'ਬਾਪੂ ਤੇਲੇ ਪੈਲ ਮਿੱਤੀ ਨਾਲ ਗੰਦੇ ਹੋਗੇ '........ ਗੁਰਜੀਤ 'ਚੱਕ ਬਖਤੂ'

ਉਹ ਸਵੇਰ
ਅੱਜ ਕਿਸਨਾ ਬਹੁਤ ਖੁਸ਼ ਹੈ ਖੁਸ਼ ਹੋਵੇ ਵੀ ਕਿਉਂ ਨਾ ? ਪੜ ਲਿਖਕੇ ਲੈਕਚਰਾਰ ਲੱਗੀ ਉਸਦੀ ਧੀ ਕਿੰਦੀ ਨੇ ਉਸਦੇ ਘਰ ਦੀ ਨੁਹਾਰ ਹੀ ਬਦਲ ਕੇ ਰੱਖ
ਦਿੱਤੀ ਸੀ ਕਿੰਦੀ ਦੀ ਕਮਾਈ ਨਾਲ ਅੱਜ ਕਿਸਨੇ ਦਾ ਕੱਚਾ ਮਕਾਨ ਪੱਕਾ ਬਣ ਗਿਆ ਸੀ ਕਿਸਨੇ ਨੇ ਆਪਣਾ ਗਹਿਣੇ ਪਿਆ ਮੜੀ ਵਾਲਾ ਖੇਤ ਛੁਡਾ
ਲਿਆ ਸੀ ਤੇ ਨਾਲ ਹੀ ਦੋ ਵੱਡੀਆਂ ਕੁੜੀਆਂ ਦਾ ਵਿਆਹ ਵੀ ਕਰ ਦਿੱਤਾ ਸੀ
ਆਪਣੇ ਗੁਆਂਢੀ ਰਤੀਏ ਵੱਲ ਦੇਖਕੇ ਉਸ ਦਾ ਸਿਰ ਮਾਣ ਨਾਲ ਹੋਰ ਉੱਚਾ ਹੋ ਜਾਂਦਾ ਹੈ ਕਿਉਂਕਿ ਰਤੀਏ ਦੇ ਦੋ ਸ਼ਰਾਬੀ- ਕਬਾਬੀ ਮੁੰਡੇ ਰਤੀਏ ਦੀ
ਸਾਰੀ ਜਮੀਨ ਬੈਅ ਕਰ ਚੁੱਕੇ ਹਨ
' ਅੱਜ ਦੇ ਜਮਾਨੇ ਵਿੱਚ ਕੁੜੀਆਂ ਹਰ ਕੰਮ ਵਿੱਚ ਮੁੰਡਿਆਂ ਨਾਲੋ ਅੱਗੇ ਚੱਲ ਰਹੀਆਂ ਹਨ ਇਹ ਸੋਚਕੇ ਕਿਸਨਾ ਬਹੁਤ ਖੁਸ਼ ਹੁੰਦਾ
ਪਰ ਅੱਜ ਵੀ ਉਹ ਸਵੇਰ ਯਾਦ ਕਰਕੇ ਕਿਸਨੇ ਦੀ ਰੂਹ ਕੰਬ ਜਾਂਦੀ , ਜਦੋਂ ਚੌਥੀ ਕੁੜੀ ਜੰਮਣ ਤੇ ਫਿਕਰਾਂ ਵਿੱਚ ਡੁੱਬੇ ਕਿਸਨੇ ਨੇ ਆਪਣੀ ਦਾਦੀ ਦੇ ਕਹਿਣ ਤੇ ਤੀਸਰੇ
ਨੰਬਰ ਤੇ ਜੰਮੀਂ ਢਾਈ ਸਾਲਾ ਕਿੰਦੀ ਨੂੰ ਗਲਾ ਘੁੱਟਕੇ ਮਾਰਨ ਦਾ ਫੈਸਲਾ ਕਰ ਲਿਆ ਸੀ ਪੋਹ ਮਾਘ ਦੀ ਠੰਢੀ ਸਵੇਰ ਵਿੱਚ ਉਹ ਆਪਣੇ ਖੇਤ ਵਿੱਚ ਟੋਆ ਪੁੱਟ ਰਿਹਾ ਸੀ
ਤਾਂ ਕਿ ਮਾਰਨ ਤੋਂ ਬਾਅਦ ਕਿੰਦੀ ਨੂੰ ਓਥੇ ਹੀ ਦਫਨ ਕੀਤਾ ਜਾ ਸਕੇ
' ਬਾਪੂ ਤੇਲੇ ਪੈਲ ਮਿੱਤੀ ਨਾਲ ਗੰਦੇ ਹੋ ਗੇ ' ਤੋਤਲੀ ਅਵਾਜ਼ ਵਿੱਚ ਬੋਲਦੀ ਹੋਈ ਕਿੰਦੀ ਨੇ ਕੰਬਦੇ ਹੱਥਾਂ ਨਾਲ ਕਿਸਨੇ ਦੇ ਪੈਰਾਂ ਤੋਂ ਮਿੱਟੀ ਝਾੜਨੀ ਸੁਰੂ ਕਰ ਦਿੱਤੀ
ਸੀ ਉਸੇ ਵਕਤ ਕਿਸਨੇ ਨੇ ਕਹੀ ਦੂਰ ਵਗਾਕੇ ਮਾਰੀ ਤੇ ਕਿੰਦੀ ਨੂੰ ਚੁੱਕ ਸੀਨੇ ਨਾਲ ਲਾ ਲਿਆ ਸੀ
' ਮੈਥੋਂ ਕਿੰਡਾ ਅਨਰਥ ਹੋ ਜਾਣਾ ਸੀ ' ਇਹ ਸੋਚਦਿਆਂ ਹੋਇਆਂ ਅੱਜ ਵੀ ਕਿਸਨੇ ਦੀਆਂ ਭੁੱਬਾਂ ਨਿਕਲ ਜਾਂਦੀਆਂ ਹਨ
ਗੁਰਜੀਤ 'ਚੱਕ ਬਖਤੂ' ਉਤਲੀ ਪੱਤੀ