ਵੈਸੇ ਤਾਂ ਮੈਂ ਪੈਰਿਸ ਬਹੁਤ ਵਾਰ ਗਿਆ ਹਾਂ। ਜਦ ਮੈਂ ਆਸਟਰੀਆ ਰਹਿੰਦਾ ਸੀ, ਓਦੋਂ ਭਾਰਤ ਜਾਣ ਸਮੇਂ ਪੈਰਿਸ
ਅਖ਼ੀਰ ਭੈਣ ਜੀ ਨੇ ਇੱਕ ਮਾਰਚ ਨੂੰ ਫ਼ੋਨ ਕੀਤਾ ਕਿ ਅਸੀਂ ਪੈਰਿਸ ਵਿਚ 'ਦਸਤਾਰ ਸੰਘਰਸ਼ ਕਮੇਟੀ' ਦੇ ਆਗੂ ਸ਼ ਇਕਬਾਲ ਸਿੰਘ ਭੱਟੀ ਹੋਰਾਂ ਦੇ ਸਹਿਯੋਗ ਨਾਲ਼ ਕਵੀ ਦਰਬਾਰ ਕਰਵਾ ਰਹੇ ਹਾਂ, 19 ਮਾਰਚ, ਦਿਨ ਸ਼ਨੀਵਾਰ ਨੂੰ ਜ਼ਰੂਰ ਪਹੁੰਚੋ! ਭੈਣ ਜੀ ਨੇ ਤਾਂ ਮੈਨੂੰ 18 ਮਾਰਚ, ਦਿਨ ਸ਼ੁੱਕਰਵਾਰ ਨੂੰ ਪਹੁੰਚਣ ਲਈ ਹੁਕਮ ਕੀਤਾ ਸੀ। ਪਰ ਸ਼ੁੱਕਰਵਾਰ ਨੂੰ ਪਹੁੰਚਣਾਂ ਮੇਰੇ ਵੱਸ ਵਿਚ ਨਹੀਂ ਸੀ। ਅਗਰ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਮੈਂ ਸ਼ਨੀਵਾਰ ਅਤੇ ਐਤਵਾਰ ਤਕਰੀਬਨ ਵਿਹਲਾ ਹੀ ਹੁੰਦਾ ਹਾਂ। ਸੋ ਸ਼ੁੱਕਰਵਾਰ ਨਹੀਂ ਸ਼ਨੀਵਾਰ ਨੂੰ ਜਾਣ ਦਾ ਪ੍ਰੋਗਰਾਮ ਬਣ ਗਿਆ। ਫ਼ਲਾਈਟ ਦੇ ਪੰਗੇ ਵਿਚ ਨਾ ਪੈਂਦਿਆਂ ਮੈਂ ਆਪਣੇ ਇੱਕ ਦੋਸਤ 'ਕੈਲਵਿਨ' ਨੂੰ ਫ਼ੋਨ ਕੀਤਾ। ਕੈਲਵਿਨ 'ਯੂਰੋ ਸਟਾਰ' ਦੀ ਸਕਿਊਰਿਟੀ ਵਿਚ ਜੌਬ ਕਰਦਾ ਹੈ! ਯੂਰੋ ਸਟਾਰ ਦੀ ਸਕਿਊਰਿਟੀ ਬਿਲਕੁਲ ਏਅਰਪੋਰਟ ਵਾਂਗ ਕੀਤੀ ਜਾਂਦੀ ਹੈ। ਯੂਰੋ ਸਟਾਰ ਲੰਡਨ (ਕਿੰਗਸ ਕਰਾਸ) ਤੋਂ ਸਿੱਧੀ ਪੈਰਿਸ ਜਾਂਦੀ ਹੈ ਅਤੇ ਦੋ ਕੁ ਘੰਟੇ 'ਚ ਪੈਰਿਸ ਲਾ ਦਿੰਦੀ ਹੈ। ਕੈਲਵਿਨ ਨੇ ਆਪਣਾ ਅਸਰ-ਰਸੂਖ਼ ਵਰਤ ਕੇ ਚਾਲ਼ੀ ਪ੍ਰਤੀਸ਼ਤ 'ਡਿਸਕਾਊਂਟ' 'ਤੇ ਮੈਨੂੰ ਟਿਕਟ ਪ੍ਰਦਾਨ ਕਰਵਾ ਦਿੱਤੀ। 19 ਮਾਰਚ ਸ਼ਨੀਵਾਰ ਨੂੰ ਪੈਰਿਸ ਪ੍ਰੋਗਰਾਮ ਸੀ ਅਤੇ ਅਗਲੇ ਦਿਨ ਵੀਹ ਨੂੰ ਹੀ ਮੇਰੀ ਵਾਪਿਸੀ ਸੀ।
