ਨਜਾਇਜ਼ ਰਿਸ਼ਤੇ...........ਸ਼ਿਵਚਰਨ ਜੱਗੀ ਕੁੱਸਾ

ਤੂੰ ਨਿਕਾਰੇ ਰਿਸ਼ਤਿਆਂ ਨੂੰ
" ਜਲ - ਪ੍ਰਵਾਹ
" ਕਰਨ ਦੀ ਗੱਲ ਕੀਤੀ ?
ਇਹਨਾਂ ਨੂੰ ਜਲ - ਪ੍ਰਵਾਹ ਨਹੀਂ ,
ਭੱਠ ਝੋਕਣਾ ਚਾਹੀਦੈ !
... ਤੇ ਜਾਂ ਸਾੜਨਾ ਚਾਹੀਦੈ , ਕਿਸੇ ਪੁਤਲੇ ਵਾਂਗੂੰ ,
ਸ਼ਰੇਆਮ ਚੁਰਾਹੇ ਵਿਚ ,
ਆਪਣੀ ਰੂਹ ਦੀ ਭੜ੍ਹਾਸ ਕੱਢਣ ਲਈ !
......
ਦੱਸ ਖਾਂ , ਕੌਣ ਸੀ ਉਹ ?
ਤੇ ਕਿਉਂ ਸੀ ਅਵਾਜ਼ਾਰ ?
ਜੋ ਢੋਲ - ਜਾਨੀ ਦੇ ਆਉਣ ' ਤੇ
ਗਲ਼ੀਆਂ ਸੁਨੀਆਂ ਹੋਣ ਦੀ ਕਾਮਨਾ ਕਰਦੀ ਸੀ ?
ਫ਼ਕੀਰ ਦੀ ਕੁੱਤੀ ਮਰਨ ਦੀ ਖ਼ਾਹਿਸ਼ ਰੱਖਦੀ ਸੀ ?
ਪੰਜ - ਸੱਤ ਗੁਆਢਣਾਂ ਦੇ ਮਰਨ
ਤੇ ਰਹਿੰਦੀਆਂ ਨੂੰ ਤਾਪ ਚੜ੍ਹਨ ਦੀ
ਅਰਜ਼ ਕਰਦੀ ਸੀ ?
ਕਰਾੜ ਦੀ ਹੱਟੀ ਸੜਨ ਦੀ
ਬਾਤ ਪਾਉਂਦੀ ਸੀ ,
ਜਿੱਥੇ ਨਿੱਤ ਦੀਵਾ ਬਲ਼ਦਾ ਸੀ !
ਆਖ਼ਰ ਕਿਉਂ ... ?
ਕਿਉਂਕਿ
ਇਹ ਮੋਹ - ਮੁਹੱਬਤ ਪੱਖੋਂ ਅਣਭਿੱਜ ਸਮਾਜ
ਉਸ ਦੀ ਪ੍ਰੀਤ ਵਿਚ ਵਿਘਨ ਪਾਉਂਦਾ ਸੀ !
ਉਹ ਮਾਹੀ ਦੇ ਮੋਹ ਵਿਚ ਭਿੱਜੀ ,
ਇਕ ਦੁਖਿਆਰੀ ਰੂਹ ,
ਖ਼ੁਦਾ ਅੱਗੇ ਪੁਕਾਰ ਹੀ ਕਰ ਸਕਦੀ ਸੀ !
.......
ਇਕ ਗੱਲ ਦੱਸ ਜਿੰਦ ,
ਇਹ ਮਾਰਨਖੰਡੇ , ਕਮੰਡਲ਼ੇ
ਅਤੇ ਨੀਲੇ ਗਿੱਦੜ ਵਰਗੇ ਲੋਕ ,
ਕਿਹੜੇ ਜਾਇਜ਼ ਅਤੇ ਨਜਾਇਜ਼
ਰਿਸ਼ਤੇ ਦੀ ਗੱਲ ਕਰਦੇ ਨੇ ?
........
ਮੇਰੀ ਨਜ਼ਰ ਵਿਚ ਜਾਇਜ਼
ਅਤੇ ਨਜਾਇਜ਼ ' ਕੁਝ ' ਵੀ ਨਹੀਂ !
