ਕਰਮਨ ਕੀ ਗਤ ਨਿਆਰੀ....ਨਾਵਲ ਭਾਈ ਅਜੈਬ ਸਿੰਘ ਸਿੱਧੂ (ਚੱਕ ਬਖਤੂ) ...ਭਾਗ ਪੰਜਵਾਂ


ਗੋਰੀ ਦੀ ਮਾਂ ਸੰਤੀ ਸਵੇਰੇ ਭਾਨੋ , ਜੀਤੇ ਦੀ ਮਾਂ ਕੋਲ ਆਈ ।
'ਆ ਨੀ ਭੈਣੇ । ਬਹਿ ਜਾ ਕਿਵੇਂ ਅੱਜ ਤੜਕੇ ਤੜਕੇ ?' ਭਾਨੋ ਨੇ ਕਿਹਾ ।
'ਨੀ ਕਾਹਦਾ ਭੈਣੇ । ਜੁਆਕਾਂ ਨੂੰ ਤੋਰਕੇ ਅੱਗ ਲੱਗੜਾ ਜੀਅ ਨੀ ਪਿੱਛੇ ਪੈਂਦਾ । ਸਹੁੰ ਗੋਰੀ ਦੀ ਹੌਂਕੇ ਜੇ ਆਈ ਜਾਂਦੇ ਐ । ਚਿਤਮਣੀ ਲੱਗੀ ਪਈ ਐ ।' ਸੰਤੀ ਬੋਲੀ ।
'ਅੜੀਏ ਐਂ ਨ ਕਰ ਹੁਣ । ਜੀਅ ਤਕੜਾ ਰੱਖਿਆ ਕਰ । ਤੂੰ ਸਾਨੂੰ ਵੀ ਡੁਲਾ ਦਿਨੀ ਐਂ । ਸੁਖ ਨਾਲ ਕਮੌਣ ਗਏ ਐ । ਰੋਟੀ ਆਜੂ ਰੋਟੀ' ਭਾਨੋ ਨੇ ਕਿਹਾ ।
'ਨੀ ਲਗਦੀ ਰੋਟੀ ਦੀਏ ਤੈਨੂੰ ਐਂ ਨੀ ਲਗਦਾ ਬਈ ਪਤਾ ਨੀ ਕਿੱਥੇ ਖਾਂਦੇ ਹੋਣਗੇ ਕਿੱਥੇ ਸੌਂਦੇ ਹੋਣਗੇ । ਕਿਸੇ ਟਿਕਾਣੇ ਲੱਗੇ ਕਿ ਨਹੀਂ । ਮੈਨੂੰ ਤਾਂ ਉਭਲ ਸੁਭਲੀ ਲੱਗੀ ਰਹਿੰਦੀ ਐ ਚੱਤੋ ਪਹਿਰ ।' ਸੰਤੀ ਬੋਲੀ ।
'ਆਂਦਰਾਂ ਦਾ ਵਲੇਜ ਐ ਨਾ ਭੈਣੇ , ਆਪਣੇ ਕੀ ਵੱਸ ਐ । ਪਰ ਫੇਰ ਵੀ ਤਕੜੀ ਹੋ ਕੇ ਰਿਹਾ ਕਰ । ਜਦੋਂ ਆਏ ਤੇ ਲਿਆਏ ਝੋਲਾ ਭਰ ਕੇ ਪੈਸਿਆਂ ਦਾ ਤੇ ਮੈਨੂੰ ਨੀ ਉਡੀਕਣਾ ਆਪ ਈ ਤੁਰਜੇਂਗੀ ਲੈ ਕੇ ਚੜ ਕੇ ਮੰਡੀ ।'
'ਤੂੰ ਭੈਣੇ ਤਕੜੀ ਐਂ । ਟਕੇ ਟਕੇ ਦੀਆਂ ਮਾਰਦੀ ਐਂ ਪਰ ਮੇਰਾ ਤਾਂ , ਪੁੱਤ ਖਾਣੇ ਦਾ , ਅੰਦਰ ਬਾਹਰ ਨੂੰ ਔਂਦੈ ।'
'ਨੀ ਆ ਜਾਣ ਦੇ ਬਾਹਰ ਉਹਨੂੰ ਵੀ ਅਰਾਨ ਭੇਜ ਦੇਵਾਂਗੇ ਮੁੰਡਿਆਂ ਦੇ ਮਗਰ ਫੇਰ ਤਾਂ ਟਿਕੂ ।'

