ਕਰਮਨ ਕੀ ਗਤ ਨਿਆਰੀ....ਨਾਵਲ ਭਾਈ ਅਜੈਬ ਸਿੰਘ ਸਿੱਧੂ (ਚੱਕ ਬਖਤੂ) ...ਭਾਗ ਚੌਥਾ


ਮੁੰਡਿਆਂ ਦਾ ਪਿੰਡ ਵਾਲਾ ਗਰਾਂਈ ਫੈਕਟਰੀ ਵਿੱਚ ਕੰਮ ਕਰਦਾ ਹੈ । ਸਵੇਰੇ ਚਲਾ ਜਾਂਦਾ ਹੈ ਤੇ ਸ਼ਾਮ ਨੂੰ ਘਰ ਆਉਦਾ ਹੈ । ਜੀਤਾ ਤੇ ਗੋਰੀ ਇਸਦੇ ਕਮਰੇ ਵਿੱਚ ਰਹਿੰਦੇ ਹਨ । ਬਾਰ ਬੰਦ ਕਰਕੇ ਰਖਦੇ ਹਨ । ਰੋਟੀ ਟੁਕਰ ਦਾ ਪ੍ਰਬੰਧ ਇਸ ਦਾ ਆਪਣਾ ਹੀ ਸੀ । ਗੇੜ ਲਈਆਂ ਤੇ ਛਕ ਲਈਆਂ । ਇਹ ਭੀ ਗੇੜਕੇ ਛਕਦੇ ਰਹੇ ।
ਇਕ ਦਿਨ ਕਮਰੇ ਦੇ ਅੰਧੇਰੇ ਤੋਂ ਤੰਗ ਆ ਗਏ । ਲਾਗੇ ਹੀ ਇੱਕ ਪਾਰਕ ਸੀ ਉਸ ਵਿੱਚ ਜਾ ਬੈਠੇ । ਸੁਖ ਦਾ ਸਾਹ ਆਇਆ । ਇਨ੍ਹਾਂ ਦੀ ਕਿਸਮਤ ਹੱਸ ਰਹੀ ਹੈ ਇਨ੍ਹਾਂ ਉਪਰ ਅਕਾਸ਼ ਵਿੱਚੋਂ । ਕਿਸਮਤ ਦਾ ਹੌਂਸਲਾ ਚੰਗੇ ਭਾਗਾਂ ਦੇ ਉਦੇ ਹੋਣ ਦਾ ਸੂਚਕ ਹੈ । ਪ੍ਰੰਤੂ,ਭਾਗਾਂ ਦੇ ਉਦੇ ਹੋਣ ਤੱਕ ਹੀ ਕਈ ਮੰਜ਼ਲਾਂ ਮਾਰਨੀਆਂ ਪੈਦੀਆਂ ਹਨ । ਕਈ ਵੇਰ ਡੰਕੀ ਫਲਾਈਟ ਵਾਂਗ ।
'ਗੋਰੀ ਉਹ ਪੰਡਤ ਸਾਲਾ 'ਡੰਕੀ ਫਲੈਟ' 'ਡੰਕੀ ਫਲੈਟ' ਕੀ ਕਹਿਦਾ ਸੀ?' ਜੀਤਾ ਬੋਲਿਆ ।
'ਬੁੱਧੂ ਐਂ, ਤੂੰ ਪਤਾ ਨੀ ਕੀ ਖਾ ਕੇ ਤੁਰਿਆ ਸੀ ਘਰੋਂ । ਦੇਖ ਲੋਕ ਜਾਂਦੇ ਹਨ ਦੂਜੇ ਦੇਸਾਂ ਨੂੰ ਜਹਾਜ਼ਾਂ' ਚ ਚੜ੍ਹਕੇ । ਬੜੇ ਆਰਾਮ ਨਾਲ ਜਾ ਉਤਰਦੇ ਨੇ ਜਿਵੇਂ ਆਪਾਂ ਦਿੱਲੀ ਤੋਂ ਕਾਬਲ ਆ ਉਤਰੇ ਸੀ । ਪਰ ਕਈਆਂ ਨੂੰ ਜਹਾਜ਼ਾਂ ਵਿੱਚ ਥਾਂ ਨੀ ਮਿਲਦੀ ਫੇਰ ਉਹ ਜੌਂਗਿਆਂ ਵਿੱਚ ਮਰਦੇ ਖਪਦੇ ਪੈਦਲ ਪੈਂਡੇ ਮਾਰਦੇ ਪਹੰਚਦੇ ਨੇ ਜਿਵੇਂ ਆਪਾਂ ਆਏ ਆ ਅਰਾਨ ਵਿੱਚ । ਏਸ ਨੂੰ ਕੰਜਰ ਦੇ ਪੁੱਤ ਡੰਕੀ ਫਲੈਟ ਕਹਿੰਦੇ ਨੇ । ਪਈ ਖਾਨੇ ਕੁਸ ?

