ਪ੍ਰੋ ਭੁੱਲਰ ਅਤੇ ਭਾਈ ਖੇੜਾ ਦੀ ਪੈਰੋਲ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦਾ ਨਤੀਜਾ: ਭਾਈ ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਸਿੱਖ ਸੰਘਰਸ਼ ਦੇ ਦੋ ਅਹਿਮ ਆਗੂਆਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੇੜਾ ਦੀ ਦੋ ਦਹਾਕਿਆਂ 'ਤੋਂ ਵੱਧ ਦਾ ਸਮਾਂ ਜ਼ੇਲ੍ਹ ਕੱਟਣ ਬਾਅਦ ਮਿਲੀ ਰਿਹਾਈ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦਾ ਨਤੀਜਾ ਹੈ। 
ਉਪਰੋਕਤ ਦੋਨਾਂ ਸਿੰਘਾਂ ਦੀ ਪੈਰੋਲ ਤੇ ਕੁੱਝ ਦਿਨਾਂ ਲਈ ਹੋਈ ਰਿਹਾਈ ਬਾਰੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਫਰਾਂਸ ਦੀ ਰਾਜਧਾਨੀ ਪੈਰਿਸ 'ਤੋਂ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਪੰਜਾਬ ਸਰਕਾਰ 'ਤੋਂ ਮੰਗ ਕੀਤੀ ਹੈ ਕਿ ਉਹ ਇਹਨਾਂ ਦੋਨਾਂ ਸਿੰਘਾਂ ਸਮੇਤ ਬਾਕੀ ਬੰਦੀ ਸਿੰਘਾਂ ਦੀ ਵੀ ਪੱਕੀ ਰਿਹਾਈ ਕਰ ਕੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਖਤਮ ਕਰਵਾਉਣ ਵਿੱਚ ਦਿਲਚਸਪੀ ਦਿਖਾਵੇ। 
ਭਾਈ ਪੈਡਰੋ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਬੇਸੱਕ ਵਿਧਾਨ ਸਭਾ ਚੋਣਾ ਨੇੜੇ ਆ ਰਹੀਆਂ ਹੋਣ ਕਾਰਨ ਬਾਦਲ ਸਾਹਿਬ ਪੰਥਕ ਪੱਤਾ ਖੇਡਣ ਲਈ ਸਿੱਖ ਮੰਗਾਂ ਦੇ ਹੱਲ ਲਈ ਅਵਾਜ਼ ਉਠਾਉਣ ਦਾ ਢੰਕਵੰਜ ਕਰਨਗੇ ਪਰ ਚਿਰਾਂ 'ਤੋਂ ਜ਼ੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਲਈ ਇਹ ਇੱਕ ਵੱਡੀ ਰਾਹਤ ਹੈ। ਭਾਈ ਪੈਡਰੋ ਮੁਤਾਬਕ ਬੇਸੱਕ ਬਾਦਲ ਪਰਿਵਾਰ ਅਪਣੇ ਆਪ ਨੂੰ ਸਿੱਖਾਂ ਦਾ ਸਭ 'ਤੋਂ ਵੱਡਾ ਹਿਮਾਇਤੀ ਅਤੇ ਮੋਢੀ ਦਰਸਾਉਣ ਦੀ ਕੋਈ ਕਸਰ ਬਾਕੀ ਨਹੀ ਛਡਦਾ ਪਰ ਸਿੱਖ ਮੈਰਿਜ ਐਕਟ ਲਿਆਉਣ ਦਾ ਸਿਹਰਾ ਪਹਿਲੀ ਵਾਰ ਸੰਸਦ ਮੈਂਬਰ ਬਣੇ ਡਾਕਟਰ ਧਰਮਵੀਰ ਗਾਂਧੀ ਲੈ ਗਏ ਹਨ। ਡਾਕਟਰ ਗਾਂਧੀ ਵੱਲੋਂ ਸਿੱਖ ਮੈਰਿਜ ਐਕਟ ਪਾਸ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਸਿਰਤੋੜ ਕੋਸ਼ਿਸਾਂ ਬਾਦਲ ਪਰਿਵਾਰ ਦੇ ਸਿੱਖ ਹਿਤੈਸ਼ੀ ਕਹਾਉਣ ਤੇ ਪ੍ਰਸ਼ਨ ਚਿੰਨ ਲਗਾਉਦੀਆਂ ਹਨ ਕਿ ਉਹ ਆਰ ਐਸ ਐਸ ਦੇ ਢਹੇ ਚੜ ਕਿਵੇਂ ਸਿੱਖ ਕੌਂਮ ਦੀਆਂ ਸਧਾਰਨ ਮੰਗਾਂ ਵੀ ਹੱਲ ਕਰਵਾਉਣ ਦੀ ਜਗ੍ਹਾ ਲਮਕਾਉਦਾ ਰਿਹਾ ਹੈ।