'ਨੀ ਇੱਕ ਹੋਰ ਉੱਧਮੂਲ ਉਠਿਐ ਬਈ ਜੇਹੜੇ ਮੁੰਡੇ ਆਪਣੇ ਅਰਾਨ ਗਏ ਸੀ ਉਹਨਾਂ ਨੂੰ ਪਿੱਛੇ ਮੋੜ ਰਹੇ ਨੇ । ਭੈਣੇ ਔਹ ਮੋਟੋ ਦਾ ਮੁੰਡਾ ਖਬਾਰ ਪੜ ਕੇ ਆਇਐ ।'
'ਨੀ ਜੇ ਮੋੜ ਤੇ ਹੁੰਦੇ ਤਾਂ ਘਰ ਨਾ ਆ ਜਾਂਦੇ । ਐਵੇਂ ਗੱਲ ਈ ਐ । ਅਸਲ ਚ ਲੋਕ ਜ਼ਰਦੇ ਨੀ ਕਿਸੇ ਦੇ ਧੀ ਪੁੱਤ ਨੂੰ ਭਲੇ ਪੈਂਦਾ ਦੇਖ ਕੇ । ਕੰਨਾਂ ਚ ਤੇਲ ਪਾ ਲੋ । ਸੁਣੀ ਅਣਸੁਣੀ ਕਰ ਛੱਡੀ ।'
'ਪਰ ਖਬਾਰ ਕੀ ਝੂਠ ਬੋਲਦੈ ? ਹੈ ਜ਼ਰੂਰ ਭਾਈ ਕੋਈ ਕਸਰ ਮਸਰ ।'
'ਲੈ ਦੱਸ । ਤੈਨੂੰ ਫਿਕਰ ਪੈ ਗਿਆ । ਜੇ ਮੋੜ ਦੇਣਗੇ ਘਰ ਆ ਜਾਣਗੇ । ਤੱਤਾ ਤੱਤਾ ਤਾਂ ਕਿਧਰੇ ਗਿਆ ਨੀ ।'
'ਉਹ ਤਾਂ ਠੀਕ ਐ ਪਰ ਜੇਹੜਾ ਕਾਲਜ਼ਾ ਵੱਡਢਕੇ ਔਂਤਾਂ ਦੇ ਕੱਟੇ ਨੂੰ ਦਿੱਤਾ ਉਹ ਕਿੱਥੁਂ ਆਊ । ਮੱਝਾਂ ਟਿਕ ਗਈਆਂ , ਦੋ ਬੁੱਕ ਮਿਟੀ ਦੇ ਵੀ ਗਹਿਣੇ ਪੈ ਜਾਣਗੇ । ਤੱਤਾ ਤੱਤਾ ਕਿੱਥੇ ਹੋਊ ।'
'ਨੀਂ ਤੈਂ ਤਾਂ ਮੇਰਾ ਕਾਲਜਾ ਈ ਕੱਢਤਾ ਇਹ ਕਹਿਕੇ । ਚੱਲ ਫੇਰ ਮਰੀਦਾ ਤਾਂ ਹੈ ਨੀ । ਪਰ ਐਨਾ ਲਗਦੈ ਬਈ ਮੁੰਡੇ ਔਂਦੇ ਨੀ । ਔਣੇ ਹੁੰਦੇ ਤਾਂ ਆ ਜਾਂਦੇ ਹੁਣ ਨੂੰ ।'
ਦੋਨੋ ਬੜੀ ਦੇਰ ਗੱਲਾਂ ਕਰਦੀਆਂ ਰਹੀਆਂ । ਉਦਾਸ ਹਨ ਪਰ ਫੇਰ ਦਿਲ ਧਰਨ ਲਈ ਭਾਨੋ ਕਹਿਣ ਲੱਗੀ ।
'ਲੈ ਦੇਖ ਸੰਤੀ ਮੈਨੂੰ ਅੱਖਾਂ ਦੀ ਸਹੁੰ ਮੈਂ ਜੀਤੇ ਦਾ ਹੱਥ ਦਿਖਾਇਆ ਸੀ ਬਾਹਮਣ ਨੂੰ । ਦਸਦਾ ਸੀ ਬਈ ਮੁੰਡਾ ਪ੍ਰਦੇਸਾਂ ਚ ਜਾਊ । ਬੜਾ ਧਨ ਕਮਾ ਕੇ ਲਿਆਊ ।'
'ਨੀ ਚੱਲ ਹੋਊ । ਮੈਂ ਤਾਂ ਆਹਨੀਆ ਕਮਾ ਕੇ ਘਰ ਔਣ । ਪਰ ਜੇ ਅੜੀਏ ਕੋਈ ਮੇਮ ਬਿਆਹ ਲਿਆਏ ਫੇਰ ?'
