(ਕਹਾਣੀ)....ਜੁਬਾੜੇ.......ਲਾਲ ਸਿੰਘ ਦਸੂਹਾ

ਮੰਡੀਆਂ ਨੂੰ ਜਾਂਦਾ ਕੱਚਾ ਰਾਹ ਪੱਕੀ ਸੜਕ *ਚ ਤਬਦੀਲ ਹੋ ਗਿਆ । ਤਿਕੋਣੇ ਮੋੜ ਦੀ ਚਹਿਲ ਪਹਿਲ ਕਈ ਗੁਣਾਂ ਵੱਧ ਗਈ । ਛੋਟੀ ਪੁਲੀ ਦੇ ਇੱਕ ਪਾਸੇ ਉੱਬਲੇ-ਆਂਡੇ, ਚਿਕਨ-ਚਿੱਲੀ ,ਗੁਰਦੇ-ਕਪੂਰੇ ਵਿਕਣ ਲੱਗ ਪਏ , ਦੂਜੇ ਪਾਸੇ ਟਿੱਕੀਆਂ-ਸਮੋਸੇ ਗੋਲ-ਗੱਪੇ, ਛੋਲ-ਭਟੂਰੇ ।
ਗਲੀਆ-ਮੁਹੱਲੇ ,ਪਿੰਡ-ਗਰਾਂ ਗਾਹ ਕੇ ਮੁੜੇ ਸਬਜ਼ੀ-ਭਾਜੀ ਰੇੜੇ-ਰਿਕਸ਼ੇ ਸ਼ਾਮ ਵੇਲੇ ਦੀ ਵੇਚ ਵਟਕ ਲਈ ਇੱਕ ਦੂਜੇ *ਚ ਆ ਫਸਦੇ । ਬੱਸ ਅੱਡੇ ਵੱਲ ਦਾ ਗੇੜਾ ਲਾ ਕੇ ਪੁੱਜੀਆਂ ਸ਼ਿਮਲਾ-ਬੰਬੇ ਕੁਲਫੀਆ , ਫ਼ਲ-ਫਰੂਟ,ਖਿੱਲਾਂ-ਰੇੜੀਆ ਨੇ ਅਪਣੀ-ਅਪਣੀ ਥਾਂ ਪੱਕੀ ਮੱਲ ਲਈ ਸੀ ।
ਏਨੀ ਸਾਰੀ ਗਹਿਮਾ-ਗਹਿਮੀ ਦੇਖ ਕੇ ਸੇਠ ਰਾਮ ਗੋਪਾਲ ਦਾ ਉਦਾਸ ਉਦਾਸ ਰਹਿੰਦਾ ਚਿਹਰਾ ਇਕ ਖੁਸ਼-ਪ੍ਰਸੰਨ ਦਿਸਣ ਲੱਗ ਪਿਆ । ਲੱਗਦੇ ਹੱਥ ਹੀ ਉਸਨੇ ਆਪਣੇ ਵੱਡੇ ਪੁੱਤਰ ਬਨਵਾਰੀ ਨੂੰ ਹੁਕਮ ਵਰਗੀ ਸਲਾਹ ਦੇ ਮਾਰੀ – “ ਬਨੀ ਪੁੱਤ ਹੁਣ ਢਿੱਲ-ਮੱਠ ਨੀ ਕਰਨੀ । ਏ ਗੱਲ ਆ ਪਈ ਹੁਣ ਵੇਲਾ ਬੜਾ ਨਫ਼ੀਸ ਆ । ਬਣਾ ਲੈ ਮਾਰਕਿਟ ਆਲੀਸ਼ਾਨ । ਇੱਕ-ਦਮ ਟਿੱਪ-ਟਾਪ । ਛੱਤ ਲੈ ਬੂਥ । ਸਾਰੇ ਨਈਂ ਤਾਂ ਅੱਧੇ ਕੁ , ਸੜਕ ਵੰਨੀ ਦੇ । ਬਾਕੀ ਦੇ ਫੇਅਰ ਸੇਹੀ ਭਾਅ ਚੜ੍ਹੇ ਤੇ … । ”
ਬਨੀ ਜਾਣ ਲੱਗਾ ਸੀ ਕਿਧਰੇ , ਪਿਤਾ ਦੀ ਆਗਿਆ ਸੁਣ ਕੇ ਥਾਏਂ ਰੁਕ ਗਿਆ । ਉਸ ਵੱਲ ਬੜੇ ਧਿਆਨ ਨਾਲ ਦੇਖਿਆ । ਉਹ ਹੈਰਾਨ ਸੀ ਕਿ ਉਸਦਾ ਪਿਉ ਰਾਤੋ–ਰਾਤ ਕਿਵੇਂ ਬਦਲ ਗਿਆ । ਕ੍ਹੱਲ ਤੱਕ ਤਾਂ ਉਸ ਨਾਲ ਬੋਲ-ਕਬੋਲ ਹੀ ਕਰਦਾ ਆਇਆ ਸੀ । ਖਫ਼ਾ ਹੁੰਦਾ ਰਿਹਾ ਸੀ ਉਸ ਤੇ ।
ਨਿੰਦਦਾ-ਭੰਡਦਾ ਰਿਹਾ ਸੀ ਉਸਦੇ ਕੀਤੇ ਨੂੰ - “ ਕਿਉਂ ਰੋੜੀ ਜਾਨਾਂ ਐਨਾ ਪੈਹਾ ? ਏ ਗੱਲ ਆ , ਕਿਉਂ ਭਰੀ ਜਾਨਾਂ ਕਿਸ਼ਤਾਂ ਰੇਤੇ-ਟਿੱਬੇ ਦੀਆਂ । ਲਾਹ ਏਨ੍ਹਾਂ ਨੂੰ ਗਲੋਂ । ਏਹ ਗੱਲ ਆ ਪਈ , ਮਾਰ ਮੱਥੇ ਕਿਸੇ ਹੋਰਸ ਦੇ । ” ਕੱਲ ਤੱਕ ਉਹ ਉਸ ਉੱਤੇ ਹੀ ਨਹੀਂ ,ਹਰ ਇੱਕ ਤੇ ਖਫ਼ਾ ਸੀ । ਖਿਝਿਆ-ਖਪਿਆ ਪਿਆ ਸੀ ਆਪਣੇ ਆਪ *ਚ । ਬੁਰਾ-ਭਲਾ ਕਹਿੰਦਾ ਰਿਹਾ ਸੀ ਪ੍ਰਸ਼ਾਸਨ ਨੂੰ । ਖ਼ਾਸ ਕਰਕੇ ਬੀਬੀ ਮੰਤਰੀ ਨੂੰ । ਉਸਦੀ ਕਾਰਕਰਦਗੀ ਕਾਰਨ ਹੀ ਉਸਨੂੰ ਆਹ ਦਿਨ ਦੇਖਣੇ ਪਏ ਸਨ । ਉਸਦਾ ਭਲਾ-ਚੰਗਾ ਅੱਡਾ ਉੱਖੜਦਾ ਹੋਇਆ ਸੀ । ਸ਼ਹਿਰੋਂ ਇਮਲੀ ਚੌਕ ਅੰਦਰੋ । ਕਿਥੋਂ ਉਹ ਬਾਜ਼ਾਰ ਵੱਲ ਨੂੰ ਖੁੱਲਦੀ ਪਿਤਾ-ਪੁਰਖ਼ੀ ਹੱਟੀ ਪਿਛਵਾੜਿਉਂ ਅਰਾਮ ਨਾਲ ਉਠਦਾ । ਮੂੰਹ-ਅੱਖਾਂ ਤੇ ਛਿੱਟੇ ਮਾਰ ਕੇ ਬੜੇ ਸਹਿਰ-ਧੀਰਜ ਨਾਲ ਪਹਿਲਾਂ ਬੈਠਕ ਦੀ ਕਾਰਨਸ ਤੇ ਸਜਾਈ ਦੇਵੀ ਮਾਂ ਦੀ ਮੂਰਤੀ ਨੂੰ ਡੰਡਵੰਤ ਪ੍ਰਣਾਮ ਕਰਦਾ ,ਫਿਰ ਵਿਚਕਾਰਲਾ ਲਾਘਾ ਲੰਘ ਕੇ ਦੁਕਾਨ ਅੰਦਰਲੀ ਸ਼ਿਵਾ ਦੀ ਗੱਦੀ ਨੂੰ ।
ਹੱਟੀਓ ਬਾਹਰ ਡਿੱਠੇ ਤਖ਼ਤ-ਪੋਸ਼ ਤੇ ਆਸਣ ਗ੍ਰਹਿਣ ਕਰਨ ਤੱਕ ਸਬ਼ਜੀ ਭਾਜੀ ਖ਼ਰੀਦਣ ਵਾਲੇ ਉਸਦੇ ਅੰਗੇ ਮੁੱਲ ਤੇ ਬੋਲੀ ਦਿੰਦੇ । ਉਸਦਾ ਕੰਮ ਹੁੰਦਾ ਸੀ ਬੋਲੀ ਹੋਏ ਮਾਲ ਵਿੱਚੋਂ ਚੁੰਗੀ ਕੱਢਣਾ ਤੇ ਬੈਹੀ-ਖ਼ਾਤਾ ਭਰਨਾ । ਡੇੜ-ਦੋ ਘੰਟਿਆ *ਚ ਇਕੱਠੀ ਹੋਈ ਭੀੜ ਸਾਰੀ ਦੀ ਸਾਰੀ ਖਿੱਲਰ-ਬਿਖਰ ਜਾਂਦੀ । ਵੇਚਣ ਵਾਲੇ ਵੇਚ ਤੁਰਦੇ । ਖ਼ਰੀਦਦਾਰਾਂ ਤੋਂ ਉਗਰਾਹੀ ਰੋਕੜ ਉਸਦੇ ਗੱਲੇ *ਚ ਢੇਰੀ ਹੋ ਜਾਂਦੀ ।
ਕਰਦਾ ਉਹ ਹੁਣ ਵੀ ਇਵੇਂ ਹੀ ਸੀ । ਰੋਕੜ-ਚਿੱਲਰ ਹੁਣ ਵੀ ਉਸਦੇ ਹੀ ਗੱਲੇ *ਚ ਢੇਰੀ ਹੁੰਦੀ ਸੀ , ਪਰ ਹੁਣ ਉਸਨੂੰ ਪਹਿਲਾਂ ਵਰਗੀ ਸੌਖ ਨਹੀਂ ਸੀ ਰਹੀ । ਹੁਣ ਉਸਨੂੰ ਤੜਕਸਾਰ ਉੱਠਣਾ ਪੈਂਦਾ । ਸ਼ਿਵਾ ਦੀ ਗੱਦੀ ਹੇਠੋਂ ਬੈਹੀ-ਖਾਤੇ ਚੁੱਕ ਕੇ ਵੱਡੇ ਸਾਰੇ ਝੋਲੇ *ਚ ਪਾਉਦੇਂ ਪੈਦੇਂ । ਰੋਕੜ ਸੰਦੂਕੜੀ ਨਾਲ ਚੁੱਕਣੀ ਪੈਦੀ । ਫਿਰ ਕਦੀ ਉਹ ਮੋਹਣੀ ਨੂੰ *ਵਾਜ਼ ਮਾਰਦਾ ਸਕੂਟਰ ਤੇ ਛੱਡ ਆਉਣ ਲਈ ਛੋਟੇ ਪੁੱਤਰ ਮਨਮੋਹਣ ਨੂੰ , ਕਦੀ ਵੱਡੇ ਬਨਵਾਰੀ ਨੂੰ । ਜੇ ਉਹ ਢਿੱਲ-ਮੱਠ ਕਰਦੇ ਜਾਂ ਕਿਧਰੇ ਬਾਹਰ ਅੰਦਰ ਗਏ ਹੁੰਦੇ ਤਾਂ ਮਜਬੂਰਨ ਉਸ ਨੂੰ ਰਿਕਸ਼ਾ ਲੈਣੀ ਪੈਦੀ । ਉਸ ਦਿਨ ਬੋਹਣੀ ਵੇਲੇ ਹੱਥੋ਼ ਛੱਡੇ ਅਠਾਰਾਂ-ਵੀਹ ਰੁਪਈਏ ਉਸਨੂੰ ਸਾਰਾ ਦਿਨ ਬੇ-ਚੈਨ ਕਰੀ ਰੱਖਦੇ । ਤੜਪਾਈ ਰੱਖਦੇ ਇੱਕ ਤਰਾਂ ਨਾਲ । ਇਸ ਤੜਪ ਬੇਚੇਨੀ ਤੋਂ ਬਚਣ ਲਈ ਉਸਨੇ ਕਈ ਵਾਰ ਪੈਦਲ ਯਾਤਰਾ ਵੀ ਪਾਈ , ਘਰੋਂ ਮੰਡੀ ਤੱਕ । ਉਸ ਦਿਨ ਨਕਦ-ਨਰੈਣ ਤਾਂ ਭਾਵੇਂ ਬਚਿਆ ਰਹਿੰਦਾ , ਪਰ ਉਸਦੀ ਭਾਰੀ ਭਰਕਮ ਦੇਹ ਸਿਰੇ ਦੀ ਨਿਢਾਲ ਹੋਈ ਰਹਿੰਦੀ । ਮੰਡੀ ਪੁੱਜ ਕੇ ਨਾ ਉਸਤੋਂ ਠੀਕ ਤਰਾਂ ਬੈਠਿਆ ਜਾਂਦਾ ਤੇ ਨਾ ਸੈਹੀ ਤਰਾਂ ਰੋਕੜੇ ਭਰੇ ਜਾਂਦੇ ।
ਉਹ ਖਿਝਦਾ , ਕਲਪਦਾ ਬੁਰਾ ਭਲਾ ਬੋਲਦਾ ਕਈਆਂ ਨੂੰ ।
ਉਸਦੀ ਪ੍ਰਧਾਨਗੀ ਵਾਲੀ ਵਪਾਰ ਮੰਡਲੀ ਵੀ ਉਸਨੂੰ ਜ਼ਹਿਰ ਦਿੱਸਣ ਲੱਗ ਪਈ ਸੀ । ਉਹਨਾਂ *ਚੋ ਕਿਸੇ ਨੇ ਵੀ ਉਸਦਾ ਸਾਥ ਨਹੀਂ ਸੀ ਦਿੱਤਾ । ਕਿਸੇ ਇੱਕ ਨੇ ਵੀ ਉਸਦੀ ਹਾਮੀ ਨਹੀਂ ਸੀ ਭਰੀ । ਬੀਬੀ ਮੰਤਰੀ ਨੂੰ ਮਿਲਣ ਲਈ । ਕਹਿਣਾ-ਪੁੱਛਣਾ ਤਾਂ ਉਸ ਨੇ ਹੀ ਸੀ ਪ੍ਰਧਾਨ ਹੋਣ ਦੇ ਨਾਤੇ ਕਿ - “ ਥਾਵਾਂ ਹੋਰ ਜੁ ਹੈਗੀਆ ਸਨ ਸ਼ਹਿਰ ਦੇ ਐ ਗੋਰੇ । ਕਮੇਟੀ ਦੀ ਹੱਦ-ਹਦੂਦ ਅੰਦਰ ਆਉਂਦੀਆਂ ਸਨ ਦੋਵੇਂ । ਫਿਰ ਕੋਹ ਭਰ ਹਟਵੀਂ ਥਾਂ ਕਿਹੜੀ ਕਸਰੋਂ ਪਾਸ ਕਰਵਾ ਲਈ ਮੰਡੀਆ ਲਈ , ਨਿਰੀ ਪੁਰੀ ਉਜਾੜ-ਰੱਕੜ । ”
ਉਸਦੇ ਵਾਰ-ਵਾਰ ਕਹਿਣ ਤੇ ਕੋਈ ਵੀ ਉਸਦੇ ਨਾਲ ਨਹੀਂ ਸੀ ਤੁਰਿਆ ਨਾ ਕੋਈ ਅਹੁਦੇਦਾਰ , ਨਾ ਕੋਈ ਸਾਧਾਰਨ ਮੈਂਬਰ ।
ਉਸਨੂੰ ਲੱਗਾ, ਉਸ ਵਾਰ ਕਿਸੇ ਹੋਰ ਦੀ ਨਹੀਂ ਸਿਰਫ਼ ਉਸਦੀ ਪਿੱਠ ਲੱਗੀ ਸੀ , ਇਕੱਲੇ ਦੀ । ਵਿਤੋਂ ਵੱਧ ਹੇਠੀ ਹੋਈ ਸੀ । ਉਸਦੇ ਜ਼ੋਰ ਪਾਉਣ ਤੇ ਹੀ ਬਾਜ਼ਾਰ ਵਾਸੀਆਂ ਨੇ ਅੱਗੇ ਕੀਤਾ ਸੀ ਬੀਬੀ ਨੂੰ , ਲਗਾਤਾਰ ਜਿੱਤਦੇ ਆਏ ਉਸਦੇ ਜਾਤ ਬਰਾਦਰੀ ਭਾਈ ਬੰਦ ਨੂੰ ਪਿੱਠ ਦੇ ਕੇ । ਕਈ ਵਾਰ ਤੋਲਿਆ ਵੀ ਸੀ ਬੀਬੀ ਨੂੰ ਲੱਡੂਆਂ-ਸਿੱਕਿਆ-ਨੋਟਾਂ ਨਾਲ ਚੋਣਾਂ ਵੇਲੇ । ਹੁਣ ! ਬੀਬੀ ਨੇ ਪੁੱਛਿਆ ਤੱਕ ਨਹੀਂ ਸੀ ਉਸਨੂੰ । ਧੇਲਾ ਮੁੱਲ ਨਹੀਂ ਸੀ ਪਾਇਆ ਉਸਦਾ । ਆਪਣੇ ਧੀ-ਜੁਆਈ ਮੂਹਰੇ ਰੱਖ ਲਏ ਸਨ ਲਾਹਾ ਖਟਾਉਣ ਨੂੰ । ਐਨ ਠੋਕਵੇਂ ਪੈਸੇ ਵਟਾਏ ਸਨ ਮੰਡੀ ਬੋਰਡ ਤੋਂ ਉਹਨਾਂ ਦੇ ਟੋਟਿਆ-ਟਿੱਬਿਆਂ ਦੇ । ਪਤਾ ਸਭ ਨੂੰ ਸੀ ਅੰਦਰੋ-ਅੰਦਰੀ । ਔਖੇ ਸਾਰੇ ਸਨ ਪਰ ਕੂਇਆ ਕੋਈ ਨਹੀਂ ਸੀ ਉਭਾਸਰ ਕੇ । ਇੱਕ ਵੀ ਸ਼ਬਦ ਮੂੰਹੋਂ ਨਹੀਂ ਸੀ ਕੱਢਿਆ ਕਿਸੇ ਵੀ ਵਣਜੀ-ਵਪਾਰੀ ਨੇ । ਉਲਟਾ ਹਾਰ ਪਾਏ ਸਨ , ਗੁਲਦੱਸਤੇ ਫੜਾਏ ਸਨ ਮੰਤਰੀ ਬੀਬੀ ਨੂੰ ਉਦਘਾਟਨੀ ਰਸਮ ਵੇਲੇ । ਮੰਡੀ ਰਾਹ ਦੀ ਧੂੜ-ਧੁੱਦਲ *ਚ ਖੜੇ ਕੇ ।
ਮੰਡੀ ਚੌਕ ਦੀ ਵਧੀ ਚਹਿਲ-ਪਹਿਲ ਨੇ ਰਾਮ ਗੋਪਾਲ ਦੀ ਉੱਖੜੀ-ਪੁੱਖੜੀ ਸੁਰਤੀ ਢੇਰ ਸਾਰੀ ਟਿਕਾਣੇ ਲੈ ਆਂਦੀ । ਝੱਟ ਪੱਟ ਉਸਨੇ ਵੱਡੇ ਪੁੱਤਰ ਬਨਵਾਰੀ ਨੂੰ ਮੰਡੀ ਰੋਡ ਤੇ ਖ਼ਰੀਦੇ ਦਰਜਨ ਭਰ ਬੂਥ ਛੱਤਣ-ਉਸਾਰਨ ਦੀ ਸਲਾਹ ਦੇ ਦਿੱਤੀ -- “ ਬਨੀ ਪੁੱਤਰ , ਹੁਣ ਢਿੱਲ ਮੱਠ ਨਈਂ ਕਰਨੀ । ਏ ਗੱਲ ਆ ਪਈ ,ਹੁਣ ਵਲਾ ਬੜਾ ਨਫ਼ੀਸ ਆ । ਬਣਾ ਦੇ ਮਾਰਕੀਟ ਅਲੀਸ਼ਾਨ ਇੱਕਦਮ ਟਿੱਪ-ਟਾਪ । ਅਸਲ *ਚ ਰਾਮ ਗੋਪਾਲ ਦੀ ਤਾਰ ਕਿਧਰੇ ਹੋਰ ਥਾਂ ਜਾ ਜੁੜੀ ਸੀ । ਨਿਸ਼ਾਨਾ ਹੋਰ ਤਰਾਂ ਦਾ ਫੁੰਡਨਾ ਚਾਹੁੰਦਾ ਸੀ ਉਹ । ਉਹ ਚਿਤਾਰਨਾ ਚਾਹੁੰਦਾ ਸੀ ਬੀਬੀ ਮੰਤਰੀ ਨੂੰ , ਉਸਦੇ ਧੀ-ਜੁਆਈ ਨੂੰ ਕਿ ਤੁਸੀ ਲੋਕ ਕਹਿੰਦੇ ਕਹਾਉਂਦੇ ਜੱਟ-ਜਿਮੀਂਦਾਰ ਵੀ ਖੇਤਾਂ-ਬੰਨਿਆ ਨੂੰ , ਰੋਹੀਆਂ -ਪੈਲੀਆਂ ਨੂੰ , ਧਰਤੀ ਮਾਂ ਨੂੰ ਮਾਂ ਦਾ ਦਰਜਾ ਬਿਲਕੁਲ ਨਈਂ ਦਿੰਦੇ । ਉਲਟਾ ਤੁਸੀ ਇਸਨੂੰ ਰੰਨ-ਰਖੇਲ ਤੋਂ ਵੱਧ ਕੁਸ਼ ਨਈਂ ਸਮਝਦੇ ।
