ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਸ਼ਵ ਪ੍ਰਸਿਧ ਲੇਖਕ ਇਕਬਾਲ ਸਿੰਘ ਜੱਬੋਵਾਲੀਆ (ਨਿਊਯਾਰਕ)ਦੇ ਮਾਤਾ ਠਾਕਰ ਕੌਰ ਬੀਤੀ 11 ਅਕਤੂਬਰ ਨੂੰ 97 ਸਾਲ ਦੀ ਉਮਰ ਭੋਗਣ ਉਪਰੰਤ ਆਪਣੇ ਪਿੰਡ ਜੱਬੋਵਾਲ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਕਰ ਦਿੱਤਾ ਗਿਆ ਅਤੇ ਉਨ੍ਹਾਂ ਨਮਿੱਤ ਅੰਤਿਮ ਅਰਦਾਸ 24 ਅਕਤੂਬਰ ਐਤਵਾਰ ਨੂੰ ਹੋਵੇਗੀ। ਮਾਤਾ ਠਾਕਰ ਕੌਰ ਆਪਣੇ ਪਿਛੇ ਪੁੱਤਰ ਇਕਬਾਲ ਸਿੰਘ ਤੋਂ ਇਲਾਵਾ ਤਿੰਨ ਧੀਆਂ ਅਤੇ ਪੋਤਰਿਆਂ-ਦੋਹਤਰਿਆਂ ਦਾ ਭਰਿਆ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੇ ਵੱਡੇ ਪੁੱਤਰ ਹੈਡਮਾਸਟਰ ਗਿਆਨ ਸਿੰਘ ਦਸ ਸਾਲ ਪਹਿਲਾਂ ਵਿਛੋੜਾ ਦੇ ਗਏ ਸਨ। ਜ਼ਿਕਰਯੋਗ ਹੈ ਕਿ ਇਕਬਾਲ ਜੱਬੋਵਾਲ ਆਪਣੀ ਬੇਬਾਕ ਤੇ ਦਲੀਲ ਪੂਰਵਕ ਲੇਖਣੀ ਕਾਰਨ ਚਰਚਿਤ ਹਨ। ਕੁਝ ਕੁ ਲੋਕਾਂ ਦੇ ਸੱਚਾਈ ਸੰਘੋਂ ਹੇਠਾਂ ਨਾ ਉੱਤਰਨ ਦੇ ਸਿੱਟੇ ਵਜੋਂ ਹੀ ਲੰਘੀ 2 ਜੁਲਾਈ ਨੂੰ ਨਵਾਂ ਸ਼ਹਿਰ ਦੇ ਡਾ. ਅੰਬੇਦਕਰ ਚੌਕ ਵਿਚ ਕੁਝ ਸ਼ਰਾਰਤੀ ਲੋਕਾਂ ਨੇ ਬਦਲੇ ਦੀ ਭਾਵਨਾ ਨਾਲ ਇਕਬਾਲ ਸਿੰਘ ਜੱਬੋਵਾਲ ਦਾ ਪੁਤਲਾ ਸਾੜਿਆ ਸੀ। ਮਾਤਾ ਜੀ ਇਸ ਗੱਲ ਦਾ ਸਦਮਾ ਨਾ ਸਹਾਰ ਸਕੇ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਹ ਕੁਝ ਸਮਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਜੇਰੇ ਇਲਾਜ ਰਹੇ ਅਤੇ ਉਸ ਪਿਛੋਂ
ਘਰ ਵਿਚ ਹੀ ਉਨ੍ਹਾਂ ਦੀ ਦੇਖ ਭਾਲ ਚੱਲ ਰਹੀ ਸੀ। ਇਸ ਦੁੱਖ ਦੀ ਘੜੀ ਵਿੱਚ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਸਾਹਿਤਕਾਰ ਡਾ. ਤਾਰਾ ਸਿੰਘ ਆਲਮ, ਗੁਰੁ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਦੇ ਚੇਅਰਮੈਨ ਜਸਵੀਰ ਸਿੰਘ ਮਠਾੜੂ, ਸ਼ਾਇਰ ਰਵਿੰਦਰ ਨੱਥੋਵਾਲ, ਨੌਜ਼ਵਾਨ ਲੇਖਕ ਹਰਪ੍ਰੀਤ ਸੰਗਰੂਰ, ਪ੍ਰਭਦੀਪ ਸਿੱਧੂ ਹਿੰਮਤਪੁਰਾ, ਧਰਮਿੰਦਰ ਸਿੱਧੂ ਚੱਕ ਬਖਤੂ,
ਪ੍ਰਗਟ ਸਿੰਘ ਜੋਧਪੁਰੀ ਆਦਿ ਨੇ ਇਕਬਾਲ ਜੱਬੋਵਾਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਕਬਾਲ ਜੱਬੋਵਾਲ (ਨਿਊਯਾਰਕ) ਨਾਲ ਸੰਪਰਕ ਫ਼ੋਨ 917 375 6395 'ਤੇ ਕੀਤਾ ਜਾ ਸਕਦਾ ਹੈ।