19 ਮਾਰਚ ਨੂੰ ਸਵੇਰੇ 9 ਵਜੇ ਮੈਂ ਘਰੋਂ ਨਿਕਲ਼ ਤੁਰਿਆ। ਨਿਊਬਰੀ ਪਾਰਕ ਸਟੇਸ਼ਨ ਤੋਂ ਟਿਊਬ ਲੈ ਕੇ ਘੰਟੇ ਕੁ ਦੇ ਵਿਚ ਕਿੰਗਸ ਕਰਾਸ ਪਹੁੰਚ ਗਿਆ। ਅੱਗੇ 9022 ਟਰੇਨ ਦੁਪਿਹਰ ਗਿਆਰਾਂ ਵੱਜ ਕੇ ਪੱਚੀ ਮਿੰਟ 'ਤੇ ਚੱਲਣੀ ਸੀ। ਕੋਚ ਨੰਬਰ ਇੱਕ ਵਿਚ ਮੇਰਾ ਸੀਟ ਨੰਬਰ 78 ਸੀ। ਕੈਲਵਿਨ ਨੇ ਮੈਨੂੰ ਇਹੀ ਕਿਹਾ ਸੀ ਕਿ ਟਰੇਨ ਚੱਲਣ ਤੋਂ ਇੱਕ ਘੰਟਾ ਪਹਿਲਾਂ ਪਹੁੰਚ ਜਾਵੀਂ, ਓਥੇ ਸਕਿਊਰਿਟੀ ਜਾਂਚ ਬਿਲਕੁਲ ਏਅਰਪੋਰਟ ਵਾਂਗ ਹੀ ਬੜੀ ਬਰੀਕੀ ਨਾਲ਼ ਕੀਤੀ ਜਾਂਦੀ ਹੈ। ਜਦ ਮੈਂ ਕਿੰਗਸ ਕਰਾਸ ਪਹੁੰਚ ਕੇ ਆਪਣੀ 'ਈ-ਟਿਕਟ' ਚੈਕਿੰਗ ਸਿਸਟਮ ਵਿਚ ਪਾਈ ਤਾਂ ਉਹ ਘੁਲਾੜ੍ਹੀ ਦੇ ਵਿਚ ਦੀ ਗੰਨਾਂ ਨਿਕਲਣ ਵਾਂਗ ਉਸ ਦੇ ਵਿਚ ਜਾ ਕੇ ਬਾਹਰ ਤਾਂ ਆ ਗਈ, ਪਰ ਹਾਥੀ ਦੇ ਕੰਨਾਂ ਵਰਗੇ ਦਰਵਾਜੇ ਜਿਹੇ ਨਾ ਖੁੱਲ੍ਹੇ। ਮੈਂ ਪਿਆਸੇ ਕਾਂ ਵਾਂਗ ਅੱਗੇ ਪਿੱਛੇ ਦੇਖਿਆ ਅਤੇ ਟਿਕਟ ਵਿਚ ਪਾ ਕੇ ਫ਼ਿਰ ਦੁਹਰਾ ਕੀਤਾ ਕਿ ਕੀ ਐ ਬੋਤੇ ਦਾ ਬੁੱਲ੍ਹ ਡਿੱਗ ਹੀ ਪਵੇ? ਪਰ ਦਰਵਾਜੇ ਟੱਸ ਤੋਂ ਮੱਸ ਨਾ ਹੋਏ, ਸਗੋਂ ਢੀਠ ਮੰਗਤੇ ਵਾਂਗ ਆਕੜ ਕੇ ਹੀ ਖੜ੍ਹੇ ਰਹੇ। ਇਤਨੇ ਚਿਰ ਨੂੰ ਦੋ-ਚਾਰ ਯਾਤਰੀ ਹੋਰ ਮੇਰੇ ਪਿੱਛੇ ਆ ਖੜ੍ਹੇ। ਲਾਈਨ ਜਿਹੀ ਲੱਗਦੀ ਦੇਖ ਕੇ ਯੂਰੋ ਸਟਾਰ ਦਾ ਕਰਮਚਾਰੀ ਮੇਰੇ ਕੋਲ਼ ਆ ਗਿਆ। ਉਸ ਨੇ ਮੇਰੀ ਟਿਕਟ ਚੈੱਕ ਕੀਤੀ ਅਤੇ ਟੂਣਾਂ ਕਰਨ ਵਾਲ਼ਿਆਂ ਵਾਂਗ ਸਿਸਟਮ ਦੇ ਮੱਥੇ 'ਤੇ 'ਘਸਾ' ਦਿੱਤੀ। 'ਸਿੰਮ ਸਿੰਮ ਖੁੱਲ੍ਹ-ਜਾ' ਕਹਿਣ ਵਾਂਗ ਦਰਵਾਜਾ ਚੌਫ਼ਾਲ਼ ਖੁੱਲ੍ਹ ਗਿਆ। ਅਸਲ ਵਿਚ ਟਿਕਟ ਨੂੰ ਵਿਚ ਦੀ ਨਹੀਂ ਲੰਘਾਉਣਾ ਸੀ, ਸਿਰਫ਼ 'ਟੱਚ' ਹੀ ਕਰਨਾ ਸੀ।