ਫਾ਼ਲਤੂ ਕਿਸਮ ਦੀ ਵਿਕਾਊ ਤੀਮੀਂ , ਇੱਕ ਤਰਾਂ ਦੀ ਗਸ਼ਤੀ । ਜਿੱਥੋਂ ਚਾਰ ਪੈਸੇ ਆਉਂਦੇ ਦਿਸੇ , ਉਹਦੇ ਲੜ ਬੰਨਤੀ । ਕਦੀ ਇਹ ਆੜਤੀਆਂ-ਸ਼ਾਹੂਕਾਰਾਂ ਹੇਠ ਦੱਬ ਹੋਈ ਆ , ਕਦੀ ਬੈਕਾਂ-ਸੋਸਾਇਟੀਆਂ ਕੋਲ ਗਹਿਣੇ ਪਈ ਹੁੰਦੀ ਆ । ਤੁਆਨੂੰ ਮੂੜ-ਮੱਤਾਂ ਨੂੰ ਰਤੀ ਭਰ ਦੀ ਕਦਰ ਨਈਂ ਹੈਗੀ ਇਦ੍ਹੀ । ਐਧਰ ਅਸੀਂ , ਸਾਡਾ ਤਾਂ ਭਲਾ ਕਾਰ-ਕਿੱਤਾ ਈ ਹੋਰ ਤਰਾਂ ਦਾ । ਸਾਡੇ ਹਿੱਸੇ ਆਇਆ ਤਾਂ ਇੱਕ ਮਰਲਾ ਵੀ ਕਦੀ ਕਿਸੇ ਦਾ ਦੇਣਦਾਰ ਨਹੀਂ ਹੋਇਆ । ਉਲਟਾ ਦਾਬੂ ਰਹਿੰਦਾ ਤੁਆਡੇ ਕਿੱਲਿਆ-ਮੁਰੱਬਿਆਂ ਤੇ । ਅਸੀਂ ਬਾਣੀਏ-ਵਪਾਰੀ ਤਾਂ ਟੋਇਆ-ਟਿੱਬਿਆ ਨੂੰ , ਉਜਾੜਾਂ-ਰੱਕੜਾਂ ਨੂੰ ਵੀ ਕਦੀ ਸੋਨੇ *ਚ ਬਦਲ ਲੈਨੇਂ ਆ , ਕਦੀ ਚਾਂਦੀ *ਚ ।
ਸੱਚ-ਮੁੱਚ ਉਸਦਾ ਵੀਹ ਕਿੱਲੇ ਦਾ ਟੱਕ ਇਹਨੀਂ ਦਿਨੀਂ ਸੋਨੇ-ਚਾਂਦੀ ਨਾਲੋਂ ਵੀ ਵੱਧ ਕੇ , ਮੋਹਰਾਂ ਦੀ ਟਕਸਾਲ ਬਣਿਆ ਪਿਆ ਸੀ । ਪੂਰਾ ਸੱਠ ਹਜ਼ਾਰ ਕਰਾਇਆ ਆਉਂਦਾ ਸੀ , ਮਹੀਨੇ ਦਾ ਮੈਕਡੋਨਲਡ ਤੋਂ । ਫਾਸਟ-ਫੂਡ ਕੰਨਟੀਨ , ਪਲੇ-ਵੈਲੀ ਉਹਨਾਂ ਆਪ ਉਸਾਰ ਲਈ ਅਪਣੇ ਖ਼ਰਚ ਤੇ । ਸਿਰਫ਼ ਪਟਾ ਸੀ ਵੀਹ ਸਾਲ ਦਾ । ਖੇਤ ਮਾਲਕੀ ਅਜੇ ਵੀ ਉਸਦੀ ਆਪਣੀ ਸੀ , ਸੇਠ ਰਾਮ ਗੋਪਾਲ ਦੀ ।
ਇਹ ਮਾਲਕੀ ਉਹ ਛੱਡੂ ਸੀ ,ਨਵੀਆਂ ਮੰਡੀਆਂ ਦੀ ਉਸਾਰੀ ਵੇਲੇ । ਪਰ ਉਸਦੀ ਖ਼ਾਸ-ਉਲ-ਖ਼ਾਸ ਗਿਣ ਹੁੰਦੀ ਮੰਤਰੀ ਬੀਬੀ ਨੇ ਉਸਨੂੰ ਬਿਲਕੁਲ ਨਹੀਂ ਸੀ ਗੌਲਿਆ ।
ਉਸ ਦੇ ਇਹ ਵੀਹ ਖੇਤ ਪਹਿਲੋਂ ਵੀ ਇਵੇਂ ਹੀ ਅਣਗੌਲੇ ਕਰ ਦਿੱਤੇ ਸਨ , ਉਸਦੇ ਜਾਤ-ਬਰਾਦਰੀ ਮੰਤਰੀ ਨੇ ਇਕ ਵਾਰ ।
ਸ਼ਹਿਰ ਦੇ ਹਸਪਤਾਲ ਬਣਨਾ ਸੀ ਪੰਜਾਹ ਬੈਡਾਂ ਦਾ । ਹੁਣ ਤੱਕ ਡਿਸਪੈਂਨਸਰੀ ਸੀ ਇੱਥੇ । ਸਿਰਫ਼ ਦਾਰੂ ਦਰਮਲ ਦਾ ਅੱਡਾ । ਚਲਦੀ ਵੀ ਇਹ ਖ਼ਸਤਾ ਹਾਲਤ ਕੋਠੜੂ ਜਿਹੇ ਹੀ ਸੀ । ਨਿੱਕਿਆ ਇੱਟਾਂ ਦੀ ਅੰਗਰੇਜ਼ਾਂ ਵੇਲੇ ਦੀ ਆਰਾਮ-ਘਰ ਇਮਾਰਤ *ਚ । ਸੀ ਵੀ ਇਹ ਉਸਦੇ ਖੇਤਾਂ ਨਾਲ ਐਨ ਸਾਂਝੇ ਬੰਨੇ ਵਾਲੇ ਕਨਾਲ ਕੁ ਥਾਂ *ਚ । ਵੱਡੇ ਹਸਪਤਾਲ ਨੂੰ ਥਾਂ ਚਾਹਿਦੀ ਸੀ , ਘੱਟੋ ਘੱਟ ਅੱਧਾ ਮੁਰੱਬਾ । ਅਵੱਲ ਇਸ ਤੋਂ ਵੀ ਵੱਧ । ਰਾਮ ਗੋਪਾਲ ਨੇ ਵੀ ਅਪਣੇ ਵੀਹਾਂ ਖੇਤਾਂ ਦੇ ਫ਼ਾਰਮ ਭਰ ਦਿੱਤੇ । ਅਪਣੇ ਵੱਲੋਂ ਮੁੱਲ ਵੀ ਉਸਨੇ ਬੜਾ ਠੀਕ ਠੀਕ ਦਰਜ ਕੀਤਾ । ਨਾ ਬਹੁਤਾ , ਨਾ ਥੋੜਾ । ਉਹਨੇ ਸੋਚਿਆ – ‘ ਸਰਕਾਰੀ ਖ਼ਰੀਦ ਐ , ਡਿਸਪੈਸਨਸੀ ਨਾਲ ਜੁੜਵੀਂ ਆਂ, ਪੂਰੀ ਢੁੱਕਣੀ ਥਾਂ ਆਂ , ਆਪੇ ਨੰਬਰ ਲੱਗ ਜਾਊ । ਪਰ ਦੋ-ਚਾਰ-ਛੇ ਮਹੀਨੇ ਉਸਨੂੰ ਉਡੀਕਦੇ ਨੂੰ ਕਰੀਬ ਸਾਲ ਲੰਘ ਗਿਆ । ਕੋਈ ਹਿੱਲ-ਜੁਲ ਨਾ ਹੋਈ । ਕੋਈ ਉੱਘ-ਸੁੱਘ ਨਾ ਨਿਕਲੀ ਮਹਿਕਮੇਂ ਵੱਲੋਂ । ਤੂੰ-ਮੈਂ ਦੇ ਕਹੇ ਉਸਨੇ ਵੀ ਥੋੜੀ ਬਹੁਤ ਨੱਠ-ਭੱਜ ਸ਼ੁਰੂ ਕਰ ਦਿੱਤੀ । ਉਹ ਵੀ ਕਈਆਂ ਨੂੰ ਮਿਲਿਆ ਉਪਰ-ਹੇਠਾਂ , ਪਰ ਕਿਸੇ ਨੇ ਉਸਨੂੰ ਹੱਥ ਪੱਲਾ ਨਾ ਫੜਾਇਆ । ਨਾ ਉਸਨੂੰ ਕਿਸੇ ਨੇ ਹਾਂ ਕੀਤੀ ਨਾ ਨਾਂਹ । ਲਾਰੇ-ਲੱਪੇ ਜ਼ਰੂਰ ਲੱਗਦੇ ਰਹੇ । ਆਖਿ਼ਰ ਥੋੜੇ ਕੁ ਦਿਨੀਂ ਉਸਨੂੰ ਪਤਾ ਉਦੋਂ ਲੱਗਾ , ਜਦ ਭੱਠੇ-ਵਾਲੇ ਵਾਸਲ ਭਰਾਮਾਂ ਦੇ ਛੇ ਛੇ ਫੁੱਟ ਡੂੰਘੇ ਖੂਹ ਬਣੇ ਅਠਾਰਾਂ ਕਿੱਲੇ ਹਸਪਤਾਲ ਬਣਾਉਣ ਲਈ ਚੁਣ ਲਏ ਗਏ । ਉਹ ਵੀ ਸ਼ਹਿਰੋਂ ਕਾਫ਼ੀ ਸਾਰੇ ਹਟਵੇਂ । ਹੈਰਾਨ ਤਾਂ ਉਸਨੇ ਹੋਣਾ ਹੀ ਹੋਣਾ ਸੀ , ਉਹ ਤਾਂ ਸਿਰੇ ਦੀ ਹੱਦ ਤੱਕ ਪੇ੍ਸ਼ਾਨ ਹੋ ਉੱਠਿਆ । ਉਸਦਾ ਰਕਤ ਚਾਪ ਸਿੱਧਾ ਉੱਪਰ ਨੂੰ ਉੱਛਲ ਗਿਆ । ਉਹ ਰਾਤ-ਪੁਰ-ਦਿਨ ਖਿਝਦਾ ਰਹਿੰਦਾ । ਕੁੜਦੇ-ਖਿਝਦੇ ਨੇ ਉਸਨੇ ਫਿਰ ਉੱਪਰ ਹੇਠਾਂ ਗੇੜੇ ਮਾਰੇ । ਦਫ਼ਤਰਾਂ-ਅਫ਼ਸਰਾਂ ਤੋਂ ਪੁੱਛ ਪੜਤਾਲ ਕੀਤੀ । ਆਖਿ਼ਰ ਤੁਰਦੀ ਨਿਕਲਦੀ ਗੱਲ ਉਹਦੇ ਤੱਕ ਵੀ ਪਹੁੰਚ ਗਈ । ਇਹ ਸਾਰੀ ਕਾਰਸਤਾਨੀ ਹੈ ਹੀ ਉਸਦੇ ਜਾਤ ਬਰਾਦਰੀ ਮੰਤਰੀ ਸਾਬ੍ਹ ਦੀ ਸੀ । ਵਾਸਲ ਭਰਾਮਾਂ ਨੇ ਤਾਂ ਸਿਰਫ਼ ਕਾਗਜ਼ ਭਰੇ ਸਨ । ਖ਼ਾਲੀ ਪਏ ਖੇਤਾਂ ਦੇ । ਆਪ ਉਹ ਕਿਧਰੇ ਨਹੀਂ ਸੀ ਗਏ । ਆਪ … ਆਪ ਉਹਨਾਂ ਚੋਣ ਮੁਹਿੰਮ ਜ਼ਰੂਰ ਸਾਂਭੀ ਰੱਖੀ ਸੀ ਮੰਤਰੀ ਹੋਰਾਂ ਦੀ ਪਿਛਲੇ ਤੋਂ ਪਿਛਲੇ ਵਰ੍ਹੇ ।
ਵੀਹ ਕਿੱਲੇ ਦੇ ਟੱਕ ਦੀ ਵੇਚ-ਵਟਕ ਤੋਂ ਦੂਜੀ ਵਾਰ ਖੁੰਝੇ ਰਾਮ ਗੋਪਾਲ ਸਾਹਮਣੇ ਹੁਣ ਅਵੱਲੀ ਜਿਹੀ ਸਮੱਸਿਆ ਆ ਖੜ੍ਹੀ ਹੋਈ । ਉਸਦਾ ਇੱਕ ਜੀਅ ਕਰਦਾ ਉਹ ਵੀ ਕਰੇ ਕੁਸ਼ ਹੇਠਾਂ-ਉੱਤਾ , ਵਾਸਲ ਭਰਾਮਾਂ ਵਰਗਾ । ਉਹ ਵੀ ਬਣੇ ਕਿਸੇ ਚੋਣ ਮੁਹਿੰਮ ਦਾ ਭਾਗੀਦਾਰ । ਪਰ ਦੂਜੇ ਹੀ ਪਲ ਉਹ ਦੂਜੇ ਰੁੱਖ ਸੋਚਣ ਲੱਗ ਪੈਂਦਾ – ‘ ਕੀ ਰੱਖਿਆ ਐਹੋ ਜਿਹੇ ਕੁੱਤੀ ਚੀਕੇ *ਚ । ਬੰਦਾ ਆਰਾਮ ਨਾਲ ਆਪਣਾ ਕਾਰ-ਕਿੱਤਾ ਕਰੇ , ਜਿੰਨਾਂ ਕੁ ਹੁੰਦਾ । ਉਨੇ ਕੁ ਪੈਸੇ ਕਮਾਏ ਜਿੰਨੇ ਚਾਹੀਦੇ ਆ । ਬਾਕੀ ਦੇ ਲਾਗੇ ਦੇਗੇ ਨੂੰ ਮਾਰੇ ਗੋਲੀ । * ਕਦੀ ਉਸਨੂੰ ਇੱਕ ਤਰਾਂ ਦੇ ਵਿਚਾਰ ਅੱਗੇ ਲਾ ਤੁਰਦੇ ਕਦੀ ਦੂਜੀ ਤਰਾਂ ਦੇ । ਨਾ ਉਸਤੋਂ ਇੱਕ ਪਾਸੇ ਹੋਇਆ ਜਾਦਾ ਸੀ ਪੂਰੀ ਤਰਾਂ ਨਾ ਦੂਜੇ ਪਾਸੇ ।
ਕਿੰਨਾਂ ਹੀ ਚਿਰ ਉਹ ਇਸ ਖਿੱਚੋਤਾਨ *ਚ ਫਸਿਆ ਰਿਹਾ । ਆਖਿ਼ਰ ਉਸਦੀ ਬਾਣੀਆ ਬੁੱਧੀ ਨੇ ਨਾ ਤਾਂ ਬਾਕੀ ਦੇ ਲਾਗੇ-ਦੇਗੇ ਨੂੰ ਗੋਲੀ ਹੀ ਮਾਰੀ , ਨਾ ਉਸ ਨੇ ਵਾਸਲ ਭਰਾਵਾਂ ਵਰਗਾ ਕੁਝ ਕਰਨ ਲਈ ਆਕੜਾਂ ਭੰਨੀਆਂ । ਉਸਨੇ ਵਿਚਕਾਰਲੇ ਜਿਹੇ ਰਾਹ ਵਰਗੀ ਤਰਕੀਬ ਲੱਭ ਲਈ , ਦੋਨਾਂ ਪਾਸਿਆਂ ਦੇ ਰੱਖ ਰਖਾ ਵਾਲੀ । ਇੱਕ ਤਾਂ ਉਸਨੇ ਸੂਬੇ *ਚ ਅਚਨਚੇਤ ਆ ਪਈਆਂ ਜ਼ਿਮਨੀ ਚੋਣਾਂ *ਚ ਆਪਣੇ ਭਾਈਬੰਦ ਮੰਤਰੀ ਨੂੰ ਛੱਡ ਕੇ , ਇੱਕ ਅੱਛੀ-ਖਸੀ ਜਾਣ ਪਛਾਣ ਵਾਲੀ ਬੀਬੀ ਜੀ ਨਾਲ ਅੰਦਰੋ-ਅੰਦਰ ਗੰਢ-ਤੁੱਪ ਕਰ ਲਈ । ਦੂਜੇ ਉਸਨੇ ਵੀਹ ਕਿੱਲੇ ਦੇ ਟੱਕ ਨੂੰ ਸਬਜ਼ੀ ਫ਼ਾਰਮ ਵਿੱਚ ਤਬਦੀਲ ਕਰ ਲਿਆ । ਸਬਜ਼ੀ ਕਾਮੇਂ ਪੱਕੇ ਰੱਖ ਲਏ ਤਜਰਬੇਕਾਰ ਪੂਰਬੀਏ । ਨਾਲ ਹੀ ਉਹਨਾਂ ਦਾ ਟੱਬਰ-ਟੀਰ੍ਹ । ਉੱਥੇ ਹੀ ਉਹਨਾਂ ਦਾ ਰਹਿਣ-ਵਸੇਰਾ , ਝੁੱਗੀਆਂ-ਕੁਲੀਆਂ । ਉਹ ਹੀ ਬੀਜਣ-ਉਗਾਉਣ, ਉਹ ਹੀ ਮੰਡੀ ਅੱਪੜਦਾ ਕਰਨ ਉਸ ਪਾਸ ਤਾਜ਼ਾ ਮਾਲ , ਸਵੇਰੇ ਤੜਕੇ । ਬਾਕੀ ਦਾ ਕੰਮ ਉਹਦਾ , ਤਿੰਨ ਕਰੇ ਤੇਰਾਂ ਕਰੇ।
ਘਰ-ਹੱਟੀ ਦਾ ਕੰਮ ਮੁੱਕਾ ਕੇ ਉਹ ਸਬਜ਼ੀ-ਫ਼ਾਰਮ ਤੇ ਗੇੜਾ ਵੀ ਜ਼ਰੂ੍ਰ ਮਾਰਦਾ ਸ਼ਾਮੀ ਜਿਹੇ । ਸੈਰੋ-ਤਫ਼ਰੀਹ ਵਜੋਂ ਵੀ , ਫ਼ਾਰਮ ਦੀ ਦੇਖ-ਰੇਖ ਵਜੋਂ ਵੀ । ਉਸਦੇ ਸਬਜ਼ੀ ਕਾਮੇ ਉਸਦੇ ਲਈ ਮੰਜੀ ਲਿਆ ਢਾਉਂਦੇ ਜਾਂ ਕੁਰਸੀ । ਉਹ ਕਦੀ ਬੈਠ ਵੀ ਜਾਂਦਾ ਕਦੀ ਨਾ ਵੀ । ਬੈਠੇ ਘੁੰਮਦੇ ਦੀ ਉਸਦੀ ਸੁਰਤੀ-ਬਿਰਤੀ ਬਹੁਤੀ ਕਰਕੇ ਸ਼ਹਿਰ ਦੀ ਹੱਦ-ਹਦੂਦ *ਚ ਆਉਂਦੀ ਖੇਤ-ਮਾਲਕੀ *ਚ ਘਿਰੀ ਰਹਿੰਦੀ । ਇਹਨਾਂ ਦੀ ਵੇਚ-ਵੱਟਕ ਤੋਂ ਲੱਗਣ ਵਾਲੀਆ ਨੋਟ-ਢੇਰੀਆਂ *ਚ ਜਕੜੀ ਰਹਿੰਦੀ ।
ਦੋ ਟੱਕ ਸਨ ਉਸ ਪਾਸ । ਇੱਕ ਸ਼ਹਿਰੋਂ ਲਹਿੰਦੀ ਬਾਹੀ , ਦੂਜਾ ਚੜ੍ਹਦੇ ਬੰਨੇ । ਦੋਨੋਂ ਸ਼ਹਿਰ ਦੀ ਹੱਦ-ਹਦੂਦ ਦੇ ਅੰਦਰ । ਲਹਿੰਦੀ ਬਾਹੀ ਦੇ ਸਾਢੇ ਚਾਰ ਖੇਤ ਤਾਂ ਇੱਕ ਤਰਾਂ ਨਾਲ ਆਪ ਹੀ ਲਿਆ ਸੁੱਟੇ ਸਨ , ਉਸਦੀ ਝੋਲੀ *ਚ ਕਿਰਪੇ ਸੈਣੀ ਨੇ । ਸਿਰੇ ਦਾ ਮਿਹਨਤੀ ਬੰਦਾ ਸੀ ਕਿਰਪਾ । ਰਾਤ-ਪੁਰ-ਦਿਨੇ ਖੁੱਭਿਆ ਰਹਿੰਦਾ ਸਬਜ਼ੀ ਭਾਜੀ ਦੇ ਕੰਮ *ਚ । ਸੰਜਮੀ ਟੱਬਰ ਸੀ ਸਾਰਾ । ਰੱਜ ਕੇ ਕਮਾਈ ਕੀਤੀ । ਸਹਿਬਨ ਉਸਨੂੰ ਕਿਸੇ ਲਾਗਲੇ ਪਿੰਡ ਬਾਰਾਂ ਕਿੱਲਿਆ ਦੀ ਦੱਸ ਪਈ । ਉਹ ਅਗਾਂਹ ਯੂ . ਪੀ . ਨੂੰ ਤੁਰਿਓ ਸੀ ,ਵੱਡੀ ਖ਼ਰੀਦ ਲਈ ਸ਼ਾਹਜਹਾਨਪੁਰ ਲਾਗੇ । ਕਿਰਪੇ ਨੇ ਪਾਂਧਾ ਨਾ ਪੁੱਛਿਆ । ਨਾ ਹੀ ਅੱਗੋਂ ਰਾਮ ਗੋਪਾਲ ਨੇ ਜੇ-ਜੱਕ ਕੀਤੀ । ਉਸਦਾ ਅੰਗਿਆ ਮੁੱਲ ਦੇ ਕੇ ਸਗੋਂ ਸ਼ਾਬਾਸੇ ਦਿੱਤੀ ਉਹਨੂੰ - “ ਕਿਰਪਾ ਸਿਆਂ , ਏਹ ਖੇਤ ਤੇਰੇ ਅਰਗੇ ਕਦਰਦਾਨ ਕੋਲ ਈ ਸੋਭਦੇ ਆ । ਚੌਂਹ ਤੋ ਬਾਰਾਂ ਬਣਾ ਤੂੰ ਪੂਰਾ ਮਾਣ-ਤਾਣ ਰੱਖਿਆ ਧਰਤੀ ਮਾਂ ਦਾ । ਨਹੀਂ ਬਹੁਤੀ ਗਦ੍ਹੀੜ ਤਾਂ ਐਮੇਂ ਕਾਬਜ਼ ਹੋਈ ਫਿਰਦੀ ਆ ਬੇਗ਼ੈਰਤੀ ਜੇਈ । ”
