ਨਾਮਧਾਰੀ ਨਿਹਾਲ ਸਿੰਘ ਨਮਿੱਤ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਜਰਮਨ ਵਾਸੀ ਉੱਘੀ ਲੇਖਿਕਾ ਚਰਨਜੀਤ ਧਾਲੀਵਾਲ ਸੈਦੋਕੇ ਦੇ ਪਿਤਾ ਸ੍ਰ: ਨਿਹਾਲ ਸਿੰਘ ਨਾਮਧਾਰੀ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਨਮਿੱਤ ਸਹਿਜ ਪਾਠ ਦੇ ਭੋਗ ਨਾਮਧਾਰੀ ਮਰਿਆਦਾ ਅਨੁਸਾਰ ਉਹਨਾਂ ਦੇ ਜੱਦੀ ਪਿੰਡ ਸੈਦੋਕੇ (ਮੋਗਾ) ਵਿਖੇ ਪਾਏ ਗਏ। ਸ਼ਰਧਾਂਜਲੀ ਸਮਾਰੋਹ ਦੌਰਾਨ ਨਾਮਧਾਰੀ ਡੇਰਾ ਹਿੰਮਤਪੁਰਾ ਦੇ ਮੁੱਖ ਸੇਵਾਦਾਰ ਸੰਤ ਜੋਰਾ ਸਿੰਘ ਨਾਮਧਾਰੀ, ਹਲਕਾ ਨਿਹਾਲ ਸਿੰਘ ਵਾਲਾ ਵਿਧਾਇਕ ਮਾ: ਅਜੀਤ ਸਿੰਘ ਸ਼ਾਂਤ, ਵਿਧਾਇਕ ਬਾਘਾ ਪੁਰਾਣਾ ਦਰਸ਼ਨ ਸਿੰਘ ਬਰਾੜ, ਬਲਵਿੰਦਰ ਸਿੰਘ ਮੱਲ੍ਹਾ (ਅਕਾਲੀ ਦਲ ਅ), ਪ੍ਰਮਿੰਦਰ ਸਿੰਘ ਦੀਨਾ ਸਾਹਿਬ ਆਦਿ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਨਾਮਧਾਰੀ ਨਿਹਾਲ ਸਿੰਘ ਜੀ ਵੱਲੋਂ ਸਮਾਜ ਸੇਵਾ, ਆਪਸੀ ਭਾਈਚਾਰਾ ਕਾਇਮ ਰੱਖਣ ਦੇ ਕੀਤੇ ਉਪਰਾਲਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਜਥੇਦਾਰ ਪ੍ਰੀਤਮ ਸਿੰਘ ਜੀ ਸਹਿਣੇ ਵਾਲਿਆ ਨੇ ਭੈਣੀ ਸਾਹਿਬ ਤੋ ਆ ਕੇ ਹੱਲੇ ਦੇ ਦੀਵਾਨ ਲਾ ਕੇ ਸੰਗਤ ਨੂੰ ਨਿਹਾਲ ਕੀਤਾ। ਨਿਹਾਲ ਸਿੰਘ ਜੀ ਦੇ ਹਰਮਨ ਪਿਆਰੇ ਹੋਣ ਦਾ ਪ੍ਰਤੱਖ ਪ੍ਰਮਾਣ ਸੀ ਕਿ ਸਰਪੰਚ ਸਾਉਣ ਸਿੰਘ ਪਿੰਡ ਗਹਿਲ, ਸਰਪੰਚ ਪਰਮਜੀਤ ਸਿੰਘ ਨੰਗਲ, ਸੱਘੜ ਸਿੰਘ ਸਰਪੰਚ ਸੈਦੋਕੇ, ਗੁਰਦਿਆਲ ਸਿੰਘ (ਬਾਬਾ ਪੋਹਲਾ ਜੀ), ਪੱਪੂ ਸਿੰਘ ਸਰਪੰਚ ਅਲਕੜੇ ਸਮੇਤ ਆਸ ਪਾਸ ਦੇ ਪਿੰਡਾਂ ਦੇ ਸਰਪੰਚ ਪੰਚਾਇਤਾਂ ਸਮੇਤ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ।