ਪੱਕੀਆਂ ਕੰਧਾਂ ਵਿੱਚ ਉੱਗਿਆ ਬੋਹੜ....ਗੁਰਪ੍ਰੇਮ ਬਰਾੜ ਭਾਗੀਕੇ (ਕੈਨੇਡਾ)

18 ਜੁਲਾਈ 2009 ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਕੈਨੇਡਾ ਲਈ ਉਡਾਣ ਭਰੀ ਤਾਂ ਮੇਰੇ ਦਿਲ ਵਿਚ ਕਈ ਤਰ੍ਹਾਂ ਦੀਆਂ ਤਰੰਗਾਂ ਛਿੜ ਰਹੀਆਂ ਸਨ। ਇਕ ਪਾਸੇ ਕੈਨੇਡਾ ਦੀ ਖੁਸ਼ੀ ਅਤੇ ਦੂਜੇ ਪਾਸੇ ਆਪਣਾ ਘਰ, ਪਰਿਵਾਰ, ਰਿਸ਼ਤੇਦਾਰ, ਪਿੰਡ, ਮਿੱਤਰ ਪਿਆਰੇ ਅਤੇ ਆਪਣਾ ਦੇਸ਼ ਛੱਡਣ ਸਮੇਂ ਮਨ ਵਿਚ ਬੜੇ ਖਿਆਲ ਆ ਰਹੇ ਸਨ। ਕੈਨੇਡਾ ਵਿਚ ਪਹੁੰਚ ਕੇ ਬੜੇ ਮਿੱਠੇ ਕੌੜੇ ਤਜ਼ਰਬੇ ਹੋਏ। ਮੈਂ ਆਪਣੇ ਆਪ ਵਿੱਚ ਇਹ ਮਹਿਸੂਸ ਕਰ ਰਿਹਾ ਸੀ ਕਿ ਸਾਡੀ ਹਾਲਤ ਉਸ ਬੋਹੜ ਵਰਗੀ ਹੈ ਜਿਹੜਾ ਪੱਕੀਆਂ ਕੰਧਾਂ ਦੀਆਂ ਝੀਥਾਂ ਵਿਚ ਉੱਗਿਆ ਹੁੰਦਾ ਹੈ। ਪੱਕੀਆਂ ਕੰਧਾਂ ਵਿਚ ਉੱਗੇ ਬੋਹੜ ਦੀਆਂ ਟਹਿਣੀਆਂ ਤਾਂ ਫੁੱਟਦੀਆਂ ਹਨ, ਹਰੀਆਂ ਭਰੀਆਂ ਵੀ ਹੁੰਦੀਆਂ ਹਨ ਪਰ ਜੜ੍ਹਾਂ ਨਹੀਂ ਹੁੰਦੀਆਂ। ਅਸੀਂ ਵਿਦੇਸ਼ੀਂ ਵਸਦੇ ਲੋਕ ਬਿਨਾਂ ਜੜ੍ਹਾਂ ਤੋਂ ਉੱਗੇ ਬੋਹੜ ਜਿਹੇ ਹੀ ਤਾਂ ਹਾਂ ਵਿਦੇਸ਼ਾਂ ਵਿੱਚ।ਜੜ੍ਹਾਂ ਹਮੇਸ਼ਾ ਜ਼ਮੀਨ ਵਿਚ ਹੀ ਹੁੰਦੀਆਂ ਹਨ, ਜਿਸ ਨੂੰ ਮਾਤਾ ਦਾ ਖਿਤਾਬ ਦਿਤਾ ਜਾਂਦਾ ਹੈ। ਬਿਨਾਂ ਮਾਂ ਤੋਂ ਪਲਿਆ ਬੱਚਾ ਕਈ ਸੰਸਕਾਰਾਂ ਤੋਂ ਵਾਂਝਾ ਜਿਹਾ ਹੁੰਦਾ ਹੈ।ਬਿਨਾਂ ਮਾਂ ਤੋਂ ਤਾਂ ਮਾਂ-ਬੋਲੀ ਵੀ ਨਹੀਂ ਸਿੱਖ ਸਕਦਾ। ਵਿਦੇਸ਼ੀ ਲੋਕਾਂ ਨੂੰ ਵੀ ਮਾਂ ਬੋਲੀ ਵਿਸਾਰ ਕੇ ਨਵੀਂ ਬੋਲੀ ਬੋਲਣੀ ਪੈਂਦੀ ਹੈ ਭਾਵ ਇਹ ਕਿ ਕਿਸੇ ਹੋਰ ਮਾਂ ਨੂੰ ਮਾਂ ਕਹਿਣਾ ਪੈਂਦਾ ਹੈ। ਕਿਸੇ ਹੋਰ ਮਾਂ ਨੂੰ ਮਾਂ ਕਹਿਣ ਨਾਲ ਉਹ ਮਾਂ ਨਹੀਂ ਬਣ ਸਕਦੀ, ਮਤਰੇਈ ਮਾਂ ਹੁੰਦੀ ਹੈ।ਮਤਰੇਈ ਮਾਂ ਦਾ ਪਿਆਰ ਵੀ ਗਾਲਾਂ ਵਰਗਾ ਜਿਹਾ ਮਹਿਸੂਸ ਹੁੰਦਾ ਹੈ। ਉਸੇ ਤਰ੍ਹਾਂ ਹੀ ਬੇਗਾਨੀ ਭਾਸ਼ਾ ਸਾਨੂੰ ਗਾਲ੍ਹਾਂ ਜਿਹੀ ਮਹਿਸੂਸ ਹੁੰਦੀ ਰਹਿੰਦੀ ਹੈ। ਇੱਥੇ ਬੇਗਾਨੀ ਧਰਤੀ, ਬੇਗਾਨੀ ਭਾਸ਼ਾ, ਬੇਗਾਨਾ ਖਾਣਾ ਅਤੇ ਬੇਗਾਨਾ ਸਭਿਆਚਾਰ ਹੈ, ਪਰ ਫਿਰ ਵੀ ਬੋਹੜ ਹਰੀਆਂ ਪੱਤੀਆਂ ਕੱਢ ਰਿਹਾ ਹੈ ਜਿਸ ਤਰ੍ਹਾਂ ਬਿਨਾਂ ਜੜ੍ਹਾਂ ਤੋਂ ਉੱਗਿਆ ਬੋਹੜ ਛਾਂ ਨਹੀਂ ਦਿੰਦਾ ਉਸ ਤਰ੍ਹਾਂ ਇਥੇ ਆਏ ਲੋਕਾਂ ਤੋਂ ਬੋਹੜ ਜਿਹੀ ਛਾਂ ਨਹੀਂ ਮਿਲ ਸਕਦੀ, ਹਾਂ ਨੋਟਾਂ ਦੀ ਛਾਂ ਜਰੂਰ ਮਿਲ ਸਕਦੀ ਹੈ। ਨੋਟਾਂ ਦੀ ਛਾਂ ਕਦੇ ਵੀ ਜੜ੍ਹਾਂ ਵਾਲੇ ਬੋਹੜ ਦੀ ਛਾਂ ਨਹੀਂ ਲੈ ਸਕਦੀ।ਨਾ ਹੀ ਉਹ ਪਿਆਰ, ਨਿੱਘ ਅਤੇ ਠੰਢਕ ਮਿਲਦੀ ਹੈ। ਜੜ੍ਹਾਂ ਵਾਲੇ ਬੋਹੜ ਦੇ ਥੱਲੇ ਬਜ਼ੁਰਗ ਬੈਠਕੇ ਤਾਸ਼ ਵੀ ਖੇਡਦੇ ਸਨ, ਤਪਦੀ ਦੁਪਹਿਰ ਵਿਚ ਆਰਾਮ ਨਾਲ ਸਂੌ ਵੀ ਜਾਂਦੇ ਸਨ, ਖ਼ੁਸ਼ੀਆਂ ਮਨਾ ਲੈਂਦੇ ਸਨ ਪਰ ਬਿਨਾਂ ਜੜ੍ਹਾਂ ਤੋਂ ਬੋਹੜ ਦੇ ਥੱਲੇ ਤਾਂ ਬਜੁਰਗ ਕਮਿਊਨਟੀ ਸੈਂਟਰਾਂ ਜਾਂ 'ਓਲਡ ਕੇਅਰ ਸੈਂਟਰ' ਵਿਚ ਸਾਮਾਨ ਵਾਂਗੂੰ ਜ੍ਹਮਾਂ ਕਰਵਾ ਦਿੱਤੇ ਜਾਂਦੇ ਹਨ।