ਕਿਰਪੇ ਦੀ ਸਿਫ਼ਤ-ਸਲਾਹ ਰਾਮ ਗੋਪਾਲ ਨੇ ਉਂਝ ਹੀ ਨਹੀਂ ਸੀ ਕੀਤੀ , ਉਸਦੀ ਮੂੰਹ-ਪੋਚੀ ਲਈ । ਸੋਲਾਂ ਆਨੇ ਸੱਚ ਕਿਹਾ ਸੀ ਉਸਨੇ । ਹਰ ਰੋਜ਼ ਦਾ ਵਾਹ ਸੀ ਰਾਮ ਗੋਪਾਲ ਦਾ ਖੇਤੀ-ਕਾਮਗਾਰਾਂ ਨਾਲ ਜੱਟਾਂ-ਜਿਮੀਂਦਾਰਾਂ ਨਾਲ । ਰੋਂਦੇ-ਕਲਪਦੇ ਉਹ ਸਨ ਜਿਹੜੇ ਹੱਥੀਂ ਕੰਮ ਬਿਲਕੁੱਲ ਨਹੀਂ ਸੀ ਕਰਦੇ । ਸਰਦਾਰੀਆ ਹੀ ਕਰਦੇ ਸਨ ਨਿਰੀਆਂ ਪੁਰੀਆ ਜਾਂ ਅਮਲੀ ਵੈਲੀ ਸਨ ਸਿਰੇ ਦੇ ਸ਼ਾਮੇ ਲਾਹੋਰੀਏ ਵਰਗੇ ।
ਚੜਦੀ ਬਾਹੀ ਦੇ ਵੀਹ ਖੇਤ ਕਾਬੂ ਕਰਨ ਲਈ ਬੜੀ ਜਾਨ ਮਾਰਨੀ ਪਈ ਸੀ ਰਾਮ ਗੋਪਾਲ ਨੂੰ । ਉਦੋਂ ਕੰਮ ਕਾਰ ਵੀ ਆਈ-ਚਲਾਈ ਹੀ ਸੀ ਅਜੇ । ਸਿਰੇ ਦੀ ਕਿਰਸ ਕਰਕੇ ਉਹ ਸ਼ਾਮੇ ਦੀ ਜਾਇਜ ਨਾ-ਜਾਇਜ਼ ਮੰਗ ਵੇਲੇ ਸਿਰ ਪੂਰੀ ਕਰਦਾ ਰਿਹਾ । ਟੁੱਟਵੇਂ-ਟੁੱਟਵੇਂ ਰੋਕੜੇ ਦਿੰਦਾ ਰਿਹਾ । ਸ਼ਾਮਾਂ ਨਾ ਰਾਤ ਦੇਖਦਾ ਨਾ ਦਿਨ । ਨਾ ਵੇਲਾ ਦੇਖਦਾ ਨਾ ਕੁਵੇਲਾ । ਸਿੱਧਾ ਜਾ ਵੱਜਦਾ ਉਸ ਕੋਲ । ਕਦੀ ਉਸਦੇ ਡੋਡੇ ਮੁੱਕੇ ਹੁੰਦੇ , ਕਦੀ ਅਫੀਮ । ਘਰ ਦਾ ਰਾਸ਼ਣ-ਪਾਣੀ ਵੱਖਰਾ । ਇੱਕ-ਨੰਬਰੀ ਦੋ-ਨੰਬਰੀ ਹੋਰ ਪਤਾ ਨੀ ਕਿਹੜੇ ਕਿਹੜੇ ਖਾਤੇ ਚਲਾ ਰੱਖੇ ਸੀ ਉਸਨੇ ਲਾਟਰੀ ਪਾਉਂਦਿਆਂ । ਦੁਪਹਿਰ ਵੇਲੇ ਦਾ ਨੰਬਰ ਨਿਕਲਣ ਤੱਕ ਉਹ ਅੱਡਿਉ ਬਾਹਰ ਨਾ ਨਿਕਲਦਾ । ਉਸਦਾ ਗੱਡਾ-ਰ੍ਹੇੜੀ ਜਿੱਥੇ ਖੜ੍ਹੀ ਖੜ੍ਹੀ ਰਹਿੰਦੀ । ਭੁੱਖੇ ਤਿਹਾਏ ਬਲਦ ਡੈਂਬਰਿਆ ਹਾਲ ਐਧਰ ਉਧਰ ਦੇਖੀ ਜਾਂਦੇ । ਰਾਮ ਗੋਪਾਲ ਵਿੱਚ ਵਾਰ ਉਸਦੀ ਦਬਕ ਝਿੜਕ ਵੀ ਕਰਦਾ , ੳਪਰੀ ੳਪਰੀ ਜਿਹੀ -
“ ਐਨ੍ਹਾਂ ਗਊ-ਜਾਇਆਂ ਦਾ ਤਾਂ ਕੁਸ਼ ਖਿਆਲ ਕਰ ਲਿਆ ਕਰ । ਏ ਗੱਲ ਆ ਪਈ , ਕਿਉਂ ਬਦਸੀਸਾਂ ਲੈਨਾਂ ਏਨਾਂ ਤੋਂ । ਇੰਨਾਂ ਕੀ ਬਿਗਾੜਿਆ ਤੇਰਾ । ” ਪਰ ਇਹ ਉਸ ਦੀ ਐਮੇਂ ਕਿਮੇਂ ਦੀ ਬੋਲ ਬਾਣੀ ਹੁੰਦੀ ਸੀ , ਦੇਖਦੇ ਸੁਣਦੇ ਲਈ । ਅੰਦਰਲੀ ਸੁਰਤੀ ਉਸਦੀ ਜਿੱਥੇ ਜੁੜੀ ਪਈ ਸੀ , ਉਥੇ ਹੀ ਜੁੜੀ ਰਹਿੰਦੀ । ਦਿਆਲ ਸਿੰਘ ਦੇ ਹੱਥੀਂ ਚੜੇ ਦੋ ਖੇਤ ਕੰਡੇ ਵਾਂਗ ਰੜਕਦੇ ਸਨ ਉਸਨੂੰ । ਸਾਮੀਂ ਤਾਂ ਸ਼ਾਮਾਂ ਉਸਦੀ ਰਿਹਾ ਸੀ ਚਿਰਾਂ ਤੋਂ । ਪਤਾ ਹੀ ਨਹੀਂ ਸੀ ਲੱਗਾ ਕਿਹੜੇ ਵੇਲੇ ਜਾ ਫਸਿਆ ਉਹਨਾਂ ਪਾਸੇ । ਆਪ ਤੋਂ ਕਿਧਰੇ ਨਾਂਹ-ਨੁੱਕਰ ਹੋ ਗਈ ਹੋਣੀ ਆ ਸ਼ਾਮੇਂ ਨੂੰ । ਕਈ ਵਾਰ ਨਹੀਂ ਵੀ ਹੁੰਦਾ ਪੈਸਾ ਟਕਾ ਹੱਥਾਂ *ਚ । ਸ਼ਾਮਾਂ ਅਗਲੀ ਸਵੇਰ ਹੀ ਸਬਜ਼ੀ-ਰੇੜ੍ਹਾ ਓਧਰ ਹਿੱਕ ਲੈ ਗਿਆ । ਉਹ ਵੀ ਆੜ੍ਹਤੀਏ ਸਨ ਅੱਗੇ । ਸ਼ਾਮੇ ਦਾ ਝੁੱਗਾ-ਪੱਲਾ ਉਹ ਫੱਟ ਤਾੜ ਗਏ । ਦਿਨਾਂ ਅੰਦਰ ਹੀ ਉਹਨਾਂ ਉਸਦੇ ਦੋ ਖੇਤਾਂ ਨੂੰ ਕੁੰਡੀ ਲਾ ਲਈ । ਬਾਈਆ *ਚ ਵੀਹ ਰਹਿ ਗਏ ਸਨ ।
ਇੱਕ ਵਾਰ ਦੇ ਉੱਕੇ ਰਾਮ ਗੋਪਾਲ ਨੇ ਮੁੜ ਐਹੋ ਜਿਹੀ ਢਿੱਲ-ਮੱਠ ਕਦੇ ਨਾ ਕੀਤੀ । ਸ਼ਾਮਾਂ ਜਦ ਵੀ ਆਉਂਦਾ , ਜਿੰਨੇ ਵੀ ਮੰਗਦਾ , ਉਸ ਲਈ ਹਾਜ਼ਰ ਕਰਦਾ ਰਾਮ ਗੋਪਾਲ ,ਜਿੰਦਾਂ ਵੀ ਕਿੰਦਾਂ ।
ਉਸਦੀ ਅੱਖ ਦੋ-ਚਾਰ-ਛੇ ਕਿੱਲਿਆ ਦੀ ਥਾਂ ਸਾਲਮ ਟੱਕ ਤੇ ਟਿੱਕ ਗਈ ਸੀ । ਸ਼ਹਿਰ ਦੇ ਐਨ ਗੋਰੇ , ਡੱਕਰੇ ਵਰਗੇ ਚੌਰਸ ਟੱਕ ਤੇ । ਸ਼ਾਮੇ ਦੇ ਕਿਸੇ ਪੁਰਖ਼ੇ ਨੂੰ ਅਲਾਟ ਹੋਏ ਸਨ ਇਹ ਖੇਤ ਲਾਹੋਰੋਂ ਆਏ ਨੂੰ । ਅਲਾਟ ਵੀ ਐਵੇਂ-ਕਿਮੇਂ ਹੋ ਗਏ ਸਨ ਬਿਨਾਂ ਕਿਸੇ ਲੰਮੀ ਚੌੜੀ ਨੱਠ-ਭੱਜ ਦੇ । ਇਹ ਵੀ ਪਤਾ ਕਰ ਲਿਆ ਸੀ ਰਾਮ ਗੋਪਾਲ ਨੇ ਸ਼ਾਮੇ ਦੇ ਪਿਉ ਬਿਸ਼ਨੇ ਨੂੰ ਭਰਮਾ ਪਤਿਆ ਕੇ । ਭਲਾ ਲੋਕ ਸੀ ਬਿਸ਼ਨਾ । ਉਸਨੇ ਹੋਇਆ-ਵਾਪਰਿਆ ਸੇਹੀ ਸੇਹੀ ਦੱਸ ਦਿੱਤਾ ਸੀ ਸਾਰਾ - “ ਕਿ , ਬਾਪ ਸਾਡੇ ਨੇ ਵੀ ਪਾਈ ਸੀ ਅਰਜੀ ਮੁੜ-ਵਿਸੇਬਾ ਦਫ਼ਤਰ ਜਲੰਧਰ । ਉਹਨੂੰ ਪਤਾ ਲੱਗਾ ਸੀ ਕਿਧਰੋਂ ਪਈ ਰੰਧਾਵੇ ਕਿਆ ਦਾ ਕੋਈ ਅਫ਼ਸਰ ਮੁੰਡਾ ਪਾਰੋਂ ਉੱਜੜ ਕੇ ਆਇਆਂ ਨੂੰ ਜ਼ਮੀਨਾਂ ਵੰਡਦਾ । ਰੰਧਾਵਿਆਂ ਦਾ ਉਹ ਲਾਗੀ ਰਿਹਾ ਸੀ ਪਹਿਲੀਆਂ *ਚ । ਉਹ ਉਸਨੂੰ ਵੀ ਨਾਲ ਲੈ ਗਏ ਸਨ , ਲੈਅਲਪੁਰ ਸੈਂਤੀ ਚੱਕ ਆਲੇ ਫਾਰਮ ਤੇ । ਫਾਰਮ ਸੀ ਕਿ ਅੱਧਿੳ ਵੱਧ ਉਜਾੜ-ਰੱਕੜ ,ਝੰਗ-ਬੇਲਾ । ਵੱਡੀ ਨਹਿਰੋਂ ਵੀ ਕਿੰਨਾਂ ਸਾਰਾ ਹਟਮਾਂ ।
ਜਿੰਨਾਂ ਚਿਰ ਇਸਦੀ ਪੁੱਟ-ਪੁੱਟਾਈ ਆਬਾਦਕਾਰੀ ਹੁੰਦੀ ਰਹੀ , ਓਨਾਂ ਚਿਰ ਉਨਾਂ ਵੀ ਹੋਰਨਾਂ ਰੀਸੇ ਰਾਵੀ ਕੰਢੇ ਮੀਲ ਭਰ ਬਰੇਤੀ ਮੱਲੀ ਰੱਖੀ । ਸਬਜ਼ੀ-ਭਾਜੀ ਉਗਾਣ-ਵੇਚਣ ਲਈ । ਸੀ ਤਾਂ ਉਹ ਵੀ ਬੜੇ ਸਕੀਮੀਂ ਅੱਗੋ਼ ਬਾਪ ਸਾਡਾ ਵੀ ਘੱਟ ਨਹੀਂ ਸੀ ਹੈਗਾ ਕਿਸੇ ਗੱਲੋਂ । ਪੂਰਾ ਸਿਰੜੀ ਸੀ ਉਹ ।
ਨਾ ਉਹ ਆਪ ਚੈਨ ਕਰਦਾ , ਨਾ ਦਿਹਾੜੀਦਾਰਾਂ ਕਾਮਿਆ ਨੂੰ ਕਰਨ ਦਿੰਦਾ । ਡੰਗ-ਟਪਾਊ ਕੰਮਕਾਰ ਉਨਾਂ ਥੋੜੇ੍ ਕੁ ਚਿਰ *ਚ ਹੀ ਅੱਛੇ-ਖਾਸੇ ਕਾਰੋਬਾਰ *ਚ ਬਦਲ ਗਿਆ । ਪਰ ਸੱਚੀ ਗੱਲ ਇਹ ਸੀ ਪਈ ਸਬਜ਼ੀ ਫਿਜੋਸ਼ੀ ਧੰਦਾ ਰੰਧਾਵਿਆਂ ਨੂੰ ਜਚਿਆ ਬਿਲਕੁਲ ਨਾ । ਬਹੁਤੀ ਨੀਵੀਂ ਪੱਧਰ ਦਾ ਲੱਗਾ ਉਹਨਾਂ ਨੂੰ ਅਪਣੀ ਹੈਸੀਅਤ ਤੋਂ ।
ਬਰੇਤੀ ਸਮੇਤ ਸਾਰਾ ਕਾਰੋਬਾਰ ਗੁਰੇ ਦੇ ਨਾਂ ਲੁਆ ਕੇ ਆਪ ਉਹ ਹੋਰ ਅਗਾਂਹ ਨਿੱਕਲ ਗਏ ਸੀ , ਸ਼ੇਖੂਪੁਰੇ ਤੋਂ ਵੀ ਅੱਗੇ ।

ਵੰਡ ਪਿੱਛੋਂ ਐਧਰ ਆਏ ਗੁਰੇ ਨੂੰ ਅਲਾਟ ਹੋਏ ਖੇਤਾਂ ਦੀ ਜਾਣਕਾਰੀ ਦਿੰਦਿਆ ਬਿਸ਼ਨੇ ਨੇ ਦੱਸਿਆ ਸੀ ਰਾਮ ਗੋਪਾਲ ਨੂੰ - “ ਕਿ ੳਧਰੋਂ ਮੁੜੇ ਰੰਧਾਵੇ ਤਾਂ ਪਿੰਡੋਂ ਦੂਰ ਪਾਰ ਜਾ ਟਿਕੇ ਨਵੇਂ ਅਲਾਟ ਹੋਏ ਮੁਰੱਬਿਆਂ ਤੇ ਮਾਲਵੇ ਕੰਨੀ ,ਪਰ ਲਾਹੌਰੋਂ ਮੁੜਿਆ ਬਾਪ ਸਾਡਾ ਫਿਰ ਠੁਣ ਠੁਣ ਗੋਪਾਲ , ਮੁੜ ਲਾਗੀ ਦਾ ਲਾਗੀ । ਨਾ ਉਸਦੇ ਪਾਸ ਕੋਈ ਰਸੀਦ-ਪਰਚਾ , ਨਾ ਖੇਤ ਮੁਰੱਬੇ ਦੀ ਮਾਲਕੀ ਦਾ ਸਬੂਤ । ਉਹਨੂੰ ਜਿੰਨੀ ਕੁ ਜਾਣਕਾਰੀ ਹੈਗੀ ਸੀ ੳਨੀ ਕੁ ਭੁਰਆ ਕੇ ਅਰਜ਼ੀ *ਚ ਉਹ ਵੀ ਜਾ ਖੜਾ ਹੋਇਆ , ਇੱਕ ਦਿਨ ਦਫਤਰੋਂ ਬਾਹਰ ਲੱਗੀ ਲੰਮੀ ਪਾਲ *ਚ ਡਰਦਾ ਡਰਦਾ । ਉਹਦੇ ਅੱਗੇ ਹੋਰ ਵੀ ਕਈ ਜਣੇ ਸੀਗੇ , ਉਦ੍ਹੇਂ ਅਰਗੇ ਉੱਖੜੇ-ਉੱਖੜੇ ਜੇਹੇ । ਉਹ ਆਪੋ ਵਿੱਚਦੀ ਥੋੜੀ ਬਹੁਤੀ ਬਾਤ-ਚੀਤ ਕਰਦੇ ਦਿਸੇ ਸੀ ਉਨੂੰ । ਪਰ ਉਹ ਉਮੇਂ ਦਾ ਉਮੇਂ ਖੜ੍ਹਾ ਰਿਹਾ ਸੀ ਚੁੱਪ ਦਾ ਚੁੱਪ । ਉਸਦੀ ਨਿਗ਼ਾਹ ਸਾਹਮਣੇ ਵੱਲ ਨੂੰ ਟਿੱਕੀ ਰਹੀ ਸੀ , ਬਰਾਡੇਂ ਵਿੱਚ ਨੂੰ ਖੁੱਲਦੇ ਅੱਧ ਭਿੜੇ ਦਰਵਾਜੇ ਵੱਲ ਨੂੰ । ਘੜੀਆ ਦੋ ਘੜੀਆ ਪਿੱਛੋਂ ਇੱਕ ਸਜਿਆ ਸੰਵਰਿਆ ਜੁਆਨ-ਜਹਾਨ ਮੁੰਡਾ ਕਮਰਿਉਂ ਬਾਹਰ ਆਇਆ ਦਿਸਦਾ ਸੀ ਉਹਨੂੰ । ਗੁੰਦਮਾਂ ਸਰੀਰ , ਮੱਧਰਾ ਕੱਦ , ਗੋਰਾ ਨਿਛੋਹ ਰੰਗ , ਅੱਖਾਂ ਤੇ ਨਜ਼ਰ ਦੀਆਂ ਐਨਕਾਂ ਸਿਰ ਤੇ ਸਾਬ੍ਹਾਂ ਵਾਲਾ ਹੈਟ । ਦੇਖਣ ਨੂੰ ਨਿਰਾ ਪੂਰਾ ਅੰਗਰੇਜ । ਉਹਨੂੰ ਦੇਖਕੇ ਬਾਪ ਸਾਡਾ ਰਹਿੰਦਾ ਵੀ ਨਿਢਾਲ ਹੋ ਗਿਆ । ਉਸ ਅੰਗਰੇਜ ਬਾਬੂ ਦਾ ਮੁਹਾਂਦਰਾ ਤਾਂ ਰੰਧਾਵਿਆਂ ਦੇ ਕਿਸੇ ਵੀ ਵੱਡੇ ਵੱਡੇਰੇ ਨਾਲ ਨਈਂ ਸੀ ਮਿਲਦਾ । ਉਸਨੂੰ ਮਿਲੀ ਜਾਣਕਾਰੀ ਝੂਠੀ ਜਾਪੀ ਸੀ । ਤਾਂ ਵੀ ਉਸਨੇ ਆਸ ਉਮੀਦ ਦੀ ਕੰਨੀ ਨਹੀਂ ਸੀ ਛੱਡੀ , ਖੜਾ ਰਿਹਾ ਸੀ ਸਿਰ ਸੁੱਟੀ ਔਖਾ ਸੌਖਾ ।
ਉਸਤੋਂ ਅੱਗੇ ਖੜੇ ਲੋਕੀਂ ਇੱਕ ਇੱਕ ਕਰਕੇ ਤੁਰਦੇ ਗਏ । ਉਹ ਖੁਸ਼ ਪ੍ਰਸੰਨ ਹੋ ਕੇ ਗਏ ਸਨ ਕਿ ਨਿਰਾਸ਼ ਇਹ ਵੀ ਉਸਤੋਂ ਨਹੀਂ ਸੀ ਦੇਖ ਹੋਇਆ । ਪਰ ਥੋੜੇ ਕੁ ਚਿਰ ਪਿੱਛੋਂ ਅਪਣੇ ਹੱਥੋਂ ਫੜ ਹੁੰਦੀ ਅਰਜ਼ੀ ਜ਼ਰੂਰ ਦੇਖ ਲਈ ਸੀ ਉਸਨੇ । ਤ੍ਰਭਕਦੇ ਦੀ ਉਸਦੀ ਉੱਪਰ ਉੱਠੀ ਨਿਗ੍ਹਾਹ ਸਾਹਮਣੇ ਆਏ ਚਿਹਰੇ ਤੇ ਆਪ ਮੁਹਾਰੇ ਗੱਡੀ ਗਈ । ਉਸ ਚੋਂ ਰੰਧਾਵੇ ਕਿਆ ਦੇ ਧੁੰਦਲੇ ਧੁੰਦਲੇ ਜਿਹੇ ਨੈਣ ਨਕਸ਼ ਵੀ ਉਭਰਦੇ ਦਿਸ ਪਏ । ਉਹ ਇਹਨਾਂ ਦੇ ਕਿਹੜੇ ਵਡੇਰੇ ਨਾਲ ਮਿਲਦੇ ਸਨ , ਉਹ ਅਜੇ ਸੋਚਣ-ਭਾਲਣ ਹੀ ਲੱਗਾ ਸੀ ਕਿ ਸਾਹਮਣੇ ਖੜ੍ਹੇ ਅਫ਼ਸਰ ਦੇ ਤੇਜ-ਗਤੀ ਬੋਲ ਉਸਦੇ ਕੰਨੀ ਪੈ ਗਏ - “ ਚਾਚਾ ਗੁਰਦਿੱਤ ਸਿਆਂ ਤੂੰ ..ਅ ..ਅ ..! ” ਲਗਦੇ ਹੱਥ ਈ ਉਹਨੂੰ ਅਗਲਾ ਆਦੇਸ਼ ਮਿਲ ਗਿਆ - “ ਚੱਲ ਅੰਦਰ ਬੈਠ ਅੰਦਰ ਦਫ਼ਤਰ *ਚ , ਮੈਂ ਆਈਆ …ਆਇਆ ਬੱਸ ਛੇਤੀ । ”
