ਕਰਮਨ ਕੀ ਗਤ ਨਿਆਰੀ....ਨਾਵਲ ਭਾਈ ਅਜੈਬ ਸਿੰਘ ਸਿੱਧੂ (ਚੱਕ ਬਖਤੂ) ...ਭਾਗ ਦੂਜਾ


ਪੰਡਤ ਆ ਗਿਆ। ਸਾਰਿਆਂ ਦੀ ਜਾਨ ਚ ਜਾਨ ਆਈ। ਦੱਸਿਆ ਕਿ ਏਥੋਂ ਈਰਾਨ ਦਾ ਵੀਜ਼ਾ ਤਾਂ ਲੱਗਿਆ ਨਹੀਂ।ਹੁਣ ਤਾਂ ਏਹੀ ਐ ਬਈ ਆਪਾਂ ਡੰਕੀ ਮਾਰਚ ਕਰੀਏ। ਡੰਕੀ ਫਲਾਈਟ ਨਾਲ ਆਪਾਂ ਈਰਾਨ ਵਿੱਚ ਚੋਰ ਮੋਰੀ ਰਾਹੀਂ ਜਾ ਵੜਾਂਗੇ।
ਮੁੰਡਿਆਂ ਨੂੰ ਕੀ ਪਤਾ ਡੰਕੀ ਫਲਾਈਟ ਕੀ ਹੁੰਦੀ ਹੈ।ਕੀ ਜਾਨਣ ਕਿ ਇਹ ਕੰਮ ਜਾਨ ਜੋਖੋਂ ਵਿੱਚ ਪਾਉਣ ਵਾਲੀ ਹੈ। ਜਾਨ ਭੀ ਜਾ ਸਕਦੀ ਹੇ। ਰੇਤਾ ਹੀ ਰੇਤਾ ਹੈ ਜੀਪਾਂ ਵਿੱਚ ਜਾਣਾ ਏ। ਪਾਣੀ ਦੀ ਬੂੰਦ ਨਹੀਂ ਮਿਲਦੀ ਕਿਤੇ। ਅੰਨ ਦਾ ਤੁਖਣਾ ਨਸੀਬ ਨਹੀਂ ਹੁੰਦਾ। ਪਰ ਪੌਡਾਂ ਦੀ ਖਿੱਚ ਤੁਣਕੇ ਮਾਰਰਹੀਹੈ। ਇਹਨਹੀ ਪੱਟੀ ਬੱਜਣ ਦਿੰਦੀ।ਸਾਰਿਆਂ ਨੇ 'ਹਾਂ' ਕਰ ਦਿੱਤੀ। ਦਿਨ ਨੀਯਤ ਹੋ ਗਿਆ।ਲੱਗੇ ਸਾਰੇ ਕੱਛਾਂ ਬਜੌਣ,ਸੋਚਣ ਜੀਪਾਂ ਵਿੱਚ ਜਾਵਾਂਗੇ ਮੌਜ਼ ਨਾਲ ਹੱਸਦੇ ਖੇਡਦੇ।

ਨੀਯਤ ਦਿਨ ਇੱਕ ਯੌਂਗਾ ਆ ਗਿਆ। ਕਿਸੇ ਲੋਕਲ ਬੰਦਿ ਨਾਲ ਗਿੱਟ ਮਿੱਟ ਕਰ ਲਈ ਸੀ ਪੰਡਤ ਨੇ। ਪਠਾਣ ਲੋਕ ਅਜੇਹਾ ਕੰਮ ਚੰਗੀ ਰਕਮ ਲੈ ਕੇ ਕਰਦੇ ਰਹਿੰਦੇ ਹਨ।ਉਨ੍ਹਾ ਦਾ ਇਹ ਕਾਰੋਬਾਰ ਹੈ।
ਸਾਰਿਆਂ ਨੂੰ ਇੱਕ ਕੇਨੀ ਪਾਣੀ ਦੀ ਦੇ ਦਿੱਤੀ ਗਈ। ਇਹ ਭੀ ਦੱਸ ਦਿੱਤਾ ਕਿ ਰਸਤੇ ਚ ਕਿਤੇ ਪਾਣੀ ਨਹੀਂ ਮਿਲੇਗਾ,ਬਸ ਏਸੇ ਨਾਲ ਹੀ ਸਾਰਨਾ ਹੈ,ਇੱਕ ਦਿਨ ਤੇ ਦੋ ਰਾਤਾਂ।
ਯੌਂਗੇ ਵਾਲਾ ਚੰਗਾ ਲੱਠ ਮਾਰ ਪਠਾਣ ਸੀ। ਨਾਲ ਉਸਦੇ ਹੋਰ ਦੋ ਹੱਟੇ ਕੱਟੇ ਨੌਜਵਾਨ ਸਨ।ਉਨ੍ਹਾ ਨੇ ਇਸ਼ਾਰਿਆਂ ਨਾਲ ਹੀ ਸਮਝਾ ਦਿੱਤਾ ਕਿ ਰਸਤੇ ਚ ਜੇ ਕਿਸੇ ਨੇ ਗੜਬੜ ਕੀਤੀ ਪਟਿਆਂ ਨਾਲ ਮੁਰੰਮਤ ਕੀਤੀ ਜਾਏਗੀ। ਡਰੇ ਕੁੱਝ ਮੁੰਡੇ,ਪਰ ਸਵਰਗੀ ਸੁਪਨੇ ਸਾਹਸ ਬਨੌਂਦੇ ਸਨ। ਸਾਠੀਆਂ ਦਾ ਸਾਠ ਛੱਡਣਾ ਭੀ ਔਖਾ ਹੁੰਦਾ ਹੈ। ਕੌਣ ਅਜੇਹਾ ਕਰਕੇ ਛੋਟਾ ਹੋਣਾ ਲੋਚਦਾ ਹੈ। ਸੂਰਜ ਛੁਪਾ ਨਾਲ ਯੌਂਗਾ ਚੱਲ ਪਿਆ।