ਇਹ 'ਮੱਲ' ਮਾਰ ਕੇ ਜਦ ਮੈਂ ਅੱਗੇ ਗਿਆ ਤਾਂ ਅਗਲਾ 'ਭਵਸਾਗਰ' ਤਿਆਰ ਸੀ। ਕੈਲਵਿਨ ਦੇ ਅਗਾਊਂ ਸੁਚੇਤ ਕਰਨ ਅਨੁਸਾਰ ਚੈਕਿੰਗ ਬਿਲਕੁਲ ਏਅਰਪੋਰਟ ਵਾਂਗ ਹੀ ਕੀਤੀ ਜਾ ਰਹੀ ਸੀ। ਭੀੜ ਤਾਂ ਬਹੁਤ ਸੀ। ਪਰ ਸਟਾਫ਼ ਹਿੰਮਤੀ ਸੀ। ਸਾਡੇ ਏਅਰਪੋਰਟਾਂ ਦੇ ਕਰਮਚਾਰੀਆਂ ਵਾਂਗ ਆਵੇਸਲ਼ੇ ਜਿਹੇ ਨਹੀਂ ਸਨ। ਮੈਂ ਕਈ ਵਾਰ ਨੋਟ ਕੀਤਾ ਹੈ ਕਿ ਸਾਡੇ ਏਅਰਪੋਰਟ 'ਤੇ ਜਾਂ ਤਾਂ ਇੱਕ-ਦੂਜੇ ਨੂੰ ਬੇਬੇ ਦੀ ਬਿਮਾਰੀ ਬਾਰੇ ਜਾਣਕਾਰੀ ਦੇਈ ਜਾਣਗੇ, ਅਤੇ ਜਾਂ ਡਿਊਟੀ 'ਤੇ ਦੂਜੇ ਸਟਾਫ਼ ਮੈਂਬਰਾਂ ਦੀਆਂ ਚੁਗਲੀਆਂ ਕਰੀ ਜਾਣਗੇ। ਦਿੱਲੀ ਦਾ ਇੱਕ ਸਕਿਊਰਿਟੀ ਕਰਮਚਾਰੀ ਮੇਰੀ ਚੈਕਿੰਗ ਕਰਦਾ ਦੂਜੇ ਨੂੰ 'ਦੁੱਖ' ਦੱਸ ਰਿਹਾ ਸੀ, "ਕਿਸੇ ਕਾਮ ਕੀ ਸ਼ਾਦੀ ਨਹੀਂ ਥੀ ਯਾਰææ! ਦਾਰੂ ਪੀਤੀ ਮੇ ਮੇਰੀ ਤੋ ਮੁੰਦਰੀ ਕਹੀਂ ਗਿਰ ਗਈ..!" ਪੁੱਛਣਾ ਹੋਵੇ ਕਿ ਇਹ ਗੱਲਾਂ 'ਬਰੇਕ' ਟਾਈਮ ਨਹੀਂ ਕੀਤੀਆਂ ਜਾ ਸਕਦੀਆਂ? ਨਾਲ਼ੇ ਵਿਆਹ ਵਿਚ ਦਾਰੂ ਪੀ ਕੇ 'ਲਿਟਣਾਂ' ਤੈਨੂੰ ਕਿਹੜੇ ਬਾਬੇ ਨੇ ਦੱਸਿਆ ਸੀ? ਨਾਲ਼ੇ ਗੱਲਾਂ ਵੀ ਬੇਹੂਦੀਆਂ! ਬੇਹੂਦੀਆਂ ਗੱਲਾਂ ਤੋਂ ਇੱਥੇ ਮੈਨੂੰ ਇੱਕ ਗੱਲ ਯਾਦ ਆ ਗਈ। ਇੱਕ ਗੋਰਾ ਅਤੇ ਆਪਣਾ 'ਦੇਸੀ' ਬੰਦਾ ਦਾਰੂ ਪੀ ਰਹੇ ਸਨ। ਗੋਰੇ ਨੇ ਪੜੁੱਲ ਛੱਡਿਆ! ਕਹਿੰਦਾ ਅਖ਼ੇ, "ਸਾਡੇ ਦੇਸ਼ ਵਾਲ਼ਿਆਂ ਨੇ ਇੱਕ ਮਸ਼ੀਨ ਤਿਆਰ ਕੀਤੀ ਐ! ਉਸ ਮਸ਼ੀਨ ਦੀ ਸਿਫ਼ਤ ਇਹ ਹੈ ਕਿ ਇੱਕ ਪਾਸੇ ਚਮੜਾ ਪਾਈਏ ਤਾਂ ਦੂਜੇ ਪਾਸੇ ਜੁੱਤੀ ਬਣ ਕੇ ਆਪਣੇ ਆਪ ਹੀ ਬਾਹਰ ਆ ਜਾਂਦੀ ਐ!" ਦੇਸੀ ਭਾਈਬੰਦ ਸੋਚੀਂ ਪੈ ਗਿਆ ਕਿ ਇਹ ਤਾਂ ਦਾਰੂ ਪੀ ਕੇ ਸਾਡੇ ਦੇਸ਼ ਦੀ ਅਹੀ-ਤਹੀ ਫ਼ੇਰੀ ਜਾਂਦੈ...! ਤੇ ਦੇਸੀ ਬਾਈ ਨੇ ਇੱਕ ਲੰਡਾ ਜਿਹਾ ਪੈੱਗ ਮਾਰ ਕੇ ਹੋਰ ਪੱਥਰ ਕੱਢ ਮਾਰਿਆ। ਉਹ ਕਹਿਣ ਲੱਗਿਆ, "ਥੋਡੇ ਮੁਲਕ ਨੇ ਤਾਂ ਫ਼ੇਰ ਕੀਤਾ ਈ ਕੱਖ ਨੀ..! ਮਸ਼ੀਨ ਤਾਂ ਸਾਡੇ ਮੁਲਕ ਆਲ਼ਿਆਂ ਨੇ ਬਣਾਈ ਐ..! ਸਿਫ਼ਤਾਂ ਤਾਂ ਬੇਲੀਆ, ਓਹਦੀਐਂ...!"