ਰੂਹ ਦੇ ਸਿਰਜੇ ਰਿਸ਼ਤੇ ,
ਜੰਨਤ ਦਾ ਫ਼ਲ਼ ਚੱਖਣ ਵਾਂਗ ਹੁੰਦੇ ਨੇ
ਅਤੇ
ਗਲ਼ ਪਿਆ ਢੋਲ ਵਜਾਉਣ ਵਾਲ਼ੇ ,
ਨਿੱਤ ਮਹੁਰਾ ਚੱਟ ਕੇ ਮਰਨ ਵਾਂਗ !
.......
ਮਰਿਆ ਸੱਪ ਤਾਂ ਹਰ ਕੋਈ ,
ਗਲ਼ ਪਾਈ ਫ਼ਿਰਦੈ ,
ਤੇ ਚੁੱਕੀ ਫ਼ਿਰਦੈ ਬਾਂਦਰੀ ਦੇ ,
ਮਰੇ ਬੱਚੇ ਵਾਂਗ ,
ਸੜਹਾਂਦ ਮਾਰਦੇ ਰਿਸ਼ਤਿਆਂ ਨੂੰ ,
ਆਪਣੀ ਕੁੱਛੜ !
ਦਿੰਦਾ ਹੈ ਲੋਰੀਆਂ ਉਹਨਾਂ ਨੂੰ ,
ਸੌਕਣ ਦੇ ਪੁੱਤਰ ਵਾਂਗ ਲੋਕ ਦਿਖਾਵੇ ਲਈ
ਅਤੇ ਝਿੜਕਦੈ , ਕੰਧ ਓਹਲੇ ਹੋ ਕੇ !
" ਆਪਣਿਆਂ ' ਨੂੰ ਪਾਉਂਦੈ ਚੂਰੀ ,
ਤੇ ' ਦੂਜਿਆਂ ' ਅੱਗੇ ਸੁੱਟਦੈ ਸੁੱਕੇ ਟੁਕੜੇ ,
ਤੇ ਉਹ ਵੀ ਸੜ - ਬਲ਼ ਕੇ !
ਲੋਕ - ਲਾਜ ਲਈ ਕਰਦੈ , ਅਪਣੱਤ ਦਾ ਪ੍ਰਦਰਸ਼ਨ ,
ਲੰਗੜੇ ਕੈਦੋਂ ਚਾਚੇ ਵਾਂਗ !
ਤੇ ਅੰਦਰ ਵਾੜ ਕੇ ਦਿੰਦੈ ਤਸੀਹੇ , ਸੈਦੇ ਕਾਣੇਂ ਦੀ ਤਰ੍ਹਾਂ !
ਜਿੰਦ ਮੇਰੀਏ !
ਇਹ ਰਿਸ਼ਤੇ ਮੈਨੂੰ ਪ੍ਰਵਾਨ ਨਹੀਂ !
.........
ਪਰ !
ਆਤਮਾ ਦੇ ਘੜੇ ਰਿਸ਼ਤੇ ਤਾਂ
ਪ੍ਰਾਣਾਂ ਤੋਂ ਵੀ ਵੱਧ ਪਿਆਰੇ
ਅਤੇ ਸੁਖ਼ਦਾਈ ਹੁੰਦੇ ਨੇ !
ਬਾਰਾਂ ਸਾਲ ਮੱਝਾਂ ਚਾਰਨੀਆਂ
ਤੇ ਏਨੇ ਸਾਲ ਹੀ ਖ਼ੂਹ ਗੇੜਨਾ ,
ਤੇਸੇ ਨਾਲ਼ ਪਰਬਤ ਚੀਰ ਦੇਣਾ
ਤੇ ਦੁੱਧ ਦੀ ਨਦੀ ਵਗਾ ਦੇਣੀ ,
ਇਹ ਰੂਹ ਦੇ ਹਾਣੀ ਦਾ ਬਖ਼ਸ਼ਿਆ ,
ਮੋਹ - ਸਨੇਹ ਨਾਲ਼ ਲਿਬਰੇਜ਼
ਆਤਮਿਕ ਬਲ ਹੀ ਤਾਂ ਸੀ !
.......
ਜਾਇਜ਼ - ਨਜਾਇਜ਼ ਰਿਸ਼ਤਿਆਂ ਦੀ ਗੱਲ ,
ਉਹ ਲੋਕ ਕਰਦੇ ਨੇ ,
ਜੋ ਜਾਨਵਰਾਂ ਵਾਂਗ ਗਿੱਝੇ ਹੁੰਦੇ ਨੇ ਖਾਣ ,
ਸੰਤਾਨ ਪ੍ਰਾਪਤੀ ਲਈ ਕਰਦੇ ਨੇ ਸੰਭੋਗ
ਭੋਜਨ ਲਈ ਕਰਦੇ ਨੇ ਸ਼ਿਕਾਰ
ਬੁਰਕ ਮਾਰ - ਮਾਰ ਕਰਦੇ ਨੇ ਲਹੂ - ਲੁਹਾਣ !