ਪਹਿਲਾਂ ਤਾਂ ਕੋਈ 40 ਮੀਲ ਪੱਕੀ ਸੜਕ ਤੇ ਚੱਲੇ ਬੜੀਆਂ ਬਾਘੀਆਂ ਪੌਂਦੇ ਜਾਣ ਸਾਰੇ। ਪਰ ਇਥੇ ਖੁਸ਼ਕ ਪਹਾੜੀ ਨੁਕਰੋਂ ਸੜਕ ਛੱਡ ਦਿੱਤੀ। ਅੱਗੇ ਪੁਲਿਸ ਚੌਂਕੀ ਹੈ। ਕੱਚੇ ਰਸਤੇ ਚੱਲਣ ਲੱਗੇ।ਰਸਤਾ ਪਥਰੀਲਾ ਹੈ। ਬਰੀਕ ਬੱਜਰੀ ਜੇਹੀ ਉਪਰ ਲੰਘਦਾ ਯੌਂਗਾ ਅਜੀਬ ਆਵਾਜ਼ ਪੈਦਾ ਕਰਦਾ ਹੈ।ਗਰਮੀ ਵੱਧ ਰਹੀ ਹੈ। ਪਿਆਸ ਲੱਗ ਰਹੀ ਹੈ। ਹੁਣ ਤੇ ਰੇਤ ਹੀ ਰੇਤ ਹੈ।
ਪੰਜਾਬ ਦੇ ਠੰਡੇ ਪਾਣੀਆਂ ਚ ਪਲੇ ਨੌਜਵਾਨ ਕੇਨੀ ਪਾਣੀ ਨਾਲ ਕਿਵੇਂ ਗੁਜ਼ਾਰਾ ਕਰਦੇ। ਕੇਨੀ ਤਾਂ ਇੰਨ੍ਹਾਂ ਦੇ ਇਕ ਵਾਰ ਦੀ ਪਿਆਸ ਬਝੌਣ ਜੋਗੀ ਭੀ ਨਹੀਂ ਹੈ।ਰਾਤ ਨੂੰ ਹੀ ਬੁੱਲ੍ਹ ਗਿੱਲੇ ਕਰਦਿਆਂ ਅੱਧੀ ਕਰ ਦਿੱਤੀ। ਨੀਂਦ ਤਾਂ ਇੰਜ ਜਾਪੇ ਜਿਵੇਂ ਪੰਜਾਬ ਹੀ ਛੱਡ ਆਏ ਹੋਣ। ਕੋਈ ਨਹੀਂ ਸੁੱਤਾ। ਸੜਕ ਤੇ ਬਾਲੋ ਮਿਰਜ਼ਾ ਗਾਂਉਦੇ ਆਂਉਦੇ ਸਨ। ਹੁਣ ਤੇ ਜਬਾਨ ਤਾਲੂਏ ਨਾਲ ਲਗਦੀ ਜਾਂਦੀ ਸੀ। ਬਸ ਬੁੱਲ੍ਹ ਗਿੱਲੇ ਕਰ ਲੈਂਦੇ ਸਨ।ਪਹਿਲੀ ਸਾਤ ਕੁੱਝ ਔਖ ਸੌਖ ਨਾਲ ਲੰਘ ਗਈ।
ਸੂਰਜ ਨੇ ਭਾਅ ਮਾਰੀ। ਬਿਲਕੁਲ ਪਛਾੜੀ ਤੋਂ। ਆਸੇ ਪਾਸੇ ਕੁਝ ਨਜਰ ਔਣ ਲੱਗਾ। ਰਾਤ ਚਾਹੇ ਕਿੰਨੀਆਂ ਔਖਾਂ ਵਿੱਚ ਕੱਟੀ ਹੋਏ ਸੂ੍ਰਜ ਦਾ ਉਭਾਰ ਮਨ ਵਿਚੱ ਕੁਝ ਉੱਤਸ਼ਾਹ ਜ਼ਰੂਰ ਭਰ ਦਿੰਦਾ ਹੈ । ਇਨ੍ਹਾਂ ਦੇ ਹੌਂਸਲੇ ਭੀ ਕੁਝ ਵਧੇ । ਰੇਤਲੇ ਮੈਦਾਨ ਵਿੱਚ ਦੀ ਰਸਤਾ ਹੈ ਜਿਸ ਤੋ ਪਠਾਣ ਬਾਕਫ ਹਨ । ਕਿਤੇ ਸਖਤ ਮਿੱਟੀ ਭੀ ਆ ਜਾਂਦੀ ਹੈ ਜਿਸ ਵਿੱਚ ਤਿੰਨ ਤਿੰਨ ਚਾਰ ਚਾਰ ਇੰਚ ਚੌੜੀਆਂ ਤਰੇੜਾਂ ਹਨ । ਇੰਨ
ਤਰੇੜਾਂ ਵਿੱਚ ਇਕ ਖਾਸ ਕਿਸਮ ਦੇ ਕੀੜੇ ਤੇ ਭੂੰਡੀਆਂ ਹਨ । ਜੋ ਬੰਦੇ ਨੂੰ ਮਜ਼ੇ ਨਾਲ ਕੱਟਦੀਆਂ ਹਨ ।
