ਕਰਮਨ ਕੀ ਗਤ ਨਿਆਰੀ....ਨਾਵਲ ਭਾਈ ਅਜੈਬ ਸਿੰਘ ਸਿੱਧੂ (ਚੱਕ ਬਖਤੂ) ...ਭਾਗ ਤੀਜਾ


ਜੌਂਗੇ ਵਾਲੇ ਮੁੰਡੇ ਪੁਲੀਸ ਤੋਂ ਬਚ ਗਏ।ਜੌਂਗੇ ਵਾਲਾ ਇਨ੍ਹਾ ਨੂੰ ਤਹਿਰਾਨ ਸ਼ਹਿਰ ਦੀ ਇੱਕ ਭੀੜੀ ਜੇਹੀ ਗਲੀ ਵਿੱਚ ਲੈ ਆਇਆ।ਢਾਬਾ ਜਿਹਾ ਸੀ ਇੱਕ।ਲਿਆ ਉਤਾਰੇ।ਮਰਨਾਊ ਜਿਹੀ ਹਾਲਤ ਵਿੱਚ ਉਤਰੇ ਸਾਰੇ।ਪੀਲੇ ਪੀਲੇ ਚਿਹਰੇ।ਰਸਤੇ ਦੀ ਥਕਾਵਟ ਨਾਲ ਭੰਨੇ ਪਏ ਸਨ।ਅੱਧਿਆਂ ਨੂੰ ਟੱਟੀਆਂ ਦੀ ਬਿਮਾਰੀ ਨੇ ਘੇਰ ਰੱਖਿਆ ਸੀ।ਸਹਾਰਾ ਦੇ ਕੇ ਉਤਾਰੇ ਬਿਚਾਰੇ।ਪਾਣੀ ਦੇਖਿਆ।ਹਾਬੜਿਆਂ ਵਾਂਗ ਪਏ ਪਾਣੀ ਵੱਲ ਢਾਬੇ ਵਾਲੇ ਦੇ ਕੰਨ ਵਿੱਚ ਪਠਾਣ ਨੇ ਕੋਈ ਗੱਲ ਸਮਝਾਈ।ਫਿਰ ਕਹਿਣ ਲੱਗਾ।
'ਦੇਖੋ ਜਿਹ ਮਾਲ ਆਪਕਾ ਹੈ।ਇਸ ਕਾ ਬੰਦੋਬਸਤ ਆਪ ਕਰੇਗਾ।ਹਮ ਅਬ ਜਾਏਗਾ।ਇਨਕੇ ਖਾਨੇ ਪੀਨੇ ਕਾ ਪੀਸਾ ਏਜੰਟ ਦੇਗਾ।ਅੱਛਾ ਸਲਾਮ।'
ਢਾਬੇ ਵਾਲੇ ਨੇ ਕਿਹਾ 'ਹਾਂ ਸਮਝ ਗਿਆ ਹਮਰਾ ਰੋਜ਼ ਕਾ ਧੰਦਾ ਹੈ ਜਿਹ।ਆਪ ਜਾਉ।'

ਜੌਂਗੇ ਵਾਲਾ ਚਲਾ ਗਿਆ।ਢਾਬੇ ਵਾਲੇ ਨੂੰ ਪਤਾ ਸੀ ਇਨ੍ਹਾ ਦੇ ਔਣ ਦਾ।ਅਜੇਹੀਆਂ ਟੋਲੀਆਂ ਔਂਦੀਆਂ ਸਨ ਮਹੀਨੇ ਵਿੱਚ ਇੱਕ ਦੋ।ਏਜੰਟ ਨੇ ਪੰਜ ਸੱਤ ਦਿਨਾਂ ਦੇ ਪੈਸੇ ਪਹਿਲਾਂ ਹੀ ਦਿੱਤੇ ਸਨ।ਇਨ੍ਹਾ ਮੁੰਡਿਆਂ ਨੂੰ ਇੱਕ ਵੇਰ ਤਾਂ ਟਿਕਾਣਾ ਮਾੜਾ ਚਾਹੇ ਚੰਗਾ ਮਿਲ ਜਾਂਦਾ ਸੀ।