ਪਾਲ ਚੋਂ ਨਿਕਲ ਕੇ ਬਾਪ ਸਾਡਾ ਬਰਾਂਡੇ *ਚ ਪਏ ਬੈਚ ਤੇ ਤਾਂ ਜਾ ਬੈਠਾ , ਪਰ ਉਸਤੋਂ ਰੰਧਾਵੇ ਅਫ਼ਸਰ ਦੀ ਪੂਰੀ ਪਹਿਚਾਣ ਨਹੀਂ ਸੀ ਹੋਈ ਅਜੇ - ‘ ਦੋ ਭਰਾ ਸਨ ਰੰਧਾਵੇ ਸਰਦਾਰ , ਜ਼ੈਲਦਾਰ ਗੰਗਾ ਸੂੰਹ , ਜ਼ੈਲਦਾਰ ਕਰਤਾਰ ਸੰਹੂ । ਸਾਝੇਂ ਮੁਰੱਬੇ ਖ਼ਰੀਦੇ ਸਨ ਦੋਨਾਂ ਨੇ ਬਾਰ *ਚ । ਪਹਿਲਾਂ ਲੈਲਪੁਰ ,ਫਿਰ ਸ਼ੇਖੂਪੁਰੇ । ਉਹਨਾਂ ਦਾ ਅੱਗੋਂ ਆਰ-ਪ੍ਰਵਾਰ ਤਿੰਨ ਭੈਣਾਂ ਚਾਰ ਭਰਾ – ਸੱਤਪਾਲ,ਜਗਦੀਸ਼, ਹਰਦੀਸ਼ ਤੇ ਭੁਪਿੰਦਰ । ਉਹ ਚਾਰੇ ਨਾ ਗੋਰੇ ਨਾ ਮਧਰੇ । ਫਿਰ , ਫਿਰ ਰੁਲਦੇ ਲਾਗੀ ਦੇ ਪੁੱਤ ਗੁਰੇ ਲਾਗੀ ਨੂੰ ਗੁਰਦਿੱਤ ਸੂੰਹ ਕਹਿ ਕੋ ਕੀਹਨੇ ਬੁਲਾਇਆ ਸੀ । ਉਹ ਵੀ ਚਾਚੇ ਦੀ ਥਾਂ ਰੱਖਕੇ । ਏਸੇ ਹੀ ਪੱਟ-ਉਧੇੜ *ਚ ਉਲਝੇ ਬਾਪ ਸਾਡੇ ਨੂੰ ਚਾਣ-ਚੱਕ ਜੈਲਦਾਰਾਂ ਦੀ ਪਿਛਵਾੜੀ-ਜੁੜਵੇਂ ਚੁਬਾਰੇ ਵਾਲਾ ਸ਼ੇਰ ਸਿੰਘ ਚੇਤੇ ਆ ਗਿਆ । ਸ਼ੇਰ ਸਿੰਘ ਰੰਧਾਵਾ , ਪੱਕੇ ਚੁਬਾਰੇ ਵਾਲਾ ਤਸੀਲਦਾਰ । ਬਾਕੀ ਦਾ ਘਰ-ਵਿਹੜਾ ਤਾਂ ਐਮੇਂ-ਕਿਮੇਂ ਦਾ ਹੀ ਸੀ ਉਸਦਾ । ਇੱਕੜ-ਦੁੱਕੜ ਜੇਹੀ ਖਿਲਰਵੀਂ ਛਤੌੜ ਸੀ ਕਿੰਨੀ ਸਾਰੀ । ਦੋ ਪੁੱਤ ਸੀ ਉਸਦੇ ਜਿੰਦਰ – ਮ੍ਹਿੰਦਰ ਜੁੜਵੇਂ । ਗੋਰੇ ਨਿਛੋਹ ਗੁੱਡਿਆ ਅਰਗੇ । ਬਹੁਤਾ ਕਰਕੇ ਘਰੋਂ ਦੂਰ ਪਾਰ ਹੀ ਰਹੇ ਸੀ ,ਪਿਓ ਦੀਆਂ ਨੌਕਰੀਆਂ ਆਲੀਆ ਥਾਵਾਂ ਤੇ । ਊਨੇ , ਸਮਾਣੇ , ਅਹਿਮਦਗੜ੍ਹ , ਮੁੱਕਸਰ , ਪਰ ਦਿਨਾਂ ਤਿੳਹਾਰਾਂ ਤੇ ਦਾਦੇ ਦਾਦੀ ਕੋਲ ਆਏ ਉਹ ਬਾਪ ਸਾਡੇ ਨੇ ਕੁੱਛੜ ਚੁੱਕ ਕੇ ਵੀ ਖਿਡਾਏ ਸੀ , ਘੁਨੇੜੀ ਚੁੱਕ ਕੇ ਵੀ । ਹੋਰ ਵੱਡੇ ਹੋਇਆਂ ਦੀ ਉਹ ਘੋੜਾ-ਸਵਾਰੀ ਵੀ ਬਣਦਾ ਰਿਹਾ ਸੀ । ਜ਼ੈਲਦਾਰ ਸਰਦਾਰਾਂ ਨਾਲ ਲੈਲਪੁਰ-ਲਾਹੌਰ ਜਾਣ ਤੋਂ ਪਹਿਲਾਂ ।
ਸੇਠ ਰਾਮ ਗੋਪਾਲ ਨੂੰ ਅੱਗੇ ਦੱਸਿਆ ਸੀ ਬਿਸ਼ਨੇ ਨੇ ਕਿ ਰਾਜਿੰਦਰ-ਮੁਹਿੰਦਰ ਦਾ ਚੇਤਾ ਆਉਂਦਿਆਂ ਸਾਰ ਬਾਪ ਉਸਦਾ ਉੱਛਲ ਖਲੌਤਾ ਸੀ , ਬੈਂਚ ਤੇ ਬੈਠਾ ਬੈਠਾ । ਹੈਟ ਵਾਲਾ ਅਫ਼ਸਰ ਰਾਜਿੰਦਰ ਸੀ ਕਿ ਮੁਹਿੰਦਰ ਇਸਦਾ ਨਿਰਖ ਕਰਨ ਦੀ ਵੀ ਉਸਨੇ ਲੋੜ ਨਹੀਂ ਸੀ ਸਕਝੀ । ਦੋਨੇਂ ਉਸਨੂੰ ਚਾਚਾ ਕਹਿ ਕੇ ਬਲਾਉਂਦੇ ਸੀ ਨਿੱਕੇ ਹੁੰਦੇ । ਦੋਨਾਂ ਚੋਂ ਇੱਕ ਉਸਦੇ ਸਾਹਮਣੇ ਸੀ । ਘੜੀ ਪਲ ਲਈ ਤਾਂ ਉਹ ਭੁੱਲ-ਭੁੱਲਾ ਹੀ ਗਿਆ ਕਿ ਉਹ ਕੋਈ ਫਰਿਆਦ ਲੈ ਕੇ ਪੁੱਜਾ ਸੀ ਉੱਥੇ । ਖੜਾ ਖੜੋਤਾ ਉਹ ਕਿੰਨੇ ਸਾਰੇ ਵਰ੍ਹੇ ਪਿਛਾਂਹ ਵੱਲ ਨੂੰ ਤੁਰ ਕੇ ਪਿੰਡ ਜਾ ਪੁੱਜਾ ਸੀ ,ਤਹਿਸੀਲਦਾਰ ਸ਼ੇਰ ਸਿੰਘ ਦੀ ਹਵੇਲੀ । ਉਸ ਦਿਨ ਉਹ ਵੀ ਪਿੰਡ ਆਇਆ ਹੋਇਆ ਸੀ ਲਾਹੌਰੋ । ਰਿਸ਼ਤੇਦਾਰੀ *ਚ ਕਿਸੇ ਵਿਆਹ ਸ਼ਾਦੀ ਤੇ । ਰਾਜਿੰਦਰ – ਮੁਹਿੰਦਰ ਵੀ ਘਰੇ ਹੀ ਸਨ ਉਨੀਂ ਦਿਨੀ । ਪੜਾਈਆਂ-ਪਰਚਿਆਂ ਤੋਂ ਵਿਹਲ ਸੀ ਥੋੜੇ ਕੁ ਦਿਨਾਂ ਲਈ । ਮਾਲਵੇ ਦੇ ਇੱਕ ਵੱਡੇ ਪਿੰਡ ਨਾਰੰਗਵਾਲ ਦਾ ਨਾਈ ਰਾਜਿੰਦਰ ਦਾ ਸ਼ਗਨ ਲਿਆ ਢੁੱਕਿਆ ਪੂਰਾ ਸਜ-ਧਜ ਕੇ ਵਿਸਾਖ਼ੀ ਵਾਲੇ ਦਿਨ ।
ਗੱਲਬਾਤ ਪਹਿਲੋਂ ਹੋ ਚੁੱਕੀ ਸੀ ਮੁੱਕਤਸਰ । ਨਾਈ ਨੇ ਸੋਚਿਆ ਹੋਣਾਂ ਤਹਿਸੀਲਦਾਰ ਸਾਬ੍ਹ ਦੀ ਹਵੇਲੀ ਵੀ ਉਹੋ ਜਿਹੀ ਹੋਣੀ ਆਂ ਗਰੇਵਾਲਾ ਦੇ ਦੀਵਾਨਖਾਨੇ ਵਰਗੀ । ਅੱਗੋਂ , ਕੱਚੇ ਖਿਲਰਵੇ ਢਾਰੇ ਡਿੱਗੂ ਡਿੱਗੂ ਕਰਦੇ । ਬਸ ਇੱਕੋ-ਇੱਕ ਚੁਬਾਰਾ ਸੀ ਪੱਕਾ ਵੱਡੇ ਸਾਰੇ ਵਿਹੜੇ ਦੇ ਪਾਰਲੇ ਸਿਰੇ । ਓਥੇ ਤੱਕ ਤਾਂ ਪੁੱਜਾ ਈ ਨਾ ਉਹ । ਉਹ ਤਾਂ ਦੇਖਿਆ ਵੀ ਨਾ ਨਾਈ ਨੇ । ਨਿਮੋਝਾਣ ਹੋਇਆ ਸ਼ਗਨ-ਸਮੱਗਰੀ ਹਵੇਲੀ ਵਾਲੇ ਪਾਸੇ ਰੱਖ ਕੇ ਤੁਰਦਾ ਬਣਿਆ ਵਾਪਸ । ਨਾ ਲੱਸੀ , ਨਾ ਪਾਣੀ । ਨਾ ਕਿਸੇ ਨੂੰ ਸਾਬ੍ਹ , ਨਾ ਸਲਾਮ । ਨਾ ਰਾਜਿੰਦਰ ਨੂੰ ਸ਼ਗਨ ਛੁਆਰਾ । ਉਸਦੇ ਬਾਪ ਗੁਰੇ ਨੇ ਦੌੜਦੇ ਨੇ ਪਿੱਛਾ ਕੀਤਾ ਸੀ ਨਾਈ ਦਾ , ਪਰ ਉਸਦੇ ਪੁੱਜਦਿਆ ਕਰਦਿਆ ਚਾਰ ਵਾਲੀ ਗੱਡੀ ਨਿਕਲ ਚੁੱਕੀ ਸੀ ਜਲੰਧਰ ਨੂੰ ।
ਪਿੱਛੋਂ ਉਹਨਾਂ ਰਲ਼-ਮਿਲ ਕੇ ਆਪ ਈ ਛੁਆਰਾ ਖਾਧਾ , ਆਪ ਹੀ ਲੱਡੂ-ਪਤਾਸੇ ਵੰਡੇ । ਹੱਸਦਿਆ-ਖੇਲਦਿਆ , ਨੱਚਦਿਆਂ-ਟੱਪਦਿਆਂ ।
ਸੇਠ ਰਾਮ ਗੋਪਾਲ ਨੂੰ ਦੱਸਿਆ ਸੀ ਬਿਸ਼ਨੇ ਨੇ , ਕਿ ਉਸਦੇ ਬਾਪ ਗੁਰੇ ਤੇ ਪੈਰ ਫਿਰ ਨੱਚਦੇ-ਟੱਪਦੇ ਦੇ ਹੀ ਬਾਹਰ ਨਿਕਲੇ ਸਨ , ਉਸ ਦਿਨ ਮੁੜ ਵਿਸੇਬਾ ਦਫਤਰੋਂ । ਰਾਜਿੰਦਰ ਨਹੀਂ ਮੁਹਿੰਦਰ ਲੈ ਕੇ ਗਿਆ ਸੀ ਉਸਨੂੰ ਬਾਹੋਂ ਫੜ ਕੇ ਦਫ਼ਤਰ ਅੰਦਰ । ਵੱਡਾ ਸਾਬ੍ਹ ਮੁਹਿੰਦਰ ਸਿੰਘ ਰੰਧਾਵਾ । ਉਸੇ ਵੇਲੇ ਇਲਾਕਾ ਪਟਵਾਰੀ ਨੂੰ ਸੱਦਕੇ ਉਸਨੇ ਪਿੰਡ ਲਾਗਲੇ ਸ਼ਹਿਰ ਦੀ ਹੱਦ-ਬਸਤ *ਚ ਪੈਦੀ ਚੌਧਰੀ ਮਸੂਦ ਅਹਿਮਦ ਦੇ ਨਾਂ ਬੋਲਦੀ ਬਾਈ ਕਿੱਲੇ ਪੈਲੀ ਉਸਦੇ ਬਾਪ ਗੁਰੇ ਦੇ ਨਾਂ ਚਾੜ੍ਹ ਦਿੱਤੀ ਸੀ , ਸਬਜ਼ੀ-ਭਾਜੀ ਦਾ ਕਰਿੰਦਾ ਹੋਣ ਕਰਕੇ । ਉਸਨੇ ਨਾ ਕੋਈ ਕਾਗਜ਼-ਪੱਤਰ ਦੇਖਿਆ-ਪੜਿਆ ਸੀ , ਨਾ ਕੋਈ ਲੋੜ ਸਮਝੀ ਸੀ ਇਸਦੀ । ਖੇਤਾਂ-ਪੈਲੀਆਂ ਨਾਲ ਮੋਹ ਪਿਆਰ ਦੀ ਸੰਨਦ ਹੀ ਸਭ ਤੋਂ ਵੱਡਾ ਸਬੂਤ ਸੀ ਉਸਦੇ ਬਾਪ ਦੀ ਪਿੱਛੇ ਰਹਿ ਗਈ ਮਾਲਕੀ ਦਾ । ਬਿਸ਼ਨੇ ਤੋਂ ਸੁਣੀ ਉਸਦੀ ਆਤਮ-ਵਾਰਤਾ ਨੇ ਰਾਮ ਗੋਪਾਲ ਦੀ ਖੇਤਾਂ ਪੈਲੀਆ ਬਾਰੇ ਬਣੀ ਧਾਰਨਾ ਹੋਰ ਵੀ ਪੱਕੀ ਕਰ ਦਿੱਤੀ । ਲੱਗਦੇ ਹੱਥ ਹੀ ਇਹ ਉਸ ਨੇ ਬਿਸ਼ਨੇ ਦੇ ਕੰਨੀ ਵੀ ਕੱਢ ਦਿੱਤੀ , ਸ਼ਾਮੇ ਦੇ ਤੌਰ-ਤਰੀਕੇ ਵਾਚਦਿਆਂ –
“ ਖੇਤਾਂ ਦੇ ਕਰਦਰਦਾਨ ਰੰਧਾਵੇ ਨੇ ਤੇਰੇ ਕਦਰਦਾਨ ਬਾਪ ਗੁਰੇ ਦੇ ਨਾਂ ਚਾੜ੍ਹੇ ਖੇਤ-ਖੱਤੇ ਉਸਨੇ ਵੀ ਸਾਭੀ ਸੁਆਰੀ ਰੱਖੇ ਸੀ ਤੇ ਅੱਗੇ ਬਿਸ਼ਨ ਸਿਆ ਤੂੰ ਵੀ , ਹੁਣ … ਹੁਣ ਹੋਰ ਅੱਗੋਂ ਦੇਖੋ ਕੀ ਬਣਦਾ ! ”
ਤੇ … ਤੇ ਜੋ ਕੁੱਝ ਬਣਿਆ ਸੀ ਹੋਰ ਅੱਗੇ , ਉਸ ਤੋਂ ਰਾਮ ਗੋਪਾਲ ਬਾਗ਼ੋ-ਬਾਗ਼ ਸੀ ਪੂਰਾ । ਸ਼ਹਿਰ ਦੇ ਐਨ ਗੋਰੇ ਵੀਹਾਂ ਖੇਤਾਂ ਦੀ ਮਾਲਕੀ ਤਾਂ ਬਣ ਗਈ ਸੀ ਉਸਦੀ ਸ਼ਾਮੇ ਲਾਹੌਰੀਏ ਦੀ ਥਾਂ , ਪਰ ਇੱਕ ਗੱਲੋਂ ਉਹ ਦੁਖੀ ਵੀ ਰੱਜ ਕੇ ਸੀ । ਉਸਦੇ ਮੇਲੀ-ਗੇਲੀ ਮਹਿੰਗਾ ਸਿੰਘ-ਬਚਨ ਕੌਰ ਕੱਖੌਂ ਹੋਲੇ ਕਰ ਛੱਡੇ ਸਨ ,ਉਹਨਾਂ ਦੇ ਨੌਂਹ-ਪੁੱਤ ਨੇ । ਰਤੀ ਭਰ ਵੀ ਮਾਣ-ਤਾਣ ਨਹੀਂ ਸੀ ਰੱਖਿਆ ਉਹਨਾਂ ਜੱਦੀ-ਪੁਸ਼ਤੀ ਜਾਇਦਾਦ ਦਾ । ਰਾਮ ਗੋਪਾਲ ਜਿਵੇਂ ਸਕਤੇ *ਚ ਆ ਗਿਆ ਸੀ , ਇਸ ਗੱਲੋਂ । ਉਸਦਾ ਦਿਲ-ਦਿਮਾਗ ਅਜੀਬ ਤਰਾਂ ਦੀ ਘੁੰਮਣ-ਘੇਰੀ *ਚ ਫਸ ਗਿਆ ਸੀ । ਇੱਕ ਦੇ ਅਮਲ-ਵੈਲ ਨੇ ਖੋਹ ਕੋਡੀਆ ਕੀਤੀ ਸੀ ਪੈਲੀ , ਦੂਜੇ ਦੀ ਵਿਹਲੜ ਅਯਾਸ਼ ਰੁਚੀ ਨੇ । ਪੰਜੀ-ਸਤਾਈ ਖੇਤ ਜਸਕਰਨ ਨੇ ਇੱਕੋ ਹੱਲੇ ਵੇਚ ਛੱਡੇ ਸਨ , ਮੰਡੀ ਬੋਰਡ ਨੂੰ । ਇੱਟਾਂ-ਬਜਰੀ ਹੇਠ ਦੱਬ ਹੋਣ ਲਈ । ਉੱਨਤੀ-ਤਰੱਕੀ ਦੀ ਆੜ *ਚ । ਸਬਜ਼ੀ-ਮੰਡੀ , ਅਨਾਜ-ਮੰਡੀ ਕੋਹ ਦੂਰ ਚਲੀ ਗਈ ਸੀ ਸ਼ਹਿਰੋਂ । ਉਸਦਾ ਭਲਾ-ਚੰਗਾ ਆੜ੍ਹਤ-ਅੱਡਾ ਉੱਖੜਦਾ ਹੋ ਗਿਆ ਸੀ ਇਮਲੀ ਚੌਕ ਅੰਦਰੋਂ । ਕਿੱਥੇ ਉਹ ਬਾਜ਼ਾਰ ਵੱਲ ਖੁੱਲਦੀ ਪਿਤਾ-ਪੁਰਖ਼ੀ ਹੱਟੀ ਪਿਛਵਾੜਿਓਂ ਆਰਾਮ ਨਾਲ ਉੱਠਦਾ ਸੀ । ਪੂਜਾ-ਪਾਠ ਨਿਬੇੜ ਕੇ , ਵਿਚਕਾਰਲੇ ਲਾਂਘੇ ਰਾਹੀਂ ਬਾਹਰ ਆ ਬੈਠਦਾ ਸੀ ਗੱਲੇ ਲਾਗੇ , ਤਖਤ-ਪੋਸ਼ ਤੇ । ਕਿਥੇ ਹੁਣ ਉਸਨੂੰ ਤੜਕਸਾਰ ਉੱਠਣਾ ਪੈਦਾ ਸੀ । ਛੋਹਲੇ ਕਦਮੀਂ ਚਲਦਿਆਂ ਧੂਫ-ਟਿੱਕਾ ਕਰਨਾ ਪੈਦਾ ਸੀ । ਬੈਹੀ-ਖਾਤੇ , ਰੋਕੜ-ਸੰਦੂਕੜੀ ਨਾਲ ਚੁੱਕਣੀ ਪੈਦੀ ਸੀ । ਫਿਰ ਕਦੀ ਸਕੂਟਰ ਪਿੱਛੇ ਬੈਠ ਕੇ ਕਦੀ ਰਿਕਸ਼ਾ ਸਵਾਰ ਬਣਕੇ , ਕਦੀ ਪੈਦਲ ਤੁਰ ਕੇ ਸ਼ਹਿਰੋਂ ਬਾਹਰ ਉੱਸਰੀ ਨਵੀਂ ਮੰਡੀ ਪੁੱਜਣਾ ਪੈਦਾ ਸੀ । ਉਹ ਕਲਪਦਾ ਸੀ , ਖਿੱਝਦਾ ਸੀ , ਉਸਦੀ ਭਾਰੀ ਭਰਕਮ ਦੇਹੀ ਐਨੀ ਖੇਚਲ ਸਹਿਣ ਦੀ ਆਦੀ ਨਹੀਂ ਸੀ ਮੁੱਢ ਤੋਂ ।