ਸੂਰਜ ਹੋਰ ਉਚੇਰਾ ਹੋ ਗਿਆ ਹੈ । ਗਰਮੀ ਭੀ ਨਾਲ ਦੀ ਨਾਲ ਵਧੇਰੇ ਹੁਦੀ ਔਦੀ ਹੈ । ਨਾਲ ਲਿਆਂਦੀ ਚੂਨ ਭੂਨ ਖਾਧੀ ਗਈ । ਪਾਣੀ ਪੀਤਾ ਤਾਂ ਕੇਨੀਆਂ ਖਾਲੀ ਹੋ ਗਈਆਂ । ਖਾਣ ਕਰਕੇ ਤੇ ਜਲ ਪੀ ਕੇ ਦਮ ਅਜੇ ਤਾਜ਼ਾ ਹਨ ।
ਲੌ ਜੌਂਗਾ ਖਰਾਬ ਹੋ ਗਿਆ । ਧੁੱਪ ਹੈ । ਠੀਕ ਕਰ ਰਹੇ ਹਨ ਪਾਠਣ । ਪਰ ਘੰਟਾ ਤਾਂ ਐਵੇਂ ਹੀ ਲੱਗ ਗਿਆ । ਰੇਤ ਤਪ ਉੱਠੀ। ਛਾਂ ਕਿਤੇ ਦੇਖਣ ਨੂੰ ਭੀ ਨਹੀਂ ਹੈ । ਪਿਆਸ ਪੋਲ ਪਲੀ ਜ਼ੋਰ ਪਾ ਰਹੀ ਹੈ । ਬਹਿਬਲ ਹੁੰਦੇ ਜਾ ਰਹੇ ਨੇ ਮੰਡੇ । ਅੰਦਰ ਸਭ ਦੇ ਦੁੱਖ ਹੈ । ਪਰ ਪ੍ਰਗਟ ਕੋਈ ਨਹੀਂ ਕਰ ਰਿਹਾ । ਨਾਰਾਜ਼ ਕਿਸਮਤ ਅਸਮਾਨ ਵਿੱਚ ਮੂੰਹ ਵੱਟੀ ਇਨ੍ਹਾਂ ਵੱਲ ਦੇਖ ਰਹੀ ਹੈ । ਮਾਂ ਬਾਪ ਦੇ ਲਾਡਲੇ ਬਲਦੇ ਦੇ ਬੱਥੇ ਵਿੱਚ ਹਨ ।
ਜੌਂਗੇ ਦੇ ਮਾਲਕ ਨੇ ਹੁਕਮ ਚਾੜ੍ਹਿਆ ਕਿ ਏਥੋਂ ਪੈਦਲ ਚੱਲੋ । ਔਹ ਸਾਹਮਣੇ ਦਾ ਪਹਾੜ ਪਾਰ ਕਰਕੇ ਅੱਗੇ ਕੱਚੀ ਸੜਕ ਹੈ ਉਸ ਥਾਂ ਜਾ ਕੇ ਬੈਠ ਜਾਉ । ਉਹ ਜੌਂਗਾ ਠੀਕ ਕਰਕੇ ਆ ਪਹੁੰਚਣਗੇ । ਵਾਹ ਰੀ ਕਿਸਮਤ ਤੂੰ ਪੈਂਦੀ ਤੇ ਪੈਂਦੀ ਹੈਂ । ਅੱਗੇ ਪਿਆਸ ਦਾ ਦੁੱਖ ਸੀ , ਪੈਦਲ ਚਲਣ ਦਾ ਤਾਂ ਨਹੀਂ ਸੀ । ਹੁਣ ਇਹ ਭੀ ਆ ਪੇਸ਼ ਪਿਆ । ਕੀ ਕਰਦੇ ਇਨਕਾਰ ਤਾਂ ਕਰ ਹੀ ਨਹੀਂ ਸਕਦੇ ਸਨ । ਚੱਲ ਪਏ ।
ਆਪਣੇ ਘਰਾਂ ਵਿੱਚ ਤਾਂ ਪਾਣੀ ਦਾ ਗਲਾਸ ਭੀ ਮਾਂ ਨੂੰ ਕਹਿੰਦੇ ਸਨ ਤੂੰ ਲਿਆਕੇ ਦੇਹ । ਹੁਣ ਕੀ ਕਰਨ ਚੱਲ ਪਏ । ਪਹਾੜ ਵੱਲ ਇਸ਼ਾਰਾ ਕਰ ਦੇਣਾ ਤਾਂ ਬੁਹਤ ਸੁਖਾਲਾ ਹੁੰਦਾ ਹੈ ਪਰ ਪਾਰ ਕਰਨਾ ਤਾਂ ਸੁਖਾਲਾ ਨਹੀਂ । ਨਜ਼ਰ ਔਂਦਾ ਇਕ ਮੀਲ ਦਾ ਸਫਰ ਦਸ ਮੀਲ ਦਾ ਹੋ ਨਿਬੜਦਾ ਹੈ ਪਹਾੜ ਵਿੱਚ । ਪਰ ਚੱਲ ਰਹੇ ।
ਪਥਰੀਲੀ ਧਰਤੀ। ਚੱਲਣ ਲਈ ਕੇਵਲ ਪੈਰ ਡੰਡੀ । ਕਦੇ ਤਿਖੀ ਚੜ੍ਹਈ ਕਦੇ ਉਤਰਾਦੀ । ਫਿਸਲ ਜਾਦੇ ਹਨ । ਜੁਤੀ ਆਂ ਦੇ ਹੇਠਲੇ ਤਲੇ ਤਿੜਕ ਚੱਲੇ । ਪਿਆਸ ਨੇ ਨੱਕ ਵਿੱਚ ਦਮ ਕਰ ਦਿੱਤਾ ।