'ਸਮਝ ਗਿਆ । ਮਾਰ ਤੇ ਸਾਲੀ ਡੰਕੀ ਫਲੈਟ ਨੇ ।' ਜੀਤੇ ਨੇ ਕਿਹਾ ।
'ਉਏ ਸਾਲਿਆ ਜੀਤਿਆ,ਆਪਣੇ ਖੇਤਾਂ ਵਿੱਚ ਚਲਦੀਆਂ ਨੇ ਬੰਬੀਆਂ,ਹਰੇ ਭਰੇ ਖੇਤਾਂ ਵਿੱਚ ਪੈਲਾਂ ਪੌਦਿਆਂ ਨੂੰ ਕਿੱਥੇ ਲਿਆ ਫਸਾਇਆ ਕੰਜਰਦੇ ਪੌਂਡਾਂ ਦੇ ਲਾਲਚ ਨੇ ?
'ਮਾੜੀ ਸੈਂਤ ਸੀ ਜਦੋਂ ਘਰੋਂ ਪੈਰ ਪੱਟਿਆ ।'
ਪਾਰਕ ਵਿੱਚ ਬੈਠੇ ਹਨ । ਉਦਾਸ । ਕਦੇ ਏਧਰ ਕਦੇ ਓਧਰ ਝਾਕਦੇ ਹਨ । ਪੰਛੀ ਦੇ ਉੱਡਣ ਤੇ ਲੰਘਦੇ ਕਦਮਾਂ ਦੀ ਆਹਟ ਤੋਂ ਡਰਦੇ ਹਨ । ਚੋਰ ਅੱਖਾਂ ਬੜੀ ਦੂਰ ਤੋਂ ਪਛਾਣ ਲੈਂਦੀਆਂ ਨੇ । ਭੋਲੇ ਅਤੇ ਅਲੂਣੇ ਬੰਦਿਆਂ ਨੂੰ । ਇੱਕ ਅਜੇਹੇ ਹੀ ਬੰਦੇ ਨੇ ਦੇਖਿਆ । ਪਛਾਣ ਗਿਆ । ਮਲਕੜੇ ਕੋਲ ਆ ਬੈਠਾ । ਡਰ ਗਏ ਦੋਨੋ । ਸੂੰਗੜ ਜੇਹੇ ਗਏ ।
'ਬੇਟਾ, ਲਗਦਾ ਘਰੋਂ ਨੱਸਕੇ ਆਏ ਹੋ ? ਪੁਲਸ ਤੋਂ ਡਰ ਲਗਦਾ ਹੋਊ ? ਕਿਉਂ ਹੈ ਨਾਂ ? ਗੋਰੀ ਘਬਰਾ ਗਿਆ । ਥਥਲਾ ਕੇ ਉਤਰ ਦਿੱਤਾ ,
'ਹਾਂ, ਹਾਂ ,ਮੈ ਸਮਝ ਗਿਆ । ਪਰ ਪੁਲਸ ਨੇ ਫੜ ਲਏ ਬੁਰਾ ਹਾਲ ਕਰੇਗੀ । ਬੇਟਾ ਇਹ ਪ੍ਰਾਇਆ ਦੇਸ ਹੈ । ਏਥੇ ਕੀਹਦੇ ਕੋਲ ਫਰਿਆਦ ਕਰੋਂਗੇ ?' ਬਾਬਾ ਬੋਲਿਆ ।
'ਬਾਬਾ ਠੀਕ ਐ ਪਰ ਫੇਰ ਅਸੀਂ ਕਰੀਏ ਕੀ?'