'ਫੇਰ ਕੀ ਮੁੰਡਿਆਂ ਦੀ ਮਰਜ਼ੀ ਪਰ ਤੈਨੂੰ ਤਾਂ ਮੋਟੀਆਂ ਪਿੰਜਣੀਆਂ ਘਟੌਣ ਦੀ ਆਸ ਹੋਣੀ ਐ ਨੂੰਹ ਤੋਂ , ਦੋਨੇ ਵੇਲੇ ਪੈਰੀਂ ਹੱਥ ਲਾਏ , ਤੇ ਤੂੰ ਮੰਜੇ ਤੇ ਬੈਠੇਂ , ਹੈ ਮਰਗੀ ਹੈ ਮਰਗੀ ਕਰੀ ਜਾਏ ।'
'ਨੀ ਨਹੀ ਨੀ , ਮੇਰਾ ਮਤਬਲ ਹੋਰ ਐ । ਬਈ ਆਪਾਂ ਉਨ੍ਹਾ ਲਈ ਕੋਈ ਸਾਕ ਲੈ ਲਈਏ । ਬਸ ਫੇਰ ਔਦਿਆਂ ਦੇ ਈ ਕੰਨ ਵਿੰਨ੍ਹ ਦੇਈਏ । ਫੇਰ ਕਿਧਰ ਭੱਜਣਗੇ ।'
'ਠੀਕ ਐ , ਪਰ ਕੋਈ ਰਿਸ਼ਤਾ ਵੀ ਹੋਵੇ । ਦੋ ਸਿਆੜਾਂ ਤੇ ਤਾਂ ਕੋਈ ਸਾਕ ਈ ਨੀ ਚੜ੍ਹਦਾ ।'
'ਨੀ ਸਾਕ ਤਾਂ ਮੇਰੀ ਮੁੱਠੀ ਚ ਐ । ਤੂੰ ਹਾਂ ਕਰ ਸਹੀ ।'
'ਨੀ ਫੇਰ ਪੁਛਦੀ ਕੀ ਏਂ ਫੜਾ ਰਪਈਆ ।'
'ਨੀ ਕਾਹਲੀਏ ਸੁਣ ਤਾਂ ਲੈ । ਮੇਰੀ ਭੈਣ ਐਂ ਨ ਮਲੋਟ ਕੋਲੇ ਪਿੰਡ ਐ , ਤਾਪੀ , ਉਹਦੀ ਕੁੜੀ ਐ ਗੋਰੀ ਚਿੱਟੀ ,ਲੰਮੀ ਲੰਝੀ ,ਪੜੀ ਲਿਖੀ । ਖਨੀ ਬਈਏ ਪਾਸ ਐ ਜਾਂ ਥੋੜਾ ਤਾਂਹਾਂ ਢਾਂਹਾਂ ਹੋਊ । ਪਹਿਲਾਂ ਤਾਂ ਉਹ ਨੱਕ ਹੇਠ ਨਹੀਂ ਸੀ ਲਿਆਂਦੀ ਪਰ ਹੁਣ ਜਿਦਣ ਦੇ ਮੁੰਡੇ ਬਾਹਰ ਗਏ ਐ । ਖੁਰ ਵੱਢਦੀ ਫਿਰਦੀ ਐ । ਸਹੁੰ ਤਿਨਾਂ ਭਰਾਮਾਂ ਦੀ । ਤੂੰ 'ਹਾਂ' ਕਰ ਬਸ ਮੈ ਕੱਲ ਰਪਈਆ ਲੈ ਆਂਊਂ ।'
'ਨੀ ਮੈਂਨੂੰ ਕੀ ਪੁਛਦੀ ਐਂ ਜੀਤਾ ਤੇਰਾ ਕੁਸ ਨੀ ਲਗਦਾ । ਜੇਹਾ ਮੇਰਾ ਪੁੱਤ ਉਹੋ ਜਿਹਾ ਤੇਰਾ । ਮੈਂ ਨਾਂਹ ਕਰਨ ਵਾਲੀ ਕੌਣ ਆਂ ।'
