ਗੀਤਕਾਰ ਦਲਜੀਤ ਧੂਰਕੋਟੀਆ ਨਹੀਂ ਰਹੇ

ਫ਼ਿਰੋਜ਼ਪੁਰ 12 ਜੁਲਾਈ (ਹਰਿੰਦਰ ਭੁੱਲਰ) ਪੰਜਾਬੀ ਸੰਗੀਤ ਜਗਤ ਅਤੇ ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ 'ਆਟਾ ਮੰਗ ਕੇ ਗੁਆਂਢੀਆਂ ਤੋ ਸਾਰਦੀ ਵੇ ਠੇਕਿਆਂ ਨੂੰ ਅੱਗ ਲੱਗ ਜੇ' , 'ਧੀਆਂ ਨਾ ਜੰਮਦੀਆਂ ਮਾਰਿਓ ਪੁੱਤਰਾਂ ਵਾਲਿਓ ਤਰਸ ਕਰੋ', 'ਜਦ ਸੂਰਜ ਡੁੱਬ ਜਾਂਦਾ ਪਰਦੇਸੀ ਰੋਂਦੇ ਨੇ', 'ਕਿੰਨ੍ਹਾਂ ਦੀ ਕੁੜੀ ਆ ਨੀਂ ਭਾਬੀ ਕਿੰਨ੍ਹਾਂ ਦੀ ਕੁੜੀ ਆ', ਅਤੇ 'ਜੱਟ ਡਰਾਇਵਰ ਫ਼ੌਜੀ ਤਿੰਨੋਂ ਵਿਹਲੇ ਰਹਿੰਦੇ ਨਾ' ਜਿਹੇ ਗੀਤ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਉਣ ਵਾਲੇ ਗੀਤਕਾਰ ਦਲਜੀਤ ਧੂਰਕੋਟੀਆ ਬੀਤੀ ਸ਼ਾਮ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਇਸ ਜਹਾਨ-ਦੇ-ਫ਼ਾਨੀ ਨੂੰ ਅਲਵਿਦਾ ਕਹਿ ਗਏ ਹਨ। ਨੰਦ ਲਾਲ ਨੂਰਪੁਰੀ ਵਾਂਗ ਅੱਤ ਦੀ ਗ਼ਰੀਬੀ ਨਾਲ ਜੂਝ ਰਹੇ ਇਸ ਗੀਤਕਾਰ ਦਾ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ 1982 ਨੂੰ ਆਗਮਨ ਹੋਇਆ ਸੀ ਅਤੇ ਇਸ 28ਸਾਲ ਦੇ ਗੀਤਕਾਰੀ ਜੀਵਨ ਦੌਰਾਨ ਉਹਨਾਂ ਨੇ ਬਹੁਤ ਸਾਰੇ ਹਿੱਟ ਗੀਤ ਸਰੋਤਿਆਂ ਲਈ ਪੇਸ਼ ਕੀਤੇ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਧੂਰਕੋਟੀਏ ਦੇ ਇੱਕ ਮੁੰਡੇ ਦੀ ਦੋ ਕੁ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਹੁਣ ਉਸਦੇ ਪਰਿਵਾਰ ਵਿੱਚ ਪਿੱਛੇ ਇੱਕ ਵਿਆਹੁਣਯੋਗ ਧੀ, ਇੱਕ ਪੁੱਤਰ ਅਤੇ ਪਤਨੀ ਰਹਿ ਗਏ ਹਨ। ਲੁਧਿਆਣੇ ਨੇੜਲੇ ਪਿੰਡ ਧੂਰਕੋਟ ਦੇ ਜੰਮਪਲ ਧੂਰਕੋਟੀਆ ਜੀ ਪਿਛਲੇ ਕਾਫ਼ੀ ਸਮੇਂ ਤੋਂ ਦੁੱਗਰੀ ਵਿਖੇ ਰਹਿ ਰਹੇ ਸਨ ਤੇ ਅੱਜ ਉਸੇ ਦੁੱਗਰੀ ਵਿਖੇ ਪ੍ਰਸਿੱਧ ਗਾਇਕ ਅਮਰ ਸਿੰਘ ਚਮਕੀਲਾ ਦੀ ਸਮਾਧ ਦੇ ਕੋਲ ਹੀ ਧੂਰਕੋਟੀਆ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸ. ਜਗਦੇਵ ਸਿੰਘ ਜੱਸੋਵਾਲ, ਕ੍ਰਿਸ਼ਨ ਕੁਮਾਰ ਬਾਵਾ, ਫ਼ਾਈਨਟੋਨ ਸੰਗੀਤ ਕੰਪਨੀ ਤੋਂ ਸ. ਰਜਿੰਦਰ ਸਿੰਘ ਗਾਇਕ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ ਅਤੇ ਗਾਇਕ ਜੀ. ਐੱਸ. ਪੀਟਰ ਆਦਿ ਹਾਜ਼ਰ ਸਨ।