… ਮੰਡੀ ਚੌਕ ਦੀ ਵਧੀ ਰੌਣਕ ਦੇਖਕੇ ਉਸਨੇ ਖਿੱਝ-ਗੁੱਸੇ ਦਾ ਹੱਲ ਫੱਟ ਲੱਭ ਲਿਆ । ਝੱਟ ਉਸ ਨੇ ਮੰਡੀ ਰਾਹ ਤੇ ਖ਼ਰੀਦੇ ਦਰਜਣ ਭਰ ਬੂਥਾਂ ਦੀ ਪੱਕੀ ਉਸਾਰੀ ਕਰ ਲੈਣ ਲਈ ਹਰੀ ਝੰਡੀ ਦੇ ਦਿੱਤੀ ਵੱਡੇ ਪੁੱਤਰ ਬੰਨੀ ਨੂੰ । ਬਨੀ ਨੇ ਵੀ ਕਿਸੇ ਤਰਾਂ ਦੀ ਢਿੱਲ-ਮੱਠ ਨਾ ਦਿਖਾਈ । ਬਾਰਾਂ ਵਿੱਚੋ ਛੇ ਬੂਥ ਉਹਨੇ ਦਿਨਾਂ ਅੰਦਰ ਹੀ ਖੜ੍ਹੇ ਕਰ ਲਏ । ਚਾਰ ਜਰਨੈਲੀ ਸੜਕ ਵਾਲੇ ਪਾਸੇ , ਦੋ ਸਬਜ਼ੀ ਮੰਡੀ ਲਾਗੇ । ਥੜੇ ਲਾਗੇ ਦਾ ਇੱਕ ਬੂਥ ਬਨੀ ਨੇ ਆਪਣੇ ਦਫਤਰ ਲਈ ਰੱਖ ਲਿਆ – ‘ ਅਗਰਵਾਲ ਪ੍ਰਾਪਰਟੀ ਡੀਲਰਜ਼ * ਲਈ , ਦੂਜਾ ਪਿਤਾ ਸ੍ਰੀ ਦੇ ਬੈਠਣ-ਉੱਠਣ ਲਈ , ਲੇਟਣ-ਸੌਣ ਲਈ ਸਜਾ ਸੁਆਰ ਦਿੱਤਾ । ਰਾਮ ਗੋਪਾਲ ਨੂੰ ਮਿਲਿਆ ਬੂਥ , ਬੂਥ ਨਾਲੋਂ ਆਰਾਮ ਕਮਰਾ ਵੱਧ ਸੀ । ਇੱਕ ਕੰਧ ਨਾਲ , ਗੱਦੇਦਾਰ ਤਖਤਪੋਸ਼ ਦੋ ਕੁਰਸੀਆ ਇੱਕ ਮੇਜ਼ ਸਾਹਮਣੇ ਸੋਫਾ-ਸੈੱਟ । ਵਿਚਕਾਰ ਛੋਟੇ ਦਾਅ ਲਟਕਦੇ ਲਿਸ਼-ਲਿਸ਼ ਕਰਦੇ ਪਰਦੇ ਪਿੱਛੇ ਇੱਕ ਸੇਫ , ਇੱਕ ਤਿਜੋਰੀ । ਬੈਹੀ-ਖਾਤੇ, ਰੋਕੜ੍ਹ-ਚਿੱਲਰ ਰੱਖਣ-ਸਾਂਭਣ ਲਈ । ਪਿਛਲੀ ਕੰਧ ਦਾ ਇੱਕ ਕੋਣਾ ਅਜੇ ਖ਼ਾਲੀ ਰਹਿਣ ਦਿੱਤਾ ਸੀ ਬਨਵਾਰੀ ਨੇ । ਮੌਸਮ ਅਨੁਸਾਰ ਫਰਿੱਜ , ਹੀਟਰ , ਮਾਈ ਕਰੋਵੇਵ ਵਗੈਰਾ-ਵਗੈਰਾ ਰੱਖਣ-ਟਿਕਾਉਣ ਲਈ ।
ਸਬਜ਼ੀ ਮੰਡੀਉਂ ਵਿਹਲਾ ਹੋਏ ਰਾਮ ਗੋਪਾਲ ਨੂੰ ਹੁਣ ਵਾਪਿਸ ਸ਼ਹਿਰ ਪੁੱਜਣ ਦੀ ਕੋਈ ਕਾਹਲ ਨਾ ਹੁੰਦੀ । ਰੋਟੀ-ਪਾਣੀ ,ਚਾਹ-ਪਾਣੀ , ਨੌਕਰ ਮੁੰਡਾ ਆਪ ਜਾ ਕੇ ਲੈ ਆਉਦਾ ਘਰੋਂ ਜਾਂ ਮੋਹਣੀ ਛੱਡ ਜਾਂਦਾ , ਛੋਟਾ ਮਨਮੋਹਣ ।
ਬਹੁਤਾ ਕਰਕੇ ਵਿਹਲ ਹੀ ਹੁੰਦੀ ਸੀ ਮੋਹਣੀ ਪਾਸ । ਸਿਰਫ਼ ਤੇ ਮਹੀਨੇ ਹੁੰਦੀ ਸੀ ਬਾਰਾਂ ਚੋਂ ਪੂਰੀ ਨੱਠ-ਭੱਜ ਅਨਾਜ਼-ਮੰਡੀ । ਕਣਕ-ਝੋਨੇ ਦੀ ਆਮਦ ਵੇਲੇ । ਇਹ ਦੋ ਮਹੀਨੇ ਰਾਤ-ਦਿਨ ਇੱਕ ਬਰਾਬਰ ਹੁੰਦੇ ਸੀ ਉਸ ਲਈ । ਸਵੇਰੇ ਦਿਨ ਚੜਦੇ ਤੋਂ ਲੈ ਕੇ ਦੇਰ ਰਾਤ ਤਿੰਨ ਸਾਢੇ-ਤਿੰਨ ਵਜੇ ਤੱਕ ਚੱਲ ਸੋ ਚੱਲ । ਆਈਆਂ ਢੇਰੀਆਂ ਦੀ ਸਫਾਈ-ਤੁਲਾਈ-ਭਰਾਈ-ਚੁਕਾਈ । ਬਾਕੀ ਦੇ ਦਸ ਮਹੀਨੇ ਪੂਰਾ ਆਰਾਮ ਪੂਰੀ ਐਸ਼ । ਜਾਂ ਵਿੱਚ-ਵਿਚਾਲੇ ਕਿਸਾਨਾਂ ਦੇ ਘਰੀਂ ਖੇਤੀਂ ਫੇਰਾ ਤੋਰਾ । ਖੜੀ ਫ਼ਸਲ-ਬਾੜੀ ਜਾਚਣ-ਪਰਖ਼ਣ ਲਈ । ਅੱਵਲ ਤਾਂ ਉਸਨੇ ਅੰਗੇ ਦਾਣਿਆਂ ਦੇ ਮੁੱਲ ਤੋਂ ਵੱਧ ਰੋਕੜ ਦਿੱਤੀ ਹੀ ਨਹੀਂ ਸੀ ਕਦੀ ਕਿਸੇ ਨੂੰ ਅਗਾਊਂ । ਜੇ ਕੋਈ ਵਾਹਲਾ ਈ ਲੋੜਕੂ , ਬਹੁਤਾ ਹੀ ਤਰਲੇ ਮਿੰਨਤਾਂ ਤੇ ਉਤਰ ਆਉਦਾਂ ਤਾਂ ਮੋਹਣੀ ਅਗਲੇ ਨੂੰ ਸਾਫ਼ ਸਾਫ਼ ਦੱਸ ਦਿਆ ਕਰਦਾ ਸੀ ਪਹਿਲੋਂ - “ ਪਈ ਫ਼ਲਾਨਾ ਸਿਆਂ , ਹੁਣ ਪੰਮੇਂ ਸਨਿਆਰੇ ਤੋਂ ਲੈ ਕੇ ਦੇਣੇ ਪੈਣੇ ਆ ਪੈਹੇ , ਉਦ੍ਹਾ ਰੁਪੱਈਆ ਸੈਕੜਾ ਨਾਲ ਜੁੜਨਾ ਹੋਰ ।
ਮੇਰੇ ਕੋਲ ਤਾਂ ਜਿੰਨੀ ਕੁ ਗੁਜੈਸ਼ ਹੈਗੀ ਸੀ , ਓਨੀ ਕੁ ਰਕਮ ਤਾਂ ਤੇਰੀ ਅਲਾਂ ਪਹਿਲੋ਼ ਈ ਗਈਓ ਆ । ਅੱਗੇ ਤੂੰ ਆਪਣਾ ਪੜਿਆ ਵਿਚਾਰ । ”
ਪੜਿਆ-ਪੁੜਿਆ ਤਾਂ ਕੀ ਵਿਚਾਰਨਾ ਹੁੰਦਾ ਸੀ ਕਿਸੇ ਨੇ , ਮੋਹਣੀ ਵੱਲੋਂ ਹੋਈ ਹਾਂ ਸੁਣ ਕੇ ਤਾਂ ਅਗਲਾ ਜਾਣੋਂ ਜਿਉਂਦਿਆਂ *ਚ ਦਾਖ਼ਲ ਹੋ ਜਾਦਾ ਸੀ । ਜਾਨ *ਚ ਜਾਨ ਆ ਜਾਂਦੀ ਸੀ ਉਹਦੇ । ਮੋਹਣੀ ਜਿੱਥੇ ਕਹਿੰਦਾ ਉਹ ਗੂਠਾ ਲਾ ਕੇ ਰੁਕਿਆ ਕੰਮ ਤੁਰਦਾ ਕਰ ਲੈਦਾ । ਕੋਈ ਵਿਆਹ-ਸ਼ਾਦੀ ,ਮਰਨੇ-ਪਰਨੇ , ਕੰਧ-ਕੋਠੇ ਜਾਂ ਕਿਸੇ ਚੀਜ਼-ਵਸਤ ਲਈ , ਜਾਂ ਖੇਤੀ-ਸੰਦਾਂ ਦੀ ਟੁੱਟੀ ਕਿਸ਼ਤ ਤੁਰਦੀ ਹੋ ਜਾਂਦੀ ਸੀ ਉਸਦੀ ।
ਮੋਹਣੀ ਦੇ ਇਸ ਡੁਢੇ-ਵਿਆਜ ਦੀ ਚੁੰਗਲ ਚੋਂ ਉਸਦੀ ਆੜਤ-ਹੱਟੀ ਤੇ ਆਉਣ ਵਾਲਾ ਕੋਈ ਵੀ ਕਾਮਾਂ ਕਿਸਾਨ ਨਹੀਂ ਸੀ ਬਚਿਆ । ਉਂਝ ਪਤਾ ਹਰ ਇੱਕ ਨੂੰ ਹੁੰਦਾ ਸੀ ਕਿ ਪੰਮਾ ਸੁਨਿਆਰਾ ਤਾਂ ਐਮੇਂ ਠੀਹਾ ਹੀ ਬਣਦਾ , ਪੈਸਾ-ਧੇਲਾ ਤਾਂ ਸਾਰਾ ਅੰਦਰੋਂ ਹੀ ਕੱਢਦਾ ਸੀ ਮੋਹਣੀ , ਪਿਤਾ-ਪੁਰਖ਼ੀ ਤਿਜੌਰੀ ਵਿੱਚੋਂ ।
ਰਾਮ ਗੋਪਾਲ ਨੇ ਮੋਹਣੀ ਨੂੰ ਇਸ ਕੰਮੋਂ ਰੋਕਿਆ ਵੀ ਕਈ ਵਾਰ । ਸਮਝਾਇਆ-ਬੁਝਾਇਆ ਵੀ ਕਿ ਰਾਹ ਰਾਹ ਦਾ ਵਿਆਜ-ਵਿਹਾਰ ਖ਼ਰਾ ਲੱਗਦਾ । ਐਮੇਂ ਨਾ ਠੱਗੀ-ਠੋਰੀ ਮਾਰੀ ਜਾਈਆ ਕਰ ਹਰ ਇੱਕ ਨਾਲ । ਏ ਗੱਲ ਆ ਪਈ , ਬੳਤੀ ਨੂੰ ਮੂੰਹ ਮਾਰਦਾ ਕਿਤੇ ਥੋੜੀਓ ਵੀ ਨਾ ਜਾਂ ਦਾ ਲੱਗੀਂ । ਪਰ ਮੋਹਣੀ ਨੂੰ ਪਿਆ ਚੱਸਕਾ , ਹੱਡੀ ਚਰੂੰਡਣ ਨਾਲੋਂ ਵੀ ਉੱਪਰ ਸੀ । ਉਹ ਮੁੜਿਆ ਨਾ ਇਸ ਕੰਮੋਂ । ਰਾਮ ਗੋਪਾਲ ਨੂੰ ਉਲ੍ਹਾਮੇ ਆਉਣ ਲੱਗੇ । ਉਸਨੇ ਮੋਹਣੀ ਨੂੰ ਦਬਕ ਛੱਡਿਆ - “ ਅਤਿ ਕਿ ਚੁੱਕੀਓ ਆ ਤੂੰ । ਕਿਉਂ ਮੇਰੀ ਕੀਤੀ ਕਰਾਈ ਤੇ ਖੇਹ ਪਾਉਣ ਲੱਗਾ । ਏ ਗੱਲ ਆ ਪਈ , ਵਣਜ-ਵਪਾਰ ਦੇ ਵੀ ਕੋਈ ਅਸੂਲ ਹੁੰਦੇ ਆ । ਤੁਆਨੂੰ ਛੋਕਰ-ਵਾਧੇ ਨੂੰ ਅੱਗੇ ਦੀਂਹਦਾ ਕੱਖ ਨਈਂ ਪੈਹੇ ਤੋਂ ਬਿਨ੍ਹਾਂ । ਪਤਾ ਨਈਂ ਕੇੜ੍ਹਾ ਬੇ-ਜ਼ਮੀਰਾ ਗੁਰੂ ਟੱਕਰਿਆ ਆ ਤੁਆਨੂੰ ਨਮੀਂ ਪੌਂਦ ਨੂੰ । ”
ਮੋਹਣੀ ਨੂੰ ਪਿਉ ਦੀ ਆਖੀ ਗੱਲ ਸੂਲ ਵਾਂਗੂ ਚੁੱਭ ਗਈ । ਉਹਨੇ ਅਗਲੇ ਹੀ ਭਲਕ ਟਿੰਡ-ਫੌਡੀ ਚੁੱਕੀ ਬਾਹਰਲੀ ਕੋਠੀ ਜਾ ਟਿਕਿਆ , ਕਿ੍ਸ਼ਨ ਨਗਰ ।
ਸ਼ਹਿਰ ਵਾਲੇ ਘਰ ਵਿਚਲੀ ਤਿਜੋਰੀ ਦੇ ਸਾਰੇ ਰੱਖਨੇ ਹੁਣ ਬਨਵਾਰੀ ਕੋਲ ਸਨ । ਉਸਦੇ ਪ੍ਰਾਪਟਰੀ ਧੰਦੇ ਦੇ ਕਾਗਜ਼-ਪੱਤਰ, ਨੋਟ-ਪਨੋਟ ਸਾਂਭਣ-ਰੱਖਣ ਲਈ ।
ਬਨਵਾਰੀ ਦੇ ਪ੍ਰਾਪਰਟੀ ਦਫ਼ਤਰ ਵਰਗੇ ਹੋਰ ਕਈ ਅੱਡੇ ਖੁੱਲ ਗਏ ਸਨ , ਮੰਡੀ ਰੋਡ ਤੇ । ਉਸਦੇ ਖੱਬੇ ਸੱਜੇ । ਕਈ ਸਾਰੀਆ ਦੁਕਾਨਾਂ ਉੱਸਰ ਗਈਆਂ ਸਨ ਦੇਖਾ-ਦੇਖੀ । ਕਿਸੇ ਨੇ ਆਪਣੇ ਕਾਰ-ਕਿੱਤੇ ਲਈ ਰੱਖ ਲਈ ਸੀ ,ਕਿਸੇ ਨੇ ਕਿਰਾਏ ਤੇ ਚਾੜ ਦਿੱਤੀ ਸੀ । ਤਿਕੌਣੇ ਚੌਕ ਤੋਂ ਲੈ ਕੇ ਮੰਡੀ ਥੜੇ ਤੱਕ ਟੋਕਵਾਂ ਜਿਹਾ ਬਾਜ਼ਾਰ ਦਿੱਸਣ ਲੱਗ ਪਿਆ ਸੀ , ਸਾਲ ਦੋ ਸਾਲਾਂ ਅੰਦਰ । ਛੋਟੀ ਮੋਟੀ ਸ਼ੈਅ ਵਸਤ ਵੀ ਮਿਲਣ ਲੱਗ ਪਿਆ ਸੀ , ਨਿੱਤ ਵਰਤੋਂ *ਚ ਆਉਣ ਵਾਲੀ ਮੰਡੀ ਬਾਜ਼ਾਰੋਂ । ਵੱਡੀ ਸੜਕ ਵਾਲੇ ਪਾਸੇ ਦੇ ਚਾਰੇ ਬੂਥਾਂ *ਚ ਠੇਕਾ ਸੀ ਬਨਵਾਰੀ ਲਾਲ ਦਾ ਆਪਣਾ । ਦੇਸੀ-ਅੰਗਰੇਜ਼ੀ ਦਾਰੂ ਸ਼ੀਸ਼ੀਆਂ ਇੱਕ *ਚ , ਸਾਹਮਣੇ ਜੁੜਵੇਂ ਦੋਨਾਂ *ਚ ਖੁੱਲ੍ਹਾ ਮਨਜੂਰ ਸ਼ੁਦਾ ਇਹਾਤਾ । ਬਾਕੀ ਦੇ ਛੇਅ ਉਹਨੇ ਅਗਾਂਹ ਤੌਰ ਦਿੱਤੇ ਸਨ , ਚੰਗੀ ਮੋਟੀ ਰਕਮ ਵੱਟ ਕੇ ਸੁੱਗੀ-ਪੁੱਕੀ । ਬਿਨਾਂ ਉਸਾਰੀ ਕੀਤਿਆਂ । ਬੱਸ ਮਾੜੀ ਪਤਲੀ ਨਿਸ਼ਾਨ ਦੇਹੀ ਹੀ ਕਰਨੀ ਪਈ ਸੀ ਨੰਬਰ ਲੱਭਣ ਲਈ । ਬਾਰਾਂ ਪੰਦਰਾਂ ਹਜ਼ਾਰ *ਚ ਪਿਆ ਇਕੱਲਾ ਇਕੱਲਾ ਬੂਥ ਲੱਖਾਂ ਦੀ ਵਟਕ ਕੁਰਵਾ ਗਿਆ । ਉਹੀ ਪੈਸੇ ਉਸਨੇ ਅਗਾਂਹ ਹੋਰ ਥਾਂ ਜਾ ਲਾਏ । ਮੰਡੀਆਂ ਨਾਲ ਜੁੜਵੇ ਛੇਆਂ ਸਾਢੇ-ਛੇਆਂ ਕਿੱਲਿਆ ਦਾ ਸੌਦਾ ਕਰ ਲਿਆ ।
ਬਨਵਾਰੀ ਦੀ ਕਾਰਬਾਰੀ ਚੜਤ ਦੇਖ ਕੇ ਰਾਮ ਗੋਪਾਲ ਖੁਸ਼ ਪ੍ਰਸੰਨ ਸੀ ਪੂਰਾ । ਉਸਦਾ ਖਿੱਝ-ਗੁੱਸਾ ਹੁਣ ਜਿਵੇਂ ਜੜੋਂ ਚੁੱਕ ਹੋ ਗਿਆ ਸੀ । ਹੁਣ ਨਾ ਉਹਨੂੰ ਆਪਣੀ ਪ੍ਰਧਾਨਗੀ ਵਾਲੀ ਵਿਉਪਾਰ ਮੰਡਲੀ ਬੁਰੀ ਲੱਗਦੀ ਸੀ , ਨਾ ਬੀਬੀ ਮੰਤਰੀ । ਬੀਬੀ ਮੰਤਰੀ ਤਾਂ ਸਗੋਂ ਉਸਨੂੰ ਦੂਰ-ਦਰਸ਼ੀ ਨੇਤਾ ਜਾਪਣ ਲੱਗ ਪਈ । ਸਮੇਂ ਤੋਂ ਕਿੰਨਾਂ ਸਾਰਾ ਅਗਾਂਹ ਹੋ ਕੇ ਸੋਚਣ-ਤੁਰਨ ਵਾਲੀ ਰਹਿਨੁਮਾ । ਪਰ ਅਜੇ ਵੀ ਉਸਨੂੰ ਇਸ ਗੱਲ ਦੀ ਸਮਝ ਨਹੀਂ ਸੀ ਪੈਦੀ ਕਿ ਬੀਬੀ ਸਮੇਤ ਉਸਦੇ ਜੱਟ-ਜਿਮੀਂਦਾਰ ਧੀ-ਜੁਆਈ ਖੇਤਾਂ-ਪੈਲੀਆਂ ਤੋਂ ਏਨੇ ਉਪਰਾਮ , ਏਨੇ ਨਿਰਮੋਹੇ ਕਿਉ ਹੋਏ ਪਏ ਸਨ । ਇਹ ਖੇਤ-ਮੁਰੱਬੇ ਹੀ ਤਾਂ ਹੁਣ ਤੱਕ ਉਹਨਾਂ ਦੀ ਪੱਕੀ-ਠੱਕੀ ਪਛਾਣ ਬਣਦੇ ਰਹੇ ਹਨ ।ਇਹਨਾਂ *ਚਉੱਗਦੇ ਰੁੱਖ-ਬੂਟੇ ਅੰਨ-ਅਨਾਜ ਹੀ ਤਾਂ ਧੁਰਾ ਬਣਦਾ ਰਿਹਾ ਸੀ ਉੱਨਤੀ-ਤਰੱਕੀ ਦਾ , ਵਣਜ-ਵਪਾਰ ਦਾ । ਇਹਨਾਂ ਚੋਂ ਹੀ ਪਸ਼ੂ-ਪਰਾਣੀ ਸਮੇਤ ਸਾਹ ਲੈਦੇ ਹਨ ਜੀਵ-ਜੰਤੂ ਦੀ ਭੁੱਖ ਪਿਆਸ ਮਿਟਦੀ ਆਈ ਸੀ , ਆਦਿ ਸਮੇਂ ਤੋਂ ਲੈ ਕੇ ਅੱਜ ਤੱਕ । ਧਰਤੀ ਨੂੰ ਧਰਤੀ ਮਾਂ ਤੇ ਰੁਤਬੇ *ਚ ਬਦਲਣ ਵਾਲਾ ਉਹੀ ਵਾਹੀਕਾਰ ਰਤਾ ਜਿੰਨੀ ਵੀ ਜੇ-ਜੱਕ ਕਿਉਂ ਨਹੀਂ ਸੀ ਕਰਦਾ ਇਸਦਾ ਮੁੱਲ ਵੱਟਣ ਲੱਗਾ , ਇਸ ਨੂੰ ਪਰਾਏ ਹੱਥੀ ਤੋਰਨ ਲੱਗਾ ?