'ਜੇ ਤੁਸੀਂ ਮੰਨੋਂ ਤਾਂ ਮੈਂ ਥੋਨੂੰ ਬਚਾ ਸਕਦਾ ਹਾਂ । ਮੈਂ ਬੜੀ ਦੇਰ ਦਾ ਰਹਿੰਦਾ ਹਾਂ ਏਥੇ । ਪਰ ਜੇ ਤੁਸੀਂ ਸੱਚ ਦੱਸ ਦਿਉਂ ।'
ਬਾਬਾ ਅਸੀਂ ਈਰਾਨ ਕੰਮ ਕਰਨ ਆਏ ਸੀ । ਏਥੇ ਕਿਵੇਂ ਪਹੁੰਚੇ ਬਸ ਮੌਤ ਦੇ ਮੂਹੋਂ ਬਚੇ ਹਾਂ । ਡੰਕੀ ਫਲੈਟ ਰਾਹੀਂ ਆਏ ਅਸੀਂ । ਪੰਡਤ ਜੇਹੜਾ ਸਾਨੂੰ ਲੈ ਕੇ ਆਇਆ ਸੀ ਪਤਾ ਨਹੀਂ ਕਿੱਥੇ ਮਰ ਗਿਆ , ਦਸ ਹਜ਼ਾਰ ਖਰਾ ਕਰ ਲਿਆ ਸੀ ਮੇਰੇ ਪੁੱਤ ਦੇ ਨੇ ।' ਗੋਰੀ ਨੇ ਕਿਹਾ ।
'ਹੱਛਾ , ਤਾਂ ਇਹ ਗੱਲ ਐ । ਪਰ ਬੇਟਾ ਤੁਸੀਂ ਜੇ ਕੰਮ ਈ ਕਰਨਾ ਸੀ ਤਾਂ ਏਥੇ ਕਿਉਂ ਆਏ । ਅਮਰੀਕਾ ਜਾਂ ਕਨੇਡਾ ਜਾਣਾ ਸੀ । ਏਥੇ ਕੰਮ ਨਹੀਂ ਮਿਲਦਾ ਕਿਸੇ ਨੂੰ ।' ਬਾਬੇ ਨੇ ਕਿਹਾ ।
'ਬਾਬਾ ਨਾ ਸਾਨੂੰ ਪਤਾ ਅਰਾਨ ਦਾ ਨ ਮਰੀਕਾ ਦਾ । ਸਾਨੂੰ ਤਾਂ ਜਿੱਥੇ ਲੈ ਆਇਆ ਆ ਗੇ । ਮਰੀਕਾ ਜਾਂ ਕਨੇਡਾ ਕਿਵੇਂ ਜਾਂਦੇ ।'
'ਜੇ ਮੇਰੇ ਆਖੇ ਲੱਗੋਂ ਤਾਂ ਮੈਂ ਤੁਹਾਂਨੂੰ ਭੇਜ ਸਕਦਾ ਹਾਂ । ਕਈ ਭੇਜ ਤੇ ਮੈਂ ਏਥੋਂ । ਹਾਂ ।'
ਦੋਨਾਂ ਨੂੰ ਬਾਬਾ ਹੁਣ ਪੰਡਤ ਵਰਗਾ ਹੀ ਲੱਗੇ , ਇਕ ਵੇਰ ਜੋ ਠੋਕਰ ਖਾ ਜਾਏ ਸਾਫ ਥਾਂ ਤੇ ਭੀ ਪੈਰ ਬੋਚ ਕੇ ਧਰਦਾ ਹੈ । ਪ੍ਰੰਤੂ , ਫਸਿਆ ਪੰਛੀ ਪਿੰਜਰੇ ਦੇ ਖੁੱਲਣ ਦੀ ਆਸ ਮਰਨ ਤੋੜੀ ਭੀ ਬਣਾਈ ਰਖਦਾ ਹੈ । ਦੋਨਾਂ ਨੂੰ ਬੇਇਤਬਾਰੀ ਵਿੱਚ ਭੀ ਇਤਬਾਰ ਕਰਨ ਦੀ ਪ੍ਰੇਰਣਾ ਮਿਲੇ ।
