ਕੁੱਤਿਆਂ ਦਾ 'ਗੰਦ' ਅਤੇ ਦਰੱਖਤਾਂ ਦੇ ਪੱਤੇ ਪਏ ਸਨ। ਇੱਕ ਬਿਰਧ ਮਾਈ, ਇੱਕ ਟਰੈਫ਼ਿਕ ਬੱਤੀ Ḕਤੇ ਖੜ੍ਹੀ ਭੀਖ਼ ਮੰਗ ਰਹੀ ਸੀ! ਇਸ ਭਿਖਾਰਨ ਮਾਤਾ ਨੂੰ ਦੇਖ ਕੇ ਮੈਨੂੰ 'ਯੂਰਪ ਦਾ ਸ਼ੇਰ' ਕਹਾਉਣ ਵਾਲੇ ਨਿਪੋਲੀਅਨ 'ਤੇ ਤਾਂ ਤਰਸ ਆਇਆ ਹੀ, ਅਜੋਕੀ ਗੌਰਮਿੰਟ ਵੀ ਲੋਕ-ਪੱਖੀ ਜਾਂ ਹਮਦਰਦ ਨਜ਼ਰ ਨਹੀਂ ਆਈ। ਪ੍ਰਤੀ-ਦਿਨ 'ਯੂਰਪੀਅਨ-ਯੂਨੀਅਨ' ਦੇ ਮਹਾਂਰਥੀਆਂ ਵੱਲੋਂ ਮਾਰੇ ਜਾਣ ਵਾਲੇ ਦਮਗੱਜੇ ਵੀ ਫ਼ੋਕੇ ਅਤੇ ਬੇਹੂਦੇ ਲੱਗੇ! ਸੋਚਿਆ, ਮਿੱਤਰਾ...! ਕੱਟੇ ਨੂੰ ਮਣ ਦੁੱਧ ਦਾ ਕੋਈ ਭਾਅ ਨਹੀਂ ਹੁੰਦਾ, ਉਸ ਨੂੰ ਤਾਂ ਮੱਝ ਪਸਮਾਉਣ ਵੇਲੇ ਦੋ ਧਾਰਾਂ ਹੀ ਨਸੀਬ ਹੁੰਦੀਆਂ ਹਨ, ਕੱਟਾ ਤਾਂ ਮੱਝ ਪਸਮਾਉਣ ਦਾ ਇੱਕ ਹਥਿਆਰ ਹੁੰਦਾ ਹੈ! ਉਥੇ ਤਾਂ ਬਾਬੇ ਦੀ ਬਾਣੀ ਅਨੁਸਾਰ, "ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ।।" ਵਾਲੀ ਗੱਲ ਹੋ ਜਾਂਦੀ ਹੈ! ਦੇਖਣ ਨੂੰ ਇੱਥੇ ਫ਼ਰਾਂਸੀਸੀਆਂ ਨਾਲੋ ਅਫ਼ਰੀਕਣਾਂ ਦੀ ਗਿਣਤੀ ਜ਼ਿਆਦਾ ਲੱਗਦੀ ਹੈ। ਭਾਰਤੀ, ਪਾਕਿਸਤਾਨੀ ਜਾਂ ਬੰਗਲਾ ਦੇਸ਼ੀ ਸਾਨੂੰ ਬੜੇ ਹੀ ਘੱਟ ਨਜ਼ਰ ਆਏ। ਲੋਕ ਕੰਧਾਂ ਨਾਲ ਲੱਗ-ਲੱਗ ਹੀ 'ਧਾਰਾਂ' ਮਾਰੀ ਜਾਂਦੇ ਹਨ, ਜਿਸ ਦੀ ਘੱਟੋ-ਘੱਟ ਪੈਰਿਸ ਵਰਗੇ ਬਹੁ-ਚਰਚਿਤ ਸ਼ਹਿਰ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ! ਇਸ ਦੀ ਜਾਂ ਤਾਂ ਪੈਰਿਸ ਸ਼ਹਿਰ ਨਾਲ ਅਤੇ ਜਾਂ ਫਿਰ ਇੱਥੇ ਆ ਕੇ ਪੈਰਿਸ ਦੇਖਣ ਦੀ ਚਾਹਤ ਰੱਖਣ ਵਾਲੇ ਉਹਨਾਂ ਲੋਕਾਂ ਨਾਲ ਬੇਇਨਸਾਫ਼ੀ ਹੈ, ਜਿੰਨ੍ਹਾਂ ਨੇ ਆਪਣੇ ਮਨਾਂ ਵਿਚ ਇਸ ਸ਼ਹਿਰ ਬਾਰੇ ਹੋਰ ਹੀ ਨਕਸ਼ੇ ਉਲੀਕੇ ਹੁੰਦੇ ਹਨ! ਜੇ ਲੋਕ ਇਸ ਜ਼ਿੰਮੇਵਾਰੀ ਪੱਖੋਂ ਲਾਪ੍ਰਵਾਹ ਜਾਂ ਅਵੇਸਲੇ ਹਨ ਤਾਂ ਗੌਰਮਿੰਟ ਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਦਿਲ ਵਿਚ ਹੁਸੀਨ ਖ਼ਾਹਿਸ਼ਾਂ ਦੇ ਨਕਸ਼ੇ ਉਲੀਕੀ ਲੋਕ, ਜਦ ਇੱਥੇ ਆ ਕੇ ਪੈਰਿਸ ਦਾ ਸੱਭਿਆਚਾਰਕ 'ਫਰੜ' ਦੇਖਦੇ ਹਨ ਤਾਂ ਉਹਨਾਂ ਨੂੰ ਨਿਰਾਸ਼ਗੀ ਜ਼ਰੂਰ ਹੁੰਦੀ ਹੈ ਅਤੇ ਦਿਲ ਖੁਸ਼ੀ ਦੀ ਥਾਂ, ਡਾਢਾ ਦੁਖੀ ਹੋ ਜਾਂਦਾ ਹੈ।
ਅਸੀਂ ਗੱਡੀ ਅੱਗੇ ਵੱਡੀ ਸੜਕ 'ਤੇ ਪਾਈ ਤਾਂ ਕੁਝ ਲੜਕੇ ਆਪਣੀ ਕਾਰ ਸੜਕ ਦੇ ਕਿਨਾਰੇ ਹੀ ਖੜ੍ਹੀ ਕਰਕੇ ਤੇਲ ਬਦਲ ਰਹੇ ਸਨ, ਜੋ ਆਮ ਯੂਰਪ ਦੇ ਦੇਸ਼ਾਂ ਵਿਚ ਮਨਾਹੀ ਹੈ। ਆਉਣ ਅਤੇ ਜਾਣ ਵੇਲੇ ਸਾਨੂੰ ਜਰਮਨ ਤੋਂ ਲੈ ਕੇ ਪੈਰਿਸ ਤੱਕ ਪੰਜ-ਪੰਜ ਵਾਰ ਰਲਾ ਮਿਲਾ ਕੇ 80 ਯੂਰੋ (ਤਕਰੀਬਨ 4800 ਰੁਪਏ) ਰੋਡ ਟੈਕਸ ਭਰਨਾ ਪਿਆ। ਪਰ ਉਹਨਾਂ ਦੀ ਜਰਨੈਲੀ ਸੜਕ ਬਿਲਕੁਲ ਨਿੰਦਣ ਵਾਲੀ ਨਹੀਂ। ਜਰਨੈਲੀ ਸੜਕ ਬਿਲਕੁਲ ਸਿੱਧੀ ਅਤੇ ਸਾਫ਼, ਹੀਰ ਦੀ ਬਾਂਹ ਵਰਗੀ, ਦਿੱਤੇ ਟੈਕਸ ਦਾ ਮੁੱਲ ਮੋੜਦੀ ਹੈ। ਇਹ ਸੜਕ ਦੇਖ ਕੇ ਮੈਨੂੰ ਮੇਰੀ ਕੈਨੇਡਾ ਵਸਦੀ ਦੋਸਤ ਕੁੜੀ ਨਵਜੋਤ ਸਿੱਧੂ ਦੀ ਬੜੀ ਯਾਦ ਆਈ, ਜਿਹੜੀ ਯਾਦਾਂ ਵਿਚ ਪੈਰਿਸ ਮੇਰੇ ਨਾਲ ਹੀ ਫਿਰਦੀ ਰਹੀ! ਉਸ ਦੀ ਪੈਰਿਸ ਦੇਖਣ ਦੀ ਬੜੀ ਇੱਛਾ ਸੀ, ਪਰ ਕਿਸੇ ਮਜ਼ਬੂਰੀ ਕਾਰਨ ਨਾਲ ਨਹੀਂ ਆ ਸਕੀ! ਪਰ ਅੰਤਰ-ਮਨ ਨਾਲ ਮੇਰੇ ਨਾਲ ਹੀ ਸੀ!! ਆਦਮੀ ਦੀ ਹਰ ਇੱਛਾ ਪੂਰੀ ਥੋੜ੍ਹੋ ਹੋ ਜਾਂਦੀ ਹੈ?
