'ਮੇਲ ਕਰਾ ਦੇ ਰੱਬਾ' ਨੇ ਗੱਡੇ ਸਫ਼ਲਤਾ ਦੇ ਝੰਡੇ

ਵਰ੍ਹਿਆਂ ਬਾਅਦ ਪੰਜਾਬ ਦੇ ਸਿਨੇਮੇ ਹੋਏ 'ਹਾਊਸ ਫ਼ੁੱਲ'
ਫ਼ਿਰੋਜ਼ਪੁਰ 16 ਜੁਲਾਈ (ਹਰਿੰਦਰ ਭੁੱਲਰ) ਦਰਸ਼ਕਾਂ ਵੱਲੋਂ ਬੜੀ ਬੇ-ਸਬਰੀ ਨਾਲ ਉਡੀਕੀ ਜਾ ਰਹੀ ਜਿੰਮੀ ਸ਼ੇਰਗਿੱਲ, ਨੀਰੂ ਬਾਜਵਾ ਅਤੇ ਗਿੱਪੀ ਗਰੇਵਾਲ ਸਟਾਰਰ ਨੌਜਵਾਨ ਨਿਰਦੇਸ਼ਕ ਨਵਨੀਅਤ ਸਿੰਘ ਦੀ ਫ਼ਿਲਮ 'ਮੇਲ ਕਰਾ ਦੇ ਰੱਬਾ' ਨੇ ਅੱਜ ਆਪਣੀ ਰਿਲੀਜ਼ਿੰਗ ਦੇ ਪਹਿਲੇ ਦਿਨ ਰਿਕਾਰਡ ਕਮਾਈ ਕਰਕੇ ਨਿਰਮਾਤਾਵਾਂ ਨੂੰ ਮਾਲਾਮਾਲ ਕਰ ਦਿੱਤਾ ਹੈ। ਪੰਜਾਬ ਵਿੱਚ ਜਿੱਥੇ-ਜਿੱਥੇ ਵੀ ਇਹ ਫ਼ਿਲਮ ਰਿਲੀਜ਼ ਹੋਈ ਉੱਥੇ ਹੀ ਦਰਸ਼ਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਅਕਸਰ ਦਰਸ਼ਕਾਂ ਪੱਖੋਂ ਭਾਂ-ਭਾਂ ਕਰਨ ਵਾਲੇ ਸਿਨੇਮਿਆਂ ਵਿੱਚ ਅੱਜ ਮੇਲੇ ਵਰਗਾ ਮਾਹੌਲ਼ ਸੀ ਅਤੇ ਲੋਕ ਤਾਂ ਜਿਵੇਂ ਇਸ ਫ਼ਿਲਮ ਨੂੰ ਟੁੱਟ ਕੇ ਹੀ ਪੈ ਗਏ। ਲੁਧਿਆਣੇ ਵਰਗੇ ਸ਼ਹਿਰ ਵਿੱਚ ਜਿੱਥੇ ਕਿ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੋਣ ਦੇ ਬਾਵਜੂਦ ਲਗਭਗ ਹਰੇਕ ਸਿਨੇਮੇ ਦਾ ਹਰ ਸ਼ੋਅ ਹਾਊਸ ਫ਼ੁੱਲ ਰਿਹਾ ਅਤੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੂੰ ਟਿਕਟ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਅਗਲੇ ਸ਼ੋਅ ਦਾ ਇੰਤਜਾਰ ਕਰਨਾ ਪਿਆ। ਲੁਧਿਆਣੇ ਦੇ ਦੋ ਸਭ ਤੋਂ ਵੱਡੇ ਸਿਨੇਮਿਆਂ 'ਪੀ.ਵੀ.ਆਰ' ਅਤੇ 'ਵੈਸਟਐਂਡ ਮਾਲ' ਵਿਖੇ ਇਸ ਫ਼ਿਲਮ ਦੇ ਚਾਰੋ ਦੇ ਚਾਰੋ ਸ਼ੋਅ ਹੀ ਸੋਲਡ ਆਊਟ ਰਹੇ ਅਤੇ ਸਿਨੇਮਾ ਮਾਲਕਾਂ ਨੂੰ ਸਿਨੇਮੇ ਦੇ ਬਾਹਰ 'ਹਾਊਸ ਫ਼ੁੱਲ' ਦਾ ਬੋਰਡ ਟੰਗਣਾ ਪਿਆ। ਇੱਥੋਂ ਤੱਕ ਕਿ ਖੁਦ ਇਸ ਫ਼ਿਲਮ ਦੇ ਇੱਕ ਕਲਾਕਾਰ ਜਸਵਿੰਦਰ ਭੱਲਾ ਨੇ ਜਦ ਆਪਣੇ ਇੱਕ ਸਹਿਯੋਗੀ ਨੂੰ ਇਸ ਫ਼ਿਲਮ ਦੀ ਟਿਕਟ ਲੈਣ ਲਈ ਭੇਜਿਆ ਤਾਂ ਉਸ ਨੂੰ ਵੀ ਬੇਰੰਗ ਵਾਪਸ ਪਰਤਨਾ ਪਿਆ। ਸ੍ਰੀ ਭੱਲਾ ਮੁਤਾਬਿਕ ਉਹਨਾਂ ਨੂੰ ਜਿੱਥੇ ਪਹਿਲੇ ਹੀ ਦਿਨ ਆਪਣੀ ਇਸ ਫ਼ਿਲਮ ਨੂੰ ਨਾ ਵੇਖ ਸਕਣ ਦਾ ਥੋੜ੍ਹਾ ਅਫ਼ਸੋਸ ਹੈ ਓਥੇ ਇਸ ਗੱਲ ਦੀ ਬੇਹੱਦ ਖੁਸ਼ੀ ਵੀ ਹੈ ਕਿ ਹੁਣ ਇੱਕ ਵਾਰ ਫਿਰ ਪੰਜਾਬੀ ਸਿਨੇਮੇ ਦਾ ਉਹ ਸੁਨਹਿਰਾ ਯੁੱਗ ਵਾਪਸ ਆ ਗਿਆ ਹੈ ਜਿਸ ਦਾ ਕਿ ਪੰਜਾਬੀ ਫ਼ਿਲਮਸਾਜ਼ਾਂ ਨੂੰ ਬੜੀ ਦੇਰ ਤੋਂ ਇੰਤਜ਼ਾਰ ਸੀ।
ਫ਼ਿਲਮ ਵੇਖ ਕੇ ਬਾਹਰ ਆਏ ਦਰਸ਼ਕਾਂ ਨੇ ਵੀ ਇਸ ਫ਼ਿਲ਼ਮ ਨੂੰ ਬਹੁਤ ਸਲਾਹਿਆ ਹੈ, ਉਹਨਾਂ ਅਨੁਸਾਰ ਉਹਨਾਂ ਨੂੰ ਪੂਰੀ ਫ਼ਿਲਮ ਦੌਰਾਨ ਕਿਧਰੇ ਵੀ ਇੰਝ ਲੱਗਿਆ ਹੀ ਨਹੀਂ ਕਿ ਉਹ ਕੋਈ ਪੰਜਾਬੀ ਫ਼ਿਲਮ ਦੇਖ ਰਹੇ ਹਨ ਬਲਕਿ ਉਹਨਾਂ ਨੂੰ ਇਉਂ ਲੱਗਿਆ ਜਿਵੇ ਕੋਈ ਵੱਡੇ ਬਜਟ ਦੀ ਹਿੰਦੀ ਫ਼ਿਲਮ ਉਹਨਾਂ ਸਾਹਮਣੇ ਚਲ ਰਹੀ ਹੋਵੇ। ਫ਼ਿਲਮ ਦੀ ਕਹਾਣੀ, ਸਿਨਮੈਟੋਗ੍ਰਾਫ਼ੀ, ਪਿੱਠਵਰਤੀ ਸੰਗੀਤ ਅਤੇ ਗਾਣੇ ਸਭ ਹੀ ਇੱਕ ਤੋਂ ਵਧ ਕੇ ਇੱਕ ਹਨ ਜਿਸਨੇ ਸਭਨਾਂ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਣੇ ਰੰਗ ਵਿੱਚ ਰੰਗ ਲਿਆ। ਲਗਭਗ ਸਭ ਸਮਕਾਲੀ ਪੰਜਾਬੀ ਨਿਰਮਾਤਾ-ਨਿਰਦੇਸ਼ਕਾਂ ਨੇ ਇਸ ਫ਼ਿਲਮ ਦੀ ਸਫ਼ਲਤਾ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਇਸ ਫ਼ਿਲਮ ਦੀ ਪੂਰੀ ਟੀਮ ਨੂੰ ਦਿਲੀ ਮੁਬਾਰਕਬਾਦ ਦਿੱਤੀ ਹੈ। ਆਸ ਹੈ ਕਿ ਇਸ ਫ਼ਿਲਮ ਦੀ ਸਫ਼ਲਤਾ ਨਾਲ ਜਿੱਥੇ ਪੰਜਾਬੀ ਸਿਨੇਮੇ ਨੂੰ ਆਰਥਿਕ ਪੱਖੋਂ ਹਲੂਣਾ ਮਿਲੇਗਾ ਉੱਥੇ ਅਗਲੀ 20 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਚੰਨਾਂ ਸੱਚੀਂ ਮੁੱਚੀਂ' ਅਤੇ ਸਤੰਬਰ ਦੇ ਪਹਿਲੇ ਹਫ਼ਤੇ ਰਿਲੀਜ਼ ਹੋਣ ਵਾਲੀ ਨਿਰਦੇਸ਼ਕ ਮਨਮੋਹਣ ਸਿੰਘ ਦੀ ਮੈਗਾ-ਬਜਟ ਫ਼ਿਲਮ 'ਇੱਕ ਕੁੜੀ ਪੰਜਾਬ ਦੀ' ਸਫ਼ਲਤਾ ਲਈ ਵੀ ਇਹ ਫ਼ਿਲਮ ਰਾਹ ਪੱਧਰਾ ਕਰੇਗੀ।