ਉਨ੍ਹਾਂ ਨੂੰ ਮਿਲਣ ਲਈ ਸਾਲ ਵਿੱਚ ਇੱਕ ਦਿਨ ਭਾਵ ਮਦਰ ਡੇ ਅਤੇ ਫ਼ਾਦਰ ਡੇ ਰੱਖੇ ਹੋਏ ਹਨ। ਉਸ ਦਿਨ ਬਿਨਾਂ ਜੜ੍ਹ ਦੇ ਬੋਹੜ ਬਜ਼ੁਰਗਾਂ ਲਈ ਵਧੀਆ ਗਿੱਫਟ ਲੈ ਕੇ ਉਹਨਾਂ ਨਾਲ ਲੰਚ ਕਰਕੇ ਆਪਣਾ ਫ਼ਰਜ ਅਦਾ ਕਰ ਦਿਤਾ ਜਾਂਦਾ ਹੈ। ਪਰ ਬਜ਼ੁਰਗਾਂ ਲਈ ਘਰ ਵਿਚ ਕੋਈ ਕਮਰਾ ਨਹੀਂ ਹੁੰਦਾ। ਜੇਕਰ ਕਿਸੇ ਬਜ਼ੁਰਗ ਦੀ ਪੈਨਸ਼ਨ ਲੱਗੀ ਹੋਈ ਹੈ ਤਾਂ ਘਰ ਵਿਚ ਕਮਰਾ ਤਾਂ ਮਿਲ ਸਕਦਾ ਹੈ ਪਰ ਆਜ਼ਾਦੀ ਘੱਟ ਹੀ ਨਸੀਬ ਹੁੰਦੀ ਹੈ।
ਜੜ੍ਹਾਂ ਵਾਲੇ ਬੋਹੜ ਥੱਲੇ ਬੱਚੇ ਬੜੀ ਆਜ਼ਾਦੀ ਨਾਲ ਖੇਡਦੇ ਹਨ। ਨੱਚਦਿਆਂ, ਭੱਜਦਿਆਂ ਅਤੇ ਖੇਡਦਿਆਂ ਕੋਲ ਬੈਠੇ ਬਜ਼ੁਰਗਾਂ ਤੋਂ ਘੂਰ ਵੀ ਖਾਂਦੇ ਅਤੇ ਪਿਆਰ ਵੀ ਲੈਂਦੇ ਹੋਏ ਸਹਿਜ ਸੁਭਾਅ ਬੜਾ ਕੁਝ ਗ੍ਰਹਿਣ ਕਰਦੇ ਰਹਿੰਦੇ ਹਨ। ਸਹਿਜ ਸੁਭਾਅ ਹੀ ਉਹ ਖੇਡ ਭਾਵਨਾ, ਸਭਿਆਚਾਰ ਅਤੇ ਆਲੇ ਦੁਆਲੇ ਦੀ ਜਾਣਕਾਰੀ ਲੈਂਦੇ ਵੱਡੇ ਹੁੰਦੇ ਹਨ। ਪਰ ਬਿਨਾਂ ਜੜ੍ਹਾਂ ਵਾਲੇ ਬੋਹੜ ਹੇਠ ਵੱਡੇ ਹੋ ਰਹੇ ਬੱਚੇ ਇਹ ਸਭ ਕੁਝ ਬੋਹੜ ਦੀ ਠੰਡੀ ਮਿੱਠੀ ਛਾਂ ਤੋਂ ਵਾਂਝੇ ਮੁਨਾਫੇ ਹਿੱਤ ਖੋਲ੍ਹੀਆਂ ਦੁਕਾਨਾਂ ਤੋਂ ਸਿੱਖਦੇ ਹਨ। ਮਾਪੇ ਬੱਚਿਆਂ ਨੂੰ ਸਿਖਾਉਣ ਲਈ ਵੱਖੋ ਵੱਖ ਦੁਕਾਨਾਂ ਵੱਲ ਦੌੜਾਂ ਲਾਕੇ ਰੱਖਦੇ ਹਨ।ਬੱਚਿਆਂ ਨੂੰ ਸਹਿਜ ਸੁਭਾਅ ਨਾਲ ਸਿੱਖਣ ਦਾ ਮੌਕਾ ਨਹੀਂ ਮਿਲਦਾ ਬਲਕਿ ਉਨ੍ਹਾਂ ਦੇ ਦਿਮਾਗ ਵਿੱਚ ਬਦੋਬਦੀ ਤੂੜਿਆ ਜਾਂਦਾ ਹੈ। ਪਰ ਉਹ ਉਸ ਹਾਣ ਦੇ ਫਿਰ ਵੀ ਨਹੀਂ ਬਣ ਰਹੇ, ਬੱਚਿਆਂ ਲਈ ਵੀ ਕੋਈ ਸਕੂਨ ਨਹੀਂ, ਇਸ ਲਈ ਉਨ੍ਹਾਂ ਲਈ ਵੀ ਸਾਲ ਵਿੱਚ ਇਕ ਦਿਨ ਮੁਕੱਰਰ ਹੈ। ਉਹ ਹੈ 'ਹੈਪੀ ਬਰਥ ਡੇ'।