'ਲੈ ਚੰਗਾ ਫਿਰ ਮੈਂ ਜਾਊਂ ਕੱਲ੍ਹ । ਤੇ ਹੋਰ ਸੁਣ , ਮੇਰੇ ਗੋਰੀ ਵਾਸਤੇ ਵੀ ਮੇਰੀ ਭੈਣ ਨੇ ਆਵਦੇ ਘਰਾਂ ਚੋਂ ਇੱਕ ਕੁੜੀ ਪਸਿੰਦ ਕਰਕੇ ਸਾਕ ਪੱਕਾ ਕਰਤਾ ਸੁਖ ਨਾਲ ਉਹ ਵੀ ਸੋਹਣੀ ਪੜ੍ਹੀ ਲਿਖੀ ਐ ।'
'ਨੀ ਚੰਗਾ ਹੋਇਆ ਭੈਣੇ ਵਧਾਈ ਹੋਏ । ਦੇਖ ਨਾ ਦੋਨੇ ਕੱਠੇ ਪ੍ਰਦੇਸ ਗਏ । ਇੱਕ ਪਿੰਡ ਦੀਆਂ ਦੋ ਕੁੜੀਆਂ ਦਾ ਰਿਸ਼ਤਾ ਮਿਲ ਗਿਆ ਘਿਉ ਖਿਚੜੀ ਹੋ ਕੇ ਰਹਿਣਗੇ , ਪਿਆਰ ਬਣਿਆ ਰਹੂ ।'
'ਮੈਂ ਤਾਂ ਭੈਣ ਤਾਪੀ ਨੂੰ ਜੀਤੇ ਬਾਰੇ ਵੀ ਕਿਹਾ ਸੀ ਭਾਨੋ ਮੇਰੀ ਅਲਟੌਂਦੀ ਨੀ । ਤੂੰ ਗੱਲ ਪੱਕੀ ਈ ਸਮਝ ।' ਲਾ ਦੇ ਮੂੰਹ ਮਿੱਠਾ ਔਂਦਾ ਰਹੂ ਰਪਈਆ ।
ਗੱਲਾਂ ਕਰੀ ਜਾਂਦੀਆਂ ਸਨ । ਰਿਸ਼ਤੇ ਪੱਕੇ ਕਰ ਲਏ ਬੱਸ ਹੁਣ ਤਾਂ ਮੁੰਡਿਆਂ ਦੀ ਕਮਾਈ ਵੱਲ ਨਜ਼ਰ ਸੀ ਕਿ ਮੇਜਰ ਸਿੰਘ ਬਾਹਰੋਂ ਆ ਗਿਆ ।
'ਭਾਵੇਂ ਦੋਵੇਂ ਭੈਣਾਂ ਬੈਠੀਆਂ ਲਾਲਾਂ ਦੀ ਕਮਾਈ ਦੀਆਂ ਗੱਲਾਂ ਕਰਦੀਆਂ ਹੋਵੋਂਗੀਆਂ । ਪਰ ਉਹ ਤਾਂ ਔਹ ਔਂਦੇ ਐ ਡੰਗਰ ਵੱਛਾ ਬਕਵਾਕੇ ਜਹਾਜ਼ ਚੜੇ , ਪਾਲੋ ਸਿੰਗਾਂ ਨੂੰ ਹੱਥ ।'
'ਵੇ ਨਹੀਂ ਵੇ ਏਹੋ ਜਿਹੇ ਹੌਂਕੜ ਉਠਦੇ ਰਹਿੰਦੇ ਐ , ਸੱਚ ਨਾ ਮੰਨ ਲਿਆ ਕਰ ।' ਭਾਨੋ ਨੇ ਕਿਹਾ ।
'ਇਹ ਹੌਂਕੜ ਨੀ ਸੱਚ ਐ । ਅਖਬਾਰ 'ਚ ਆ ਗਿਆ ।'
'ਹੈਂ ਮੈਂ ਮਰਜਾਂ , ਇਹ ਕੀ ਪੈ ਗਿਆ ਲੋਹੜਾ ?'