'ਬਾਬਾ ਸਾਡੇ ਨਾਲ ਤਾਂ ਅੱਗੇ ਵੀ ਏਡੀ ਠੱਗੀ ਵੱਜੀ ਐ । ਅੱਗੋਂ ਇਸ ਤੋਂ ਭੀ ਮੋਟੇ ਜਾਲ ਵਿੱਚ ਫਸਣੋਂ ਡਰਦੇ ਆਂ । ਤੇ ਫੇਰ ਹੁਣ ਤਾਂ ਸਾਡੇ ਕੋਲ ਕਾਣੀ ਕੌਡੀ ਭਿ ਨਹੀਂ । ਅਸੀਂ ਦੇ ਵੀ ਕੁੱਝ ਨਹੀਂ ਸਕਦੇ । ਢੋ ਕੋਈ ਨਜ਼ਰ ਨਹੀਂ ਆਉਦਾ ।' ਜੀਤੇ ਨੇ ਕਿਹਾ ।
'ਦੇਖੋ ਬੇਟਾ ਫਸ ਤਾਂ ਤੁਸੀਂ ਗਏ ਈ ਹੋ ਹੁਣ ਤਾਂ ਛੁੱਟਣ ਦਾ ਹੀਲਾ ਸੋਚੋ । ਆਉ ਮੇਰੇ ਨਾਲ ਮੈਂ ਤੁਹਾਡੇ ਬੰਧ ਮੋਕਲੇ ਕਰੂੰ । ਪੈਸਾ ਨਹੀਂ ਚਾਹੀਦਾ ਮੈਨੂੰ । ਤੁਸੀਂ ਮੇਰੇ ਪੰਜਾਬ ਦੇ ਬੱਚੇ ਹੋਂ ਮੇਰਾ ਫਰਜ਼ ਬਣਦਾ ਹੈ ਤੁਹਾਡੀ ਮੱਦਤ ਕਰਾਂ ।'
ਦੋਨਾਂ ਨੂੰ ਬਾਬੇ ਦੇ ਬਚਨਾ ਵਿੱਚ ਸਚਾਈ ਨਜ਼ਰ ਆਈ । ਬਾਬੇ ਦੇ ਨਾਲ ਜਾਣ ਦਾ ਮਨ ਬਣਾ ਲਿਆ । 'ਗਰਾਂਈਂ ਤਾਂ ਅਜੇ ਕੰਮ ਤੋਂ ਨਹੀਂ ਆਇਆ ਦੱਸੀਏ ਕੀਹਨੂੰ ।'
'ਸੋਚੀਂ ਨਾ ਪਵੋ ,ਆਉ ।' ਬਾਬੇ ਨੇ ਕਿਹਾ ।
'ਪਰ ਬਾਬਾ ਸਾਡਾ ਗਰਾਂਈਂ ਐ ਇਥੇ ਉਸ ਨੂੰ ਦੱਸਣਾ ਸੀ ।'
ਨਾ ਸਾਊ ਨਾ । ਪਤਾ ਨੀ ਉਹ ਕੋਈ ਅੜਿਕਾ ਲਾ ਦੇ ਤੇ ਤੁਸੀਂ ਨਰਕਾਂ ਚ ਸੜਦੇ ਰਹੋਂ । ਮੈਂ ਕੱਲ ਆ ਕੇ ਦੱਸ ਦੂੰਗਾ । ਹੁਣ ਜ਼ਰਾ ਕਾਹਲ ਐ ।
