ਰਾਂ ਆਸ਼ਰਮ ਦੇ ਵਿਹੜੇ ਵਿਚ ਬੈਠੇ ਬਾਬਿਆਂ ਨੂੰ ਵੀ ਸੁਣਾ ਜਾਂਦਾ . ਰਣਜੀਤ ਕਾਫ਼ੀ ਪੜ੍ਹ - ਲਿਖ ਕੇ ਵੀ ਬੇਰੁਜ਼ਗਾਰ ਸੀ . ਉਸ ਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਮਿਲੀ ਸੀ . ਤਰਕ ਵਿਚਾਰਾਂ ਦਾ ਧਾਰਨੀ ਹੋਣ ਕਾਰਨ ਨੌਕਰੀ ਉਹ ਆਪਣੀ ਯੋਗਤਾ ਆਸਰੇ ਹੀ ਲੈਣਾ ਚਾਹੁੰਦਾ ਸੀ . ਨਾ ਤਾਂ ਉਹ ਰਿਸ਼ਵਤ ਦੇ ਕੇ ਨੌਕਰੀ ਲੈਣੀ ਚਾਹੁੰਦਾ ਸੀ ਅਤੇ ਨਾ ਹੀ ਕਿਸੇ ਮੰਤਰੀ ਦੀ ਸਿਫ਼ਾਰਸ਼ ਪਾ ਕੇ ! ਉਸ ਦਾ ' ਹਠ ' ਹੀ ਉਸ ਨੂੰ ਮਾਰੀ ਆ ਰਿਹਾ ਸੀ ਅਤੇ ਉਹ ਕਈ ਸਾਲਾਂ ਤੋਂ ਵਿਹਲਾ ਘਰ ਹੀ ਬੈਠਾ ਸੀ .ਉਸ ਦਾ ਅੜਬ ਬਾਪੂ ਉਸ ਨੂੰ ਕਈ ਵਾਰ ਘੂਰ ਵੀ ਦਿੰਦਾ ਅਤੇ ਝਿੜ੍ਹਕਾਂ ਵੀ ਮਾਰਦਾ , " ਪਟਿਆਲਾ ਸ਼ਾਹੀ ਬੰਨ੍ਹੀ ਫ਼ਿਰਦੈਂ , ਕਿਸੇ ਕਿੱਤੇ ' ਤੇ ਲੱਗਜਾ ! " ਬਾਪੂ ਨੂੰ ਉਸ ਦੀ ਟੂਟੀ ਵਾਲੀ ਪੱਗ ਤੋਂ ਖਿਝ ਆਉਂਦੀ , ਜਿਸ ਨੂੰ ਰਣਜੀਤ ਦੋ - ਦੋ ਘੰਟੇ ਦੀ ਜੱਦੋਜਹਿਦ ਕਰ ਕੇ ਬੰਨ੍ਹਦਾ ਸੀ . ਪਰ ਰਣਜੀਤ ਬੜੇ ਸਹਿਜ ਸੁਭਾਅ ਦਾ ਮੁੰਡਾ ਸੀ . ਉਹ ਕਦੇ ਅੜਬ ਬਾਪੂ ਦਾ ਗੁੱਸਾ ਨਾ ਕਰਦਾ . ਉਸ ਨੂੰ ਅਹਿਸਾਸ ਸੀ ਕਿ ਬਾਪੂ ਨੇ ਉਸ ਨੂੰ ਕਿੰਨੀਆਂ ਤੰਗੀਆਂ ਤਰੁਸ਼ੀਆਂ ਨਾਲ ਪਹਿਲਾਂ ਪਾਲਿਆ ਅਤੇ ਫ਼ਿਰ ਪੜ੍ਹਾਇਆ ਸੀ . ਬਾਪੂ ਦਾ ਉਲਾਂਭਾ ਅਤੇ ਗੁੱਸਾ ਵੀ ਜਾਇਜ਼ ਸੀ . ਉਸ ਨੇ ਆਪਣੀ ਦਸਾਂ ਨਹੁੰਆਂ ਦੀ ਕਿਰਤ - ਮਿਹਨਤ ਨਾਲ ਪੁੱਤ ਨੂੰ ਪੜ੍ਹਾਇਆ - ਲਿਖਾਇਆ ਸੀ , ਸੁਪਨੇ ਬੁਣੇ ਸਨ , ਆਪਣੇ ਬੁਢਾਪੇ ਦਾ ਭਵਿੱਖ ਸੁਖੀ ਚਿਤਵਿਆ ਸੀ . ... ਤੇ ਜਦ ਕੜੀ ਵਰਗਾ ਪੁੱਤ ਪੜ੍ਹ - ਲਿਖ ਕੇ ਵਿਹਲਾ ਫ਼ਿਰਦਾ ਸੀ ਤਾਂ ਬਾਪੂ ਦੀ ਹਿੱਕ ' ਤੇ ਸੱਪ ਲਿਟਦਾ ਸੀ . ਪਰ ਵੱਸ ਕੋਈ ਰਣਜੀਤ ਦੇ ਵੀ ਨਹੀਂ ਸੀ . ਇਹ ਨਹੀਂ ਕਿ ਰਣਜੀਤ ਨਿਖੱਟੂ ਪੁੱਤ ਸੀ . ਉਹ ਇਮਾਨਦਾਰ ਅਤੇ ਸੁਲਝਿਆ , ਨੇਕ ਇਨਸਾਨ ਸੀ . ਪਰ ਉਹ ਆਪਣੀ ਜ਼ਿੰਦਗੀ ਦੇ ਸਿਰਜੇ ਸਿਧਾਂਤਾਂ ਤੋਂ ਪਰ੍ਹੇ ਨਹੀਂ ਹੋ ਸਕਦਾ ਸੀ . ਜ਼ਮੀਰ ਨਹੀਂ ਮਾਰ ਸਕਦਾ ਸੀ . ਰਣਜੀਤ ਆਪਣੇ ਸਿਧਾਂਤਾਂ ' ਤੇ ਚੱਲਦਾ , ਬਾਪੂ ਦੀ ਹਰ ਤੱਤੀ - ਠੰਢੀ ਗੱਲ ਵੀ ਖਿੜੇ ਮੱਥੇ ਜਰਦਾ ਸੀ .
ਜਦੋਂ ਦਾ ਬਾਪੂ ਕੁਝ ਜ਼ਿਆਦਾ ਹੀ ਖਿਝਣ ਲੱਗਿਆ ਸੀ , ਉਦੋਂ ਦਾ ਰਣਜੀਤ ਅਖ਼ਬਾਰ ਕੱਛ ਵਿਚ ਦਿੰਦਾ ਅਤੇ ਬਿਰਧ ਆਸ਼ਰਮ ਆ ਬੈਠਦਾ . ਬਜ਼ੁਰਗਾਂ ਨੂੰ ਖ਼ਬਰਾਂ ਪੜ੍ਹ ਕੇ ਸੁਣਾਉਂਦਾ ਅਤੇ ਕਦੇ - ਕਦੇ ਕਿਸੇ ਗੱਲ ' ਤੇ ਬਹਿਸ ਵੀ ਚੱਲ ਪੈਂਦੀ .
ਅੱਜ ਵੀ ਇਕ ਲੰਮੀ ਬਹਿਸ ਚੱਲ ਪਈ ਸੀ . ਤਾਏ ਜਿਉਣ ਸਿੰਘ ਨੇ ਉਸ ਨੂੰ ਗੱਲ ਹੀ ਐਸੀ ਆਖ ਦਿੱਤੀ ਸੀ , ਜਿਸ ਦਾ ਉਸ ਕੋਲ ਜਵਾਬ ਹੀ ਕੋਈ ਨਹੀਂ ਸੀ !
" ਪਾੜ੍ਹਿਆ , ਮੈਨੂੰ ਮੈਦ ਐ ਬਈ ਪੜ੍ਹਾਈ ਨੇ ਅੱਜ ਦੀ ਪੀੜ੍ਹੀ ਦੀ ਮੱਤ ਨਹੀਂ ਮਾਰ ਦਿੱਤੀ ? " ਸੰਤ ਸਿਉਂ ਬਾਬੇ ਨੇ ਗੱਲ ਚਲਾਈ ਸੀ .
" ਕਿਉਂ ਬਾਬਾ ਜੀ ? ਪੜ੍ਹਾਈ ਤਾਂ ਬੰਦੇ ਦਾ ਤੀਸਰਾ ਨੇਤਰ ਐ , ਵਿਦਿਆ ਫ਼ੈਲਦੀ ਐ , ਤਾਂ ਹੀ ਚਾਨਣ ਹੁੰਦੈ , ਪੜ੍ਹਾਈ ਤਾਂ ਬੰਦੇ ਨੂੰ ਸੋਝੀ ਦਿੰਦੀ ਐ ! " ਰਣਜੀਤ ਨੇ ਉੱਤਰ ਦਿੱਤਾ .
" ਪਾੜ੍ਹਿਆ ਤੂੰ ਕਹਿੰਨੈ ਪੜ੍ਹਾਈ ਸੋਝੀ ਦਿੰਦੀ ਐ , ਮੈਂ ਕਹਿੰਨੈ ਪੜ੍ਹਾਈ ਬੰਦੇ ਦੀ ਮੱਤ ਮਾਰਦੀ ਐ ! " ਸਾਧੂ ਸਿੰਘ ਉਤੋਂ ਦੀ ਬੋਲਿਆ .
" ਕਿਉਂ ਤਾਇਆ ਜੀ ? "
" ਅੱਗੇ ਆਪਾਂ ਵਿਆਹ ਸ਼ਾਦੀ ਕਰਨ ਲੱਗੇ ਦਾਦੀ ਨਾਨੀ ਦੇ ਗੋਤਾਂ ਤੱਕ ਪਤਾ ਕਰਦੇ ਸੀ , ਤੇ ਅੱਜ ਦੀ ਕੰਜਰ ਮੁੰਡੀਹਰ ? ਨਾ ਗੋਤ ਵੇਂਹਦੀ ਐ ਨਾ ਜਾਤ , ਸਕੂਲ ਕਾਲਜ ' ਚ ਈ ਰਜ਼ਾਮੰਦੀ ਕਰ ਕੇ ਵਿਆਹ ਕਰਵਾ ਲੈਂਦੀ ਐ ! ਪਤਾ ਈ ਉਦੋਂ ਲੱਗਦੈ , ਜਦੋਂ ਅਗਲਾ ਵਿਆਹ ਕਰਾ ਕੇ ਠਾਹ ਦੇਣੇ ਘਰੇ ਆ ਵੱਜਦੈ ਤੇ ਮਾਂ - ਪਿਉ ਕਲਪਦੇ ਈ ਰਹਿ ਜਾਂਦੇ ਐ ! ਉਹਨਾਂ ਦੀ ਵੀ ਕੋਈ ਰੀਝ ਹੁੰਦੀ ਐ ਰਣਜੀਤ ਸਿਆਂ ? "
" ਤਾਇਆ ਜੀ , ਇਹੀ ਤਾਂ ਅਗਾਂਹਵਧੂ ਸੋਚ ਐ ! ਅੱਗੇ ਨਾਨਕਿਆਂ ਦਾਦਕਿਆਂ ਨੂੰ ਵਿਆਹ ਵੇਲੇ ਸੂਲੀ ਟੰਗ ਦਿੰਦੇ ਸੀ , ਅੱਜ ਕੱਲ੍ਹ ਪੜ੍ਹੀ ਲਿਖੀ ਪੀੜ੍ਹੀ ਨੇ ਇਹ ਫ਼ਾਲਤੂ ਖ਼ਰਚੇ ਖ਼ਤਮ ਕਰਕੇ ਸੰਖੇਪ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ ਐ , ਅੱਗੇ ਤਾਂ ਤਾਇਆ ਜੀ ਨਰੜ ਹੁੰਦੇ ਸੀ , ਨਰੜ ! ਨਾ ਤਾਂ ਮੁੰਡੇ ਨੂੰ ਕੁੜੀ ਦੇ ਪੈਰ ਦੇ ਮੇਚੇ ਦਾ ਪਤਾ ਹੁੰਦਾ ਸੀ , ਤੇ ਨਾ ਕੁੜੀ ਨੂੰ ਮੁੰਡੇ ਬਾਰੇ ਕੁਛ ਜਾਣਕਾਰੀ ਹੁੰਦੀ ਸੀ , ਅੱਜ ਕੱਲ੍ਹ ਅਗਲੇ ਦੇਖ - ਪਰਖ ਤੇ ਹਮ - ਖਿਆਲੀ ਜੀਵਨ ਸਾਥੀ ਚੁਣਦੈ , ਕੀ ਇਹ ਚੰਗੀ ਗੱਲ ਨਹੀਂ ? "
" ਤੇ ਫ਼ੇਰ ਤਲਾਕ ਲੈਣ ਲੱਗੇ ਵੀ ਪਲ ਨੀ ਲਾਉਂਦੇ ! "
" ਇਹ ਵੀ ਇਕ ਅਗਾਂਹਵਧੂ ਨੁਕਤਾ ਈ ਐ ਤਾਇਆ ਜੀ ! ਜਦੋਂ ਅਗਲੇ ਦੀ ਨਹੀਂ ਬਣੀ , ਸਹਿਮਤੀ ਨਾਲ ਤਲਾਕ ਲੈ ਲਿਆ , ਪਿਛਲੇ ਜ਼ਮਾਨੇ ਵਾਂਗੂੰ ਅਗਲੇ ਦੀ ਧੀ - ਭੈਣ ਤੇਲ ਪਾ ਕੇ ਤਾਂ ਨਹੀਂ ਸਾੜਦੇ ? ਜਾਂ ਕੁੱਟ ਕੇ ਪੇਕੀਂ ਤਾਂ ਨੀ ਵਾੜਦੇ ! "
" ਚੱਲ ਤੇਰੀ ਇਹ ਗੱਲ ਵੀ ਮੰਨੀ ਪਾੜ੍ਹਿਆ ਬਈ ਜ਼ਮਾਨਾਂ ਬਹੁਤ ਅੱਗੇ ਲੰਘ ਗਿਆ ...!"
" ਜ਼ਮਾਨਾ ਤਾਂ ਆਪੇ ਈ ਅੱਗੇ ਲੰਘ ਗਿਆ ! " ਸਾਧੂ ਸਿੰਘ ਦੀ ਗੱਲ ਕੱਟ ਕੇ ਜਿਉਣ ਸਿਉਂ ਅੱਕ ਕੇ ਸ਼ੁਦਾਈਆਂ ਵਾਂਗ ਬੋਲਿਆ .