ਖ਼ੈਰ! ਜੋ ਕੁਝ ਵੀ ਹੈ, ਕੁੱਲੀ ਯਾਰ ਦੀ ਸੁਰਗ ਦਾ ਝੂਟਾ-ਅੱਗ ਲੱਗੇ ਮਹਿਲਾਂ ਨੂੰ...! ਜਿੱਥੇ ਵਸੇ ਯਾਰ, ਉਥੇ ਰੱਬ ਦਾ ਦੀਦਾਰ!! ਪੰਜਾਬ ਸਪੋਰਟਸ ਕਲੱਬ ਫ਼ਰਾਂਸ ਦੇ ਸੁਹਿਰਦ ਮਿੱਤਰਾਂ, ਪਿਆਰਿਆਂ ਨੇ ਅਥਾਹ ਮਾਣ ਬਖ਼ਸ਼ਿਆ। ਸਤਿਕਾਰਤ ਬਾਈ ਚੈਨ ਸਿੰਘ ਚੱਠਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਯੂਰਪ, ਰਘਬੀਰ ਸਿੰਘ ਕੁਹਾੜ, ਪੰਜਾਬ ਸਪੋਰਟਸ ਕਲੱਬ ਫ਼ਰਾਂਸ, ਗੁਰਦਿਆਲ ਸਿੰਘ ਪ੍ਰਧਾਨ, ਨਿਰਮਲ ਸਿੱਧੂ ਪ੍ਰਧਾਨ ਲੋਕ ਭਲਾਈ ਪਾਰਟੀ ਇਟਲੀ, ਜਗਤਾਰ ਸਿੰਘ ਬਿੱਟੂ ਪ੍ਰਧਾਨ ਲੋਕ ਭਲਾਈ ਪਾਰਟੀ ਫ਼ਰਾਂਸ, ਯੂਰਪ ਦੇ ਪੰਜਾਬ ਟਾਈਮਜ਼ ਦੇ ਪੱਤਰਕਾਰ ਮਨਮੋਹਣ ਸਿੰਘ, ਸ਼ਿੰਗਾਰਾ ਸਿੰਘ ਮਾਨ ਪੰਜਾਬੀ ਟੂਡੇ ਡਾਟ ਕਾਮ, ਲੇਖਕ ਸੱਤਪਾਲ ਸੰਤੋਖਪੁਰੀ, ਭਿੰਦਾ ਮੁਠੱਡੇ ਵਾਲਾ, ਗੁਰਦੀਪ ਸਿੰਘ ਜੰਡਾ ਅਤੇ ਗੁਰਚਰਨ ਸਿੰਘ ਅਟਵਾਲ ਆਦਿ ਸਖ਼ਸ਼ੀਅਤਾਂ ਦੇ ਦਰਸ਼ਣ ਪਾ ਕੇ ਮਨ ਗ਼ਦ-ਗ਼ਦ ਹੋ ਗਿਆ। ਇਸ ਦਿੱਤੇ ਗਏ ਗੋਲਡ-ਮੈਡਲ ਲਈ ਮੈਂ ਪੰਜਾਬ ਸਪੋਰਟਸ ਕਲੱਬ ਫ਼ਰਾਂਸ ਵਾਲਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਮੰਨਦਾ ਹਾਂ, ਕਿ ਇਹ ਮੇਰੇ ਨਾਵਲਾਂ ਦੇ ਪ੍ਰਸੰæਸਕ ਹਨ, ਪਰ ਪਾਏ ਗਏ ਗੁਣ ਲਈ ਸਦਾ ਰਿਣੀਂ ਰਹਾਂਗਾ। ਗੁਣ ਪਾਉਣ ਵਾਲੇ ਵੀ ਇਸ ਜ਼ਮਾਨੇ ਵਿਚ ਬੜੇ ਘੱਟ ਮਿਲਦੇ ਹਨ, ਬਾਈ ਜੀ।।।!