ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸਾਊਥਾਲ ਫੁੱਟਬਾਲ ਕਲੱਬ ਦਾ ਕਾਰਜ ਪ੍ਰਬੰਧ "ਫੁੱਟਬਾਲ ਐਂਡ ਮੋਰ" ਦੇ ਹੱਥਾਂ ਵਿੱਚ ਆ ਜਾਣ ਕਾਰਨ ਸਾਊਥਾਲ ਫੁੱਟਬਾਲ ਕਲੱਬ ਦੇ ਪ੍ਰਸੰਸਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸੰਨ 1871 ਵਿੱਚ ਹੋਂਦ Ḕਚ ਆਏ ਇਸ ਕਲੱਬ ਨੇ ਐੱਫ਼ ਏ. ਕੱਪ, ਲੰਡਨ ਫੁੱਟਬਾਲ ਲੀਗ, ਮਿਡਲਸੈਕਸ ਫੁੱਟਬਾਲ ਲੀਗ, ਸਦਰਨ ਲੀਗ ਅਤੇ ਇਸਥਮੀਨ ਲੀਗ ਆਦਿ ਵਿੱਚ ਭਰਵੀਂ ਹਾਜ਼ਰੀ ਲਗਵਾ ਕੇ ਆਪਣੇ ਨਾਲ 19000 ਹਜਾਰ ਪ੍ਰਸੰਸਕਾਂ ਦਾ ਵਿਸ਼ਾਲ ਘੇਰਾ ਕਾਇਮ ਕੀਤਾ ਸੀ। ਜ਼ਿਕਰਯੋਗ ਹੈ ਕਿ ਸਾਊਥਾਲ ਫੁੱਟਬਾਲ ਕਲੱਬ ਦਾ ਵਿਸ਼ਾ ਲੈ ਕੇ ਬਾਲੀਵੁਡ ਦੀ ਫਿਲਮ 'ਗੋਲ' ਵੀ ਬਣ ਚੁੱਕੀ ਹੈ।ਬੀਤੇ ਦਿਨੀਂ ਸਾਊਥਾਲ ਦੇ ਮਿਲਨ ਪੈਲੇਸ ਵਿਖੇ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਲੱਬ ਦੇ ਵਾਈਸ ਚੇਅਰਮੈਨ ਚਰਨਜੀਤ ਸਿੰਘ ਗਿੱਲ, ਫਾਈਨਾਂਸ ਅਤੇ ਮਾਰਕੀਟਿੰਗ ਡਾਇਰੈਕਟਰ ਰਾਜੇਸ਼ਵਰ ਗੌਤਮ, ਚੇਅਰਮੈਨ ਅਤੇ ਸਾਬਕਾ ਪ੍ਰਸਿੱਧ ਖਿਡਾਰੀ ਟੋਮੀ ਟੇਲਰ ਆਦਿ ਨੇ ਕਿਹਾ ਕਿ ਕਲੱਬ ਵੱਲੋਂ ਸਥਾਨਕ ਲੋਕਾਂ ਦੇ ਸਾਥ ਨਾਲ ਅਹਿਮ ਫੈਸਲੇ ਲੈ ਕੇ ਸਾਊਥਾਲ ਫੁੱਟਬਾਲ ਕਲੱਬ ਨੂੰ ਵੱਡੇ ਉਪਰਾਲੇ ਨਾਲ ਪੁਨਰ ਸੁਰਜੀਤ ਕੀਤਾ ਜਾਵੇਗਾ। ਇਸ ਸਮੇਂ ਆਯੋਜਿਤ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਐੱਮ.ਪੀ. ਸ੍ਰੀ ਵਰਿੰਦਰ ਸ਼ਰਮਾ, ਈਲਿੰਗ ਬਾਰੋਅ ਦੇ ਮੇਅਰ ਰਾਜਿੰਦਰ ਮਾਨ, ਕੌਂਸਲ ਲੀਡਰ ਜੂਲੀਅਨ, ਕੌਂਸਲਰ ਜੂਲੀਅਨ ਬੈੱਲ ਆਦਿ ਨੇ ਇਸ ਉਪਰਾਲੇ ਦੀ ਪੁਰਜ਼ੋਰ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਸਾਊਥਾਲ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਹ ਇੱਕ ਸ਼ਾਨਦਾਰ ਤੋਹਫਾ ਹੋਵੇਗਾ ਕਿ ਇੱਥੋਂ ਦੇ ਬੱਚੇ ਇਸ ਕਲੱਬ ਨਾਲ ਜੁੜ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਗੇ। ਇਸ ਸਮੇਂ ਕੌਂਸਲਰ ਗੁਰਮੀਤ ਕੌਰ ਮਾਨ, ਕੌਂਸਲਰ ਮਹਿੰਦਰ ਕੌਰ ਮਿੱਢਾ, ਕੌਂਸਲਰ ਸਵਰਨ ਪੱਡਾ, ਕੌਂਸਲਰ ਸੁਰਿੰਦਰ ਵਰਮਾ, ਡਾæ ਓਕਾਰ ਸਿੰਘ ਸਹੋਤਾ ਆਦਿ ਸਮੇਤ ਬਹੁਤ ਸਾਰੀਆਂ ਅਹਿਮ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਗਾਇਕਾ ਮੋਨਾ ਸਿੰਘ ਵੱਲੋਂ ਰੰਗਾਰੰਗ ਪ੍ਰੋਗ੍ਰਾਮ ਵੀ ਪੇਸ਼ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਹੈਰੀ ਰੰਧਾਵਾ ਵੱਲੋਂ ਕੀਤਾ ਗਿਆ।