ਆਪਣੀ ਮਾਂ ਬੋਲੀ ਹੈ ਪੰਜਾਬੀ.........ਜਰਨੈਲ ਘੁਮਾਣ

ਪੰਜਾਬੀਓ ! ਆਪਣੀ ਮਾਂ ਬੋਲੀ ਹੈ ਪੰਜਾਬੀ ,
ਕੁੱਲ ਜ਼ੁਬਾਨਾਂ ਨਾਲੋਂ ਮਿੱਠੀ ਜ਼ੁਬਾਨ ਪੰਜਾਬੀ ਹੈ ।

ਚੜ੍ਹਦੇ ਸੂਰਜ ਵਰਗੀ ਲੋਅ ਹੈ , ਮਹਿਕ ਗੁਲ਼ਾਬ ਜਿਹੀ ,
ਪੈਰ ਜਵਾਨੀ ਧਰਦੀ ਜਿਹੀ ਰੁਕਾਨ ਪੰਜਾਬੀ ਹੈ ।

ਪੰਜਾਬੀ ਨੂੰ ਮਿਲਿਆ ਥਾਪੜਾ ਗੁਰੂਆਂ ਤੋਂ ,
ਸੋ ਸਾਡੀ ਸਭਨਾ ਦੀ ਜਿੰਦ ਜਾਨ ਪੰਜਾਬੀ ਹੈ ।

ਰੁੱਤਬੇ ਖਾਤਿਰ ਬੇਸ਼ੱਕ ਇੰਗਲਿਸ਼ ਬੋਲਦੇ ਹੋਂ ,
ਬੋਲਣ ,ਪੜ੍ਹਨ , ਸੁਣਨ ਲਈਂ ਆਸਾਨ ਪੰਜਾਬੀ ਹੈ ।

ਵਿਰਸੇ ਅਤੇ ਜ਼ੁਬਾਨ ਨਾਲੋ ਟੁੱਟ ਰੁਲ ਜਾਓਗੇ ,
ਹਰ ਪੰਜਾਬੀ ਬੰਦੇ ਦੀ ਪਹਿਚਾਣ ਪੰਜਾਬੀ ਹੈ ।

ਬਚਾਓ ਪੰਜਾਬੀ , ਅਪਨਾਓ ਪੰਜਾਬੀ ਬੋਲੀ ਨੂੰ ,
ਲੱਗ ਪਈ ਹੁਣ ਦਰਦ ਨਾਲ ਕੁਰਲਾਣ ਪੰਜਾਬੀ ਹੈ ।

ਚੁੱਪ ਹੈ ਮਾਂ ਖ਼ੁਦ ਆਪਣਿਆਂ ਨੂੰ ਕੀ ਆਖੇ ,
ਉਂਝ ਅੰਦਰੋ ਅੰਦਰੀ ਹੋ ਗਈ ਲਹੂ ਲੁਹਾਣ ਪੰਜਾਬੀ ਹੈ ।


ਆਪਣੇ ਘਰ ਵਿੱਚ ਬੇਕਦਰੀ ਦੀ ਮਾਰ ਪਈ ,
ਦੁਨੀਆਂ ਭਰ ਵਿੱਚ ਖੱਟ ਗਈ ਸਨਮਾਨ ਪੰਜਾਬੀ ਹੈ ।

ਹੁਣ ਮੁਲਕ ਬੇਗ਼ਾਨੇ ਜਾ ਕੇ ਵੱਸਦੀ ਜਾਂਦੀ ਹੈ ,
ਆਪਣੇ ਮੁਲਕ ਵਿੱਚ ਬਣ ਚੱਲੀ ਮਹਿਮਾਨ ਪੰਜਾਬੀ ਹੈ ।

ਫਖ਼ਰ ਹੈ ਮੈਨੂੰ ਮੇਰੇ ਪੰਜਾਬੀ ਵੀਰਾਂ 'ਤੇ ,
ਫਖ਼ਰ ਆਪਣੇ 'ਤੇ 'ਜਰਨੈਲ ਘੁਮਾਣ' ਪੰਜਾਬੀ ਹੈ ॥

-------------------------------------


ਸੋਨੇ ਦੀ ਚਿੜੀ ..........

ਆਂਹ ! 'ਸੋਨੇ ਦੀ ਚਿੜੀ' ਸੀ ਇੱਕ ਦਿਨ ਦੇਸ਼ ਮੇਰਾ ,
ਖੰਭ ਕੁਤਰਕੇ ਲੈ ਗਏ ਵਲੈਤ ਵਾਲੇ ।
ਲੱਤਾਂ ਬਾਹਾਂ ਨੂੰ ਭਾਈਆਂ ਦੀ ਵੰਡ ਖਾ ਗਈ ,
ਕੁੱਝ ਸਵਾਰਥੀ ਤੱਤ ਨਾ ਟਲੇ ਟਾਲੇ ।
ਕੁੱਝ ਨੇਤਾ ਵੀ ਜੇਬ ਦੀ ਭੁੱਖ ਖਾਤਿਰ ,
ਖਾ ਗਏ ਨੋਚ ਕੇ ਏਸ ਦੇ ਅੰਗ ਵਾਹਲੇ ।
ਹੁਣ ਤੜਫ਼ਦੀ ਮੱਲ੍ਹਮਾਂ ਪੱਟੀਆਂ ਨੂੰ ,
ਵੈਦ ਸੌਂ ਗਏ ਜ਼ਮੀਰਾਂ ਨੂੰ ਮਾਰ ਤਾਲੇ ।
ਜਦੋਂ ਛੱਡੀ ਨਾ ਚਿੱਟਿਆਂ ਬਗੁਲਿਆਂ ਨੇ ,
ਕਿਵੇਂ ਛੱਡਣਗੇ ਏਸ ਨੂੰ ਕਾਂ ਕਾਲੇ ।
ਕਾਸ਼ ! ਮਿਲੇ "ਘੁਮਾਣ" ਹਕੀਮ ਐਸਾ ,
ਕਿਸੇ ਸੰਜੀਵਨੀ ਬੂਟੀ ਨੂੰ ਜਾ ਭਾਲੇ ।
ਉੱਡਣ ਲੱਗੇ ਇਹ ਫੇਰ ਤੋਂ ਹੋ ਰਾਜ਼ੀ ,
ਦਿਲ ਵਿੱਚ ਹੈ ਬਚੀ ਉਮੀਦ ਹਾਲੇ ॥