ਇਕ ਚਸ਼ਮਾ ਆਇਆ । ਪਾਣੀ ਸਿੰਮ ਰਿਹਾ ਸੀ । ਹਾਂਬੜ ਕੇ ਪਏ ਸਾਰੇ । ਪਰ ਉਹ ਪੀਣ ਵਿੱਚ ਕੌੜਾ । ਕੀ ਪਤਾ ਕਿਸੇ ਨੂੰ ਕਿ ਪੀਣਾ ਤਾਂ ਜ਼ਹਿਰ ਬ੍ਰੋਬਰ ਹੈ ਪਰ ਪੀ ਹੀ ਗਏ ਸਾਰੇ । ਕੁਝ ਧਰਵਾਸ ਆਇਆ
ਅੱਜੇ ਇਸ ਪਾਣੀ ਦੇ ਪੀਤੇ ਨੂੰ ਅੱਧਾ ਘੱਟਾ ਤਾਂ ਨਹੀਂ ਸੀ ਹੋਇਆ ਕਿ ਇਨਾਂ ਚੋਂ ਚਾਰ ਪੰਜਾਂ ਨੂੰ ਅਵਾਸਾਰ ਟੱਟੀਆਂ ਲੱਗ ਗਈਆਂ । ਪਿਆਸ ਅਤੇ ਟੱਟੀਆ ਨਾਲ ਸਰੀਰ ਚੋਂ ਪਾਣੀ ਨੁੱਚੜਨ ਲੱਗਾ । ਚੰਗੀ ਡੀਲ ਡੌਲ ਵਾਲਾ ਇਕ ਮੁੰਡਾ ਤਾਂ ਸਭ ਤੋਂ ਪਹਿਲਾਂ ਡੋਲ ਗਿਆ । ਪੈ ਗਿਆ ਸ਼ਪਾਲ । ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ।
। ਇੱਕ ਪਾਸੇ ਨਜ਼ਰ ਗਈ ਤਾਂ ਕੀ ਦੇਖਦੇ ਹਨ ਕਿ ਇੱਕ ਜੰਗਲੀ ਊਂਟ ਇਕ ਖੋਡ ਜੇਹੀ ਤੋਂ ਜਾਪੇ ਜਿਵੇ ਪਾਣੀ ਪੀ ਰਿਹਾ ਹੋਵੇ । ਦੋੜੇ ਦੋ ਉਸ ਪਾਸੇ । ਊਂਟ ਤਾਂ ਔਂਦਿਆ ਨੂੰ ਦੇਖਕੇ ਦੌੜ ਗਿਆ ਇਨਾਂ ਨੇ ਜਾਂ ਕੇ ਦੇਖਿਆ ਕਿ ਉਸ ਖੱਡ ਵਿੱਚ ਸੱਚ ਮੂੱਚ ਪਾਣੀ ਹੈ । ਭੱਖੇ ਨੂੰ ਰੋਟੀ ਅਤੇ ਪਿਆਸੇ ਨੂੰ ਜਲ ਮਿਲ ਜਾਏ ਤਾਂ ਲਗਦਾ ਹੈ ਜਿਵੇਂ ਸੱਤਾਂ ਪਾਤਸ਼ਾਹੀਆਂ ਦੀ ਦੌਲਤ ਮਿਲ ਗਈ । ਪਾਣੀ ਪੀ ਲਿਆ ਅਤੇ ਲਿਆਕੇ ਪਾਇਆ ਉਸ ਸ਼ਪਾਲ ਪਏ ਨੌਜਵਾਨ ਦੇ ਮੂੰਹ ਵਿੱਚ । ਪੀਤੀਆਂ ਚਾਰ ਘੱਟਾਂ । ਅੱਖਾਂ ਖੁੱਲ੍ਹ ਆਈਆਂ । ਉਠੱਕੇ ਬੈਠ ਗਿਆ । ਪਰ ਟੱਟੀਆ ਦਾ ਕੀ ਬਣੇ ਉਹ ਚੱਲ ਰਹੀਆਂ ਸਨ1
ਸਭ ਨੇ ਕੇਨੀਆਂ ਵਿੱਚ ਪਾਣੀ ਭਰਿਆ ਤੇ ਚੱਲੇ ਅੱਗੇ। ਅਜੇ ਤਾਂ ਚੜ੍ਹਾਈ ਭੀ ਨੀ ਮੁੱਕੀ।ਉਤਰਾਈ ਅਜੇ ਬਾਕੀ ਹੈ। ਪਰ ਸਾਰਿਆਂ ਦੇ ਸਾਹ ਸਤ ਮੁੱਕੇ ਪਏ ਹਨ। ਅੰਗ ਅੰਗ ਦੁਖ ਰਿਹਾ ਹੈ।
ਜਦ ਖਾਣ ਨੂੰ ਪਾਸ ਕੁੱਝ ਨਾ ਹੋਵੇ ਤਾਂ ਭੁੱਖ ਜਿਆਦਾ ਲਗਦੀ ਹੈ। ਕੋਲ ਹੁੰਦੇ ਦਾ ਧਰਵਾਸਾ ਹੁੰਦਾ ਹੈ। ਪਰ ਹੁਣ ਤਾਂ ਕੁੱਝ ਭੀ ਪਾਸ ਨਹੀਂ ਹੈ। ਢਿੱਡੋਂ ਭੁੱਖੇ ਪਹਾੜ ਦੀ ਚੜ੍ਹਾਈ ਜਾਨ ਤੇ ਖੇਡਣ ਵਾਲੀ ਗੱਲ ਹੈ। ਖੁਸ਼ਕ ਪਹਾੜ ਹੈ।ਹਰਿਆਲੀ ਦਾ ਨਾਮੋ ਨਿਸ਼ਾਨ ਹੀ ਨਹੀਂ। ਇਹ ਤਾਂ ਪੱਥਰਾਂ ਦਾ ਜੰਗਲ ਹੈ ਜਿਸ ਵਿੱਚ ਪੰਜਾਬੀ ਮੁੰਡੇ ਫਸੇ ਪਏ ਹਨ।