-"ਉਹਦੀਆਂ ਕੀ ਸਿਫ਼ਤਾਂ ਐਂ...?" ਗੋਰਾ ਹੈਰਾਨ ਹੋ ਗਿਆ।
-"ਉਹਦੀ ਸਿਫ਼ਤ ਗੋਰਾ ਜੀ ਇਹ ਐ, ਬਈ ਇੱਕ ਪਾਸੇ ਟੁੱਟੀਆਂ ਜੁੱਤੀਆਂ ਪਾ ਕੇ ਮਸ਼ੀਨ ਚਲਾ ਦੇਈਦੀ ਐ, ਤੇ ਦੂਜੇ ਪਾਸੇ ਜਿਉਂਦੀ ਜਾਗਦੀ ਪੂਰੀ ਮੱਝ ਬਣ ਕੇ ਬਾਹਰ ਆ ਜਾਂਦੀ ਐ...!"
ਗੋਰਾ ਚੁੱਪ ਕਰ ਗਿਆ। ਉਹ 'ਸਵਾ ਸੇਰ' ਦੇਸੀ ਭਾਈਬੰਦ ਅੱਗੇ ਕੀ ਬੋਲਦਾ?
.....ਖ਼ੈਰ, ਮੈਂ ਇੱਕ ਨੰਬਰ ਕੋਚ ਲੱਭ ਕੇ ਆਪਣੀ ਸੀਟ 'ਤੇ ਜਾ ਬੈਠਾ। ਮੇਰੇ ਸਾਹਮਣੇ ਇੱਕ ਮੇਰੀ ਕੁ ਉਮਰ ਦੀ ਗੋਰੀ ਬੈਠੀ ਸੀ। ਹਾਣ ਨੂੰ ਹਾਣ ਪਿਆਰਾ! ਉਹ ਮੇਰੇ ਵੱਲ ਫ਼ੋਟੋ ਲਾਹੁੰਣ ਵਾਲ਼ਿਆਂ ਵਾਂਗ ਝਾਕੀ! ਜੇ ਕੋਈ ਪੰਜਾਬੀ ਮੇਰੇ ਵੱਲ 'ਗਹੁ' ਨਾਲ਼ ਦੇਖੇ ਤਾਂ ਮੈਨੂੰ ਬਹੁਤਾ ਮਹਿਸੂਸ ਨਹੀਂ ਹੁੰਦਾ ਕਿ ਇਸ ਨੇ ਮੇਰੀ ਫ਼ੋਟੋ ਕਿਸੇ ਅਖ਼ਬਾਰ-ਰਸਾਲੇ, ਕਿਸੇ ਨਾਵਲ ਜਾਂ ਵੈੱਬ-ਸਾਈਟ 'ਤੇ ਦੇਖੀ ਹੋਵੇਗੀ! ਪਰ ਗੋਰੀ ਦਾ ਮੇਰੇ ਵੱਲ ਝਾਕਣਾਂ ਮੈਨੂੰ ਸਮਝ ਜਿਹਾ ਨਹੀਂ ਆ ਰਿਹਾ ਸੀ। ਜਦ ਟਰੇਨ ਚੱਲੀ ਤਾਂ ਉਸ ਨੇ ਟਾਈਮ ਜਿਹਾ 'ਪਾਸ' ਕਰਨ ਲਈ ਗੱਲਾਂ ਸ਼ੁਰੂ ਕਰ ਲਈਆਂ। ਉਹ 'ਸਨ ਫ਼ਰਾਂਸਿਸਕੋ' ਦੀ ਰਹਿਣ ਵਾਲ਼ੀ ਅਮਰੀਕਨ ਗੋਰੀ ਸੀ। ਉਸ ਦੀਆਂ ਲਿੱਪੀਆਂ-ਪੋਚੀਆਂ ਗੱਲਾਂ ਵਿਚੋਂ ਮੈਨੂੰ 'ਜ਼ਾਤੀਵਾਦ' ਦੀ 'ਬੂਅ' ਆਈ। ਗੱਲ ਤੁਰਦੀ-ਤੁਰਦੀ ਅਖ਼ੀਰ 9/11 ਦੇ 'ਵਰਲਡ ਟਰੇਡ ਸੈਂਟਰ' ਵਾਲ਼ੇ ਕਾਂਡ 'ਤੇ ਆ ਖੜ੍ਹੀ। ਉਹ ਅੱਤਿਵਾਦ ਨੂੰ ਬੁਰੀ ਤਰ੍ਹਾਂ 'ਭੰਡ' ਰਹੀ ਸੀ ਅਤੇ ਅਮਰੀਕਾ ਦੇ 'ਵਰਲਡ ਟਰੇਡ ਸੈਂਟਰ' 'ਤੇ ਹਮਲਾ ਕਰਨ ਵਾਲ਼ਿਆਂ ਨੂੰ 'ਬੁਰਾ-ਭਲਾ' ਕਹਿ ਰਹੀ ਸੀ।
-"ਕੋਈ ਸਿਆਸਤਦਾਨ ਜਾਂ ਫ਼ਿਲਾਸਫ਼ਰ ਤਾਂ ਮੈਂ ਹਾਂ ਨਹੀਂ! ਪਰ ਫ਼ੇਰ ਵੀ ਮੈਂ ਹਮੇਸ਼ਾ ਨਿਰਦੋਸ਼ਿਆਂ ਦੇ ਕਤਲਾਂ ਦੇ ਖ਼ਿਲਾਫ਼ ਹੀ ਰਿਹਾ ਹਾਂ! ਮੈਨੂੰ ਵਰਲਡ ਟਰੇਡ ਸੈਂਟਰ ਕਾਂਡ ਵਿਚ ਮਰਨ ਵਾਲ਼ਿਆਂ ਨਾਲ਼ ਤੇ ਉਹਨਾਂ ਦੇ ਪ੍ਰੀਵਾਰਾਂ ਨਾਲ਼ ਡੂੰਘੀ ਹਮਦਰਦੀ ਹੈ!" ਆਪਣੇ 'ਲੇਖਕ' ਹੋਣ ਬਾਰੇ ਮੈਂ ਕੁਛ ਵੀ ਨਾ ਦੱਸਿਆ ਅਤੇ ਗੱਲ ਛੁਪਾ ਗਿਆ। ਬੱਸ ਮੇਰੀ ਇਤਨੀ 'ਹਮਦਰਦੀ' ਜ਼ਾਹਿਰ ਕਰਨ ਦੀ 'ਦੇਰ' ਸੀ ਕਿ ਉਹ ਅੱਤਿਵਾਦੀਆਂ ਵਿਰੁੱਧ 'ਅੱਗ' ਉਗਲ਼ਣ ਲੱਗ ਪਈ।
-"ਤੁਸੀਂ ਮਾਨੁੱਖਤਾ ਦੇ ਦਰਦ ਨੂੰ ਕਾਫ਼ੀ ਡੂੰਘਾਈ ਨਾਲ਼ ਸਮਝਦੇ ਤੇ ਮਹਿਸੂਸ ਕਰਦੇ ਹੋææ!" ਮੈਂ ਉਸ ਨੂੰ ਰੋਕਣ ਦੇ ਰੌਂਅ ਵਿਚ ਕਿਹਾ। ਇਸ ਗੱਲ ਤੋਂ ਉਹ 'ਹੋਰ' ਭੜ੍ਹਕ ਪਈ ਅਤੇ ਅੱਗ ਦੀ ਜਗਾਹ ਹੁਣ ਜੁਆਲਾ ਮੁਖ਼ੀ ਦਾ 'ਲਾਵਾ' ਥੁੱਕਣ ਲੱਗ ਪਈ।
-"ਤੁਸੀਂ ਮੈਨੂੰ ਇੱਕ ਗੱਲ ਦੱਸੋ...?" ਮੈਂ ਵੀ ਆਪਣੇ ਤੀਰਾਂ ਵਾਲ਼ਾ ਭੱਥਾ ਸਿੱਧਾ ਮੂੰਹ ਪਰਨੇ ਕਰ ਲਿਆ।
-"ਪੁੱਛੋ...?"
-"ਮੈਨੂੰ ਮਰੇ ਹਰ ਨਿਰਦੋਸ਼ ਬੰਦੇ ਦਾ ਅਤੀਅੰਤ ਦੁੱਖ ਐ ਤੇ ਉਹਨਾਂ ਦੇ ਪ੍ਰੀਵਾਰਾਂ ਨਾਲ਼ ਹਮਦਰਦੀ! ਵਰਲਡ ਟਰੇਡ ਸੈਂਟਰ ਕਾਂਡ ਵਿਚ ਕਿੰਨੇ ਬੰਦੇ ਮਰੇ?"
-"ਕੋਈ ਤਿੰਨ ਕੁ ਹਜ਼ਾਰ...!"
-"ਤੇ ਇਰਾਕ ਤੇ ਅਫ਼ਗਾਨਿਸਤਾਨ ਵਿਚ ਹੁਣ ਤੱਕ ਕਿੰਨੇ ਕੁ ਲੋਕ ਮਰ ਗਏ ਹੋਣਗੇææ?"
-"ਕੋਈ ਲੱਖ਼...ਡੇੜ੍ਹ ਲੱਖ਼..!"
-"ਤੇ ਜੇ ਤੁਹਾਨੂੰ ਵਾਕਿਆ ਹੀ ਨਿਰਦੋਸ਼ ਮਾਨਵਤਾ ਦੇ ਮਰਨ 'ਤੇ ਦੁੱਖ ਮਹਿਸੂਸ ਹੁੰਦਾ ਹੈ, ਜਾਂ ਦਰਦ ਆਉਂਦਾ ਹੈ, ਤਾਂ ਤੁਸੀਂ ਇਰਾਕ ਜਾਂ ਅਫ਼ਗਾਨਿਸਤਾਨ ਵਿਚ ਨਿਰਦੋਸ਼ ਮਰਨ ਵਾਲ਼ਿਆਂ ਬਾਰੇ ਇੱਕ ਲਫ਼ਜ਼ ਵੀ ਨਹੀੰਂ ਬੋਲਿਆ...?"
-".........।" ਘਰਕੀਣ ਵਾਂਗ 'ਘੂੰ-ਘੂੰ' ਬੋਲਦੀ ਗੋਰੀ ਦਾ ਮੂੰਹ ਦਰਵਾਜੇ ਦੀ ਝੀਥ ਵਾਂਗ ਬੰਦ ਹੋ ਗਿਆ।
-"ਕੀ ਇਹ ਮਾਰੂ ਅਮਰੀਕਨ ਪਾਲਿਸੀ ਤਾਂ ਨਹੀਂ ਕਿ ਜੇ ਸਾਡੇ 'ਤੇ ਵਾਰ ਹੁੰਦਾ ਐ ਤਾਂ ਦੁਹੱਥੜੀਂ ਪਿੱਟੋ! ਜੇ ਦੂਜੇ ਮਰਦੇ ਐ ਤਾਂ ਚੁੱਪ ਵੱਟ ਕੇ ਤਮਾਸ਼ਾ ਦੇਖੋ..?"
-".........।" ਉਹ ਨਿਰੁੱਤਰ ਹੋ ਗਈ।
-"ਅਮਰੀਕਾ ਦਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਬਾਂਹਾਂ ਉਲਾਰ ਉਲਾਰ ਕੇ ਦਾਹਵੇ ਕਰਦਾ ਸੀ ਕਿ ਅਸੀਂ ਇਰਾਕ ਤੇ ਅਫ਼ਗਾਨਿਸਤਾਨ ਵਿਚ 'ਸ਼ਾਂਤੀ' ਸਥਾਪਿਤ ਕਰਨੀ ਚਾਹੁੰਦੇ ਆਂ, ਲੋਕਤੰਤਰ ਬਹਾਲ ਕਰਨਾ ਚਾਹੁੰਦੇ ਹਾਂ! ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਹੁਣ ਓਥੇ ਲੋਕਤੰਤਰ ਹੈ ਕਿ ਸ਼ਾਂਤੀ?"
-".........।" ਉਹ ਫ਼ੇਰ ਨਾ ਬੋਲੀ।
-"ਜੇ ਤੁਸੀਂ ਵਾਕਿਆ ਹੀ ਨਿਰਪੱਖ ਅਤੇ ਮਾਨੁੱਖਤਾ ਲਈ ਹਿਰਦੇ ਵਿਚ ਪੀੜ ਰੱਖਣ ਵਾਲ਼ੇ ਹੋ ਤਾਂ ਇਰਾਕ ਜਾਂ ਅਫ਼ਗਾਨਿਸਤਾਨ ਵਿਚ ਨਿਹੱਕੇ ਮਰਨ ਵਾਲ਼ਿਆਂ ਬਾਰੇ ਚੁੱਪ ਕਿਉਂ ਹੋ...? ਸਾਰੀ ਮਾਨਵਤਾ ਇੱਕੋ ਰੱਬ ਦੀ ਘੜੀ ਹੋਈ ਹੈ, ਉਹਨਾਂ ਬਾਰੇ ਵੀ ਕੋਈ ਲਫ਼ਜ਼ ਮੂੰਹੋਂ ਕੱਢੋææ? 9/11 ਕਾਂਡ ਤੋਂ ਤੁਰੰਤ ਬਾਅਦ ਅਮਰੀਕਾ ਵਿਚ ਹੀ ਇੱਕ ਪਗੜੀਧਾਰੀ ਸਿੱਖ ਬਲਬੀਰ ਸਿੰਘ ਦਾ ਕਤਲ ਹੋਇਆ, ਚਾਹੇ ਉਹ ਮੁਸਲਮਾਨਾਂ ਦੇ ਭੁਲੇਖੇ ਜਾਂ ਗਲਤ ਫ਼ਹਿਮੀ ਕਾਰਨ ਹੀ ਮਾਰਿਆ ਗਿਆ, ਪਰ ਸੀ ਤਾਂ ਉਹ ਵੀ ਨਿਰਦੋਸ਼....?"
