ਆਪਣੀ ਪਹਿਲੀ ਧਾਰਮਿਕ ਟੇਪ 'ਮੇਰੇ ਸ਼ਹਿਨਸ਼ਾਹ' ਲੈ ਕੇ ਹਾਜ਼ਰ ਹੈ-ਦੀਪ ਢਿੱਲੋਂ

'ਜੱਟ ਦੀ ਟੌਹਰ', 'ਹਾਜ਼ਰੀ', 'ਪੀ.ਜੀ.', 'ਰੇਡਰ' ਅਤੇ 'ਬੈਸਟ ਫ਼ਰੈਂਡ' ਵਰਗੀਆਂ ਟੇਪਾਂ ਰਾਹੀਂ ਚਰਚਿਤ ਹੋਇਆ ਗਾਇਕ ਦੀਪ ਢਿੱਲੋਂ ਇਹਨੀਂ ਦਿਨੀਂ ਆਪਣੀ ਪਹਿਲੀ ਧਾਰਮਿਕ ਟੇਪ 'ਮੇਰੇ ਸ਼ਹਿਨਸ਼ਾਹ' ਰਾਹੀਂ ਪੰਜਾਬੀ ਸਰੋਤਿਆਂ ਦੇ ਰੂ-ਬ-ਰੂ ਹੋਇਆ ਹੈ। ਉੱਘੇ ਗੀਤਕਾਰ ਕਰਮਜੀਤ ਪੁਰੀ ਦੀ ਪੇਸ਼ਕਸ਼ ਹੇਠ ਆਈ ਇਸ ਟੇਪ ਦਾ ਸੰਗੀਤ ਚਰਚਿਤ ਸੰਗੀਤਕਾਰ ਜੋੜੀ ਲਾਲ-ਕਮਲ ਨੇ ਤਿਆਰ ਕੀਤਾ ਹੈ।ਟੇਪ ਵਿੱਚ ਕਰਮਜੀਤ ਪੁਰੀ ਦੇ ਦੋ ਗੀਤਾਂ ਤੋਂ ਇਲਾਵਾ ਗੀਤਕਾਰ ਮੰਗਲ ਹਠੂਰ, ਢਾਡੀ ਗਿੰਦਰ ਸਿੰਘ, ਅੰਗਰੇਜ਼ ਕੋਠੇ ਸਰਾਵਾਂ, ਰਾਜ ਸੁਖਰਾਜ ਅਤੇ ਬਿੱਟੂ ਪੱਤੜ ਦੇ ਗੀਤ ਹਨ। ਟੇਪ ਵਿਚਲੇ ਗੀਤਾਂ ਦੇ ਵੀਡੀਓ ਉੱਘੇ ਵੀਡੀਓ ਨਿਰਦੇਸ਼ਕ ਵਿਨੀਤ ਭਾਰਦਵਾਜ, ਮਨਦੀਪ ਜਗਰਾਓਂ ਅਤੇ ਸਿੰਗਲਾ ਜੀ ਨੇ ਤਿਆਰ ਕੀਤੇ ਹਨ।
ਯੂਰਪ ਦੇ ਇੱਕ ਮਹੀਨੇ ਦੇ ਟੂਰ ਉਪਰੰਤ ਵਾਪਸ ਵਤਨ ਪਰਤੇ ਦੀਪ ਨੇ ਇਸ ਟੇਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਬੜੀ ਦੇਰ ਦੀ ਇੱਛਾ ਸੀ ਕਿ ਇੱਕ ਅਜਿਹੀ ਟੇਪ ਤਿਆਰ ਕੀਤੀ ਜਾਵੇ ਜੋ ਨਾ ਸਿਰਫ਼ ਧਾਰਮਿਕ ਹੋਵੇ ਬਲਕਿ ਅਜੋਕੇ ਸਮੇਂ ਵਿੱਚ ਚੱਲ ਰਹੇ ਸਮਾਜਿਕ ਹਾਲਾਤਾਂ ਦੀ ਵੀ ਗੱਲ ਕਰੇ। ਇਸ ਲਈ ਉਸਦੀ ਬੜੇ ਲੰਬੇ ਸਮੇਂ ਤੋਂ ਤਿਆਰੀ ਵੀ ਚੱਲ ਰਹੀ ਸੀ। ਉਸਦੀ ਇਹ ਵੀ ਸੋਚ ਸੀ ਕਿ ਇਸ ਟੇਪ ਦਾ ਮਿਆਰ ਵੀ ਬਾਕੀ ਟੇਪਾਂ ਵਰਗਾ ਉੱਚਾ ਹੀ ਹੋਣਾ ਚਾਹੀਦਾ ਹੈ ਤੇ ਆਪਣੀ ਇਸੇ ਸੋਚ ਸਦਕਾ ਹੀ ਉਸਨੇ ਕਾਫ਼ੀ ਸਮਾਂ ਲਗਾ ਕੇ ਇਸ ਟੇਪ ਦੇ ਗੀਤਾਂ ਦੀ ਚੋਣ ਕੀਤੀ ਤੇ ਫਿਰ ਇਹਨਾਂ ਨੂੰ ਰਿਕਾਰਡ ਕਰਵਾਇਆ। ਐਸ. ਐੱਮ. ਆਈ. ਸੰਗੀਤ ਕੰਪਨੀਂ ਵੱਲੋ ਰਿਲੀਜ਼ ਕੀਤੀ ਗਈ ਇਸ ਟੇਪ ਨੂੰ ਆਪਣੀ ਰਿਲੀਜ਼ਿੰਗ ਦੇ ਦਿਨ ਤੋਂ ਹੀ ਚੁਫ਼ੇਰਿਓੁਂ ਹੀ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਟੇਪ ਵਿੱਚ ਪਹਿਲਾ ਗੀਤ 'ਬਾਬਾ ਬੰਦਾ ਸਿੰਘ ਬਹਾਦਰ' ਇੱਕ ਵਾਰ ਹੈ ਜਿਸਨੂੰ ਦੀਪ ਨੇ ਬੜੇ ਜੋਸ਼ ਨਾਲ ਗਾਇਆ ਹੈ ਅਤੇ ਇਸ ਨਾਲ ਉਸਦੇ ਕਾਲਜ ਦੇ ਉਹਨਾਂ ਦਿਨਾਂ ਦੀ ਯਾਦ ਵੀ ਤਾਜ਼ਾ ਹੋ ਗਈ ਹੈ ਜਦ ਉਸਨੇ ਸੰਨ 1999 ਵਿੱਚ ਰਾਜਿੰਦਰਾ ਕਾਲਜ ਬਠਿੰਡਾ ਵਿੱਚ ਪੜ੍ਹਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਯੂਥ ਫ਼ੈਸਟੀਵਲ ਵਿੱਚ ਆਪਣੇ ਇਸੇ ਢਾਡੀ ਰੰਗ ਲਈ ਸੋਨ ਤਗਮਾ ਹਾਸਲ ਕੀਤਾ ਸੀ। ਦੂਜਾ ਗੀਤ 'ਕੁੜੀਆਂ' ਭਰੂਣ ਹੱਤਿਆ 'ਤੇ ਕਰਾਰੀ ਚੋਟ ਕਰਦਾ ਹੈ। ਇਸ ਤੋਂ ਇਲਾਵਾ ਇੱਕ ਗੀਤ 'ਹੱਸ ਲੋ ਖੇਡ ਲਓ' ਵਿੱਚ ਉਹ ਮਸਤ ਮੌਲਾ ਜ਼ਿੰਦਗੀ ਜਿਉਣ ਦੀ ਗੱਲ ਕਰਦਾ ਹੈ ਅਤੇ ਇਸ ਤੋਂ ਅਗਲੇ ਗੀਤ 'ਸਾਰਿਆਂ ਤੋਂ ਜ਼ਿਆਦਾ ਨੇ ਸ਼ਹੀਦ ਮੇਰੇ ਦੇਸ਼ ਦੇ' ਰਾਹੀਂ ਉਹ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕਰਦਾ ਹੈ। ਬੁਰੇ ਵਿਕਾਰਾਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਉਹ ਇੱਕ ਗੀਤ 'ਰੱਬ ਨਾ ਕਿਸੇ ਦਾ ਵੈਰੀ' ਰਾਹੀਂ ਸਿੱਖਿਆ ਦਿੰਦਾ ਹੈ। ਕਾਫ਼ੀ ਸਮਾਂ ਪਹਿਲਾਂ ਗਾਇਕ ਹੰਸ ਰਾਹ ਹੰਸ ਦੀ ਧਾਰਮਿਕ ਟੇਪ 'ਪੱਤਾ ਪੱਤਾ ਸਿੰਘਾਂ ਦਾ ਵੈਰੀ' ਦੇ ਟਾਈਟਲ ਗੀਤ ਦੀ ਤਰਜ਼ 'ਤੇ ਦੀਪ ਦੀ ਇਸ ਟੇਪ ਵਿੱਚ ਵੀ ਇੱਕ ਗੀਤ ਹੈ 'ਭ੍ਰਿਸ਼ਟਾਚਾਰ', ਇਸ ਗੀਤ ਰਾਹੀਂ ਉਹ ਦੇਸ਼ ਨੂੰ ਪਿਛਾਹ ਵੱਲ ਲਿਜਾ ਰਹੇ ਕਾਰਨਾਂ ਦੀ ਗੱਲ ਕਰਦਾ ਹੈ। ਟੇਪ ਦੇ ਸਭ ਤੋਂ ਅਖੀਰਲੇ ਗੀਤ 'ਬਖਸ਼ੀਂ ਮਾਲਕਾ' ਜੋ ਕਿ ਹੰਸ ਰਾਜ ਹੰਸ ਦੀ ਹੀ ਇੱਕ ਹੋਰ ਟੇਪ 'ਕੂਕ ਪਪੀਹੇ ਵਾਲੀ' ਦੇ ਟਾਈਟਲ ਗੀਤ 'ਸੁਣੀਂ ਮਾਲਕਾ ਮੇਰੀ ਕੂਕ ਪਪੀਹੇ ਵਾਲੀ' ਦੀ ਤਰਜ਼ 'ਤੇ ਹੈ, ਰਾਹੀਂ ਉਹ ਉਸ ਮਾਲਕ ਤੋਂ ਆਪਣੇ ਕੀਤੇ ਹੋਏ ਗ਼ੁਨਾਹਾਂ ਦੀ ਮਾਫ਼ੀ ਮੰਗਦਾ ਹੈ।
ਇਸ ਤਰਾਂ ਉਸਦੀ ਇਹ ਟੇਪ ਸਿਰਫ਼ ਧਾਰਮਿਕ ਨਾ ਹੋ ਕੇ ਸਮਾਜਿਕ ਸਰੋਕਾਰਾਂ ਦੀ ਗੱਲ ਵੀ ਕਰਦੀ ਹੈ। ਜਿੱਥੇ ਇਹ ਟੇਪ ਧਰਮ ਦੀ ਸਿੱਖਿਆ ਦਿੰਦੀ ਹੈ ਉੱਥੇ ਸਮਾਜ ਵਿੱਚ ਹੋ ਰਹੇ ਕੋਝੇ ਵਰਤਾਰਿਆਂ ਦੀ ਚਰਚਾ ਵੀ ਕਰਦੀ ਹੈ ਤੇ ਉਹਨਾਂ 'ਤੇ ਵਿਅੰਗ ਵੀ ਕਰਦੀ ਹੈ। ਆਪਣੇ ਇਸ ਨਿਵੇਕਲੇ ਅਤੇ ਉਸਾਰੂ ਸੇਧ ਦੇਣ ਵਾਲੇ ਕੰਮ ਲਈ ਦੀਪ ਢਿੱਲੋਂ ਅਤੇ ਕਰਮਜੀਤ ਪੁਰੀ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਤਾਂ ਜੋ ਉਹ ਭਵਿੱਖ ਵਿੱਚ ਵੀ ਇਸੇ ਤਰਾਂ ਦੀਆਂ ਮਿਆਰੀ ਟੇਪਾਂ ਸਰੋਤਿਆਂ ਦੀ ਝੋਲੀ ਪਾ ਕੇ ਪੰਜਾਬੀ ਮਾਂ-ਬੋਲੀ ਅਤੇ ਵਿਰਸੇ ਨੂੰ ਅਮੀਰੀ ਦਿੰਦੇ ਰਹਿਣ।
ਹਰਿੰਦਰ ਭੁੱਲਰ
ਫ਼ਿਰੋਜ਼ਪੁਰ
ਮੋਬਾਇਲ- 94640-08008
ਈ-ਮੇਲ- harinderbhullar420@yahoo.com