ਪੱਥਰ ਤਪ ਰਹੇ ਹਨ।ਜੁੱਤੀਆਂ ਬੂਟਾਂ ਵਿੱਚ ਦੀ ਭੀ ਪੈਰ ਸੜ ਰਹੇ ਹਨ। ਅੰਜਾਣ ਪੁਣੇ ਵਿੱਚ ਜੇ ਕਦੇ ਪੱਥਰ ਨੂੰ ਹੱਥ ਲੱਗ ਜਾਏ ਛਾਲੇ ਹੀ ਉਠ ਔਣ। ਮਰਨਾਊ ਹਾਲਤ ਹੁੰਦੀ ਜਾ ਰਹੀ ਹੈ ਸਾਰਿਆਂ ਦੀ। ਪਾਣੀ ਦੀ ਘੁੱਟ ਦਾ ਆਸਰਾ ਹੈ ਜੋ ਉਹ ਭੀ ਮੁਕਦਾ ਜਾ ਰਿਹਾ ਹੈ।
ਲਉ ਇਨ੍ਹਾਂ ਵਿੱਚੋਂ ਹੋਰ ਮਨਰਾਊ ਹਾਲਤ ਵਿੱਚ ਲਾੜਕ ਗਿਆ । ਸਾਰੇ ਉਸ ਦੇ ਉਦਾਲੇ ਹੋ ਗਏ । ਫਰਸ਼ ਤਪ ਰਿਹਾ ਹੈ । ਪਾਉਣ ਤਾਂ ਕਿਥੇ । ਕਿਸਨੇ ਪਗੜੀ ਕਿਸੇ ਨੇ ਪਜਾਮਾ ਹੇਠ ਵਿਛਾਇਆ ਤੇ ਲਿਟਾ ਦਿੱਤਾ । ਦੋਨਾਂ ਲੱਤਾਂ ਦੀਆਂ ਖੱਲੀਆ ਚੜ੍ਹ ਗਈਆਂ ਸਨ । ਮਾਲਸ਼ ਕੀਤੀ ਜ਼ੋਰ ਦੀ ਤਾਂ ਕਰਕੇ ਆਰਾਮ ਆਇਆ । ਪਾਣੀ ਦੀ ਘੁੱਟ ਪਲਾਈ ਤੇ ਸਫਰ ਅੱਗੇ ਸ਼ੁਰੂ ਹੋਇਆ । ਅਜੇ ਤਾਂ ਚੋਟੀ ਨੀ ਆ ਰਹੀ। ਜੱਤੀਆਂ ਟੁੱਟਣ ਕਿਨਾਰੇ ਆ ਗਈਆਂ । ਫਿਸਲਦਿਆਂ ਦੀਆਂ ਪੈਂਟਾਂ ਪੰਜਾਮੇ ਫੱਟ ਗਏ । ਕਈਆਂ ਦੈ ਗਿਟੇ ਗੋਡਿਆਂ ਚੋਂ ਖੂਨ ਸਿਮ ਆਇਆ ਹੈ । ਸਾਰੇ ਹੀ ਰੋਣ ਹਾਕੇ ਹੋਏ ਖੜ੍ਹੇ ਸਨ । ਨਾਰਾਸ਼ ਕਿਸਮਤ ਗੁਸੈਲੀ ਹਾਲਤ ਵਿੱਚ ਦੇਖ ਰਹੀ । ਮੰਦੇ ਭਾਗ ਪਹਾੜੀ ਦੀਆ ਕੁੰਦਰਾਂ ਚੋਂ ਬੋਲ ਆ ਰਹੇ ਸਨ ।
"ਮੇਰੇ ਬੱਚਿਉ ਕਿਥੇ ਆ ਫਸੇ।ਮੇਰੇ ਵਿੱਚ ਤਾਂ ਬੜੀਆਂ ਜੁਆਨੀਆਂ ਸੁੱਤੀਆਂ ਪਈਆਂ ਹਨ।ਔਹ ਦੇਖੋ ਸੱਸੀ ਤੇ ਪੁੱਨੂੰ ਪਏ ਨੇ।ਉਨ੍ਹਾ ਨੇ ਪਿਆਰ ਬਦਲੇ ਮੇਰੀ ਗੋਦ ਦਾ ਆਸਰਾ ਲਿਆ ਸੀ। ਤੁਸੀਂ ਲਾਲਚ ਦਾ ਪੱਲਾ ਫੜ ਕੇ ਆ ਗੇ। ਨਾ ਸੱਸੀ ਨੇ ਪੱਕੇ ਪੈਰੀਂ ਹੋ ਕੇ ਘਰੋਂ ਪੈਰ ਪੁੱਟਿਆ ਸੀ ਨਾ ਤੁਸੀਂ।ਹੁਣ ਤੇ ਸਿਰ ਤੇ ਆ ਪਈ ਹੈ। ਸੱਸੀ ਵਰਗਾ ਹੌਸਲਾ ਕਰੋ ਤੇ ਪੁੱਟੋ ਅੱਗੇ ਪੈਰ।"ਇਕ ਹੋਰ ਸੁਰੀਲੀ ਸੰਗੀਤਕ ਧੁਨ ਗੂੰਜੀ;
"ਕਰਮਨ ਕੀ ਗਤਿ ਨਿਆਰੀ ਰੇ ਬਾਬਾ ਕਰਮਨ..........."