-"ਉਹਦਾ ਕਤਲ ਕਰਨ ਵਾਲ਼ੇ ਨੂੰ ਤਾਂ ਸਜ਼ਾ ਵੀ ਹੋ ਗਈ!"
-"ਪਰ ਤੁਸੀਂ ਤਾਂ ਉਹਦੇ ਬਾਰੇ ਜ਼ੁਬਾਨ ਨਹੀਂ ਨਾ ਖੋਲ੍ਹੀ....? ਇਹ ਤਾਂ ਹੁਣ ਤੁਹਾਡੇ ਮੂੰਹੋਂ ਧੱਕੇ ਨਾਲ਼ ਕਢਵਾਇਆ ਗਿਐ...! ਨਾਲ਼ੇ ਗੋਰੇ ਨੂੰ ਸਜ਼ਾ ਹੋਣ ਨਾਲ਼ ਕਿਹੜਾ ਬਲਬੀਰ ਸਿੰਘ ਮੁੜ ਜ਼ਿੰਦਾ ਹੋ ਗਿਆ? ਬੱਚਿਆਂ ਨੂੰ ਬਾਪ ਮਿਲ਼ ਗਿਆ ਜਾਂ ਔਰਤ ਨੂੰ ਪਤੀ...? ਭੈਣਾਂ ਨੂੰ ਭਰਾ ਮਿਲ਼ ਗਿਆ ਜਾਂ ਮਾਂ ਨੂੰ ਪੁੱਤ..? ਤੁਸੀਂ ਆਪਣੇ ਆਪ ਤਾਂ ਕੋਈ ਲਫ਼ਜ਼ ਨਹੀਂ ਉਚਾਰਿਆ...? ਜੇ ਤੁਸੀਂ ਸਮੁੱਚੀ ਮਾਨੁੱਖਤਾ ਦਾ ਦਰਦ ਦਿਲ ਵਿਚ ਰੱਖਦੇ ਹੋ ਤਾਂ ਬਲਬੀਰ ਸਿੰਘ ਵਰਗੇ ਅਤੇ ਇਰਾਕ ਅਫ਼ਗਾਨਿਸਤਾਨ ਵਿਚ ਮਰਨ ਵਾਲ਼ੇ ਵੀ ਮਾਨੁੱਖਤਾ ਦੀ ਕਤਾਰ ਵਿਚ ਹੀ ਆਉਂਦੇ ਨੇ...!"
-".........।"
-"ਫ਼ਲਸਤੀਨ 'ਤੇ ਦੋ ਮਹੀਨੇ ਇਜ਼ਰਾਈਲ ਦੀ ਅੱਗ ਵਰ੍ਹਦੀ ਰਹੀ, ਦਿਨ ਦਿਹਾੜੇ ਰਾਕਟ ਡਿੱਗਦੇ ਸਾਰੀ ਦੁਨੀਆਂ ਨੇ ਦੇਖੇ, ਨਿਰਦੋਸ਼ ਲਹੂ-ਲੁਹਾਣ ਹੁੰਦੇ ਮਰਦੇ ਰਹੇ, ਦੱਸੋ ਤੁਹਾਡੇ ਅਮਰੀਕਾ ਨੇ ਕੀ ਕੀਤਾ....? ਹੋਰ ਤਾਂ ਹੋਰ, ਤੁਸੀਂ ਤਾਂ ਹਾਅ ਦਾ ਨਾਅਰਾ ਵੀ ਨਹੀਂ ਮਾਰ ਸਕੇ....? ਮੈਂ ਇਸ ਨੂੰ ਬਰਾਬਰਤਾ ਸਮਝਾਂ ਕਿ ਵਿਤਕਰਾ...? ਮਾਨਵਤਾ ਦੀ ਕਦਰ ਸਮਝਾਂ ਕਿ ਘਾਣ....? ਕੀ ਓਥੇ ਨਿਰਦੋਸ਼ ਨਹੀਂ ਮਰਦੇ ਰਹੇ....? ਸਾਡੇ ਭਾਰਤ ਦੀ ਤਾਂ ਗੱਲ ਹੀ ਛੱਡੋ, ਮੈਨੂੰ ਇਹਨਾਂ ਦੇਸ਼ਾਂ ਬਾਰੇ ਹੀ ਉੱਤਰ ਦੇ ਦਿਓ...!"