ਆਪਣੇ ਅੰਦਰ ਦੀ ਇਸ ਗੰਢ ਨੂੰ ਖੁੱਲ੍ਹਦਾ ਕਰਨ ਲਈ ਇੱਕ ਸ਼ਾਮੀ ਰਾਮ ਗੋਪਾਲ ਜਾ ਪੁੱਜਾ ਸੀ ਬੀਬੀ ਮੰਤਰੀ ਦੀ ਕੋਠੀ । ਬੀਬੀ ਜੀ ਆਏ ਹੀ ਸਨ ਅਜੇ ਰਾਜਧਾਨੀਓਂ , ਆਉਂਦਿਆਂ ਹੀ ਉਹ ਦਫ਼ਤਰ ਬੈਠ ਗਏ । ਚਾਹ ਪਾਣੀ ਪੀ ਕੇ ਦਰਬਾਰ ਲਾ ਲਿਆ । ਬੈਠਕ ਪਹਿਲੋਂ ਹੀ ਭਰੀ ਪਈ ਸੀ ਪੰਚਾਂ-ਸਰਪੰਚਾਂ ,ਫਰਿਆਦੀਆਂ-ਸਫਾਰਸ਼ੀਆਂ ਨਾਲ । ਉਹਨਾਂ ਇਕੱਲੇ-ਇਕੱਲੇ ਸੱਭ ਦੀ ਸੁਣੀ । ਬੇਨਤੀਆ-ਅਰਜ਼ੀਆ ਲਈਆਂ , ਪੀ ਏ ਨੂੰ ਫੜਾ ਦਿੱਤੀਆ । ਪੀ ਏ ਨੇ ਅਗਾਹ ਮੇਜ਼ ਦੇ ਵੱਡੇ ਦਰਾਜ਼ ਵਿੱਚ ਤੁੰਨ ਦਿੱਤੀਆਂ । ਰਾਮ ਗੋਪਾਲ ਇੱਕ ਪਾਸੇ ਬੈਠਾ ਸਭ ਕੁੱਝ ਦੇਖਦਾ ਸੁਣਦਾ ਰਿਹਾ । ਉਹ ਹੈਰਾਨ ਸੀ ਕਿ ਮੰਤਰੀ ਬੀਬੀ ਨੇ ਐਨਾ ਸਾਰਾ ਕੰਮ ਕਿੰਨੇ ਮਸ਼ੀਨੀ ਢੰਗ ਨਾਲ ਨਿਪਟਾਇਆ ਸੀ । ਮਸ਼ੀਨੀ ਢੰਗ ਨਾਲ ਹੀ ਉਸਨੇ ਧੀ ਜੁਆਈ ਦੇ ਮਾਂ ਪਿਓ ਨੂੰ ਤੁਰਦਾ ਕਰ ਦਿੱਤਾ । ਬਿਰਧ ਜੋੜਾ ਇੱਕ ਦੂਜੇ ਨੂੰ ਆਸਰਾ ਦੇਈ ਮਸਾਂ ਪੁੱਜਾ ਸੀ ਕੋਠੀ । ਆਉਦੇਂ ਹੀ ਉਹ ਜਿਵੇਂ ਵਰ੍ਹ ਹੀ ਪਏ ਸਨ ਬੀਬੀ ਜੀ ਤੇ - “ ਪਤਾ ਨਈਂ ਕੀ ਧੂੜ ਦਿੱਤਾ ਤੁਸੀਂ ਮਾਮਾਂ-ਧੀਆ ਨੇ ਮੁੰਡੇ ਮੇਰੇ ਦੇ ਸਿਰ *ਚ , ਰਤੀ ਭਰ ਵੀ ਕਿਧਰੇ ਨਈਂ ਬਹਿੰਦਾ ਟਿਕ ਕੇ । ”ਇਹ ਜਸਕਰਨ ਦੀ ਮਾਂ ਦਾ ਗਿਲਾ ਸੀ । “ ਲੋਕੀਂ ਵੀਹ ਵੇਚ ਦੇ ਪੰਜਾਹ ਬਣਾਉਦੇਂ ਆਂ , ਏਹ ਪੇਅ ਦਾ ਪੁੱਤ ਕਿਧਰੇ ਸਿਆੜ ਤੱਕ ਦਾ ਵੀ ਰਵਾਦਾਰ ਨਈਂ ਬਣਿਆ । ਮਣਾਂ-ਮੂੰਹੀਂ ਨੋਟ ਭੰਗ ਦੇ ਭਾੜੇ ਉਜਾੜ ਦਿੱਤੇ । ” ਪਿਓ ਮਹਿੰਗਾ ਸਿੰਘ ਨੂੰ ਖੁੱਸ ਚੁੱਕੇ ਮੁਰੱਬੇ ਦਾ ਵੱਡਾ ਹਿਰਖ ਸੀ - “ ਚੱਲ ਜੇ ਛੇੜ ਈ ਲਏ ਸਨ ਹੋਰ ਧੰਦੇ ਤਾਂ ਬੰਦਾ ਟਿਕ ਕੇ ਤਾਂ ਬੈਠਦਾ ਸਿਰ ਤੇ । ਆਪੂ ਰੱਖਦਾ ਪੋਰਖ । ਭਈਆ ਭੂਈਆ ਨੂੰ ਸੁਆਹ ਪਤਾ ਪਸ਼ੂ ਡੰਗਰ ਕਿੱਦਾਂ ਸਾਭੀਦੇ ਆ । ” ਉੱਖੜਿਆ ਸਾਹ ਟਿਕਾਣੇ ਕਰਦੀ ਮਾਈ ਬਚਨ ਕੌਰ ਫਿਰ ਬੋਲੀ ਸੀ - “ ਆਪੂ ਤਾਂ ਪਿਓ ਆਲੀ ਸਾਬਣ-ਦਾਨੀਂ ਜੇਈ ਚੋਂ ਪੈਰ ਨਈਂ ਹੇਠਾਂ ਲਾਹੁਣਾ । ਸੈਲਾ ਕਰਨੀਆ ਦਿੱਲੀ-ਦੱਖਣ ਦੀਆਂ ਬੇਮਤਲਬੀਆਂ । ਐ ਅਗਲੇ ਪਾਂਉਦੇ ਕੁਸ਼ ਹੱਥ-ਪੱਲੇ । ” ਮੁਰਗੀ-ਫਾਰਮ, ਡੇਅਰੀ-ਫਾਰਮ *ਚ ਪਏ ਘਾਟੇ ਦੀ ਸਾਰੀ ਜੁੰਮੇਵਾਰੀ ਜਸਕਰਨ ਸਿਰ ਸੁੱਟਦੇ ਬਾਪੂ ਮਹਿੰਗਾ ਸਿੰਘ ਨੇ ਹੇਠਾਂ ਵੱਲ ਸਰਕ ਆਈ ਐਨਕ ਮੁੜ ਨੱਕ ਤੇ ਟਿਕਦੀ ਕੀਤੀ ਸੀ ।
ਰਾਮ ਗੋਪਾਲ ਨੂੰ ਇਸ ਵਾਰ ਉਹ ਅਵੱਲੀ ਤਰਾਂ ਦੀ ਪੀੜ ਨਾਲ ਪਰੁੱਚ ਹੋਏ ਜਾਪੇ ਸਨ ਦੋਵੇਂ । ਹਫ਼ੀ-ਖਫ਼ੀ ਬਚਨ ਕੌਰ ਫਿਰ ਤੜਪੀ ਸੀ –
“ ਮੁਰੁੱਬਾ ਤਾਂ ਚਲੋ ਮੈਰਾ ਸੀ । ਪਾਣੀ ਲੱਗ ਵੀ ਹੈਨੀ ਸੀ ਸਾਰਾ , ਪਰ ਹੁਣ ਕੀਂ ਮਾਰ ਵਗ ਗਈ ਆ ਉਨੂੰ । ਬਾਕੀ ਬਚਦੇ ਸਿਆੜ ਵੀ ਬੋਲੀ ਦੇ ਲਾ ਤੇ ਆ ਸਾਰੇ । ਅਸੀਂ ਦੋਨੋਂ ਪਿੱਟੀ ਜਾਨੇ ਆ , ਉਨਾਂ ਨੂੰ ਰਤੀ ਭਰ ਦੀ ਵੀ ਸ਼ਰਮ-ਹਯਾ ਨਈ ਹੈਗੀ , ਨਾ ਰੰਨ ਨੂੰ , ਨਾ ਖਸਮ ਨੂੰ । ਹੈਅ ਮੇਰਿਆ ਮਾਲਕਾ ਆਹ ਦਿਨ ਦੇਖਣ ਤੋਂ ਪਹਿਲਾਂ ਅਸੀਂ ਮਰ ਕਿਉ ਨਾ ਗਏ ਦੋਨੇ ਜੀਅ । ” ਰੋਣ ਹਾਕੀ ਹੋਈ ਬਚਨ ਕੌਰ ਇਸ ਵਾਰ ਹਟਕੇਰੇ ਭਰਨ ਲੱਗ ਪਈ ਸੀ , ਉਚੀ ਉਚੀ ।
ਮੰਤਰੀ ਬੀਬੀ ਨੇ ਉਹਨਾਂ ਦੀ ਕਿਹੜੀ ਗੱਲ ਕਿੰਨੀ ਸੁਣੀ , ਇਸ ਵੱਲ ਤਾਂ ਰਾਮ ਗੋਪਾਲ ਦਾ ਧਿਆਨ ਹੀ ਨਹੀਂ ਸੀ ਗਿਆ । ਉਹ ਤਾ ਉਸਦੇ ਧੀ ਜੁਆਈ ਦੇ ਮਾਂ ਪਿਉ ਦੇ ਦੁੱਖ-ਦਰਦ ਅੰਦਰ ਆਪ ਜਿਵੇਂ ਨੱਕੋ-ਨੱਕ ਡੁੱਬ ਗਿਆ ਸੀ । ਉਸ ਦਾ ਵਣਜੀ-ਵਿਉਪਾਰੀ ਸਿਰ ਉਸਦੀ ਧੜ ਨਾਲੋਂ ਵੱਖ ਹੋ ਕੇ ਜਿਵੇਂ ਦੂਰ ਜਾ ਡਿੱਗਾ ਹੋਵੇ । ਹੁਣ ਉਹ ਸੀ , ਉਸ ਤੋਂ ਥੋੜਾ ਹਟਵੇਂ ਬੈਠੇ , ਉਸ ਨਾਲ ਮਿਲਦੇ-ਵਰਤਦੇ ਰਹੇ , ਮਹਿੰਗਾ ਸਿੰਘ-ਬਚਨ ਕੌਰ ਸਨ ਜਾਂ ਉਹਨਾਂ ਵਿਚਕਾਰਲੀ ਵਿੱਥ । ਉਹਨਾਂ ਦੋਨਾਂ ਨੂੰ ਚਿਰਾ ਤੋਂ ਜਾਣਦਾ ਸੀ ਰਾਮ ਗੋਪਾਲ । ਉਹਨਾਂ ਦੀ ਸਾਰੀ ਫ਼ਸਲ-ਬਾੜੀ ਉਸਦੀਆਂ ਆੜਤ-ਮੰਡੀਆ ਤੇ ਹੀ ਆਉਦੀਂ ਸੀ । ਉਹ ਧੇਲੇ ਭਰ ਦੇ ਵੀ ਕਦੀ ਉਸਦੇ ਦੇਣ ਦਾਰ ਨਹੀਂ ਬਣੇ । ਜਿੰਨਾਂ ਕੁ ਪੱਲੇ ਹੰਦਾ ਸੀ ਓਨੇ ਕੁ ਪੈਰ ਪਸਾਰਦੇ । ਉਹਨਾਂ ਕਦੀ ਫਾਲਤੂ ਦਾ ਦਿੱਖ-ਦਿਖਾਵਾ ਨਹੀ ਸੀ ਕੀਤਾ , ਨਾ ਕਦੀ ਜਈਂ-ਜਈਂ ਕੀਤੀ ਸੀ ਕਿਸੇ ਅੱਗੇ । ਪਰ ਹੁਣ ਖੇਤਾਂ-ਪੈਲੀਆਂ ਤੋਂ ਹੱਥਲ ਕੀਤੇ , ਉਹ ਦੋਵੇ ਖੇਤਾਂ-ਪੈਲੀਆਂ ਲਈ ਤਰਲੇ ਲੈਦੇ , ਉਸ ਤੋਂ ਦੇਖੇ ਸਹਾਰੇ ਨਹੀਂ ਸੀ ਗਏ ।
ਆਇਆ ਉਹ ਕਿਸ ਕੰਮ ਸੀ , ਅੱਗੋਂ ਕੁੱਝ ਹੋਰ ਹੀ ਦੇਖਣਾ-ਸੁਣਨਾ ਪਿਆ ਸੀ ਰਾਮ ਗੋਪਾਲ ਨੂੰ । ਉਸਦੇ ਕਿਆਸ ਤੋਂ ਕਿਤੇ ਭੈੜਾ । ਬਹੁਤਾ ਹੀ ਨੀਵੇਂ ਪੱਧਰ ਦਾ । ਉਸਦੀ ਬਰਦਾਸ਼ਤ ਦੀ ਹੱਦ ਤੋ ਬਿਲਕੁਲ ਬਾਹਰ ।
ਪਿਛਲੇ ਦਰਵਾਜਿਓਂ ਅਛੋਪਲੇ ਜਿਹੇ ਬਾਹਰ ਚਲੇ ਜਾਣ ਲਈ ਆਪਣੀ ਥਾਂ ਤੋਂ ਉੱਠਣ ਹੀ ਲੱਗਾ ਸੀ ਕਿ ਮੰਤਰੀ ਬੀਬੀ ਦੇ ਪੋਚਵੇਂ ਜਿਹੇ ਬੋਲ ਉਸਦੇ ਕੰਨੀ ਪਏ - “ ਤੁਸੀ ਘਾਬਰੋ ਨਾ ਭੈਣ ਜੀ , ਸਭ ਠੀਕ ਹੋ ਜਾਊ । ਤੁਹਾਨੂੰ ਪਤਾ ਪਈ ਮੰਡੀਆਂ ਓਧਰ ਜਾਣ ਨਾਲ ਸਾਰਾ ਸ਼ਹਿਰ ਈ ਜਾਣੋਂ ਉਧਰ ਨੂੰ ਉਲਰ ਪਿਆ ਤੁਆਡੀ ਅੱਲਾਂ ਨੂੰ । ਕਲੋਨੀਆਂ ਦੂਰ ਤੱਕ ਕਟੀਆਂ ਗਈਆਂ । ਕੋਠੀਆਂ-ਘਰ ਧੜਾ ਧੜ ਬਣੀ ਜਾਦੇਂ ਆ । ਹੁਣ ਹਰ ਕੋਈ ਚਾਹੁੰਦਾ ਪਈ ਬਾਜ਼ਾਰ ਵੀ ਨੇੜੇ ਈ ਬਣ ਜਏ । ” ਸ਼ੁਰੂ ਕੀਤੀ ਗੱਲ ਦਾ ਪ੍ਰਭਾਵ ਜਾਨਣ ਲਈ ਉਸਨੇ ਬਚਨ ਕੌਰ ਨੂੰ ਥੋੜਾ ਕੁ ਨੀਝ ਨਾਲ ਦੇਖਿਆ । ਬਚਨ ਕੌਰ ਨੂੰ ਉਸ ਦੀ ਕਿਸੇ ਗੱਲ ਦੀ ਸਮਝ ਨਹੀਂ ਸੀ ਆਈ । ਬੀਬੀ ਮੰਤਰੀ ਫਿਰ ਉਸ ਦੇ ਪਤੀ ਮਹਿੰਗਾ ਸਿੰਘ ਨੂੰ ਮੁਖਾਤਿਬ ਸੀ -“ ਤੁਸੀ ਹੌਸਲਾ ਰੱਖੋ ਭਾਅ ਜੀ ,ਤੁਆਡੀ ਏਸ ਥਾਂ ਤੇ ਇੱਕ ਵੱਡੀ ਕੰਪਨੀ ਨੇ ਇੱਕ ਵੱਡਾ ਸਟੋਰ ਖੋਲਣਾਂ । ਮਾਅਲ ਕਹਿੰਦੇ ਆ ਜਿੰਨੂ । ਬਨਵਾਰੀ ਹੋਰਾਂ ਨਾਲ ਰਲ਼ ਕੇ । ਖਾਣ-ਪੀਣ,ਪਹਿਨਣ-ਪਰਚਣ ਤੋਂ ਲੈ ਕੇ ਮੋਟਰਾਂ-ਗੱਡੀਆਂ ਤੱਕ ਦੀ ਹਸ ਸ਼ੈਅ ਇੱਥੋਂ ਮਿਲਿਆ ਕਰੂ ਇੱਕੋਂ ਛੱਤ ਹੇਠੋਂ । ਹੋਰ ਤਾਂ ਹੋਰ ਚੋਣਵੀਂ-ਚੁਗਵੀਂ ਸਬਜ਼ੀ ,ਫਲ-ਫਰੂਟ ਵੀ ਪਹਿਲਾਂ ਇੱਥੇ ਪੁੱਜਿਆ ਕਰਨੇ ਤੁਆਡੇ ਲਾਗੇ ,ਬਾਕੀ ਦਾ ਰਹਿੰਦ-ਖੂੰਹਦ ਵਿਕਿਆ ਕਰੂ ਛੋਟੀਆਂ-ਮੋਟੀਆਂ ਦੁਕਾਨਾਂ ਤੇ । ”
ਮਹਿੰਗਾ ਸਿੰਘ ਦਾ ਰਹਿੰਦਾ ਬਚਦਾ ਸਾਹ ਵੀ ਸੂਤਿਆ ਗਿਆ । ਉਸਨੇ ਤਾਂ ਉਦਾਸ ਹੋਣਾ ਈ ਹੋਣਾ ਸੀ ਰਾਮ ਗੋਪਾਲ ਉਸਤੋਂ ਵੀ ਵੱਧ ਉਦਾਸ । ਉਹ ਦੋਹਰੀ-ਤੀਹਰੀ ਫਿ਼ਕਰਮੰਦੀ ਹੇਠ ਨੱਪ ਹੋ ਗਿਆ ਸੀ । ਮਹਿੰਗਾ ਸਿੰਘ-ਬਚਨ ਕੌਰ ਦੇ ਰਹਿੰਦੇ ਬਚਦੇ ਖੇਤ ਇਕੱਲੇ ਜਸਕਰਨ ਕਾਰਨ ਹੀ ਨਹੀਂ ਉਸਦੇ ਪੁੱਤਰ ਬਨਵਾਰੀ , ਪ੍ਰਾਪਰਟੀ ਡੀਲਰ ਬਨਵਾਰੀ ਲਾਲ ਅਗਰਵਾਲ ਕਾਰਨ ਵੀ ਖੁੱਸਦੇ ਹੋਣੇ ਸੀ । ਹੋਰ ਵੀ ਭੈੜੀ ਖ਼ਬਰ ਇਹ ਸੀ ਉਸ ਲਈ ਕਿ ਉਸਦੀ ਆੜਤ-ਮੰਡੀ ਤੇ ਆਉਣ ਵਾਲੀਆਂ ਸਬਜ਼ੀ ਵੀ ਕਾਣੀਂ-ਭੈਗੀਂ , ਰਹਿੰਦ-ਖੂੰਹਦ ਹੀ ਆਈਆ ਕਰਨੀ ਸੀ । ਅੱਗੇ ਛੋਟੀਆਂ ਦੁਕਾਨਾਂ , ਰੇੜੀਆਂ-ਫੜੀਆਂ ਤੇ ਵੇਚੇ ਜਾਣ ਲਈ । ਪਹਿਲਾਂ ਇਹ ਚੁਣ ਹੋ ਕੇ ੳਸਦੇ ਪੁੱਤਰ ਬਨਵਾਰੀ ਦੀ ਭਾਈਵਾਲੀ ਨਾਲ ਖੁੱਲਣ ਵਾਲੇ ਵੱਡੇ ਸਟੋਰ ਤੇ ਅੱਪੜਿਆ ਕਰਨੀ ਸੀ । ਇੱਕੇ ਛੱਤ ਵਾਲੇ ਵੱਡੇ ਸਟੋਰ ਤੇ ਜਿਸਨੂੰ ਮਾਅਲ ਕਿਹਾ ਸੀ ਬੀਬੀ ਮੰਤਰੀ ਨੇ ।
ਥੋੜਾ ਕੁ ਚਿਰ ਪਹਿਲਾਂ ਰਾਮ ਗੋਪਾਲ ਦਾ ਖੁਸ਼-ਪ੍ਰਸ਼ੰਨ ਦਿਸਦਾ ਚਿਹਰਾ ਇੱਕਦਮ ਜਿਵੇਂ ਸੂਤਿਆ ਗਿਆ । ਅਜੀਬ ਕਿਸਮ ਦੀ ਅੱਚੋਆਈ ਉਸਦੇ ਅੰਗਾਂ-ਪੈਰਾਂ ਤੇ ਪੱਸਰ ਗਈ । ਬੀਬੀ ਮੰਤਰੀ ਦੀ ਬੈਠਕ *ਚ ਪਿਛਾਂਹ ਕਰਕੇ ਬੈਠਾ ਉਹ ਅਛੋਪਲੇ ਜਿਹੇ ਬਾਹਰ ਨਿਕਲ ਆਇਆ ਪਿਛਲੇ ਦਰਵਾਜਿਉਂ । ਸ਼ਹਿਰ ਵੱਲ ਨੂੰ ਜਾਣ ਦੀ ਬਜਾਏ ਉਹ ਵੱਡੀ ਸੜਕ ਵੱਲ ਨੂੰ ਹੋ ਤੁਰਿਆ ।
ਰੇਲਵੇ ਫਾਟਕ ਬੰਦ ਸੀ । ਕਿਹੜੀ ਗੱਡੀ ਕਿਧਰੋਂ ਆਉਣੀਂ ਸੀ , ਇਸਦੇ ਵੱਲ ਵੀ ਉਸਨੇ ਧਿਆਨ ਨਾ ਦਿੱਤਾ । ਛੋਟਾ ਲਾਂਘਾ ਲੰਘ ਕੇ ਸਿੱਧਾ ਰੇਲ ਪਟੜੀ ਤੇ ਜਾ ਚੜਿਆ । ਝੱਟ ਹੀ ਆਸ-ਪਾਸ ਤੋਂ ਉਸਨੂੰ ਚੌਕਸ ਕਰਦੀਆਂ ਕਈ ਸਾਰੀਆਂ ਆਵਾਜਾਂ ਸੁਣਾਈ ਦਿੱਤੀਆਂ - “ ਸ਼ਾਹ ਜੀ … ਸ਼ਾਹ ਜੀ … ਗੱਡੀ … ਗੱਡੀ ! ” ਇਹ ਸਾਰੇ ਉਸ ਦੇ ਜਾਣਕਾਰ ਸਨ । “ ਮਰਨਾਂ ਈ ਆਂ ਤਾਂ ਹੋਰ ਕਿਧਰੇ ਜਾ ਕੇ ਮਰ , ਕਿਉਂ ਮੇਰਾ ਫਾਟਕ ਗੰਦਾ ਕਰਦਾਂ ਬੁੜਿਆ । ” ਇੱਕ ਮੁੰਡੂ ਜਿਹੇ ਗੇਟ ਮੈਨ ਨੇ ਜਿਵੇਂ ਆਪਣੇ ਢੰਗ ਦੀ ਗਾਲ ਕੱਢੀ ਹੋਵੇ । “ ਨਈਂ ਪਤਾ ਲੱਗਦਾ ਐਸ ਉਮਰੇ ਬੰਦੇ ਨੂੰ , ਸ਼ੁਕਰ ਕਰੋ ਬਚਾਅ ਹੋ ਗਿਆ । ” ਕਰੀਬ ਕਰੀਬ ਉਸਦੀ ਹੀ ਉਮਰ ਦੇ ਇੱਕ ਰਾਹਗੀਰ ਨੇ ਸ਼ਾਇਦ ਉਸਦੀ ਮਨੋਦਸ਼ਾ ਤਾੜ ਲਈ ਸੀ ।
ਸਾਹੋ ਸਾਹ ਹੋਇਆ ਰਾਮ ਗੋਪਾਲ ਫਾਟਕ ਲੰਘ ਕੇ ਵੀ ਰੁਕਿਆ ਨਾ । ਸਾਹਮਣੇ ਵੱਡੀ ਸੜਕ ਸੀ । ਉਹ ਵੀ ਉਸਨੇ ਧੁੱਸ ਦਿੱਤੀ ਪਾਰ ਕਰ ਲਈ । ਕਿਹੜੀ ਮੋਟਰ ਉਸਨੂੰ ਲੰਘਦਾ ਕਰਨ ਲਈ ਰੁਕੀ ਸੀ ਜਾ ਹੋਲੀ ਸੀ , ਇਹ ਵੀ ਉਸਨੇ ਨਹੀਂ ਦੇਖੀ । ਇਧਰ ਪਾਸੇ ਉਸਦਾ ਫਾਰਮ ਸੀ ਸ਼ਾਮੇ ਲਾਹੋਰੀਏ ਤੋਂ ਖਰੀਦਿਆ , ਵੀਹ ਕਿੱਲੇ ਦਾ ਚੋਰਸ ਟੱਕ । ਉਥੇ ਉਹ ਸਬਜੀ ਬੀਜਿਆ ਕਰਦਾ ਸੀ ਹਰ ਤਰਾਂ ਦੀ ਹਰ ਰੁੱਤ ਦੀ । ਸਭ ਤੋਂ ਸੁੱਥਰੀ ਸੋਹਣੀ ਵੰਨਗੀ ਉਸਦੇ ਫਾਰਮ ਦੀ ਹੁੰਦੀ । ਤਰਜਬੇਕਾਰ ਅਰਾਈਂ ਸਨ ਉਸਦੇ ਕਰਿੰਦੇ । ਸ਼ਹਿਰ ਦੀ ਆਸ-ਪਾਸ ਦੇ ਪਿੰਡਾਂ ਦੀ ਖ਼ਰੀਦਦਾਰੀ ਉਸਦੀ ਆੜ੍ਹਤ ਮੰਡੀਉਂ ਹੁੰਦੀ । ਹੁਣ … ਹੁਣ ਰਹਿੰਦ-ਖੂੰਹਦ ਤੋਰੀਆਂ-ਫਲੀਆਂ ਕਾਣੇ ਬੈਗਣ-ਟੀਂਡੇ ,ਬਚੇ-ਖੁਚੇ ਆਲੂ-ਪਿਆਜ਼ ਹੀ ਉਸਦੇ ਆੜਤ ਅੱਡੇ ਲਈ ਬਚਿਆ ਕਰਨੇ ਸਨ । ਬਾਕੀ ਦੀ ਚੋਣਵੀਂ-ਚੁਗਵੀਂ ਹਰ ਸ਼ੈਅ ਵੱਡੇ ਸਟੋਰ ਤੇ ਪੁੱਜਿਆ ਕਰਨੀ ਸੀ ਪਹਿਲਾਂ । ਉਸਦੇ ਵੱਡੇ ਮੁੰਡੇ ਬਨਵਾਰੀ ਦੀ ਹਿੱਸੇਦਾਰੀ ਵਾਲੇ ਮਾਅਲ ਤੇ ।
ਮਾਅਲ … ਮੰਡੀ … ਸਬਜੀ … ਰਹਿੰਦ-ਖ਼ੁਹਦ । ਮਆਲ … ਮੰਡੀ …ਸਬਜੀ … ਰਹਿੰਦ ਖ਼ੂਹਦ , ਉਸਨੇ ਜਿਵੇਂ ਰਟ ਹੀ ਫੜ ਲ਼ਈ ਸੀ । ਥੋੜਾ ਕੁ ਹੋਰ ਅਗਾਂਹ ਲੰਘ ਕੇ ਉਸਦੇ ਵਾਹੋ-ਦਾਹੀ ਚਲਦੇ ਕਦਮ ਇਕ ਦਮ ਜਾਮ ਹੋ ਗਏ । ਉਸਦੇ ਇੱਕ ਹੱਥ ਮੈਕਡੋਨਲਡ ਸੀ । ਉਸਦੇ ਸਬਜ਼ੀ ਫਾਰਮ ਤੇ ਉੱਸਰਿਆ ਮੈਕਡੋਨਲਫਡ ਪਲਾਜ਼ਾ । ਗੇਟ ਵੜਦਿਆ ਹੀ ਫ਼ਨ-ਸਿਟੀ , ਕਈ ਸਾਰੇ ਨਿੱਕੇ-ਨਿੱਕੇ ਤਲਾਅ, ਕਿਸ਼ਤੀਆਂ , ਪੀਘਾਂ ,ਸੀ-ਸਾਅ , ਪੰਘੂੜੇ । ਇਸਦੇ ਨਾਲ ਲੱਗਦਾ ਵੱਡਾ ਸਾਰਾ ਲਾਅਨ ।
ਮਖ਼ਮਲੀ ਘਾਅ , ਫੁੱਲ-ਬੂਟੇ ,ਬਿਰਖ-ਰੁੱਖ , ਰੰਗ-ਬਰੰਗ ਰੋਸ਼ਨੀਆਂ, ਹਠ-ਖੇਲੀਆਂ ਕਰਦੇ ਫੁਹਾਰੇ । ਪਿਛਲੇ ਪਾਸੇ ਵੱਡੀ ਸਾਰੀ ਇਮਾਰਤ । ਖੁੱਲੀ ਡੁੱਲੀ ਕੰਨਟੀਨ , ਮੀਟ-ਮੁਰਗੇ , ਨੁਡਲ-ਪੀਜ਼ੇ ,ਫਾਸਟ-ਫੂਡ , ਚਟ-ਪਟੇ ਖਾਣਿਆਂ,ਆਈਸ-ਕਰੀਮਾਂ ਸਮੇਤ ਅਨੇਕਾਂ ਤਰਾਂ ਦੇ ਠੰਡਿਆਂ-ਮਿੱਠਿਆਂ ਦਾ ਵੱਡਾ ਸਟੋਰ । ਇਹ ਬਨਵਾਰੀ ਨੇ ਉਸ ਦੀ ਸਲਾਹ ਨਾਲ ਦਿੱਤਾ ਸੀ ਪਟੇ ਤੇ । ਥਾਂ ਦੀ ਮਾਲਕੀ ਉਸ ਦੀ ਆਪਣੀ ਹੀ ਸੀ । ਤਾਂ ਵੀ ਉਸ ਦੀ ਇਸ ਦੇ ਅੰਦਰ ਜਾਣ ਦੀ ਹਿੰਮਤ ਨਾ ਪਈ ।ਉਸ ਨੂੰ ਲੱਗਾ , ਉਸਦੇ ਖੜਿਆਂ-ਖੜਿਆਂ ਸਾਰਾ ਸ਼ਹਿਰ ਹੀ ਜਿਵੇਂ ਉੱਲਰ ਕੇ ਇਸ ਦੇ ਅੰਦਰ ਜਾ ਵੜਿਆ ਹੋਵੇ । ਟੱਬਰਾਂ ਦੇ ਟੱਬਰ , ਬਾਲ-ਬੱਚਿਆ ਸਮੇਤ । ਕਰੀਬ ਸਾਰੇ ਹੀ ਉਸ ਨੂੰ ਜਾਣਦੇ ਪਛਾਣਦੇ ਸਨ । ਕਈਆ ਨੇ ਉਸਨੂੰ ਸਾਬ੍ਹ-ਸਲਾਮ ਵੀ ਕੀਤੀ । ਪਰ ਉਸਨੇ ਕਿਸੇ ਨੂੰ ਮੋੜਵਾਂ ਹੁੰਗਾਰਾ ਨਾ ਭਰਿਆ । ਸੂਰਜ ਅਜੇ ਅੰਦਰ-ਬਾਹਰ ਹੀ ਸੀ । ਉਸਨੇ ਸ਼ਾਮ ਦੀ ਸੈਰ ਵੀ ਭੁੱਲ-ਵਿਸਾਰ ਛੱਡੀ । ਉਹਨੀਂ ਪੈਰੀ ਉਹ ਪਿਛਾਂਹ ਪਰਤ ਆਇਆ । ਰਾਮਪੁਰ ਚੌਕ ਉਜਾੜ ਪਿਆ ਸੀ ਇੱਕ-ਦਮ । ਨਾ ਉਥੇ ਰਿਹੜੇ-ਛਾਬੇ ਸਨ , ਨਾ ਕੁਲਫੀ-ਬਕਸੇ ,ਨਾ ਛੋਲੇ-ਭਟੂਰੇ,ਨਾ ਉਬਲੇ-ਆਂਡੇ । ਸਿਰਫ਼ ਇੱਕ ਹੱਥ-ਰੇਹੜੀ ਖੜੀ ਸੀ ਇੱਕ ਪਾਸੇ । ਆਲੂ-ਪਿਆਜ਼ ਰੱਖੀ । ਵੱਡੀ ਸੜਕ ਵਾਲੇ ਪਾਸੇ ਧਰਮਾਂ ਹਲਵਾਈ ਹੱਟੀਉਂ ਬਾਹਰ ਬੈਠਾ ਸੀ ਅਧੋਰਾਣੇ ਜਿਹੇ ਬੈਂਚ ਤੇ । ਉਸਦਾ ਤਵੀ-ਛਾਬਾ ਵੀ ਖ਼ਾਲੀ ਪਏ ਸਨ , ਬੁਝੂੰ-ਬੁਝੂੰ ਕਰਦੀ ਭੱਠੀ ਲਾਗੇ । ਕਿਸੇ ਸਮੇਂ ਇਸ ਦੁਕਾਨ ਦੀ ਗਾਹਕੀ ਥੱਮੀਂ ਨਹੀਂ ਸੀ ਜਾਂਦੀ ।ਟਿੱਕੀਆਂ-ਸਮੋਸੇ ਵਾਰੀ ਸਿਰ ਮਿਲਦੇ ਸਨ ਪਾਲ *ਚ ਖਲੋਕੇ । ਰਾਮ ਗੋਪਾਲ ਚੁੱਪ-ਚਾਪ ਉਸਦੇ ਲਾਗੇ ਆ ਕੇ ਬੈਠਾ , ਥੋੜਾ ਕੁ ਦਮ ਮਾਰਨ ਲਈ , ਸਾਹ ਪੱਧਰਾ ਕਰਨ ਲਈ ।
“ ਚਾਹ ਪੀਓਗੇ ਸ਼ਾਹ ਜੀ ? ” ਇਹ ਪੁੱਛ ਕੇ ਧਰਮੇ ਨੇ ਉਸਦੀ ਬਜ਼ੁਰਗੀ ਦਾ ਵੀ ਸਤਿਕਾਰ ਕੀਤਾ ਸੀ , ਵਪਾਰ-ਮੰਡਲੀ ਦੀ ਪ੍ਰਧਾਨਗੀ ਦਾ ਵੀ । “ ਚਾਹ ਨਈਂ ਬੱਸ ਪਾਣੀ ਪੀਣਾ । ” ਪਾਣੀ ਪੀਂਦਿਆਂ ਸਾਰ ਰਾਮ ਗੋਪਾਲ ਉਠ ਖਲੋਇਆ ਸੀ ਧਰਮੇਂ ਲਾਗਿਉਂ । ਇਸ ਤੋ ਵੱਧ ਉਹਨਾਂ ਕੋਈ ਬੋਲ ਸਾਝਾਂ ਨਹੀਂ ਸੀ ਕੀਤਾ । ਤਾਂ ਵੀ ਧਰਮੇਂ ਦੀ ਚਿਰ ਪਹਿਲੇ ਆਖੀਂ ਉਸਦੇ ਸਿਰ ਵਿੱਚ ਠਾਅ ਕਰਦੀ ਆ ਵੱਜੀ - “ ਕਿਉਂ ਸਾਡੀ ਰੋਜ਼ੀ-ਰੋਟੀ ਖੋਹਣ ਲੱਗੇ ਓ ਸ਼ਾਹ ਜੀ ? ਤੁਆਡੇ ਏਸ ਮੈਂਕਡੋ ਨੇ ਸੌ ਪੰਜਾਹ ਟੱਬਰ ਭੁੱਖਾ ਮਾਰ ਦੇਣਾ ਸਾਡਾ ਹਲਵਾਈਆਂ-ਢਾਬੇ ਆਲਿਆਂ ਦਾ । ”


ਅੰਤਿਕਾ - 1


ਪਾਣੀ ਪੀ ਕੇ ਉਠ ਤੁਰੇ ਰਾਮ ਗੋਪਾਲ ਦਾ ਉੱਖੜਿਆ ਚਿੱਤ ਥੋੜਾ ਕੁ ਟਿਕਾਣੇ ਆਇਆ ਲੱਗਾ । ਖ਼ਾਲੀ-ਖ਼ਾਲੀ ਦਿਸਦਾ ਰਾਮਪੁਰ ਚੌਂਕ ਓਪਰਾ ਓਪਰਾ ਤਾਂ ਲੱਗਾ , ਪਰ ਉਸਨੂੰ ਕੋਈ ਖ਼ਾਸ ਫਿ਼ਕਰਮੰਦੀ ਨਾ ਹੋਈ । ਖ਼ਾਸ ਛੱਡ ਕੇ ਆਮ ਜਿਹੀਂ ਵੀ ਨਾ ਹੋਈ । ਸਗੋਂ ਇਸ ਪੱਖੋਂ ਤਸੱਲੀ ਸੀ ਉਸਨੂੰ ਕਿ ਚੌਕ ਵਿਚਾਲੋਂ ਲਾਂਘੇ ਦੀ ਹੁਣ ਕੋਈ ਸਮੱਸੀਆ ਨਹੀਂ ਸੀ ਰਹੀ । ਇੱਕ ਦੂਜੀ *ਚ ਫਸੀਆਂ ਖੜੀਆਂ ਰੇੜੀਆਂ ਬੜੀ ਵੱਡੀ ਅੜਚਣ ਬਣੀਆਂ ਰਹਿੰਦੀਆਂ ਸਨ ਹਰ ਇੱਕ ਲਈ । ਕਾਰਾਂ-ਜੀਪਾਂ ਵਾਲੇ ਤਾਂ ਬਹੁਤੇ ਹੀ ਤੰਗ ਹੁੰਦੇ ਸਨ , ਬਾਜ਼ਾਰ ਨੂੰ ਆੳਦੇ ਜਾਂਦੇ । ਹੁਣ ਠੀਕ ਠਾਕ ਸੀ ਸਭ ਕੁੱਝ ।
ਬੇ-ਹੱਦ ਆਰਾਮ ਨਾਲ ਰਾਮਪੁਰ ਚੌਂਕ ਲੰਘਦੇ ਦੀ ਉਸਦੀ ਸੁਰਤੀ-ਬਿਰਤੀ ਮੰਡੀ ਚੌਂਕ ਨਾਲ ਜਾ ਜੁੜੀ - ‘ ਓਥੋਂ ਦੀ ਚਹਿਲ-ਪਹਿਲ ਨੂੰ ਤਾਂ ਕੋਈ ਫ਼ਰਕ ਨਈਂ ਸੀ ਪਿਆ । ਓਥੇ ਦਾ ਰ਼ੋਣਕ-ਮੇਲਾ ਤਾਂ ਕਈ ਗੁਣਾਂ ਹੋਰ ਵੀ ਵੱਧ ਗਿਆ ਸੀ ਸਗੋਂ । ਚਸ਼ਮਦੀਦ ਗਵਾਹ ਸੀ ਉਹ । ਪਹਿਲਾਂ ਮੰਡੀਆਂ ਨੂੰ ਜਾਂਦਾ ਕੱਚਾ ਰਾਹ ਪੱਕਾ ਹੋਇਆ । ਫਿਰ ਦੋਨੇਂ ਪਾਸੇ ਬੂਥ ਉਸਰ ਗਏ , ਇਸ ਤੇ ।