ਇਹ ਸਫਰ ਸੀ ਭੀ ਅਸਲੋਂ ਹੀ ਕਠਨ। ਪਰ ਦੁਪਹਿਰ ਦੀ ਗਰਮੀ ਨੇ ਅਸਹਿ ਬਣਾ ਦਿੱਤਾ। ਕੇਨੀਆਂ ਫੇਰ ਖਤਮ ਹੋ ਗਈਆਂ। ਸੁੱਕੀਆਂ ਜੀਭਾਂ ਜਾ ਲੱਗੀਆਂ ਤਾਲੂਏ ਨਾਲ। ਸੋਨੇ ਦੀਆਂ ਕੰਧਾਂ ਦੇ ਸੁਪਨੇ ਉੱਡ ਗਏ। ਪੀਲੀ ਮਿੱਟੀ ਦੀਆਂਕੰਧਾਂ ਦਾ ਪਿਆਰ ਰੋਣ ਹਾਕਾ ਕਰੀ ਜਾਵੇ।
ਚੱਲਣ ਦੀ ਸ਼ਕਤੀ ਨ ਰਹੀ। ਪਹਾੜਾਂ ਦਾ ਸਫਰ ਤਾਂ ਪਹਾੜੀਆਂ ਨੂੰ ਜਚਦਾ ਹੈ। ਲਉ ਚੋਟੀ ਆ ਗਈ ਅੱਗੇ ਉਤਰਾਈ ਹੀ ਉਤਰਾਈ ਹੈ। ਬੰਦਾ ਜਦ ਪਹਾੜ ਦੀ ਚੜ੍ਹਾਈ ਚੜ੍ਹਦਾ ਹੈ ਤਾਂ ਔਖਾ ਹੋ ਕੇ ਉਤਰਾਈ ਦੀ ਚਾਹਨਾ ਕਰਦਾ ਹੈ। ਪਰ ਜਦੋਂ ਉਤਰਾਈ ਔਂਦੀ ਹੈ ਤਾਂ ਉਹ ਚੜ੍ਹਈ ਨਾਲੋ ਵੀ ਔਖੀ ਜਾਪਣ ਲਗਦੀ ਹੈ। ਇਨ੍ਹਾ ਨਾਲ ਭੀ ਏਹੋ ਹੋ ਰਹੀ ਹੈ। ਫਿਸਲ ਫਿਸਲ ਜਾਂਦੇ ਹਨ। ਕੱਪੜਿਆਂ ਤੇ ਜੁੱਤੀਆਂ ਦਾ ਨਾਸ ਵੱਜ ਗਿਆ।
ਭੁੱਖ ਨੇ ਬੁਰਾ ਹਾਲ ਕਰ ਦੇਖਦੇ ਹਨ ਕਿ ਇੱਕ ਜਾਂਗਲੀ ਲੰਬਾ ਚੋਗਾ ਪਾਈ ਮੌਜ ਨਾਲ ਜਾ ਰਿਹਾ ਸੀ। ਸ਼ੁਕਰ ਹੈ ਕੋਈ ਆਦਮ ਜ਼ਾਤ ਤਾਂ ਨਜ਼ਰੀਂ ਪਈ। ਇਸ਼ਾਰੇ ਨਾਲ ਰੋਕ ਲਿਆ। ਪੇਟ ਤੇ ਹੱਥ ਮਾਰ ਕੇ ਮੂੰਹ ਨੂੰ ਹੱਥ ਲਜਾਕੇ ਦੱਸਣ ਦੀ ਕੋਸ਼ਿਸ਼ ਕੀਤੀ। ਉਹ ਸਮਝ ਗਿਆ,ਉਸ ਨੇ ਆਪਣੇ ਝੋਲੇ ਚੋਂ ਦੋ ਬੁੱਕ ਆਟਾ ਦਿੱਤਾ। ਇਨ੍ਹਾ ਮੱਥੇ ਨੂੰ ਹੱਥ ਲਾ ਕੇ ਧੰਨਵਾਦ ਕੀਤਾ।
ਹੁਣ ਇਸ ਆਟੇ ਨੂੰ ਪਕੌਣ ਦੀ ਸਮੱਸਿਆ ਖੜ੍ਹੀ ਹੋ ਗਈ। ਨ ਅੱਗ ਨ ਤਵਾ।ਕੀ ਕਰਨ ਕਿਸੇ ਕੇਨੀ ਚੋਂ ਪਾਣੀ ਲੈ ਕੇ ਗੁੰਨਿਆ ਰੋਟੀਆਂ ਦੀ ਸ਼ਕਲ ਦੇ ਕੇ ਚੌੜੇ ਜਿਹੇ ਪੱਥਰ ਉਪਰ ਪਾ ਦਿੱਤੀ। ਤਪਦੇ ਪੱਥਰ ਨੇ ਕਾਫੀ ਸੇਕ ਦਿੱਤਾ।ਫਿਰ ਜ਼ਰਾ ਹੋਰ ਪਾਸੇ ਕਰਕੇ ਰੱਖ ਦਿੱਤੀ। ਖੁਸ਼ਕ ਹੋ ਗਈ। ਬਸ ਏਸੇ ਤਰਾਂ ਹੀ ਸਾਰੀਆਂ ਰੋਟੀਆਂ ਸੇਕ ਲਈਆਂ। ਚੱਬ ਲਈਆਂ ਭੁੱਖਿਆਂ ਨੇ। ਪੇਟ ਨੂੰ ਝੁਲਕਾ ਆਇਆ। ਕੁੱਝ ਪੇਟ ਦੀਆਂ ਕੜੱਲਾਂ ਮਾਂਦ ਪਈਆਂ।
ਅੱਗੇ ਚੱਲ ਪਏ। ਕਾਫੀ ਨੀਚੇ ਜੌਂਗਾ ਖੜਾ ਨਜ਼ਰ ਆਇਆ। ਜਦ ਨਿਸ਼ਾਨਾ ਦਿਸ ਪਵੇ ਸਰੀਰ ਚ ਕੁੱਝ ਸ਼ਕਤੀ ਆ ਹੀ ਜਾਂਦੀ ਹੈ।ਹੌ ਸਲੇ ਨੂੰ ਠੱਗਣਾ ਲਗਦਾ ਹੈ।ਕਦਮ ਕੁੱਝ ਤੇਜ਼ ਹੋ ਗਏ।