ਕੁਝ ਢਿੱਡ ਵੀ ਪਾੜਦੇ ਨੇ
ਤੇ ਇਵਜ਼ ਵਜੋਂ ਸਿੰਗ ਵੀ ਤੁੜਵਾਉਂਦੇ ਨੇ !
ਅਤੇ ਬੱਝੇ ਰਹਿੰਦੇ ਨੇ ਇੱਕੋ ਕਿੱਲੇ ' ਤੇ
ਅਤੇ ਸੰਗਲ਼ ਨੂੰ ਹੀ ਸਮਝਦੇ ਨੇ ਆਪਣੀ ਸੰਪਤੀ !
ਸਮਾਜ ਦੀ ' ਸ਼ਰ੍ਹਾ ' ਦੀ ਪੰਜਾਲ਼ੀ ਹੇਠ ਵਗਦੇ ,
ਖਿੱਚਦੇ ਨੇ ਆਪੋ - ਆਪਣੇ ਰਿਸ਼ਤਿਆਂ ਵੱਲ
ਪੂਰਾ ਤਾਣ ਲਾ ਕੇ !
.... ਤੇ ਫ਼ੇਰ ਖ਼ਰੂਦੀ ਬਣ ,
ਖ਼ੁਰਲੀਆਂ ਵੀ ਢਾਹੁੰਦੇ ਨੇ ,
ਸੰਗਲ਼ ਵੀ ਤੁੜਵਾਉਂਦੇ ਨੇ
ਤੇ ਕਿੱਲਾ ਵੀ ਪੁਟਾ ਤੁਰਦੇ ਨੇ !
........
ਜਿੰਦ ਮੇਰੀਏ ,
ਅੰਬੀ ਅਤੇ ਤੋਤੇ ਵਾਲ਼ੇ ,
ਇਹ ਰਿਸ਼ਤੇ ਮੈਨੂੰ ਮਨਜ਼ੂਰ ਨਹੀਂ !
ਮੈਨੂੰ ਮਨਜ਼ੂਰ ਹੈ ;
ਤਿਤਲੀ ਤੇ ਫ਼ੁੱਲ ਦਾ ਰਿਸ਼ਤਾ !
ਰੁੱਖ ਅਤੇ ਪੰਛੀ ਦਾ ਰਿਸ਼ਤਾ !
ਚੰਦ ਅਤੇ ਚਕੋਰ ਦਾ ਰਿਸ਼ਤਾ !
ਸੂਰਜ ਅਤੇ ਪ੍ਰਛਾਵੇਂ ਦਾ ਰਿਸ਼ਤਾ !
ਦੀਵੇ ਅਤੇ ਪਤੰਗੇ ਦਾ ਰਿਸ਼ਤਾ !
ਬੱਦਲ਼ ਦੀ ਗ਼ਰਜ ਤੇ ਮੋਰ ਦੀ ਕੂਕ ਦਾ ਰਿਸ਼ਤਾ !
ਧਰਤੀ ਅਤੇ ਆਕਾਸ਼ ਦਾ ਰਿਸ਼ਤਾ ,
ਇਕ ਵਰ੍ਹਦੈ ਅਤੇ ਦੂਜਾ ਗ੍ਰਹਿਣ ਕਰਦੈ !
ਰਿਸ਼ਤਿਆਂ ਨੂੰ ,
ਨਜਾਇਜ਼ ਪਰਖ਼ਣ ਅਤੇ ਦੱਸਣ ਵਾਲਿਓ !
ਮੈਨੂੰ ਇਹ ਦੱਸ ਦਿਓ , ਕਿ ਇਹਨਾਂ ' ਚੋਂ
ਕਿਸ ਨੇ ਕਿਸ ਨਾਲ਼ ' ਲਾਵਾਂ ' ਲਈਆਂ ਨੇ ... ?
ਕੀ ਇਹ ਸਭ ਨਜਾਇਜ਼ ਰਿਸ਼ਤੇ ਹੀ ਨੇ ...??