ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਪੱਛਮ ਦੀ ਭੱਜ-ਦੌੜ ਵਾਲੀ ਜਿੰਦਗੀ ਵਿਚੋਂ ਕੁੱਝ ਪਲ ਗਰੂਘਰ ਦੀ ਸੰਗਤ ਕਰਨ ਦੇ ਚਾਹਵਾਨ ਸਿੱਖ ਕੋਈ ਨਾਂ ਕੋਈ ਵਸੀਲਾ ਲੱਭ ਹੀ ਲੈਂਦੇ ਹਨ। ਇਸੇ ਤਰਾਂ ਬੈਲਜ਼ੀਅਮ ਦੇ ਸਮੁੰਦਰੀ ਤੱਟ 'ਤੇ ਵਸੇ ਖ਼ੂਬਸੂਰਤ ਸ਼ਹਿਰ ਕਨੋਕੇ ਦੀਆਂ ਸੰਗਤਾਂ ਵੱਲੋਂ ਹੰਭਲਾਂ <-more->ਮਾਰਦਿਆਂ ਇੱਕ ਹਾਲ ਕਿਰਾਏ ਤੇ ਲੈ ਕੇ ਹਫਤਾਵਾਰੀ ਸਮਾਗਮ ਕਰਵਾਏ ਜਾਂਦੇ ਹਨ। ਕਨੋਕੇ ਇੱਕ ਸੈਲਾਂਨੀ ਇਲਾਕਾ ਹੋਣ ਕਾਰਨ ਇਥੇ ਵਸਦੇ ਜਿਆਦਾਤਰ ਪੰਜਾਬੀ ਰੈਸਟੋਰੈਟਾਂ ਵਿੱਚ ਕੰਮ ਕਰਦੇ ਹਨ ਸੋ ਇਸ ਕਰਕੇ ਉਹ ਐਤਵਾਰ ਦੀ ਬਜਾਏ ਬੁੱਧਵਾਰ ਨੂੰ ਹੀ ਹਫਤਾਵਾਰੀ ਦੀਵਾਨ ਸਜਾ ਕੇ ਗੁਰੂਘਰ ਨਤਮਸਤਕ ਹੁੰਦੇ ਹਨ। ਪਿਛਲੇ ਚਾਰ ਸਾਲਾਂ 'ਤੋਂ ਇਹ ਕਾਰਜ ਚੱਲ ਰਿਹਾ ਹੈ, ਪਹਿਲਾਂ ਮਹੀਨਾਂਵਾਰ ਸੀ ਤੇ ਹੌਲੀ-ਹੌਲੀ ਹਫਤਾਵਾਰੀ ਹੋ ਗਿਆ।
ਕੱਲ ਦੇ ਇਸ ਹਫਤਾਵਾਰੀ ਸਮਾਗਮ ਵਿੱਚ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਸਥਾਨਕ ਸੰਗਤ 'ਤੋਂ ਇਲਾਵਾ ਦੂਰੋਂ ਆਈਆਂ ਸੰਗਤਾਂ ਨੇ ਵੀ ਹਾਜਰੀਆਂ ਭਰੀਆਂ। ਗੁਰੂਘਰ ਦੇ ਵਜੀਰ ਭਾਈ ਸੰਤੋਖ ਸਿੰਘ ਹੋਰਾਂ ਨੇ ਗੁਰਬਾਣੀ ਵਿਚਾਰਾਂ ਕਰਦਿਆਂ ਦੇਸ-ਪ੍ਰੇਦੇਸ਼ ਵਸਦੇ ਸਿੱਖ ਭਾਈਚਾਰੇ ਨੂੰ ਅਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਲੜ ਲਾਉਣ ਲਈ ਪ੍ਰੇਰਤ ਕਰਨ ਹਿੱਤ ਗੁਰਬਾਣੀ ਵਿੱਚੋਂ ਅਤੇ ਪੁਰਾਤਨ ਸਿੱਖ ਆਗੂਆਂ ਦੀਆਂ ਅਨੇਕਾਂ ਉਦਾਹਨਾ ਦੇ ਕੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦਾ ਹੋਕਾ ਦਿੱਤਾ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਥਾਨਕ ਬੱਚਿਆਂ ਵੱਲੋਂ ਮੂਲ ਮੰਤਰ ਦਾ ਜਾਪ ਕੀਤਾ ਗਿਆ। ਸ੍ਰੀ ਅਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਬਾਅਦ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਜਿਕਰਯੋਗ ਹੈ ਕਿ ਜਲਦੀ ਹੀ ਇਹ ਕਿਰਾਏ ਵਾਲੀ ਇਮਾਰਤ ਮੁੱਲ ਖਰੀਦ ਕੇ ਗੁਰਦਵਾਰਾ ਸਾਹਿਬ ਪੱਕੇ ਤੌਰ ਤੇ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਪੱਛਮੀ ਫਲਾਂਨਦਰਨ ਸੂਬੇ ਦੀਆਂ ਸੰਗਤਾਂ ਹਰ ਹਫਤੇ ਗੁਰਦਵਾਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਨ ਦੀਦਾਰੇ ਕਰ ਸਕਣ।