ਕਾਬਲ ਦੀ ਹੱਦ ਟੱਪਕੇ ਹੁਣ ਇਹ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਪਹੁੰਚ ਗਏ ਸਨ। ਏਥੋਂ ਈਰਾਨ ਕੋਈ ਦੋ ਢਾਈ ਘੰਟੇ ਦੀ ਦੂਰੀ ਤੇ ਹੈ। ਔਖੇ ਸੌਖੇ ਪਹੁੰਚ ਗਏ ਜੌਗੇ ਤੱਕ।
ਜੌਂਗੇ ਵਿੱਚ ਸੋਚ ਕੇ ਇਨਾਂ ਨੂੰ ਇੰਜ ਜਾਪੇ ਕਿ ਸਵਰਗ ਹੀ ਮਿਲ ਗਿਆ ਹੈ। ਪਰ ਦੋ ਤਿੰਨ ਦੀ ਹਾਲਤ ਤਾਂ ਸੱਚਮੁੱਚ ਹੀ ਮਰਨਾਊ ਹੈ।ਜਿਨ੍ਹਾ ਵਿੱਚ ਜੀਤਾ ਤੇ ਗੋਰੀ ਦੋਨੋ ਹਨ।
ਦਿਨ ਡੁੱਬ ਰਿਹਾ ਸੀ ਜਾਂ ਕਹੋ ਉਚੇ ਪਹਾੜਾਂ ਦੇ ਉਹਲੇ ਹੋ ਗਿਆ ਸੀ। ਜੌਂਗਾ ਚੱਲ ਪਿਆ।ਦੋ ਢਾਈ ਘੰਟੇ ਦੀ ਬਜਾਏ ਚਾਰ ਪੰਜ ਘੰਟੇ ਲੱਗ ਗਏ।ਜੌਂਗੇ ਨੂੰ ਈਰਾਨ ਸਰਹੱਦ ਪਾਰ ਕਰਨ ਵਿੱਚ। ਏਥੇ ਕੋਈ ਪੋਲੀਸ ਚੌਂਕੀ ਨਹੀਂ ਸੀ। ਜੌਂਗਾ ਸਾਰੀ ਰਾਤ ਚਲਦਾ ਰਿਹਾ।ਹੁਣ ਸੂਰਜ ਦੀ ਲਾਲੀ ਫੇਰ ਪਸਰੀ।ਚਾਰ ਪੰਜ ਘਰਾਂ ਦਾ ਇੱਕ ਪਿੰਡ ਆਇਆ। ਜੌਂਗੇ ਵਾਲੇ ਨੇ ਪੋਲੀਸ ਨੂੰ ਟਕਰਾਉਣ ਦੀ ਕੋਸ਼ਿਸ਼ ਕੀਤੀ ਤੇ ਪਾਸੇ ਹਟ ਕੇ ਇੱਕ ਘਰ ਦੇ ਵੇਹੜੇ ਵਿੱਚ ਲਜਾ ਵਾੜਿਆ।
ਘਰ ਦੇ ਮਾਲਕ ਨੇ ਦੇਖਿਆ ਅਤੇ ਹੈਰਾਨ ਹੋ ਕੇ ਨੇੜੇ ਆਇਆ। ਅੰਦਰ ਮੁੰਡੇ ਤੂੜੇ ਹੋਏ ਦੇਖੇ। ਤਰਸ ਆ ਗਿਆ ਉਸ ਨੂੰ।ਉਸ ਨੇ ਸਾਰਿਆਂ ਨੂੰ ਪਾਣੀ ਪਿਆਇਆ। ਫਿਰ ਦਹੀਂ ਨਾਲ ਰੋਟੀ ਖਾਣ ਨੂੰ ਦਿੱਤੀ ਨਾਲ ਲੱਸੀ। ਡਟ ਕੇ ਖਾਧੀ ਸਾਰਿਆਂ ਨੇ। ਪਰ ਜੀਤੇ ਤੇ ਗੋਰੀ ਦੀ ਹਾਲਤ ਖਰਾਬ ਸੀ।
ਪੁਲੀਸ ਚੌਂਕੀ ਸੀ ਇਸ ਪਿੰਡ ਵਿੱਚ। ਉਨ੍ਹਾ ਨੂੰ ਭੀ ਇਸ ਜੌਂਗੇ ਬਾਰੇ ਭਿਣਕ ਲੱਗ ਗਈ।ਘੇਰ ਲਏ ਸਾਰੇ। ਪੁੱਛ ਪੜਤਾਲ ਕੀਤੀ। ਜਿਵੇਂ ਸਭ ਨੂੰ ਸਿਖਾਇਆ ਸੀ ਉਂਨ੍ਹਾ ਹੀ ਕੁੱਝ ਕਿਹਾ ਤੇ ਬਚ ਗਏ। ਪਰ ਜੀਤਾ ਤੇ ਗੋਰੀ ਚੂੰਕਿ ਬਹੁਤ ਨਿਢਾਲ ਸਨ ਕੁੱਝ ਬੋਲ ਨਾ ਸਕੇ।ਉਹ ਫਸ ਗਏ।ਬਾਕੀਆਂ ਨੂੰ ਜੌਂਗਾ ਲੈ ਕੇ ਚਲਾ ਗਿਆ ਤੇ ਇਹ ਦੋਨੋ ਚੌਕੀ ਵਿੱਚ ਬਿਠਾ ਲਏ। ਖਾਣ ਪੀਣ ਨੂੰ ਭੀ ਦਿੱਤਾ।ਦੋ ਦਿਨ ਇਸ ਪਿੰਡ ਵਿੱਚ ਹੀ ਰਹੇ।