'ਪੈਣਾ ਕੀ ਸੀ ਪੈ ਗਿਆ । ਹੁਣ ਫੇਰ ਸਰਕਾਰ ਮੰਗੂ ਭਾੜਾ ਕਿਰਾਇਆ ।'
'ਲੈ ਆਪਾਂ ਨੂੰ ਦੇਣਾ ਪਊ ਅਜੇ ਹੋਰ ?' ਸੰਤੀ ਨੇ ਕਿਹਾ ।
'ਨਹੀਂ ਆਪਾਂ ਆਇਆਂ ਦੇ ਝੋਲੇ ਚੋਂ ਉਨ੍ਹਾਂ ਦੀ ਕਮਾਈ ਚੋਂ ਬੁੱਕ ਕੱਢਕੇ ਸਰਕਾਰ ਦਾ ਮੂੰਹ ਮੱਥਾ ਡੰਮ ਦਿਆਂਗੇ ।'
'ਸੰਤੀ ਤਾਂ ਅੱਗੇ ਈ ਮਰੀ ਪਈ ਸੀ । ਮੇਜਰ ਨੇ ਹੋਰ ਆ ਕੇ ਰਹਿੰਦੀ ਕਸਰ ਕੱਢਤੀ ਬਸ ਭੁਜੇ ਈ ਲਾਹਤੀ । ਬਹਿਗੀ ਕਾਲਜਾ ਫੜਕੇ । ਉਹ ਨੂੰ ਇਹ ਫਿਕਰ ਵੱਢ ਵੱਢ ਖਾਣ ਲੱਗਾ ਕਿ ਸਾਕਾਂ ਤਾਂ ਦੋਨਾ ਦੀ ਹੀ ਓਸ ਨੇ ਪੱਕ ਠੱਕ ਕੀਤੀ ਸੀ । ਹੁਣ ਕੀ ਬਣੂੰ । ਬੜੇ ਵੱਡੇ ਵੱਡੇ ਟੇਵੇ ਲਾਏ ਸੀ ਪਰ ਹੁਣ ਤਾਂ ਭੈਣੇ ਦੂਜੇ ਗੂਠਾ ਦਿਖਾ ਦੇਣਗੇ । ਕੌਣ ਦਿੰਦਾ ਪੜੀਆਂ ਲਿਖੀਆਂ ਕੁੜੀਆਂ ਦਾ ਡੋਲਾ ਅਨਪੜ੍ਹ ਮੁੰਡਿਆਂ ਨੂੰ ।'
'ਕਿਉਂ ਕਾਲਜਾ ਫੜੀ ਬੈਠੀ ਐਂ ਕਰਮਾ ਦੀ ਖੇਡ ਐ । ਤੇਰੇ ਮੇਰੇ ਕੀ ਵੱਸ ਐ । ਚੱਲ ਪੁੱਤ ਘਰ ਆ ਜਾਣ । ਖਰਚ ਨੇ ਖਾਧੀ ਕੜੀ । ਦੇਖੀ ਜਾਊ । ਮਰਦੀ ਨ ਜਾਹ ।' ਭਾਨੋ ਨੇ ਕਿਹਾ।
ਸੰਤੀ ਤੇ ਮੇਜਰ ਦੋਨੋ ਘਰ ਨੂੰ ਚਲੇ ਗਏ ।
***
ਮਲੋਟ ਦੇ ਨੇੜੇ ਪਿੰਡ ਐ ਜਿੱਥੇ ਜੀਤੇ ਤੇ ਗੋਰੀ ਦੀ ਰਿਸ਼ਤੇ ਦੀ ਗੱਲ ਹੋਈ ਹੈ । ਦੋਨੋਂ ਘਰ ਚੰਗੇ ਖਾਂਦੇ ਪੀਂਦੇ ਲੋਕ ਨੇ । ਜ਼ਮੀਨ ਖੁੱਲ੍ਹੀ ਐ । ਘਰ ਖੇਤੀ ਦੀ ਸਾਰੀ ਮਸ਼ੀਨਰੀ ਐ । ਘਰ ਵਿੱਚ ਲੜਕੀਆਂ ਦੇ ਰਿਸ਼ਤੇ ਬਾਰੇ ਤਾਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ । ਚੰਚਲ ਲੜਕੀਆਂ ਭੀ ਛੁਪ ਛੁਪ ਕੇ ਸੁਣਦੀਆਂ ਰਹਿੰਦੀਆਂ ਸਨ ।