ਉਸ ਨੇ ਚਾਹ ਪਿਆਈ ਨਾਲ ਇੱਕ ਨਾਣ ਦਿੱਤੀ ਸੁੱਕੀ ਜੇਹੀ।ਭੁੱਖਿਆਂ ਨੇ ਚੱਬ ਲਈ।ਚਾਹ ਪੀ ਕੇ ਰੋਟੀ ਖਾ ਕੇ ਕੁੱਝ ਜਾਨ ਵਿੱਚ ਗਰਮੈਸ਼ ਆਈ।ਉਪਰ ਚੁਬਾਰੇ ਵਿੱਚ ਜਾ ਬੈਠੇ।
'ਉਏ ਕੈਲਿਆ,ਉਹ ਕਿੱਥੇ ਮਰ ਗਿਆ ਸਾਲਾ ਪੰਡਤ।ਕੱਟੇ ਨੇ ਸ਼ਕਲ ਹੀ ਨੀ ਦਿਖਾਈ।'
'ਉਹ ਦੇ ਭਾਅ ਦੇ ਤਾਂ ਆਂਪਾਂ ਉਨ੍ਹਾ ਪੱਥਰਾਂ ਵਿੱਚ ਹੀ ਮਰ ਖਪ ਗਏ ਹਾਂ।ਉਹ ਕੀਹਨੂੰ ਦਿਖਾਏ ਸ਼ਕਲ ਹੁਣ।'ਕੈਲੇ ਨੇ ਕਿਹਾ।
'ਟਿਕਕੇ ਬਹਿਜੋ.ਛੱਡੋ ਖਹਿੜਾ ਸਾਲੇ ਦਾ ਕਿਤੇ ਫੇਰ ਨ ਫਸਾ ਦੇ ਡੰਕੀ ਫਲਾਈਟ ਚ' ਤੀਜਾ ਬੋਲਿਆ।
'ਉਏ ਪੌਂਡ ਕੱਥੋਂ ਭਾਲੀਏ ਜੇਹੜੇ ਬੇਬੇ ਨੂੰ ਕਹਿ ਕੇ ਆਏ ਆਂ?ਕੰਜਰ ਦਿਆਂ ਨੇ ਕਿੱਥੋਂ ਚੱਕਿਆ ਡੂੰਡਾ,ਏਥੇ ਆਵਦਾ ਵੀ ਪਤਾ ਨੀ ਬਚਾਂਗੇ ਕਿ ਮਰਾਂਗੇ।'ਪਹਿਲੇ ਨੇ ਕਿਹਾ।
'ਉਏ ਸਬਰ ਕਰੋ ਖਬਰੈ ਕੁਸ਼ ਬਣ ਹੀ ਜਾਵੇ।ਕੈਲਾ ਬੋਲਿਆ।ਹੌਂਸਲੇ ਤੇ ਉਦਾਸੀ ਭਰੀਆਂ ਗੱਲਾਂ ਕਰਕੇ ਡੰਗ ਟਪਾ ਰਹੇ ਹਨ ਸਾਰੇ।'
ਏਜੰਟ ਨੇ ਤਾਂ ਕੰਨ ਈ ਨਾ ਕੱਢੇ।ਪੰਜ ਦਿਨ ਹੋ ਗਏ ਏਥੇ ਢਾਬੇ ਤੇ ਖਾਂਦਿਆਂ ਨੂੰ।ਹੁਣ ਤਾਂ ਢਾਬੇ ਵਾਲਾ ਵੀ ਨੱਕ ਵੱਟਣ ਲੱਗ ਪਿਆ।ਦਿੱਤੇ ਪੈਸੇ ਤਾਂ ਨੇੜੇ ਲੱਗਣ ਵਾਲੇ ਹਨ।ਕਿਨਾਂ ਕੁ ਚਿਰ ਇੰਜ ਖੁਆਈ ਜਾਊ।ਕਹਿਣ ਲੱਗਾ,
' ਦੇਖੋ ਤੁਮ ਲੋਗ ਕਾ ਏਜੰਟ ਨਹੀਂ ਆਇਆ।ਮੈਂ ਦੋ ਦਿਨ ਔਰ ਖਾਣਾ ਦੇ ਸਕੂੰਗਾ।ਉਸਕੇ ਬਾਦ ਨਿਕਾਲ ਦੇਗਾ ਸਭ ਕੋ।'
ਉਦਾਸ ਹੋ ਗਏ ਸਾਰੇ ਹੁਣ ਕੀ ਕਰਨ।
...........ਚਲਦਾ