ਦੋ ਦਿਨ ਦੇ ਅਰਾਮ ਨਾਲ ਕੁਝ ਹੋਸ ਆਈ ਤੇ ਇੱਕ ਪੰਜਾਬੀ ਦੁਭਾਸ਼ੀਏ ਦੀ ਮਦਤ ਨਾਲ ਇਨਾਂ ਦਾ ਭੀ ਭਲਾ ਹੋ ਗਿਆ । ਦੁਭਾਸ਼ੀਏ ਦੀ ਜੀਪ ਵਿੱਚ ਦੋ ਦਿਨਾਂ ਪਿਛੋਂ ਇਹ ਭੀ ਤਹਿਰਾਨ ਪਹੁੰਚ ਗਏ ।
ਦੁਭਾਸ਼ੀਆ ਇਨ੍ਹਾਂ ਉੱਪਰ ਬਹੁਤ ਹੀ ਮੇਹਰਬਾਨ ਹੋਇਆ । ਉਸ ਦਾ ਭੀ ਇੱਕ ਕਾਰਨ ਸੀ ।
ਜਦ ਪੁੱਛ ਗਿੱਛ ਦਾ ਦੋਰ ਚੱਲ ਰਿਹਾ ਸੀ ਤਾਂ ਗੋਰੀ ਨੇ ਹੋਸਲਾ ਕਰਕੇ ਦੁਭਾਸ਼ੀਆ ਨੂੰ ਕਹਿਆ ,ਕਿਉਂ ਬਾਬੂ ਜੀ ਸਾਡੇ ਦੇਸ਼ ਵਾਲਿਆ ਸਾਡੇ ਪਾਸ ਪੋਰਟ ਉੱਤੇ ਇਹ ਕਿਉਂ ਲਿਖ ਦਿੱਤਾ ਬਈ ਜਦੋਂ ਅੋਣ ਫੜਕੇ ਕੈਦ ਕਰ ਲੋ । ਜੇਲ੍ਹ ਵਿੱਚ ਸੁੱਟ ਦਿਉ । ਬਾਕੀ ਤਾਂ ਸਾਰੇ ਚਲੇ ਗਏ । ਸਾਡੇ ਕਾਗਜ਼ਾਂ ਉਪਰ ਇਹ ਕੀ ਲਿਖ ਦਿੱਤਾ ?ਉਹ ਹੱਸ ਪਿਆ । ਹਮਦਰਦੀ ਹੋ ਗਈ ਉਸ ਦੀ ਇਨ੍ਹਾਂ ਨਾਲ ਤੇ ਪੁਲੀਸ ਦੇ ਸੁਕੰਜੇ ਚੋਂ ਕੱਢ ਲਿਆਇਆ ।
ਫੇਰ ਜੋ ਇੱਕ ਗਰਾਈਂ ਦਾ ਐਡਰੈਸ ਸੀ ਇਨ੍ਹਾਂ ਪਾਸ । ਉਹ ਦੁਭਾਸ਼ੀਆ ਇਨ੍ਹਾਂ ਨੂੰ ਉਸ ਐਡਰਸ ਤੇ ਛੱਡ ਗਿਆ । ਇਹ ਗਰਾਈਂ ਇਨ੍ਹਾਂ ਦੇ ਪਿੰਡ ਦਾ ਹੀ ਇੱਕ ਆਦਮੀ ਹੈ ਜੋ ਕਈ ਵਰ੍ਹੈ ਪਹਿਲਾਂ ਈਰਾਨ ਆ ਗਿਆ ਸੀ ।ਹੁਣ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ ।
ਪ੍ਰਦੇਸ ਵਿੱਚ ਜੇ ਆਪਣੇ ਮੁਲਕ ਦਾ ਕੋਈ ਬੰਦਾ ਮਿਲ ਜਾਏ ਚੰਗਾ ਲਗਦਾ ਹੈ। ਪਿਆਰਾ ਲੱਗਦਾ ਹੈ । ਫੇਰ ਜੇ ਆਵਦੇ ਪਿੰਡ ਦਾ ਹੀ ਮਿਲ ਜਾਏ ਤਾਂ ਖੁਸ਼ੀ ਦੀ ਹੱਦ ਹੀ ਨਹੀਂ ਹੁੰਦੀ । ਰੱਬੀ ਦਾਤ ਸਮਝੀ ਜਾਂਦੀ ਹੇ ਇਹ ਮੁਲਾਕਾਤ । ਗਰਾਈਂ ਨੂੰ ਦੋ ਆਪਣੇ ਨਗਰ ਦੇ ਮੁੰਡੇ ਮਿਲ ਗਏ । ਬੜੀ ਖਸ਼ੀ ਹੋਈ । ਸੁਖ ਸਾਂਦ ਪੁੱਛੀ । ਪਿੰਡ ਦਾ ਹਾਲ ਚਾਲ ਪੁੱਛੀਆ ।ਚੰਗੀ ਸਾਂਭ ਸੰਭਾਲ ਕੀਤਿ।ਦਵਾਈ ਬੂਟੀ ਭੀ ਲਈ।
ਬਾਕੀ ਮੁੰਡਿਆਂ ਬਾਰੇ ਭੀ ਜਿਕਰ ਹੋਇਆ। ਗਰਾਈਂ ਨੂੰ ਫਿਕਰ ਹੋਇਆ ਕਿ ਉਹ ਵਿਚਾਰੇ ਖਬਰੈ ਕਿੱਥੇ ਮਾਰੇ ਮਾਰੇ ਫਿਰਦੇ ਹੋਣਗੇ। ਉਸ ਨੇ ਭਾਲ ਸ਼ੁਰੂ ਕੀਤੀ ਪਰ ਕਿਸੇ ਸਿਰੇ ਨ ਲੱਗੀ।