-"........।" ਉਹ ਫ਼ਿਰ ਚੁੱਪ ਰਹੀ।
-"ਮੈਨੂੰ ਹੁਣ ਤੱਕ ਇੱਕ ਗੱਲ ਦੀ ਸਮਝ ਨਹੀਂ ਆਈ....?"
-"ਕਿਹੜੀ ਦੀ.....?" ਉਹ ਨਿਰਾਸ਼, ਪਰ ਉਤਸੁਕਤਾ ਨਾਲ਼ ਤੱਟ-ਫ਼ੱਟ ਬੋਲੀ।
-"ਮੈਨੂੰ ਇਸੇ ਗੱਲ ਦੀ ਸਮਝ ਨਹੀਂ ਆਈ ਕਿ ਕਿਸੇ ਵੀ ਦੇਸ਼ ਜਾਂ ਕਿਸੇ ਵੀ ਕੌਮ ਦੀ ਕਿਸਮਤ ਦਾ ਫ਼ੈਸਲਾ ਵਾਸ਼ਿੰਗਟਨ ਵਿਚ ਹੀ ਕਿਉਂ ਹੁੰਦੈææ? ਇਰਾਕ ਅਫ਼ਗਾਨਿਸਤਾਨ ਵਿਚ ਸ਼ਾਂਤੀ ਪੈਦਾ ਕਰਦੇ-ਕਰਦੇ ਅਮਰੀਕਾ ਨੂੰ ਤਾਂ ਹੁਣ ਆਪ ਨੂੰ ਭੱਜਣ ਦਾ ਬਹਾਨਾ ਵੀ ਨਹੀਂ ਮਿਲ਼ਦਾ, ਕਿ ਕਿਹੜਾ ਬਹਾਨਾ ਲਾ ਕੇ ਅਫ਼ਗਾਨਿਸਤਾਨ ਜਾਂ ਇਰਾਕ ਵਿਚੋਂ ਫ਼ੌਜਾਂ ਕੱਢੀਆਂ ਜਾਣ....? ਇਹ ਤਾਂ ਸਾਰੇ ਸਟੰਟ ਸੀ, ਅਸਲ ਜੰਗ ਤਾਂ ਤੇਲ ਵਾਸਤੇ ਸੀ, ਪਰ ਪੈ ਗਈ ਪੁੱਠੀ....! ਰੋਜ਼ੇ ਬਖ਼ਸ਼ਾਉਣ ਗਿਆਂ ਦੇ ਨਮਾਜ਼ਾਂ ਗਲ਼ ਪੈ ਗਈਆਂ...! ਇਰਾਕ ਤੇ ਅਫ਼ਗਾਨਿਸਤਾਨ ਜੰਗ ਨੇ ਤਾਂ ਯੂਰਪ ਦੇ ਮੁਲਕਾਂ ਨੂੰ 'ਮੰਦਹਾਲੀ' ਦੀ ਭੱਠੀ ਵਿਚ ਝੋਕ ਦਿੱਤਾ...! ਜਿਹੜਾ ਪੈਟਰੋਲ ਅਮਰੀਕਾ ਕੈਨੇਡਾ ਵਿਚ ਇਕ ਡਾਲਰ ਨੂੰ ਲੀਟਰ ਮਿਲ਼ ਰਿਹਾ ਹੈ, ਉਹੀ ਪੈਟਰੋਲ ਇੰਗਲੈਂਡ ਵਿਚ ਦੁੱਗਣੀ ਕੀਮਤ, ਜਾਣੀਂ ਇੱਕ ਪੌਂਡ ਵੀਹ ਪੈਂਸ ਦੇ ਮੁੱਲ ਮਿਲਦੈ, ਅਜੇ ਪਤਾ ਨਹੀਂ ਕਿੱਥੇ ਜਾ ਕੇ ਫ਼ੁੱਲ-ਸਟਾਪ ਲੱਗੇ...? ਯੂਰਪ ਨੂੰ ਰਿਸੈਸ਼ਨ ਦੀ ਭੱਠੀ 'ਚ ਝੋਕ, ਕੀ ਇਹੀ ਅਮਰੀਕਾ ਦੀ ਪ੍ਰਾਪਤੀ ਹੈ..?"
-".......।" ਉਹ ਚੁੱਪ ਕਰ ਗਈ ਅਤੇ ਕਿਤੇ ਦੂਰ ਸੀਟ 'ਤੇ ਜਾ ਬੈਠੀ।
(ਚਲਦਾ.....ਬਾਕੀ ਅਗਲੇ ਹਫ਼ਤੇ)