" ਅੱਗੇ ਜ਼ਮਾਨਾ ਸੀ , ਮਾਂ - ਬਾਪ , ਬਜ਼ੁਰਗਾਂ ਦੀ ਇੱਜ਼ਤ ਹੁੰਦੀ ਸੀ ਤੇ ਲੋਕ ਮਾਂ - ਪਿਉ ਨੂੰ ਦੇਵਤੇ ਵਾਂਗੂੰ ਪੂਜਦੇ ਸੀ , ਸੇਵਾ ਕਰਦੇ ਸੀ , ਪੈਰ ਧੋ - ਧੋ ਪੀਂਦੇ ਸੀ , ਹਰ ਗੱਲ ਮੰਨਦੇ ਸੀ , ਰਾਤ ਨੂੰ ਮੰਜੇ ' ਤੇ ਬੈਠ ਕੇ ਸਲਾਹ ਮਛਵਰਾ ਕਰਦੇ ਸੀ , ਫ਼ੇਰ ਕੋਈ ਕਾਰਜ ਅੱਗੇ ਵਿੱਢਦੇ ਸੀ , ਤੇ ਅੱਜ ਦਾ ਕੰਜਰ ਲਾਣਾ ਬੁੱਢੇ ਹੋਏ ਪਿਉ ਨੂੰ ਬਿਰਧ ਆਸ਼ਰਮ ਛੱਡ ਜਾਂਦੈ , ਬਈ ਜਿੰਨਾਂ ਕੁ ਕੰਮ ਇਹ ਕਰ ਸਕਦਾ ਸੀ , ਇਹਨੇ ਕਰ ਦਿੱਤਾ , ਸਾਨੂੰ ਪਾਲ ਦਿੱਤਾ , ਪੜ੍ਹਾ ਦਿੱਤਾ ਤੇ ਨੌਕਰੀਆਂ ਕਿੱਤਿਆਂ ' ਤੇ ਲਾ ਦਿੱਤਾ , ਹੁਣ ਅਸੀਂ ਇਹਤੋਂ ਬੁੱਢੇ ਤੋਂ ਕੀ ਕਰਵਾਉਣੈ ? ਇਹਨੂੰ ਬਿਰਧ ਆਸ਼ਰਮ ਛੱਡੋ , ਆਪੇ ਓਥੇ ਪਿਆ ਚੂਕੀ ਜਾਊ ਤੇ ਤਰਸੀ ਜਾਊ ਪੋਤੇ ਪੋਤੀਆਂ ਦੇ ਮੂੰਹ ਦੇਖਣ ਨੂੰ ! ਜ਼ਮਾਨਾ ਤਾਂ ਵਾਕਿਆ ਈ ਅੱਗੇ ਹੋ ਤੁਰਿਆ ਤੇ ਬੰਦੇ ਨੂੰ ਸੋਝੀ ਵੀ ਆ ਗਈ ਬਈ ਬੁੱਢੇ ਬੰਦੇ ਦੀ ਸੇਵਾ ਨਾ ਕਰੋ , ਉਹਨੂੰ ਜ਼ਬਰੀ ਬਿਰਧ ਆਸ਼ਰਮ ਵਾੜ ਦਿਓ ਲੋਕਾਂ ਦੀਆਂ ਗਾਲ੍ਹਾਂ ਤੇ ਧੱਕੇ ਧੋੜ੍ਹੇ ਖਾਣ ਨੂੰ ! "
ਹੁਣ ਜਿਉਣ ਸਿਉਂ ਦੀ ਗੱਲ ਦਾ ਰਣਜੀਤ ਪਾੜ੍ਹੇ ਕੋਲ ਕੋਈ ਉੱਤਰ ਨਹੀਂ ਸੀ . ਉਹ ਕਦੇ ਅਗਾਂਹਵਧੂ ਜ਼ਮਾਨੇ ਬਾਰੇ , ਕਦੇ ਵਿੱਦਿਆ ਬਾਰੇ ਅਤੇ ਕਦੇ ਬਿਰਧ ਆਸ਼ਰਮਾਂ ਵਿਚ ਰੁਲਦੇ - ਖੁਲਦੇ ਬਿਰਧਾਂ ਬਾਰੇ ਸੋਚ ਰਿਹਾ ਸੀ , ਜਿੰਨ੍ਹਾਂ ਦੇ ਚਾਰ - ਚਾਰ ਪੁੱਤ ਅਤੇ ਪੰਦਰਾਂ - ਪੰਦਰਾਂ ਪੋਤੇ - ਪੋਤੀਆਂ ਸਨ . ... ਤੇ ਇੱਥੇ ਉਹ ਲਾਵਾਰਿਸਾਂ ਵਾਂਗ ਬਿਰਧ ਆਸ਼ਰਮਾਂ ਵਿਚ ' ਦਿਨ ਕਟੀ ' ਕਰਦੇ ਆਪਣੀ ਮੌਤ ਦੀ ਉਡੀਕ ਹੀ ਤਾਂ ਕਰ ਰਹੇ ਸਨ !