ਉਸ ਦਿਨ ਗਰੈਂਡ ਪਾਰਟੀ ਅਤੇ ਗਿਫਟ ਆਦਿ ਸਭ ਕੁਝ ਹੁੰਦਾ ਹੈ ਬਾਕੀ 365 ਦਿਨ ਚੱਲ ਸੋ ਚੱਲ।
ਜੜ੍ਹਾਂ ਵਾਲੇ ਬੋਹੜ ਹੇਠਾਂ ਧੀਆਂ ਧਿਆਣੀਆਂ ਚਰਖੇ ਕੱਤਦੀਆਂ, ਤੀਆਂ ਲਾਉਂਦੀਆਂ ਅਤੇ ਪੀਘਾਂ ਪਾਉਂਦੀਆਂ ਬੜੀ ਖ਼ੁਸ਼ੀ ਮਨਾਉਂਦੀਆਂ ਸਨ। ਪਰ ਬਿਨ ਜੜ੍ਹਾਂ ਵਾਲੇ ਬੋਹੜ ਦੇ ਥੱਲੇ ਨਾ ਤਾਂ ਤੀਆਂ ਹੀ ਲੱਗਦੀਆਂ ਹਨ ਨਾ ਹੀ ਪੀਂਘਾਂ ਝੂਟੀਆਂ ਜਾ ਸਕਦੀਆਂ ਹਨ। ਤੀਆਂ ਲਈ ਵੀ ਇਕ ਦਿਨ ਕੋਈ ਹਾਲ ਬੁੱਕ ਕਰਕੇ ਕੋਈ ਕਲਾਕਾਰ ਸੱਦ ਕੇ ਮਨਾਈਆਂ ਜਾਂਦੀਆਂ ਹਨ। ਬਾਕੀ ਧੀਆਂ ਧਿਆਣੀਆਂ ਜਾਂ ਨੂੰਹਾਂ ਧੀਆਂ ਦੀ ਜੋ ਹਾਲਤ ਹੁੰਦੀ ਹੈ ਉਹ ਜੋ ਮਹਿਸੂਸ ਕਰ ਸਕਦਾ ਹੈ ਉਹ ਹੀ ਜਾਣਦਾ ਹੈ। 12-12 ਘੰਟੇ ਗਰੀਨ- ਹਾਊਸਾਂ ਦੀਆਂ ਸਿਫਟਾਂ... ਉਪਰੋਂ ਘਰਾਂ ਦੇ ਕੰਮ, ਸ਼ੋਸ਼ਣ ਅਤੇ ਮੱਝਾਂ ਗਾਵਾਂ ਵਾਂਗ ਸੌਦੇ ਵੱਖਰੇ। ਨੂੰਹਾਂ ਧੀਆਂ ਹੁਣ ਘਰਾਂ ਦੀ ਇੱਜ਼ਤ ਨਹੀਂ ਬਲਕਿ ਇਕ ਜਿਨਸ ਬਣ ਚੁੱਕੀਆਂ ਹਨ, ਜਿਨਸ ਦੀ ਪ੍ਰੀਭਾਸ਼ਾ ਜੋ ਸਮਝਦਾ ਹੈ ਉਹ ਹੀ ਜਾਣ ਸਕਦਾ ਹੈ।
ਜੜ੍ਹਾਂ ਵਾਲੇ ਬੋਹੜ ਦੇ ਥੱਲੇ ਤਾਂ ਗਰੀਬ ਗੁਰਬੇ ਵੀ ਗੁਜਾਰਾ ਕਰਦੇ ਦੇਖੇ ਜਾ ਸਕਦੇ ਹਨ। ਭੇਡਾਂ ਬੱਕਰੀਆਂ ਚਾਰਨ ਵਾਲੇ ਬੋਹੜ ਦੇ ਥੱਲੇ ਮਾਲ ਬਿਠਾ ਕੇ ਤਿੰਨ ਕੁ ਇੱਟਾਂ ਰੱਖ ਕੇ ਚਾਹ ਵੀ ਬਣਾਉਂਦੇ ਅਤੇ ਕਈ ਵਾਰੀ ਲੰਮੀ ਸਾਰੀ ਢਾਗੀਂ ਨਾਲ ਬੋਹੜ ਦੇ ਪੱਤੇ ਝਾੜ ਕੇ ਆਪਣੇ ਮਾਲ ਨੂੰ ਪਾ ਦਿੰਦੇ ਅਤੇ ਕੋਈ ਬੋਹੜ ਦਾ ਰਖਵਾਲਾ ਉਨ੍ਹਾਂ ਨਾਲ ਆ ਕੇ ਝਗੜਾ ਵੀ ਕਰਦਾ ਕਿ ਬੋਹੜ ਥੱਲੇ ਗੰਦ ਵੀ ਪਾਉਂਦੇ ਹੋ ਅਤੇ ਟਹਿਣੀਆਂ ਵੀ ਝਾੜ ਕੇ ਖ਼ਰਾਬ ਕਰਦੇ ਹੋ ਪਰ ਬਿਨਾ ਜੜ੍ਹਾਂ ਦੇ ਬੋਹੜ ਥੱਲੇ ਕੋਈ ਗਰੀਬ ਗੁਰਬਾ ਇਸ ਤਰ੍ਹਾਂ ਨਹੀਂ ਕਰ ਸਕਦਾ। ਇਥੇ ਤਾਂ ਉਹ ਫਾਰਮੂਲਾ ਵੀ {ਕੁਝ ਬੁੱਧੂ ਜੀਵੀ ਲੋਕ} ਕਹਿੰਦੇ ਸੁਣੀਂਦੇ ਹਨ ਕਿ "Survival of fittest" ਜਿਹੜਾ ਮਨੁੱਖਤਾ ਉੱਪਰ ਲਾਗੂ ਹੀ ਨਹੀਂ ਹੁੰਦਾ ਪਰ ਜੇ ਕਰ ਕੋਈ ਬਿਨਾਂ ਜੜ੍ਹ ਵਾਲੇ ਬੋਹੜ ਨੂੰ ਜ਼ਬਰੀ ਮੜੁੱਛ ਵੀ ਜਾਵੇ ਤਾਂ ਕੋਈ ਅਫਸੋਸ ਨਹੀਂ ਕਰਦਾ।
ਪਰ ਫਿਰ ਵੀ ਬਿਨਾਂ ਜੜ੍ਹਾਂ ਵਾਲਾ ਬੋਹੜ ਵਧੀਆ ਵਾਤਾਵਰਨ {ਕਿਰਤ ਸਭਿਆਚਾਰ ਆਦਿ} ਹੋਣ ਕਰਕੇ ਹਰੀਆਂ ਪੱਤੀਆਂ ਕੱਢ ਹੀ ਰਿਹਾ ਹੈ ਪਰ ਜੜ੍ਹਾਂ ਵਾਲੇ ਬੋਹੜ ਉਪਰ ਤਾਂ ਸਰਮਾਏਦਾਰੀ ਦੀ ਅਜੇਹੀ ਹਨੇਰੀ ਝੁੱਲ ਰਹੀ ਹੈ ਜਿਹੜੀਆਂ ਨਵੀਆਂ ਪੱਤੀਆਂ ਤਾਂ ਕੀ ਟਾਹਣਿਆਂ ਦਾ ਵੀ ਨੁਕਸਾਨ ਕਰਦੀ ਹੈ।ਪਰ ਹੋ ਸਕਦਾ ਬੋਹੜ ਫਿਰ ਵੀ ਝੱਲ ਜਾਂਦਾ ਪਰ ਹੁਣ ਤਾਂ ਉਸ ਦੀਆਂ ਜੜ੍ਹਾਂ ਨੂੰ ਕਈ ਤਰ੍ਹਾਂ ਦੀ ਸਿਉਂਕ {ਸੁਆਰਥੀ ਰਾਜਨੀਤੀ,ਧਾਰਮਿਕ ਕੱਟੜਵਾਦ,ਭ੍ਰਿਸ਼ਟਾਚਾਰ,ਭਾਈ ਭਤੀਜਾਵਾਦ ਅਤੇ ਕਾਣੀ ਵੰਡ ਆਦਿ} ਵੀ ਲੱਗ ਗਈ ਹੈ।ਕਾਸ਼! ਕੋਈ ਓਥੇ ਲੱਗੀ ਸਿਉਂਕ ਨੂੰ ਮਾਰੇ ਤਾਂ ਕਿ ਬੋਹੜ ਸਹੀ ਸਲਾਮਤ ਖੜਾ ਰਹੇ।