ਲੜਕੀ ਲਈ ਆਪਣੇ ਨਵੇਂ ਘਰ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਤੀਬਰ ਇੱਛਾ ਹੁੰਦੀ ਹੈ । ਨਾਲ ਉਹ ਮੁੰਡੇ ਬਾਰੇ ਭੀ ਸੁਣਨਾ ਲੋਚਦੀ ਹੈ । ਇਹ ਸੁਭਾਵਕ ਹੀ ਹੈ । ਦੋਨਾਂ ਨੇ ਸੁਣਿਆ ਕਿ ਘਰ ਤਾਂ ਦੋਨਾਂ ਦੇ ਸਧਾਰਨ ਹੀ ਹਨ । ਪਰ ਦੋਵੇਂ ਸੋਹਣੇ ਸੁਨੱਖੇ ਗੱਭਰੂ ਹਨ । ਪ੍ਰਦੇਸ ਗਏ ਹਨ । ਸੁਖ ਹੀ ਸੁਖ ਹੈ । ਅੱਜ ਕਰਮੀ ਅਤੇ ਪੰਮੀ ਇੱਕ ਘਰ ਗੀਤਾਂ ਤੇ ਗਈਆਂ ਕੱਠੀਆਂ ਹੋ ਗਈਆਂ । ਪੰਮੀ ਗੋਰੀ ਦੀ ਅਤੇ ਕਰਮੀ ਜੀਤੇ ਦੀ ਮੰਗ ਹੈ । ਆਪਸ ਵਿੱਚ ਗੱਲਾਂ ਕਰਨ ਲੱਗ ਪਈਆਂ । ਕਿਉਂਕਿ ਦੋਨੋਂ ਹੀ ਆਪਣਾ ਦਿਲ ਕਿਸੇ ਅੱਗੇ ਖੋਲਣਾਂ ਚਹੁੰਦੀਆਂ ਸਨ ।
ਪੰਮੀ ਭੈਣੇ ਹੁਣ ਤਾਂ ਵਲੈਤੀ ਮੁੰਡੇ ਦੇ ਈ ਸੁਪਨੇ ਲੈਂਦੀ ਹੋਵੇਂਗੀ ਸਾਡੇ ਨਾਲ ਕਾਹਨੂੰ ਗੱਲ ਕਰਦੀ ਏ । ਕਰਮੀ ਨੇ ਪੰਮੀ ਨੂੰ ਕਿਹਾ ।
'ਅੱਛਾ ! ਆਵਦੀ ਗੱਲ ਕਰਦੀ ਐਂ । ਮੈਂ ਸਭ ਸਮਝ ਦੀਆਂ ।'
'ਸੁਪਨੇ ਨਾਂ ਲੈ ਮੈਨੂੰ ਪਤੈ ਤੇਰੇ ਸਰਦਾਰ ਦਾ । ਪੁੱਛ ਜੋ ਮੈਥੋਂ ।'
'ਨੀ ਲੋਹੜੇ ਪੈਣੀਏ ਮਿਲ ਆਈ ਮੈਥੋਂ ਪਹਿਲਾਂ ਈ ਭਾਵੇਂ ਤਾਂ । ਬੜੀ ਐਂ ਕੁੜੇ ਘੁਗੀ ਨੀ ਖੰਗਣ ਦਿੰਦੀ ।'
'ਨੀ ਮੇਰੀ ਮਾਸੀ ਦਾ ਪੁੱਤ ਐ । ਐਥੇ ਤਾਂ ਖੇਡਦਾ ਹੁੰਦਾ ਸੀ ਛੋਟਾ ਹੁੰਦਾ । ਉਦੋਂ ਕੀ ਪਤਾ ਸੀ ਬਈ ਤੈਂਨੂੰ ਉਹਦੇ ਨਾਲ ਮੜ੍ਹਨੈ । ਮੁੰਡਾ ਤਾਂ ਸੋਹਣੈ ਲਕੋ ਕੇ ਰੱਖਣ ਵਾਲਾ ਐ ।'
'ਕਿਉਂ ਕਾਂ ਚੁੱਕਕੇ ਲੈ ਜਾਣਗੇ ?'