ਦੋਨੇ ਆਪਣੇ ਗਰਾਂਈਂ ਨੂੰ ਦਸੇ ਬਿਨਾਂ ਹੀ ਬਾਬੇ ਨਾਲ ਹੋ ਲਏ । ਪਾਰਕ ਤੋਂ ਬਾਹਰ ਬਾਬੇ ਦੀ ਕਾਰ ਖੜੀ ਸੀ । ਤਿੰਨਾ ਨੂੰ ਬਠਾਕੇ ਔ ਜਾ, ਔ ਜਾਹ ਹੋ ਗਈ ।
ਰਾਹ ਵਿੱਚ ਜਾਂਦੇ ਦੋਨੇ ਡਰ ਦੀ ਇੱਕ ਅਜ਼ੀਬ ਜੇਹੀ ਹਾਲਤ ਵਿੱਚ ਹਨ । ਘਰ ਯਾਦ ਔਂਦਾ ਹੈ । ਮਾਂ ਬਾਪ ਦੇ ਚੇਹਰਿਆਂ ਉਪਰ ਖੁਸ਼ੀ ਦੇ ਉਹ ਚਿਨ੍ਹ ਸਾਫ ਨਜ਼ਰ ਔਦੇ ਸਨ ਜੋ ਤੋਰਨ ਵੇਲੇ ਉਭਰੇ ਸਨ । ਖੇਤ ਬੰਨੇ , ਮਾਲ ਡੰਗਰ ਸਾਰੇ ਲੰਘੇ ਅੱਖਾਂ ਅੱਗੇ ਦੀ ।
'ਬੇਟਾ ਤੁਸੀਂ ਏਥੇ ਅੰਜਾਣ ਹੋ । ਪੜ੍ਹੇ ਲਿਖੇ ਭੀ ਨਹੀਂ । ਜੁਬਾਨ ਭੀ ਨਹੀਂ ਸਮਝਦੇ । ਫਿਕਰ ਹੈ ਮੈਨੂੰ ਤੁਹਾਡੀ । ਹਾਂ ਸੱਚ ਤੁਸੀਂ ਕਿਹੜੇ ਜਿਲੇ ਤੋਂ ਆਏ ਹੋ ?'
'ਬਾਬਾ ਜ਼ਿਲ੍ਹਾ ਤਾਂ ਸਾਨੂੰ ਪਤਾ ਨੀ ਪਰ ਸਾਡਾ ਪਿੰਡ ਬਠਿੰਡੇ ਦੇ ਨੇੜੇ ਐ ਮਸਾਂ ਦਸ ਕੋਹ ।' ਗੋਰੀ ਨੇ ਕਿਹਾ ।
'ਉਹ ਤੇਰਾ ਭਲਾ ਹੋ ਜੇ । ਸਹੁਰਿਉ ਤੁਸੀਂ ਤਾਂ ਮੇਰੇ ਗਰਾਂਈਂ ਹੋਏ । ਤੁਸੀਂ ਗੋਨਿਆਣਾ ਸੁਣਿਐ ਕਦੇ , ਬਸ ਉਹਦੇ ਨਾਲ ਈ ਐ ਮੇਰਾ ਪਿੰਡ । ਮੇਰਾ ਬੱਚਾ ਵੀ ਤੁਰਾਡੇ ਵਾਂਗ ਆਇਆ ਸੀ ਏਧਰ ਕਿਸੇ ਬੁਰੇ ਕੰਮ ਚ ਮਾਰਿਆ ਗਿਆ ।'
'ਬਾਬਾ ਉਹ ਵੀ ਡੰਕੀ ਫਲੈਟ ਚ ਆਇਆ ਸੀ ?'