ਹੁਣ ਮੰਡੀ-ਥੜਾ ਲੰਘ ਕੇ ਕਾਲੋਨੀਆਂ ਕੱਟ ਹੋ ਗਈਆ ਸੀ ਕਈ ਸਾਰੀਆਂ ਰਿਹਾਇਸ਼ੀ । ਅੱਧਿਓ ਵੱਧ ਸ਼ਹਿਰ ਓਧਰ ਪਾਸੇ ਉੱਲਰ ਗਿਆ ਸੀ । ਘੁਰਨੇ-ਘਰ ਛੱਡ ਕੇ ਲੋਕੀ ਕੋਠੀਆਂ ਬੰਗਲੇ ਜਾ ਪਾਏ । ਓਧਰ ਗਿਆਂ ਨੂੰ ਚੀਜ਼-ਵਸਤ ਵੀ ਚਾਹਿਦੀ ਸੀ ਹਰ ਇੱਕ । ਖਾਣ-ਪੀਣ, ਪਹਿਨਣ-ਪਰਚਨ , ਸਬਜ਼ੀ-ਭਾਜੀ ਤੋਂ ਲੈ ਕੇ ਮੋਟਰ-ਗੱਡੀਆਂ ਤੱਕ ਦੀ ਹਰ ਇੱਕ ਚੀਜ਼ । * ਅਪਣੇ-ਆਪ ਨਾਲ ਚੱਲਦੀ ਕਾਨਾਂਫੂਸੀ ਉਸਨੇ ਹੋਰ ਅੱਗੇ ਤੋਰਨ ਲਈ - ‘ ਹੁਣ ਰੋਜ਼-ਰੋਜ਼ ਕੇੜ੍ਹਾ ਤੁਰਿਆ ਰਹੂ ਐਧਰ ਸ਼ਹਿਰ ਵੰਨੀ ਨੂੰ । ਕੋਹ ਭਰ ਦੂਰ । ਬਾਜ਼ਾਰ ਤਾਂ ਅਕਸਰ ਬਨਣਾ ਈ ਸੀ ਨੇੜੇ-ਤੇੜੇ । ਇੱਕ ਥਾਂ ਬਣ ਜਊ ਹੋਰ ਵੀ ਚੰਗਾ । ਥਾਂ-ਥਾਂ ਘੁੰਮਣ ਦਾ ਟੰਟਾ ਮੁੱਕੂ । ਕਿਸੇ ਤਾਂ ਕਿਸੇ ਨੇ ਤਾਂ ਕਰਨਾ ਈ ਸੀ ਏਹ ਕੰਮ । ਬਨਵਾਰੀ ਨੇ ਕਰ ਲਿਆ ਬਾਹਲਾ ਈ ਖ਼ਰਾ ਹੋਇਆ । ਮਾਣ-ਤਾਣ ਵਧਿਆ ਹੋਰ ਵੀ । ਵਣਜ-ਵਪਾਰ *ਚ ਤਾਂ ਐਉਂ ਈ ਚੱਲਦਾ । ਮੌਕਾ ਸਾਂਭਣ ਦੀ ਗੱਲ ਹੁੰਦੀ ਆ । ਜੇੜਾ ਸਾਂਭ ਗਿਆ , ਉਹ ਖੱਟ ਗਿਆ । ਕਿਤੇ ਨਈਂ ਮਰ ਚੱਲੇ ਐਥੇ ਆਲੇ ਦੁਕਾਨਦਾਰ । ਇਹਨਾਂ ਦੀ ਪ੍ਰਾਲਭਦ ਇਹਨਾਂ ਦੀ ਰਹਿਣੀ । ਮਹਿੰਗਾ ਸੂੰਹ-ਬਚਨ ਕੌਰ ਵੀ ਐਮੇਂ ਰੋਈ ਜਾਂਦੇ ਆਂ । ਥਾਂ ਤਾਂ ਆਖਿ਼ਰ ਚਾਹਿਦੀ ਈ ਚਾਹਿਦੀ ਸੀ ਢੁੱਕਵੀ ਜੇਈ । ਐਡਾ ਵੱਡਾ ਸਟੋਰ ਬਣਨਾ । ਸਟੋਰ ਜਿਸਨੂੰ ਮਾਅਲ ਕਿਹਾ ਸੀ ਬੀਬੀ ਮੰਤਰੀ ਨੇ ।

ਅੰਤਿਕਾ – 2

ਪਾਣੀ ਪੀ ਕੇ ਉੱਠ ਤੁਰਿਆ ਗੋਪਾਲ ਥੋੜਾ ਵੀ ਸਹਿਜ ਨਹੀਂ ਸੀ ਹੋਇਆ । ਉਸਨੂੰ ਲੱਗੀ ਅੱਚੋਆਈ ਹੋਰ ਵੀ ਤਲਖ਼ ਰੂਪ ਧਾਰਨ ਕਰਦੀ ਗਈ । ਉਹ ਖਿਝੀ-ਕੁੜ੍ਹੀ ਜਾ ਰਿਹਾ ਸੀ ਅੰਦਰੋਂ-ਅੰਦਰ , ਕਿ ਉਸਦੇ ਫਾਰਮ ਤੇ ਖੁਲੇ ਫੂਡ ਪਲਾਜ਼ੇ ਨੇ ਤਾਂ ਸੌ ਪੰਜਾਹ ਹਲਵਾਈਆਂ , ਢਾਬੇ ਵਾਲਿਆ ਨੂੰ ਹੀ ਹੱਥਲ ਕੀਤਾ ਸੀ । ਉਹਨਾਂ ਦੀ ਰੋਜ਼ੀ-ਰੋਟੀ ਜੇ ਸਾਰੀ ਨਈਂ ਤਾਂ ਅੱਧਿਓ ਵੱਧ ਜਰੂਰ ਖੋਹ ਲਈ ਸੀ । ਤੇ ਹੁਣ …ਹੁਣ ਪਹਿਨਣ-ਪਰਚਨ ਤੋਂ ਲੈ ਕੇ ਮੋਟਰ-ਗੱਡੀਆ ਤੱਕ ਦਾ ਸਾਜੋਂ-ਸਮਾਨ ਰੱਖਣ ਵਾਲੀ ਇੱਕੋ ਛੱਤ ਨੇ ਤਾਂ ਉਸਦੀ ਪ੍ਰਧਾਨਗੀ ਵਾਲਾ ਬਾਜ਼ਾਰ ਹੀ ਸਾਰਾ ਹਿਲਦਾ ਕਰ ਦੇਣਾ ਸੀ । ਛੋਟੀ-ਮੋਟੀ ਵੇਚ-ਵੱਟਕ ਕਰਕੇ ਬਾਲ-ਬੱਚੇ ਪਾਲਦੇ ਸੈਕੜੇਂ ਦੁਕਾਨ-ਮਾਲਕਾਂ , ਉਹਨਾਂ ਦੇ ਨੌਕਰਾਂ-ਚਾਕਰਾਂ ਦੇ ਮੂੰਹਾਂ ਚੋਂ ਪਈ ਬੁਰਕੀ ਤੱਕ ਵੀ ਖੋਹੀ ਜਾਣੀ ਈ ਇਉਂ ਤਾਂ ।
ਉਸਦਾ ਜੀਅ ਕੀਤਾ , ਉਹ ਕਿਧਰੇ ਘੜੀ ਪਲ ਲਈ ਬੈਠ ਜਾਏ । ਕਿਸੇ ਵੀ ਬੈਂਚ-ਕੁਰਸੀ ਤੇ । ਸਾਰੇ ਤਾਂ ਉਸਦੇ ਵਾਕਿਫ ਸਨ , ਪਰ ਉਸਦਾ ਮਨ ਨਾ ਮੰਨਿਆ । ਉਸਦੀ ਪੈੜ-ਚਾਲ ਸਗੋਂ ਤਿੱਖੀ ਹੋ ਗਈ । ਇਸ ਵਾਰ ਉਸਦੇ ਡੋਲਦੇ-ਡੁਲਕਦੇ ਕਦਮ ਉੱਖੜਦੇ ਵੀ ਗਏ । ਉਹ ਹਿੰਮਤ ਕਰਕੇ ਸੰਭਲਦਾ ਰਿਹਾ । ਚਲਦੇ-ਚਲਦੇ ਨੂੰ ਉਸਨੂੰ ਲੱਗਾ ਕਿ ਆਪਣੇ ਘਰ ਵੱਲ ਨੂੰ ਜਾਂਦਾ ਉਹ ਇਕੱਲਾ ਨਹੀਂ ਹੈ । ਮਹਿੰਗਾ ਸਿੰਘ-ਬਚਨ ਕੌਰ-ਧਰਮਾਂ ਵੀ ਉਸਦੇ ਨਾਲ ਨਾਲ ਜਾਂਦੇ ਹਨ ਅੱਗੜ-ਪਿੱਛੜ । ਉਸਨੇ ਉਹਨਾਂ ਤਿੰਨਾਂ ਨੂੰ ਵਾਰੀ ਵਾਰੀ ਬੁਲਾਇਆ ਵੀ । ਮਹਿੰਗਾ ਸਿੰਘ ਨੂੰ *ਵਾਜ਼ ਵੀ ਮਾਰੀ ਉੱਚੀ ਦੇਣੀ । ਉਸਦੀ ਇਹ ਆਵਾ਼ਜ਼ ਤੁਰਦੇ-ਲੰਘਦੇ ਕਈਆਂ ਨੇ ਸੁਣੀਂ , ਪਰ ਹਰ ਕਿਸੇ ਨੇ ਉਸਨੂੰ ਸਿਆਣਾ ਸਰੀਰ ਸਮਝ ਕੇ ਅਣਗੌਲਿਆ ਕਰ ਦਿੱਤਾ ।
ਆਪਣੇ ਘਰ ਦਾ ਮੌੜ ਮੁੜਦੇ ਦੀ ਉਸਦੀ ਪੈੜਚਾਲ ਹੋਰ ਵੀ ਉੱਖੜ ਗਈ । ਇਸ ਵਾਰ ਉਸਨੂੰ ਜਾਪਿਆ ਕਿ ਉਸਨੂੰ ਇੱਕ ਮੋਢਿਓ ਬਨਵਾਰੀ ਨੇ ਫੜਿਆ ਹੋਇਆ ਸੀ ਦੂਜੇ ਪਾਸੇ ਜਸਕਰਨ ਨੇ । ਦੋਨੇਂ ਜਿਵੇਂ ਉਸਨੂੰ ਫੜ-ਸੰਭਾਲ ਕੇ ਘਰ ਤੱਕ ਪੁੱਜਦਾ ਕਰਨ ਤੁਰੇ ਹੋਣ । ਉਸਨੂੰ ਉਹਨਾਂ ਦੀ ਇਹ ਹਰਕਤ ਹੋਰ ਵੀ ਖਿਝਦਾਂ ਕਰ ਗਈ । ਉਸਦਾ ਪਾਰਾ ਜਿਵੇਂ ਅੱਧ-ਅਸਮਾਨੇ ਜਾ ਚੜਿਆ । ਉਹਨਾਂ ਤੋਂ ਬਾਹਾਂ-ਮੋਢੇ ਛਡਵਾਉਣ ਲਈ ਝੁਣਝੁਣੀ ਲੈਦਿਆਂ ਉਸਨੇ ਇੱਕ ਜ਼ੋਰਦਾਰ ਭਬਕ ਮਾਰੀ - “ ਕਿਉਂ ਫੜਿਆ ਮੈਨੂੰ ? ਤੁਸੀਂ ਹੱਥ ਈਂ ਕਿਉਂ ਲਾਇਆਂ ਮੈਨੂੰ … ਏ ਗੱਲ ਆ … ਕੰਜਅਰ … ਹਰਾਮਖ਼ੋਰ… ਠਅਗ ਕਿਸਏ ਥਾਂਆਂ ਦੇਏਂ …। ਏ ਗੱਅਲ ਆ …ਵਗ ਜਓ …ਮੇਅ ….ਲਾ ….। ”ਅਗਲੇ ਹੀ ਪਲ ਉਸਦੀ ਕੰਬਦੀ ਥਰਕਦੀ ਜੀਭ ਅੰਦਰ ਵੱਲ ਨੂੰ ਸੂਤੀ ਗਈ । ਉਸਦੇ ਮੂੰਹ ਚੋਂ ਚਿੱਟੀ ਝੱਗ ਨੇ ਉਸਦੀ ਬਾਕੀ ਦੀ ਗੱਲ ਪੂਰੀ ਨਾ ਹੋਣ ਦਿੱਤੀ । ਇਹ ਉਸਦੇ ਅੰਦਰ ਹੀ ਕਿਧਰੇ ਦੱਬੀ ਘੁੱਟੀ ਗਈ ।
ਸਾਹਮਣੇ , ਘਰ ਦੇ ਬਾਹਰਲੇ ਦਰਵਾਜ਼ੇ *ਚ ਖੜਾ ਬਨਵਾਰੀ ਪਿਉਂ ਦੀ ਚੀਕ ਵਰਗੀ ਆਵਾਜ਼ ਸੁਣ ਕੇ ਉਸ ਵੱਲ ਨੂੰ ਦੌੜ ਆਇਆ । ਆਪਣੇ ਵੱਲੋਂ ਤਾ ਉਸਨੇ ਰਤਾ ਭਰ ਵੀ ਢਿੱਲ ਨਾ ਕੀਤੀ , ਪਰ ਉਸਦੇ ਪੁੱਜਦੇ-ਕਰਦੇ ਰਾਮ ਗੋਪਾਲ ਲੁੜ੍ਹਕ ਗਿਆ ਸੀ ਇੱਕ ਪਾਸੇ ਨੂੰ । ਗੁੱਛਾ ਜਿਹਾ ਬਣਿਆ , ਡਿੱਗ ਚੁੱਕਾ ਸੀ ਪੱਕੀ ਗਲੀ *ਚ । ਬੇ-ਹਤਾਸ਼ਾ ਹਿੱਲਦੇ-ਤੜਫ਼ਦੇ ਰਾਮ ਗੋਪਾਲ ਨੂੰ ਬਨਵਾਰੀ ਨੇ ਸਾਂਭ ਵੀ ਲਿਆ । ਉਸਦਾ ਪੱਕੀ ਥਾਂ ਡਿੱਗਿਆ ਸਿਰ ਗੋਦੀ *ਚ ਰੱਖ ਵੀ ਲਿਆ ਚੁੱਕ ਕੇ । ਪਰ ਉਸਦਾ ਵਿਗੜਿਆ-ਡਰਾਉਣਾ ਚਿਹਰਾ ਦੇਖਦਾ ਬਨਵਾਰੀ ਆਪ ਵੀ ਜਿਵੇਂ ਮਿੱਟੀ ਹੋ ਗਿਆ ਸੀ । ਬੇ-ਹਿਸ ਹੋਏ ਦੀ ਉਸਦੀ ਅਪਣੀ ਵੀ ਲੇਅਰ ਨਿਕਲ ਗਈ ।
ਪਲਾਂ-ਛਿਨਾਂ *ਚ ਸਾਰਾ ਆਂਢ-ਗੁਆਂਢ ਰਾਮ ਗੋਪਾਲ ਦੀ ਚੱਕ-ਸੰਭਾਲ ਲਈ ਆ ਜੁੜਿਆ । ਪਰ ਉਸਦੀਆਂ ਤਾੜੇ ਲੱਗੀਆ ਅੱਖਾਂ ਕਿਸੇ ਵੱਲ ਨਹੀਂ ਸੀ ਦੇਖ ਸਕਦੀਆਂ । ਅਗਲੇ ਹੀ ਪਲ ਉਸਦੀ ਆਖ਼ਰੀ ਹਿੱਚਕੀ ਨੇ ਉਸਦੇ ਫੇਲ੍ਹ ਗਏ ਦਿਲ ਦੀ ਪੁਸ਼ਟੀ ਕਰ ਦਿੱਤੀ ਸੀ ।
ਅਗਲੇ ਦਿਨ ਢਲਦੀ ਦੁਪਹਿਰ ਤੱਕ ਉਸਦੀ ਫੂੜੀ ਤੇ ਗੋਡਾ ਟੇਕਣ ਆਏ ਹਰ ਕਿਸੇ ਨੇ ਰਾਮ ਗੋਪਾਲ ਲਈ ਤਾਂ - ਹਰ ਇਕ ਦਾ ਹਮਦਰਦ , ਨੇਕ-ਦਿਲ ਇਨਸਾਨ , ਧਰਮਾਤਮਾਂ-ਪੁਰਸ਼ , ਦੇਵਤਾ-ਸਰੂਪ ਅਲਾਹੀ-ਰੂਹ ਵਰਗੇ ਨਫ਼ੀਸ ,ਸ਼ਾਨਦਾਰ ਤੇ ਆਹਲਾ ਸ਼ਬਦ ਵਰਤੇ ਹੀ ਵਰਤੇ , ਪਰ ਨਾਲ਼ ਹੀ ਉਹਦੇ ਵੱਡੇ ਪੁੱਤਰ ਬਨਵਾਰੀ ਦੀਆਂ ਸਿਫਤਾਂ ਦੇ ਪੁਲ ਬੰਨ੍ਹਣੋਂ ਵੀ ਕੋਈ ਪਿੱਛੇ ਨਾ ਰਿਹਾ । ਉਹਨਾਂ , ਉਸਦੇ ਨਿੱਘੇ-ਸੁਭਾਅ ਦਾ , ਮਿਲਾਪੜੇ ਹੋਣ ਦਾ , ਰਾਮ ਗੋਪਾਲ ਦਾ ਸਰਵਣ-ਪੁੱਤ ਬਣਿਆ ਰਹਿਣ ਦਾ , ਗੁੱਡਾ ਵੀ ਰੱਜ ਕੇ ਬੰਨਿਆ ਅਤੇ ਉਸਦੀ ਸਾਂਝ-ਭਿਆਲੀ ਦੇ ਕਿੱਸੇ ਉਭਾਰਨ ਵਿੱਚ ਵੀ ਕਿਸੇ ਤਰਾਂ ਦੀ ਢਿੱਲ ਨਹੀ ਸੀ ਵਰਤੀਂ । ਧਰਮੇਂ ਨੇ ਵੀ ਨਹੀਂ ।
ਸਿਰਫ਼ ਇੱਕ ਜੋੜੀ ਸੀ , ਮਹਿੰਗਾ ਸਿੰਘ-ਬਚਨ ਕੌਰ ਦੀ , ਜਿਹੜੀ ਸੋਗੀ ਸੱਥ *ਚ ਬੈਠੀ ਵੀ ਅਪਣੇ ਅੰਦਰਲੇ ਸੱਚ ਨੂੰ ਬਾਹਰ ਆਉਣੋਂ ਨਹੀਂ ਸੀ ਰੋਕ ਸਕੀ । ਬਚਨ ਕੌਰ ਤਾਂ ਖ਼ੈਰ ਚੁੱਪ ਹੀ ਰਹੀ , ਪਰ ਮਹਿੰਗਾ ਸਿੰਘ ਨੇ ਰਾਮ ਗੋਪਾਲ ਨਾਲ਼ ਨਿੱਭਦੀ ਰਹੀ ਵਰਿਆਂ ਭਰ ਦੀ ਸਾਂਝ ਦਾ ਜ਼ਿਕਰ ਕਰਦੇ ਨੇ ਸਭ ਦੇ ਸਾਹਮਣੇ ਆਖ ਦਿੱਤਾ ਸੀ ਬੇ-ਝਿਜਕ ਹੋ ਕੇ - “ ਬਨਵਾਰੀ ਪੁੱਤਰਾ … ਬਾਪ ਤੇਰਾ ਦਿਲ ਤੇ ਲਾ ਬੈਠਾ ਹੱਟੀਆਂ ਉਜਾੜੇ ਆਲੀ ਗੱਲ ਨੂੰ … ਬੜਾ ਨਫ਼ੀਸ ਬੰਦਾ ਸੀ ਉਹ … ਦਿਲ ਦਾ ਸਾਫ਼ …ਅੰਦਰੋਂ-ਬਾਹਰੋਂ ਇੱਕ । ਉਹ …ਉਦ੍ਹੇਂ ਅਰਗਾਂ ਬਣ ਕੇ ਦੱਸੇ ਖਾਂ ਕੋਈ … ਮੈਨੂੰ ਈ ਪਤਾਅ ਉਹਤੇ ਕੀ ਬੀਤੀ ਸੀਈ ਮੇਰੀ ਅਲਾਂ ਦੇਖ ਕੇ … । ਬਨਵਾਰੀ ਸਿਆਂ … ਮੈ ਤਾਂ … ਮੈਂ ਤਾਂ ਉੱਜੜਿਆ ਈ ਉੱਜੜਿਆ ਸੀ … ਤੇਰੇ ਆਲਾ ਕੰਪਨੀ ਸਟੋਰ ਉਨੂੰ ਵੀ ਨਿਗਲ ਗਿਆ ਲਗਦਾ । ਪੱਕੀ ਗੱਲ ਆ ਏਹ … ! ਨਈ …ਊਂ ਨਈਂ ਸੀ ਜਾਣ ਆਲਾ ਐਨੀ ਛੇਤੀ ਉਹ …!! ”