'ਨੀ ਨਹੀਂ ਨੀ , ਸੋਹਣਿਆਂ ਨੂੰ ਸੌ ਬਿੱਜ ਪੈਂਦੇ ਨੇ ।'
'ਨੀ ਤੂੰ ਆਵਦੇ ਦੀ ਗੱਲ ਕਰ । ਉਹ ਨੂੰ ਵੀ ਕਾਵਾਂ ਤੋਂ ਬਚਾ ਕੇ ਰੱਖੇਂਗੀ ਕਿ ਧੁੱਪੇ ਸੁੱਕਣਾ ਪਾ ਦੇਵੇਂਗੀ ।'
'ਚੱਲ ਨੀ ਕੀ ਕਰਦੀ ਐ । ਉਹ ਦੀ ਤੂੰ ਖਬਰ ਲਿਆ ਜਾ ਕੇ ।'
'ਚੰਗਾ ਜਾਊਂਗੀ ਲਿਆਊਗੀ ਪਤਾ ਮਾਸੀ ਤੋਂ । ਦਿਲ ਥਾਂਵੇਂ ਰੱਖ । ਹਾਂ ਮੈਨੂੰ ਤਾਂ ਇਹ ਖੁਸ਼ੀ ਐ ਬਈ ਆਪਾਂ ਦੋਨੇ ਇਕੋ ਥਾਂ ਹੋਵਾਂ ਗੀਆਂ । ਦੁੱਖ ਸੁੱਖ ਕਰ ਲਿਆ ਕਰਾਂਗੀਆਂ ।' ਪੰਮੀ ਨੇ ਕਿਹਾ ।
'ਨੀ ਜੇ ਧਗੜੇ ਦੂਰ ਦੂਰ ਹੋਏ ਪ੍ਰਦੇਸਾਂ ਵਿੱਚ ਫੇਰ ਕੀਹਦੀ ਮਾਂ ਨੂੰ ਮਾਸੀ ਆਖੇਗੀ ।' ਕਰਮੀ ਨੇ ਤਖੌਲਾ ਪ੍ਰਗਟ ਕੀਤਾ ।
'ਜਮਾਂ ਈ ਘਟੁੰਨੀ ਐਂ ਤੂੰ ਤਾਂ । ਨੀ ਪ੍ਰਦੇਸਾਂ ਵਿੱਚ ਟੈਲੀਫੋਨ ਹੁੰਦੇ ਐ । ਜਦੋਂ ਜੀ ਕੀਤਾ ਖੜਕਾਤਾ । ਆਪਣੇ ਵੰਗੂੰ ਨੀ ਬਈ ਸੁਨੇਹਾ ਦੇਣਾ ਹੋਏ ਤਾਂ ਲਾਗੀ ਘੱਲੋ ਗੰਢ ਦੇਕੇ ।' ਪੰਮੀ ਨੇ ਕਿਹਾ ।
'ਪੰਮੀ ਪ੍ਰਦੇਸਾਂ' ਚ ਭਾਵੇਂ ਚਲੇ ਈ ਗਏ ਪਰ ਜਮਾਂ ਘੁੱਗੂ ਨੇ ਦੋਵੇਂ । ਇੱਲ੍ਹ ਦੀ ਥਾਂ ਕੁੱਕੜ ਨੀ ਜਾਣਦੇ । ਪ੍ਰਦੇਸਾਂ ਵਿੱਚ ਵੀ ਤਾਂ ਜਾ ਕੇ ਸਲੀਪਰ ਈ ਢੋਣਗੇ ਮਜ਼ਦੂਰ ਬਣਕੇ ਆਪਾਂ ਨੂੰ ਕੀ ਗੱਦੀ ਤੇ ਬਠਾ ਦੇਣਗੇ । ਕਹਿਣਗੇ 'ਨਾਲ ਦੇ ਬਾਗ 'ਚ ਜਾਇਆ ਕਰੋ । ਫਲ ਤੋੜਿਆ ਕਰੋ । ਚੰਗੇ ਪੈਸੇ ਬਣਦੇ ਐ । ਤੇ ਆਪਾਂ ਫਲ ਤੋੜਾਂਗੇ । ਬਕਸਿਆਂ ਚ ਪਾਵਾਂਗੇ ਫੇਰ ਘਰੇ ਆ ਕੇ ਚੁੱਲੇ ਚੌਕੇ ਦਾ ਸਿਆਪਾ ।'
'ਨੀ ਕੰਮ ਕਰਦੇ ਤਾਂ ਨੀ ਥੱਕਦੇ । ਆਂਢ ਗੁਆਂਢ ਦੇ ਦੰਦ ਜੁੜਨਗੇ ਜਦੋਂ ਕਨੇਡਾ ਤੋਂ ਰੰਗ ਬਰੰਗੀਆਂ ਜਰਸੀਆਂ ਪਾ ਕੇ ਆਮਾਗੀਆਂ । ਫੇਰ ਅਨਪੜ੍ਹਾਂ ਨੂੰ ਆਪਾਂ ਘਰੇ ਸਕੂਲ ਲਾ ਕੇ ਪੜਾਲਾਂਗੀਆਂ ।'
'ਨੀ ਤੂੰ ਤਾਂ ਕੰਨ ਖਿਚਿਆ ਕਰੇਗੀ ਬਚਾਰੇ ਦੇ ਜੇ ਘੱਗਾ ਨੰਨਾ ਨ ਆਇਆ ਤਾਂ । ਫੇਰ ਦਸ ਪਾਸ ਹੋ ਜੂ ਤੇ ਤੈਨੂੰ ਇੱਕ ਖੇਡਣਾ ਖੇਡਣ ਨੂੰ ਦੇ ਦੂ ।'
'ਨੀ ਜਾਹ ਪਰੇ ਟਿਚਰਾਂ ਹੀ ਕਰਦੀ ਰਹੂ ।'
ਦੋਨਾਂ ਨੇ ਆਪਣੇ ਆਪਣੇ ਮਨ ਦੀ ਭੜਾਸ ਕੱਢ ਲਈ । ਭਾਵੇਂ ਮੁੰਡੇ ਅਨਪੜ੍ਹ ਹਨ । ਪਰ ਭਾਰਤ ਦੀਆਂ ਕੁੜੀਆਂ ਨੇ ਭਾਰਤੀ ਸੰਸਕਾਰ ਅਨੁਸਾਰ ਆਪਣੇ ਮਨ ਚ ਵਸਾ ਲਏ । ਨਾ ਦੇਖੇ ਨਾ ਪਰਖੇ । ਜਿਵੇਂ ਮਾਂ ਬਾਪ ਨੇ ਚੁਣ ਲਏ ਇਨ੍ਹਾ ਨੇ ਪ੍ਰਵਾਨ ਕਰ ਲਏ ।
ਦੋਨਾਂ ਦੇ ਮਨਾਂ ਵਿੱਚ ਹੁਣ ਇਹ ਉਤਸੁਕਤਾ ਹੈ ਕਿ ਜਦੋਂ ਔਣ ਤੇ ਚਾਰ ਲਾਵਾਂ ਲੈ ਕੇ ਪ੍ਰਦੇਸ ਜਾਈਏ ।
.......ਚਲਦਾ