'ਨਹੀਂ ਬੇਟਾ , ਉਹ ਜਹਾਜ਼ ਚੜ ਕੇ ਆਇਆ ਸੀ ।'
'ਫੇਰ ਕਿਵੇਂ ਮਰ ਗਿਆ ? ਜਹਾਜ਼ ਚ ਤਾਂ ਮਰਨ ਵਾਲੀ ਕੋਈ ਗੱਲ ਨੀ ਹੁੰਦੀ ।' ਜੀਤੇ ਨੇ ਕਿਹਾ ।
'ਬੇਟਾ ਆਏ ਭਾਵੇਂ ਕੋਈ ਕਿਵੇਂ ਪਰ ਰੱਬ ਬੁਰੇ ਕੰਮ 'ਚ ਨਾ ਫਸਾਵੇ ।'
'ਬਾਬਾ ਕੰਮ ਵੀ ਬੁਰੇ ਹੁੰਦੇ ਨੇ ?' ਗੋਰੀ ਨੇ ਪੁੱਛਿਆ ।
'ਹਾਂ, ਬੇਟਾ । ਹੁੰਦੇ ਨੇ । ਤੂੰ ਅਜੇ ਬੱਚਾ ਹੈਂ ਸਮਝ ਜਾਏਂਗਾ । ਹੌਲੀ ਹੌਲੀ । ਹਾਂ ਗੋਨਿਆਣਾ ਸੁਣਿਆ ਕਦੇ ?'
'ਹਾਂ ਬਾਬਾ । ਮੇਰੀ ਮਾਸੀ ਐ ਗੋਨੇਆਣੇ । ਲੰਮੀ ਜੀ ਐ । ਗੋਰੀ ਗੋਰੀ । ਮੈਨੂੰ ਮਾਸੜ ਦਾ ਨਾਂ ਤਾਂ ਔਦਾ ਨੀ ।' ਗੋਰੀ ਨੇ ਕਿਹਾ ।
'ਮਾਸੜ ਦਾ ਪਤਾ ਹੁੰਦਾ ਤਾਂ ਲੱਭ ਲੈਂਦੇ ਮਾਸੀਆਂ ਦੇ ਨਾਮ ਨਾਲ ਤਾਂ ਪਤਾ ਨੀ ਲਗਦਾ ।'
ਹੁਣ ਤਹਿਰਾਨ ਸ਼ਹਿਰ ਤੋਂ ਬਾਹਰ ਆ ਗਏ । ਇਕ ਬਹੁਤ ਹੀ ਸੁੰਦਰ ਕੋਠੀ , ਲੰਮੀ ਚੌੜੀ ਸਫੈਦ ਰੰਗ ਸੁੰਦਰ ਛਬੀ । ਵੇਲ ਬੂਟੇ ਬਹੁਤ ਕੁਝ ਸੀ ਜੋ ਕੋਠੀ ਦੀ ਸ਼ਾਨ ਅਨੁਸਾਰ ਹੀ ਸੀ ।
ਚੌਕੀਦਾਰ ਨੇ ਗੇਟ ਖੋਹਲਿਆ । ਕਾਰ ਅੰਦਰ ਚਲੀ ਗਈ । ਸੱਜੇ ਪਾਸੇ ਘੁਮੀ ਤੇ ਕਮਰਿਆਂ ਦੀ ਇਕ ਕਤਾਰ ਦੇ ਅੱਗੇ ਆ ਰੁਕੀ । ਸਾਰੇ ਉਤਰ ਆਏ । ਬਾਬੇ ਨੇ ਇਕ ਬੂਹਾ ਖੋਹਲਿਆ । ਸੁੰਦਰ ਕਮਰਾ ਹੈ । ਬੈਡ , ਮੇਜ ਕੁਰਸੀ , ਸ਼ੀਸ਼ਾ ਅਤੇ ਪਾਣੀ ਦੀ ਸੁਰਾਹੀ ਪਈ ਹੈ । ਇਨਾਂ ਨੂੰ ਟਿਕਾ ਕੇ ਬਾਬਾ ਅੰਦਰ ਚਲਾ ਗਿਆ ।
...........ਚਲਦਾ